ਪੰਜਾਬ ਵਿਚ ਭਾਜਪਾ ਦੇ ਸਮਾਗਮਾਂ ਦਾ ਤਿੱਖਾ ਵਿਰੋਧ

ਚੰਡੀਗੜ੍ਹ: ਕੇਂਦਰ ਦੀ ਭਾਜਪਾ ਸਰਕਾਰ ਦੇ ਸੱਤ ਸਾਲ ਪੂਰੇ ਹੋਣ ‘ਤੇ ਪੂਰੇ ਮੁਲਕ ਵਿਚ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦਿਨ ਨੂੰ ਸੇਵਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਪਰ ਪੰਜਾਬ ਵਿਚ ਭਾਜਪਾ ਆਗੂਆਂ ਨੂੰ ਥਾਂ-ਥਾਂ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਮੋਗਾ ਦੇ ਸਿਵਲ ਹਸਪਤਾਲ ‘ਚ ਮਾਸਕ ਵੰਡਣ ਆਏ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਤੇ ਹਾਲਾਤ ਟਕਰਾਅ ਤੱਕ ਪਹੁੰਚ ਗਏ। ਕਿਸਾਨਾਂ ਦੇ ਰੋਹ ਕਾਰਨ ਭਾਜਪਾ ਆਗੂਆਂ ਨੂੰ ਹਸਪਤਾਲ ਦੇ ਪਿਛਲੇ ਰਸਤਿਓਂ ਬਾਹਰ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਿਵਲ ਹਸਪਤਾਲ ‘ਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਤੇ ਹੋਰ ਭਾਜਪਾ ਆਗੂ ਮਾਸਕ ਵੰਡਣ ਆਏ ਸਨ। ਇਸ ਭਿਣਕ ਪੈਣ ‘ਤੇ ਵੱਡੀ ਗਿਣਤੀ ਵਿਚ ਕਿਸਾਨ ਮੌਕੇ ਉਤੇ ਪੁੱਜ ਗਏ। ਭੜਕੇ ਕਿਸਾਨਾਂ ਨੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਹਾਲਾਤ ਤਣਾਅ ਵਾਲੇ ਬਣਨ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ ਤੇ ਸੁਰੱਖਿਆ ਦੇ ਮੱਦੇ-ਨਜ਼ਰ ਦਸਹਿਰਾ ਗਰਾਊਂਡ ਨੇੜਲੀ ਸੜਕ ਬੰਦ ਕਰ ਦਿੱਤੀ ਗਈ, ਜਿਸ ਕਾਰਨ ਹੋਰਨਾਂ ਰਾਹਗੀਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਵਿਗੜਨ ਦੇ ਡਰੋਂ ਪੁਲਿਸ ਪ੍ਰਸ਼ਾਸਨ ਨੇ ਭਾਜਪਾ ਆਗੂਆਂ ਨੂੰ ਹਸਪਤਾਲ ਦੇ ਪਿਛਲੇ ਰਸਤਿਓਂ ਲੰਘਾਉਣਾ ਪਿਆ।
ਇਸੇ ਤਰ੍ਹਾਂ ਕਾਹਨੂੰਵਾਨ ਕਸਬੇ ਅੰਦਰ ਭਾਜਪਾ ਆਗੂਆਂ ਵੱਲੋਂ ਕੀਤੇ ਜਾ ਰਹੇ ਸਮਾਗਮ ਦੇ ਵਿਰੋਧ ਵਿਚ ਹਲਕੇ ਦੇ ਸੈਂਕੜੇ ਕਿਸਾਨਾਂ ਨੇ ਮੰਡਲ ਪ੍ਰਧਾਨ ਅਜੇ ਚੰਦੇਲ ਦੇ ਘਰ ਨੂੰ ਘੇਰ ਲਿਆ। ਕਿਸਾਨਾਂ ਨੇ ਕਸਬੇ ਵਿਚ ਰੋਸ ਮਾਰਚ ਵੀ ਕੀਤਾ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਆਪਣੇ ਸਮਾਗਮ ਰੱਦ ਕਰਨੇ ਪਏ। ਮਾਝਾ ਸੰਘਰਸ਼ ਕਮੇਟੀ ਦੇ ਮੁੱਖ ਆਗੂ ਬਲਵਿੰਦਰ ਸਿੰਘ ਰਾਜੂ ਅਤੇ ਕੰਵਲਜੀਤ ਸਿੰਘ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਦੇ ਆਗੂਆਂ ਵੱਲੋਂ ਸਥਾਨਕ ਹਸਪਤਾਲ ਤੇ ਕੁੱਝ ਪਿੰਡਾਂ ਵਿਚ ਮੀਟਿੰਗਾਂ ਕਰਨ ਬਾਰੇ ਪਤਾ ਲੱਗਿਆ ਸੀ। ਇਸ ‘ਤੇ ਸੰਯੁਕਤ ਮੋਰਚੇ ਵੱਲੋਂ ਪੰਜਾਬ ਭਰ ਵਿਚ ਭਾਜਪਾ ਦੀ ਹਰ ਸਰਗਰਮੀ ਦਾ ਵਿਰੋਧ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਤੁਰਤ ਇਸ ਦਾ ਨੋਟਿਸ ਲਿਆ ਗਿਆ। ਉਨ੍ਹਾਂ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਭਾਜਪਾ ਆਗੂ ਦੇ ਘਰ ਦੇ ਸਾਹਮਣੇ ਧਰਨਾ ਦਿੱਤਾ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਆਗੂਆਂ ਖਿਲਾਫ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਾਜਪਾ ਵੱਲੋਂ ਹਲਕੇ ਅੰਦਰ ਕੋਈ ਵੀ ਸਰਗਰਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਉਸ ਦਾ ਡਟ ਕੇ ਵਿਰੋਧ ਕਰਨਗੇ।
ਇਸੇ ਤਰ੍ਹਾਂ ਕਾਦੀਆਂ ਵਿਚ ਭਾਜਪਾ ਮਹਿਲਾ ਮੋਰਚਾ ਵੱਲੋਂ ਲਗਾਏ ਜਾ ਰਹੇ ਖੂਨਦਾਨ ਕੈਂਪ ਨੂੰ ਕਿਸਾਨਾਂ ਨੇ ਬੰਦ ਕਰਵਾ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਸਠਿਆਲੀ ਦੇ ਪ੍ਰਧਾਨ ਗੁਰਮੁਖ ਸਿੰਘ, ਸੋਹਨ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਵੱਲੋਂ ਨਾਥਪੁਰ ਦੇ ਇਕ ਗੁਰਦੁਆਰੇ ਵਿਚ ਖੂਨਦਾਨ ਕੈਂਪ ਲਗਾਉਣ ਬਾਰੇ ਪਤਾ ਲੱਗਿਆ ਸੀ, ਜਿਸ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ‘ਚ ਕਿਸਾਨ ਉੱਥੇ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੂਨਦਾਨ ਕੈਂਪ ਤੋਂ ਕੋਈ ਇਤਰਾਜ਼ ਨਹੀਂ ਪਰ ਇਹ ਭਾਜਪਾ ਦੇ ਬੈਨਰ ਹੇਠ ਨਾ ਲਗਾਇਆ ਜਾਵੇ।