ਕੇਂਦਰ ਸਰਕਾਰ ਦੇ ਅਪਰੇਸ਼ਨ ਕਲੀਨ ਖਿਲਾਫ ਪੰਜਾਬੀ ਫਿਰ ਉਠੇ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੀ ਇਕ ਆਵਾਜ਼ ‘ਤੇ ਪੰਜਾਬ ਦੇ ਕਿਸਾਨ ਹਾੜ੍ਹੀ ਦੀ ਫਸਲ ਅੱਧ ਵਿਚਾਲੇ ਛੱਡ ਕੇ ਮੁੜ ਦਿੱਲੀ ਦੇ ਰਾਹ ਪੈ ਗਏ ਹਨ। ਕੋਈ ਕੰਬਾਈਨ ਖੇਤਾਂ ‘ਚ ਛੱਡ ਦਿੱਲੀ ਵੱਲ ਤੁਰ ਪਿਆ ਹੈ ਜਦਕਿ ਬਹੁਤੇ ਕਿਸਾਨ ਮੰਡੀਆਂ ‘ਚ ਕਣਕ ਛੱਡ ਆਪ ਦਿੱਲੀ ਆ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਜਦੋਂ ‘ਅਪਰੇਸ਼ਨ ਕਲੀਨ‘ ਦਾ ਖ਼ੌਫ ਦਿਖਾਇਆ ਗਿਆ ਤਾਂ ਸਮੁੱਚਾ ਪੰਜਾਬ ਮੁੜ ਪੱਬਾਂ ਭਾਰ ਹੋ ਗਿਆ ਹੈ। ਅਪਰੇਸ਼ਨ ਕਲੀਨ ਨੂੰ ਟੱਕਰ ਦੇਣ ਲਈ ਪਿੰਡਾਂ ‘ਚ ਨਵੀਂ ਲਹਿਰ ਖੜ੍ਹੀ ਹੋ ਗਈ ਹੈ। ‘ਅਪਰੇਸ਼ਨ ਕਲੀਨ‘ ਦੇ ਡਰ ਮਗਰੋਂ ਪੰਜਾਬ ‘ਚੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਦਿੱਲੀ ਮੋਰਚੇ ਵਿਚ ਪੁੱਜਣ ਲੱਗ ਪਏ ਹਨ।

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਵਿਚ 32 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ‘ਕਰੋਨਾ ਚਾਲ` ਨੂੰ ਬੇਪਰਦ ਕੀਤਾ ਜਾਣ ਲੱਗਿਆ ਹੈ। ਜਦੋਂ ਤੋਂ ਕੇਂਦਰ ਸਰਕਾਰ ਨੇ ‘ਅਪਰੇਸ਼ਨ ਕਲੀਨ` ਦਾ ਪ੍ਰਚਾਰ ਕੀਤਾ ਹੈ, ਉਦੋਂ ਤੋਂ ਪੰਜਾਬ ਦੇ ਲੋਕਾਂ ਦਾ ਮੁੜ ਖੂਨ ਖੌਲਿਆ ਹੈ। ਅਜਿਹੇ ਅਪਰੇਸ਼ਨ ਖਿਲਾਫ ਲੋਕ ਕੰਧ ਬਣ ਕੇ ਖੜ੍ਹਨ ਲਈ ਦਿੱਲੀ ਵੱਲ ਚੱਲੇ ਹਨ।
ਕਰੋਨਾ ਦੀ ਦੂਸਰੀ ਲਹਿਰ ਸਿਖਰ ਵੱਲ ਵਧੀ ਹੈ ਤਾਂ ਕਿਸਾਨ ਆਗੂ ਧਰਨਿਆਂ ਵਿਚ ਜ਼ੋਰਦਾਰ ਤਰੀਕੇ ਨਾਲ ਗੱਲ ਉਭਾਰਨ ਲੱਗੇ ਹਨ ਕਿ ਕੇਂਦਰ ਸਰਕਾਰ ਕਰੋਨਾ ਦੇ ਨਾਮ ਹੇਠ ਕਿਸਾਨਾਂ ਨੂੰ ਦਿੱਲੀ ਤੋਂ ਖਦੇੜਨ ਦੀ ਚਾਲ ਚੱਲ ਸਕਦੀ ਹੈ।
ਪੰਜਾਬ ਵਿਚੋਂ ਦਿੱਲੀ ਮੋਰਚੇ ‘ਚ ਜਾਣ ਵਾਲੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ। ਵਾਢੀ ਦਾ ਕੰਮ ਨਿਬੇੜਨ ਕਰਕੇ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਜਾਣ ਲੱਗੇ ਹਨ। ਮੋਗਾ, ਫਿਰੋਜ਼ਪੁਰ, ਫਰੀਦਕੋਟ, ਸੰਗਰੂਰ, ਬਠਿੰਡਾ, ਮਾਨਸਾ, ਪਟਿਆਲਾ, ਲੁਧਿਆਣਾ ਜਿਲ੍ਹੇ ਵਿਚੋਂ ਸੈਂਕੜੇ ਜਥੇ ਦਿੱਲੀ ਦੀ ਟਿਕਰੀ ਅਤੇ ਸਿੰਘੂ ਹੱਦ ਲਈ ਰਵਾਨਾ ਹੋਏ। ਪੰਜਾਬ ਵਿਚ ਭਾਜਪਾ ਆਗੂਆਂ ਦੇ ਘਰਾਂ ਅੱਗੇ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਅੱਗੇ ਅਤੇ ਕੁੱਲ ਸਵਾ ਸੌ ਦੇ ਕਰੀਬ ਧਰਨਿਆਂ ਵਿਚ ਕਿਸਾਨ ਆਗੂਆਂ ਨੇ ਮੁੱਖ ਧਿਆਨ ਕਰੋਨਾ ਦੀ ਦੂਸਰੀ ਲਹਿਰ ‘ਤੇ ਕੇਂਦਰਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਸਰਕਾਰ ਕੋਵਿਡ ਖਿਲਾਫ ਪ੍ਰਬੰਧ ਜੁਟਾਉਣ ਵਿਚ ਫੇਲ੍ਹ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਤਾਂ ਕਰੋਨਾ ਤੋਂ ਵੀ ਵੱਧ ਖਤਰਨਾਕ ਹਨ, ਜਿਸ ਕਰਕੇ ਕਰੋਨਾ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਕਰ ਸਕੇਗਾ। ਆਗੂਆਂ ਨੇ ਕਿਹਾ ਕਿ ਕਰੋਨਾ ਨਾਲੋਂ ਵੱਧ ਅੱਜ ਖੇਤੀ ਕਾਨੂੰਨਾਂ ਖਿਲਾਫ ਲੜਨ ਦੀ ਲੋੜ ਹੈ।
ਕਿਸਾਨ ਸੰਘਰਸ਼ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਭਾਜਪਾ ਸਰਕਾਰ ਦੇ ਖਾਤਮੇ ਦੇ ਨਾਲ ਹੀ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰ ਸਰਦਾਰ ਵੱਲੋਂ ਕਰੋਨਾ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ ਜਦੋਂਕਿ ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਸਬੰਧੀ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਿਸਾਨ ਅੰਦੋਲਨ ਕਰ ਕੇ ਨਹੀਂ, ਸਗੋਂ ਭਾਜਪਾ ਦੀਆਂ ਚੋਣ ਰੈਲੀਆਂ ਕਰ ਕੇ ਫੈਲ ਰਿਹਾ ਹੈ।
ਰਾਕੇਸ਼ ਟਿਕੈਤ ਨੇ ਹਲਕਾ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਚ ਕਿਸਾਨ ਰੈਲੀ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦਾ ਕਲੀਨ ਅਪਰੇਸ਼ਨ ਕਰ ਕੇ ਤਾਂ ਵੇਖੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਭਾਰਤ ਨੂੰ ਉਦਯੋਗਪਤੀਆਂ ਦੇ ਹੱਥ ਵਿਚ ਦੇਣਾ ਚਾਹੁੰਦਾ ਹੈ। ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਪੰਜਾਬ ਦੇ ਪਹਿਲੇ ਪਿੰਡ ਕਰੰਡੀ ਪਹੁੰਚਿਆ ਹਾਂ ਤੇ ਦੇਖਿਆ ਹੈ ਕਿ ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਕਿਸਾਨਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਮੌਕਾ ਹੈ ਕਿ ਪ੍ਰਧਾਨ ਮੰਤਰੀ ਖੇਤੀ ਕਾਨੂੰਨ ਵਾਪਸ ਲੈ ਲਵੇ ਨਹੀਂ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
_____________________________________________
ਅਪਰੇਸ਼ਨ ਕਲੀਨ ਖਿਲਾਫ ‘ਸੂਤਾਈ ਅਭਿਆਨ`
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਹਿਸਾਰ ਦੇ ਮਈਅੜ ਟੌਲ ਪਲਾਜ਼ਾ ‘ਤੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਖਿਲਾਫ ‘ਅਪਰੇਸ਼ਨ ਕਲੀਨ‘ ਚਲਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੋਈ ਅਜਿਹਾ ਕਦਮ ਉਠਾਉਂਦੀ ਹੈ ਤਾਂ ਕਿਸਾਨਾਂ ਵੱਲੋਂ ਭਾਜਪਾ ਖਿਲਾਫ ‘ਸੂਤਾਈ ਅਭਿਆਨ‘ ਚਲਾਇਆ ਜਾਵੇਗਾ। ਇਹ ‘ਸੂਤਾਈ ਅਭਿਆਨ ਪੂਰੇ ਦੇਸ਼ ਵਿਚ ਚਲਾਇਆ ਜਾਵੇਗਾ। ਸਰਕਾਰ ਅਜਿਹਾ ਕਦਮ ਉਠਾ ਕੇ ਕੇ ਦੇਖ ਲਵੇ, ਕਿਸਾਨ ਇਕ ਘੰਟੇ ਵਿਚ ਉਸ ਦਾ ਮੂੰਹ-ਤੋੜ ਜਵਾਬ ਦੇਣਗੇ। ਸ੍ਰੀ ਟਿਕੈਤ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਆਪਣੇ ਨਿੱਜੀ ਹਿੱਤਾਂ ਲਈ ਕੰਮ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਰਕਾਰੀ ਵਿਭਾਗਾਂ ਨੂੰ ਇਕ-ਇਕ ਕਰ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਵਿਚ ਲੱਗੀ ਹੋਈ ਹੈ।
_____________________________________________
ਮੁਲਾਜ਼ਮਾਂ ਵੱਲੋਂ ਕਿਸਾਨ ਮੋਰਚੇ ਵਿਚ ਸ਼ਮੂਲੀਅਤ
ਨਵੀਂ ਦਿੱਲੀ: ਟਿਕਰੀ ਬਾਰਡਰ ‘ਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਮੁਲਾਜ਼ਮਾਂ ਨੇ ਕਿਸਾਨ ਮੋਰਚੇ ਵਿਚ ਸ਼ਮੂਲੀਅਤ ਕੀਤੀ। ਇਸ ਸਬੰਧੀ ਫੈਡਰੇਸ਼ਨ ਆਗੂ ਪਵਨ ਕੁਮਾਰ, ਅਮੋਲਕ ਡੇਲੂਆਣਾ ਅਤੇ ਪਰਮਿੰਦਰ ਸਿੰਘ ਮਾਨਸਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਨੂੰਨ ਅਸਲ ਵਿਚ ਲੋਕ ਮਾਰੂ ਅਤੇ ਕਾਲੇ ਕਾਨੂੰਨ ਹਨ ਜਿਨ੍ਹਾਂ ਦਾ ਅਸਰ ਸਿਰਫ ਕਿਸਾਨਾਂ ‘ਤੇ ਹੀ ਨਹੀਂ ਸਗੋਂ ਹਰ ਵਰਗ ‘ਤੇ ਪਵੇਗਾ। ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ‘ਤੇ ਟਿਕਰੀ ਬਾਰਡਰ ‘ਤੇ ਪਹੁੰਚੇ ਕੁਲਵਿੰਦਰ ਸਿੰਘ, ਰਾਕੇਸ ਕੁਮਾਰ, ਗੁਰਮੇਲ ਸਿੰਘ, ਸੁਖਰਾਜ ਸਿੰਘ ਬੁੱਟਰ, ਗੁਰਜੀਤ ਸਿੰਘ, ਪਰਮਜੀਤ ਸੇਖੋਂ ਅਤੇ ਗੁਰਦਾਸ ਗੁਰਨੇ ਨੇ ਦੱਸਿਆ ਕਿ ਕਿਸਾਨ ਸੰਘਰਸ਼ ਨੂੰ ਖਤਮ ਕਰਨ ਲਈ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਕਿਸਾਨਾਂ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ।