ਬੇਅਦਬੀ ਮਾਮਲਾ: ‘ਆਪਣੀਆਂ’ ਨੇ ਹੀ ਘੇਰੀ ਕਾਂਗਰਸ ਸਰਕਾਰ

ਚੰਡੀਗੜ੍ਹ: ਪੰਜਾਬ ਵਿਚ ਸਭ ਤੋਂ ਵੱਧ ਚਰਚਿਤ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਮਾਮਲੇ ਵਿਚ ਹਾਈਕੋਰਟ ਵੱਲੋਂ ਐਸ.ਆਈ.ਟੀ. ਦੀ ਜਾਂਚ ਰਿਪੋਰਟ ਰੱਦ ਕਰਨ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਐਸ.ਆਈ.ਟੀ. ਬਣਾਏ ਜਾਣ ਦੇ ਆਦੇਸ਼ਾਂ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ। ਚੋਣਾਂ ਤੋਂ ਤਕਰੀਬਨ 8 ਮਹੀਨੇ ਪਹਿਲਾਂ ਬਣ ਰਹੇ ਅਜਿਹੇ ਮਾਹੌਲ ਨੇ ਕਾਂਗਰਸ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਕਾਂਗਰਸ ਦੇ ਆਪਣੇ ਵਿਧਾਇਕ ਸਰਕਾਰ ਦੀ ਨਾਲਾਇਕੀ ਤੋਂ ਖਫਾ ਨਜ਼ਰ ਆ ਰਹੇ ਹਨ।

ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਆਪਣੀ ਸਰਕਾਰ ਖਿਲਾਫ ਤੇਵਰ ਤਿੱਖੇ ਕਰ ਲਏ ਹਨ ਜਦਕਿ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਵੀ ਸਰਕਾਰ ਨੂੰ ਹਲੂਣਾ ਦਿੱਤਾ ਸੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੜ ਆਖਿਆ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਨਵੇਂ ਸਿਰਿਓਂ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ। ਉਨ੍ਹਾਂ ਐਡਵੋਕੇਟ ਜਨਰਲ ‘ਤੇ ਮੁੜ ਉਂਗਲ ਚੁੱਕੀ ਹੈ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਾਂ ਸਰਕਾਰ ਉਤੇ ਵੱਡੇ ਸਵਾਲ ਚੁੱਕੇ ਹਨ। ਇਸ ਸਬੰਧੀ ਬਿੱਟੂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿੰਦੇ ਹਨ, ‘ਕੈਪਟਨ ਸਾਬ੍ਹ! ਛੇ ਮਹੀਨੇ ਰਹਿ ਗਏ, ਹੁਣ ਤਾਂ ਕੁਝ ਕਰ ਲਓ, ਨਹੀਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਾ।‘
ਹੁਣ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਫੇਸਬੁੱਕ ‘ਤੇ ਕਰੀਬ 21 ਮਿੰਟ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਲਾਂ-ਗੱਲਾਂ ਵਿਚ ਵੱਡੇ ਸਵਾਲ ਕੀਤੇ। ਬਿੱਟੂ ਨੇ ਕਿਹਾ ਕਿ ਕੈਪਟਨ ਸਾਬ੍ਹ ਹੁਣ ਵੀ ਕੁਝ ਕਰ ਲਓ, ਨਹੀਂ ਤਾਂ ਪਿੱਛੇ ਰਹਿ ਜਾਵਾਂਗੇ।
ਬਿੱਟੂ ਨੇ ਵੀਡੀਓ ਦੀ ਸ਼ੁਰੂਆਤ ਵਿਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਅੱਜ ਵੀ ਉਨ੍ਹਾਂ ਨੂੰ ਭਰੋਸਾ ਹੈ ਕਿ ਬੇਅਦਬੀ ਕਾਂਡ ਵਿਚ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕੈਪਟਨ ਦੇ ਪਰਿਵਾਰ ਨੇ ਪੰਥ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਸਾਰੇ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਇਸ ਮਾਮਲੇ ‘ਚ ਕੁਝ ਵੀ ਕਰ ਸਕਦੀ ਹੈ। ਜੇਕਰ ਸਰਕਾਰ ਨੇ ਕੋਈ ਵੱਡਾ ਕਦਮ ਨਾ ਚੁੱਕਿਆ ਤਾਂ ਉਨ੍ਹਾਂ ਨੂੰ ਵੀ ਉਸੇ ਕਟਹਿਰੇ ‘ਚ ਖੜ੍ਹੇ ਹੋਣਾ ਪਵੇਗਾ, ਜਿਥੇ ਬਾਦਲ ਪਰਿਵਾਰ ਨੂੰ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਚੋਣਾਂ ਨੂੰ 6 ਮਹੀਨੇ ਰਹਿ ਗਏ, ਇਸ ਲਈ ਸਖਤ ਕਦਮ ਚੁੱਕ ਕੇ ਬਾਦਲ ਪਰਿਵਾਰ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਚੋਣ ਤੋਂ ਪਹਿਲਾਂ ਅਜਿਹਾ ਮਾਹੌਲ ਕਾਂਗਰਸ ਨੂੰ ਵੱਡੀ ਢਾਹ ਲਾ ਸਕਦਾ ਹੈ। ਕਾਂਗਰਸ ਸਰਕਾਰ ਵਾਅਦਾ ਖਿਲਾਫੀ ਦੇ ਮਾਮਲੇ ਉਤੇ ਪਹਿਲਾਂ ਹੀ ਘਿਰੀ ਹੋਈ ਹੈ।
ਦੱਸ ਦਈਏ ਕਿ ਪੰਜਾਬ ‘ਚ ਫੈਲੇ ਨਸ਼ਿਆਂ ਦੇ ਕਾਰੋਬਾਰ, ਮਾਈਨਿੰਗ ਮਾਫੀਆ ਦੇ ਖਾਤਮੇ, ਕਿਸਾਨਾਂ ਦੀ ਕਰਜ਼ਾ ਮੁਆਫੀ, ਨੌਕਰੀਆਂ ਤੇ ਕਈ ਤਰ੍ਹਾਂ ਦੇ ਲੋਕ ਲੁਭਾਵਣੇ ਵਾਅਦਿਆਂ ਅਤੇ ਲਾਰਿਆਂ ਆਸਰੇ ਕਾਂਗਰਸ ਸੱਤਾ ਵਿਚ ਆਈ ਸੀ। ਖਾਸਕਰ ਬੇਅਦਬੀ ਮਾਮਲਿਆਂ ਉਤੇ ਲੋਕਾਂ ਨੂੰ ਪੂਰੀ ਆਸ ਸੀ ਕਿ ਕੈਪਟਨ ਸਰਕਾਰ ਇਸ ਮਾਮਲੇ ਵਿਚ ਇਨਸਾਫ ਦੁਆਏਗੀ। ਪਰ ਹੁਣ ਜਦੋਂ ਚੋਣਾਂ ਸਿਰ ਉਤੇ ਹਨ ਤਾਂ ਇਹ ਸਰਕਾਰ ਇਸ ਮਾਮਲੇ ਵਿਚ ਅਦਾਲਤ ਵਿਚ ਮੂਧੇ ਮੂੰਹ ਡਿੱਗੀ ਹੈ ਤੇ ਜਿਸ ਤਰ੍ਹਾਂ ਕਾਂਗਰਸ ਦੇ ਅੰਦਰ ਤੇ ਬਾਹਰ ਉਸ ਦਾ ਵਿਰੋਧ ਸ਼ੁਰੂ ਹੋਇਆ ਹੈ, ਉਸ ਤੋਂ ਜਾਪਦਾ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਧ ਰਾਜਨੀਤਕ ਨੁਕਸਾਨ ਕਾਂਗਰਸ ਨੂੰ ਹੀ ਹੋਵੇਗਾ।
______________________________________
ਐਡਵੋਕੇਟ ਜਨਰਲ ਨੰਦਾ ਅਸਤੀਫਾ ਦੇਵੇ: ਬਾਜਵਾ
ਚੰਡੀਗੜ੍ਹ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਵਾਰ-ਵਾਰ ਕੇਸਾਂ ਵਿਚ ਮਿਲਦੀ ਅਸਫਲਤਾ ਦੀ ਜਿੰਮੇਵਾਰੀ ਲੈਂਦਿਆਂ ਤੁਰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਅਗਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਬਾਜਵਾ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ‘ਤੇ ਵਿਚਾਰ ਕਰਨ ਲਈ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਹੰਗਾਮੀ ਮੀਟਿੰਗ ਬੁਲਾਉਣ ਲਈ ਵੀ ਆਖਿਆ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਕੋਟਕਪੂਰਾ ਗੋਲੀਕਾਂਡ ਘਟਨਾ ਦੀ ਜਾਂਚ ਦਾ ਬਚਾਅ ਕਰਦੀ ਲੀਗਲ ਟੀਮ ਖਿਲਾਫ ਲਾਏ ਬੇਲੋੜੇ ਦੋਸ਼ਾਂ ਨੂੰ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ।