ਔਰਤਾਂ ਨੂੰ ਮੁਫਤ ਬੱਸ ਸਹੂਲਤ ਸਰਕਾਰ ਲਈ ਮੁਸੀਬਤ ਬਣੀ

ਚੰਡੀਗੜ੍ਹ: ਪੰਜਾਬ ਸਰਕਾਰ ਦੀ ਔਰਤਾਂ ਨੂੰ ਮੁਫਤ ਬੱਸ ਸਹੂਲਤ ਨਿੱਤ ਨਵੀਆਂ ਮੁਸ਼ਕਲਾਂ ਖੜ੍ਹੀਆਂ ਰਹੀ ਹੈ। ਇਕ ਪਾਸੇ ਜਿਥੇ ਸਰਕਾਰੀ ਬੱਸਾਂ ਮਹਿਲਾ ਸਵਾਰੀਆਂ ਤੋਂ ਚੜ੍ਹਾਉਣ ਤੋਂ ਟਲ ਰਹੀਆਂ ਹਨ, ਉਥੇ ਕਰੋਨਾ ਦੇ ਦੌਰ ਵਿਚ ਸਮਾਜਿਕ ਦੂਰੀਆਂ ਦੀਆਂ ਬੰਦਿਸ਼ਾਂ ਦੇ ਬਾਵਜੂਦ ਬੱਸਾਂ ਨੱਕੋ ਨੱਕ ਭਰ ਕੇ ਚੱਲ ਰਹੀਆਂ ਹਨ। ਮੁਫਤ ਦੇ ਸਫਰ ਦਾ ਫਾਇਦਾ ਚੁੱਕਣ ਲਈ ਮਹਿਲਾਵਾਂ ਨੇ ਬੱਸ ਅੱਡਿਆਂ ਨੂੰ ਚਾਲੇ ਪਾ ਦਿੱਤੇ ਹਨ।

ਉਧਰ, ਇਸ ਸਹੂਲਤ ਨੇ ਪ੍ਰਾਈਵੇਟ ਬੱਸਾਂ ਨੂੰ ਭੁੰਜੇ ਲਾਹ ਦਿੱਤਾ ਹੈ। ਜਿਨ੍ਹਾਂ ਬੱਸ ਮਾਲਕਾਂ ਨੇ ਪ੍ਰਾਈਵੇਟ ਬੱਸਾਂ ਨੂੰ ਅੱਗੇ ਠੇਕੇ ‘ਤੇ ਦਿੱਤਾ ਹੋਇਆ ਸੀ, ਉਨ੍ਹਾਂ ਨੂੰ ਠੇਕੇ ਘਟਾਉਣੇ ਪੈ ਰਹੇ ਹਨ। ਇਥੋਂ ਤੱਕ ਕਿ ਮਾਲਵਾ ਖਿੱਤੇ ‘ਚ ਪ੍ਰਾਈਵੇਟ ਬੱਸ ਮਾਲਕਾਂ ਨੂੰ ਛੋਟਾਂ ਦੇ ਐਲਾਨ ਕਰਨੇ ਪੈ ਰਹੇ ਹਨ। ਦੂਸਰੀ ਤਰਫ ਸਰਕਾਰੀ ਬੱਸਾਂ ‘ਚ ਹੁਣ ਪੈਰ ਧਰਨ ਨੂੰ ਥਾਂ ਨਹੀਂ ਬਚੀ ਹੈ, ਜਿਨ੍ਹਾਂ ‘ਚ ਰੋਜ਼ਾਨਾ ਮਹਿਲਾ ਮੁਸਾਫ਼ਰਾਂ ਦੀ ਗਿਣਤੀ ਵਧ ਰਹੀ ਹੈ।
ਵੇਰਵਿਆਂ ਅਨੁਸਾਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਚ ਮਹਿਲਾ ਮੁਸਾਫ਼ਰਾਂ ਦਾ ਅੰਕੜਾ ਪੰਜ ਗੁਣਾ ਵਧ ਗਿਆ ਹੈ। ਰੋਡਵੇਜ਼ ਦੇ ਪੱਟੀ ਅਤੇ ਤਰਨ ਤਾਰਨ ਡਿੱਪੂ ‘ਚ ਤਾਂ ਮਹਿਲਾ ਮੁਸਾਫ਼ਰਾਂ ਦੀ ਗਿਣਤੀ 70 ਫੀਸਦੀ ਤੱਕ ਪੁੱਜ ਗਈ ਹੈ। ਰੋਡਵੇਜ਼ ਦੇ ਡੇਢ ਦਰਜਨ ਡਿੱਪੂ ਦੀਆਂ 919 ਬੱਸਾਂ ਵਿਚ ਪਹਿਲੀ ਅਪਰੈਲ ਨੂੰ 15,076 ਔਰਤਾਂ ਨੇ ਸਫਰ ਕੀਤਾ ਸੀ ਜਦੋਂਕਿ ਚਾਰ ਦਿਨਾਂ ਮਗਰੋਂ ਇਕੋ ਦਿਨ ‘ਚ ਇਨ੍ਹਾਂ ਬੱਸਾਂ ‘ਚ 53,000 ਔਰਤਾਂ ਨੇ ਸਫਰ ਕੀਤਾ। ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨੀ ਨੂੰ 25 ਤੋਂ 30 ਫੀਸਦੀ ਸੱਟ ਵੱਜੀ ਹੈ। ਇਸੇ ਤਰ੍ਹਾਂ ਪੀ.ਆਰ.ਟੀ.ਸੀ. ਰੋਜ਼ਾਨਾ 55 ਲੱਖ ਔਰਤਾਂ ਸਫਰ ਕਰਨ ਲੱਗੀਆਂ ਹਨ ਜਦੋਂ ਕਿ ਪਹਿਲਾਂ ਸਿਰਫ 40 ਫੀਸਦੀ ਔਰਤਾਂ ਹੁੰਦੀਆਂ ਸਨ। ਮੁਸਾਫ਼ਰ ਔਰਤਾਂ ਦੀ ਗਿਣਤੀ ‘ਚ 15 ਤੋਂ 20 ਫੀਸਦੀ ਵਾਧਾ ਹੋਇਆ ਹੈ। ਪੀ.ਆਰ.ਟੀ.ਸੀ. ਨੂੰ ਪ੍ਰਤੀ ਮਹੀਨਾ 18 ਕਰੋੜ ਦਾ ਵਿੱਤੀ ਨੁਕਸਾਨ ਵੀ ਹੋਣ ਲੱਗਾ ਹੈ।
ਚੇਤੇ ਰਹੇ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਅਪਰੈਲ ਤੋਂ ਪੰਜਾਬ ‘ਚ ਔਰਤਾਂ ਨੂੰ ਮੁਫਤ ਸਫਰ ਸਹੂਲਤ ਦਿੱਤੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਪ੍ਰਾਈਵੇਟ ਬੱਸ ਮਾਲਕਾਂ ਨੂੰ ਵੀ ਔਰਤਾਂ ਨੂੰ ਬੱਸਾਂ ਵਿਚ ਛੋਟ ਦੇਣ ਦੀ ਅਪੀਲ ਕੀਤੀ ਸੀ। ਬਠਿੰਡਾ ਅੰਮ੍ਰਿਤਸਰ ਰੂਟ ‘ਤੇ ਇਕ ਪ੍ਰਾਈਵੇਟ ਟਰਾਂਸਪੋਰਟਰ ਨੇ ਕਿਰਾਏ ਵਿਚ 15 ਤੋਂ 20 ਫੀਸਦੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਤੋਂ ਚੱਲਦੀ ਇਕ ਪ੍ਰਾਈਵੇਟ ਟਰਾਂਸਪੋਰਟ ਵੱਲੋਂ ਦੋ ਸਵਾਰੀਆਂ ਨਾਲ ਇਕ ਸਵਾਰੀ ਦਾ ਸਫਰ ਮੁਫਤ ਲਿਜਾਣ ਦਾ ਐਲਾਨ ਕੀਤਾ ਹੈ। ਪ੍ਰਾਈਵੇਟ ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਡੀਜ਼ਲ ਦੇ ਭਾਅ ਅਤੇ ਹੁਣ ਸਰਕਾਰ ਦੀ ਮੁਫਤ ਸਹੂਲਤ ਨੇ ਪ੍ਰਾਈਵੇਟ ਟਰਾਂਸਪੋਰਟ ਲਈ ਹਾਲਾਤ ਇੰਦਾਂ ਦੇ ਬਣਾ ਦਿੱਤੇ ਹਨ ਕਿ ਹੁਣ ਪ੍ਰਾਈਵੇਟ ਬੱਸਾਂ ਖਾਲੀ ਖੜਕਣ ਲੱਗੀਆਂ ਹਨ। ਸੰਪਰਕ ਸੜਕਾਂ ਦੀ ਮਹਿਲਾ ਸਵਾਰੀ ਵੀ ਹੁਣ ਮੁੱਖ ਸੜਕ ਮਾਰਗ ‘ਤੇ ਹੀ ਉਤਰ ਜਾਂਦੀ ਹੈ ਜਿਥੇ ਉਹ ਅੱਗਿਓਂ ਸਰਕਾਰੀ ਬੱਸ ਉਡੀਕਦੀ ਹੈ। ਜਿਨ੍ਹਾਂ ਰੂਟਾਂ ‘ਤੇ ਸਰਕਾਰੀ ਬੱਸ ਸਰਵਿਸ ਜਿਆਦਾ ਹੈ, ਉਨ੍ਹਾਂ ਰੂਟਾਂ ‘ਤੇ ਪ੍ਰਾਈਵੇਟ ਬੱਸ ਸਰਵਿਸ ਨੂੰ ਵੱਡਾ ਧੱਕਾ ਲੱਗਾ ਹੈ। ਲੁਧਿਆਣਾ-ਪਠਾਨਕੋਟ ਰੂਟ ‘ਤੇ ਜੋ ਬੱਸਾਂ ਠੇਕੇਦਾਰ ਚਲਾ ਰਹੇ ਸਨ, ਉਨ੍ਹਾਂ ਦੇ ਠੇਕੇ ‘ਚ ਬੱਸ ਮਾਲਕਾਂ ਨੂੰ ਕਰੀਬ ਤਿੰਨ ਹਜ਼ਾਰ ਰੁਪਏ ਦੀ ਪ੍ਰਤੀ ਦਿਨ ਕਟੌਤੀ ਕਰਨੀ ਪਈ ਹੈ। ਮੁਕਤਸਰ ਤੋਂ ਮੁਹਾਲੀ ਰੂਟ ‘ਤੇ ਠੇਕੇ ‘ਚ ਦੋ ਹਜ਼ਾਰ ਦੀ ਕਟੌਤੀ ਹੋਈ ਹੈ।
ਪੰਜਾਬ ਵਿਚ ਅੰਦਾਜ਼ਨ 6700 ਮਿਨੀ ਬੱਸਾਂ ਦੇ ਰੂਟ ਪਰਮਿਟ ਹਨ ਜਦੋਂਕਿ ਛੇ ਹਜ਼ਾਰ ਵੱਡੀਆਂ ਬੱਸਾਂ ਚੱਲਦੀਆਂ ਹਨ। ਦੂਜੇ ਪਾਸੇ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀਆਂ 2689 ਬੱਸਾਂ ਹਨ ਜੋ ਰੋਜ਼ਾਨਾ 7.16 ਲੱਖ ਕਿਲੋਮੀਟਰ ਦਾ ਪੈਂਡਾ ਤੈਅ ਕਰਦੀਆਂ ਹਨ। ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਤੋਂ ਪਹਿਲਾਂ ਇਨ੍ਹਾਂ ਬੱਸਾਂ ‘ਚ ਰੋਜ਼ਾਨਾ 4.90 ਲੱਖ ਮੁਸਾਫ਼ਰ ਸਫਰ ਕਰਦੇ ਸਨ।