ਵੈਸਾਖੁ ਭਲਾ…

ਡਾ. ਓਅੰਕਾਰ ਸਿੰਘ
ਫੀਨਿਕਸ, ਅਮੈਰਿਕਾ
ਫੋਨ: 602-303-4765
ਵੈਸਾਖ ਮਹੀਨੇ ਦਾ ਸਮਾਂ ਸਿੱਖ ਜਗਤ ਲਈ ਵਿਸ਼ੇਸ਼ ਧਿਆਨ ਅਤੇ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ। ਧਰਮ ਚਲਾਵਨ ਅਤੇ ਸੰਤ ਉਬਾਰਨ ਦੇ ਨਵੇਂ ਨਿਵੇਕਲੇ ਪ੍ਰੋਗਰਾਮ ਲਈ ਕੁਦਰਤ ਦੇ ਇਸ ਸੁਹਾਵਣੇ ਸਮੇਂ ਤੇ ਸੰਨ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ, ਰੱਬ ਕਲਾ ਧਾਰ ਕੇ ਆਪ ਖੁਦ ਹੀ ਇਸ ਧਰਤੀ `ਤੇ ਉਤਰ ਆਇਆ, ਮੁਸਕਰਾਇਆ ਅਤੇ ਸਭ ਕੁਝ ਚਾਨਣ ਚਾਨਣ ਹੋ ਗਿਆ। ਅੰਧਕਾਰ ਮਿਟ ਗਿਆ। ਸਾਰਾ ਜੱਗ ਪ੍ਰਕਾਸ਼ਿਤ ਹੋ ਗਿਆ। ਰੱਬ ਜੀ ਨੇ ਆਪਣਾ ਨਾਂ ਰੱਖ ਲਿਆ, ‘ਨਾਨਕ।’ ਮਰਦਾਨਾ ਜੀ ਨੂੰ ਕਿਹਾ, ਚੱਲ ਆਪਾਂ ਤਪਦੇ ਬਲਦੇ ਸੰਸਾਰ ਨੂੰ ਠਾਰਨ ਲਈ ਸਤਿਨਾਮ ਦਾ ਛੱਟਾ ਦੇਣ ਚੱਲੀਏ। ਬਹੁਤ ਸਫਰ ਕੀਤਾ। ਬਹੁਤ ਗਾਇਆ। ਧੁਰ ਕੀ ਬਾਣੀ ਆਉਂਦੀ ਗਈ, ਉਹ ਗਾਉਂਦੇ ਰਹੇ।

ਠੱਗ ਸੱਜਣ ਬਣਦੇ ਗਏ। ਪਾਪ ਕੀ ਜੰਞ ਲਿਆਉਣ ਵਾਲੇ ਜਾਬਰ, ਬਾਬਰ ਨੂੰ ਵੀ ਘੂਰਿਆ। ਪੂਰਨ ਮਨੁੱਖ ਦੀ ਬਣਨ ਵਾਲੀ ਤਸਵੀਰ ਦੇ ਨਵੇਂ ਰੰਗ ਉਘੜਨੇ ਸ਼ੁਰੂ ਹੋ ਗਏ। ਰਸ-ਅੰਮ੍ਰਿਤ ਖੀਰ ਘਿਆਲੀ ਦੇ ਲੰਗਰ ਚੱਲੇ। ਸੰਗਤ ਅਤੇ ਪੰਗਤ ਇੱਕ-ਮਿੱਕ ਕਰ ਦਿੱਤੇ ਗਏ। ਵਕਤ ਦੇ ਬਾਦਸ਼ਾਹ ਨੇ ਵੀ ਭੁੰਜੇ ਬੈਠ ਕੇ ਆਪਣੀ ਪਰਜਾ ਨਾਲ ਰੱਬ ਦੇ ਘਰੋਂ ਲੰਗਰ ਛਕਿਆ। ਸੰਸਾਰ `ਤੇ ਪਹਿਲੀ ਵਾਰੀ ਹਰਿ ਦਾ ਮੰਦਰ ਸਾਜਿਆ ਗਿਆ। ਧੁਰ ਕੀ ਬਾਣੀ ਦਾ ਗੁਰੂ-ਗ੍ਰੰਥ ਬਣਿਆ। ਹਰੀ ਦੇ ਬਣਾਏ ਮੰਦਰ ਵਿਚ ਰੱਬੀ-ਗ੍ਰੰਥ ਦਾ ਪ੍ਰਕਾਸ਼ ਹੋਇਆ।
ਘੜੇ ਜਾ ਰਹੇ ਪੂਰਨ ਮਨੁੱਖ ਨੂੰ ਮਰਣ-ਆਨੰਦ ਦੀ ਜਾਚ ਸਿਖਾਉਣ ਲਈ ਰੱਬ ਤੱਤੀ ਤਵੀ `ਤੇ ਬਹਿ ਗਿਆ। ਹੱਸਦਾ ਰਿਹਾ। ਮੁਸਕਰਾਉਂਦਾ ਰਿਹਾ। ਕੋਈ ਰੱਬ ਦਾ ਸਾਈਂ ਆ ਕੇ ਕਹਿੰਦਾ, ਓ ਰੱਬਾ! ਆਖੇਂ ਤਾਂ ਮੈਂ ਇਨ੍ਹਾਂ ਅੰਧ-ਅਗਿਆਨੀਆਂ ਦੀ ਇੱਟ ਨਾਲ ਇੱਟ ਖੜਕਾ ਦਿਆਂ? ਹੁਕਮ ਹੋਇਆ, ਨਹੀਂ ਸਾਈਂ ਜੀਓ! ਇਹ ਮੇਰੀ ਆਪਣੀ ਰਜ਼ਾ ਹੈ, ਮਿੱਠੀ ਲੱਗ ਰਹੀ ਹੈ। ਹੁਕਮ ਦੇ ਰੰਗ ਵੇਖੋ। ਭਾਣੇ ਵੱਲ ਪਿੱਠ ਨਹੀਂ ਕਰਨੀ।
ਆਗਿਆ ਹੋਈ ਪੂਰਨ ਮਨੁੱਖ ਨੂੰ ਤਖਤ ਦਾ ਵਾਰਿਸ ਬਣਾਉਣ ਲਈ ਅਕਾਲ ਦਾ ਤਖਤ ਬਣਾਇਆ ਜਾਏ। ਹਰੀ-ਮੰਦਰ ਦੇ ਸਨਮੁੱਖ ਅਕਾਲ ਦਾ ਤਖਤ ਸਥਾਪਤ ਕੀਤਾ ਗਿਆ। ਪੂਰਨ ਮਨੁੱਖ ਦੀ ਤਸਵੀਰ ਵਿਚ ਪੀਰੀ ਦੇ ਨਾਲ ਮੀਰੀ ਅਤੇ ਭਗਤੀ ਨਾਲ ਸ਼ਕਤੀ ਦਾ ਰੰਗ ਭਰਿਆ। ਸੰਤ ਨੂੰ ਸਿਪਾਹੀ ਵੀ ਬਣਾ ਦਿੱਤਾ ਗਿਆ।
ਹਾਂ ਜੀ ਤੇ ਫਿਰ ਰੱਬ ਨੇ ਪੰਜ ਸਾਲ ਦੇ ਬਾਲਕ ਦਾ ਰੂਪ ਧਾਰ ਲਿਆ। ਕੋਈ ਕਹਿੰਦਾ, ਤੂੰ ਕਿਵੇਂ ਰੱਬ ਹੋ ਸਕਦਾ ਹੈਂ? ਇੰਨਾ ਛੋਟਾ ਬੱਚਾ ਵੀ ਕੋਈ ਰੱਬ ਹੁੰਦਾ ਹੈ? ਜੇ ਰੱਬ ਹੈਂ ਤਾਂ ਫਿਰ ਰੱਬ ਦੀ ਗੀਤਾ ਦੇ ਗੀਤ ਸੁਣਾ ਕੇ ਦੱਸ ਮੈਨੂੰ। ਓਏ ਭੋਲਿਓ! ਰੱਬ ਤਾਂ ਗੂੰਗਿਆਂ ਦੇ ਮੂੰਹੋਂ ਵੀ ਧੁਰ ਕੀ ਬਾਣੀ ਸਰਵਣ ਕਰਵਾ ਸਕਦਾ ਹੈ। ਲਿਆਓ ਮੇਰੇ ਕੋਲ ਗੂੰਗੇ ਨੂੰ ਮੈਂ ਹੁਣੇ ਅਰਥ ਕਰਵਾ ਕੇ ਦਸਦਾ ਹਾਂ। ਫਿਰ ਸਭ ਨੇ ਵੇਖਿਆ, ਰੱਬ ਜੀ ਨੇ ਕੀ ਕੀਤਾ। ਦੁਨਿਆਵੀ ਪਾਤਸ਼ਾਹ ਇਸ ਬਾਲਕ-ਰੱਬ ਦੇ ਦੀਦਾਰ ਲਈ ਢਾਈ ਘੜੀਆਂ ਦਰ `ਤੇ ਖੜ੍ਹਾ ਉਡੀਕਦਾ ਰਿਹਾ।
ਰੱਬ ਕਹਿੰਦਾ, ਚਲੋ ਚਾਂਦਨੀ ਚੌਂਕ ਵਿਚ ਖੁਦ ਆਪ ਜਾ ਕੇ ਮਨੁੱਖੀ ਹੱਕਾਂ ਦਾ ਝੰਡਾ ਬੁਲੰਦ ਕਰਨ ਲਈ ਇੱਕ ਵਾਰੀ ਫਿਰ ਸ਼ਹੀਦ ਹੋਈਏ। ਪੂਰਨਤਾ ਵਾਲੇ ਸਫਰ ਦੇ ਇਨ੍ਹਾਂ ਪਾਂਧੀਆਂ ਨੂੰ ਮਰ ਕੇ ਜਿਊਣ ਦੀ ਹੋਰ ਚੰਗੀ ਤਰ੍ਹਾਂ ਗੁੜ੍ਹਤੀ ਦੇਈਏ, ਕਿਉਂਕਿ ਇਨ੍ਹਾਂ ਨੇ ਹੁਣ ਖਾਲਸਾ ਹੋਣਾ ਹੈ। ਇਨ੍ਹਾਂ ਦਾ ਸੰਬੰਧ ਮੇਰੇ ਨਾਲ ਬਣਨਾ ਹੈ। ਸਿੱਧਾ ਅਕਾਲ ਨਾਲ। ਤਿਆਗ ਅਤੇ ਵੈਰਾਗ ਦੀ ਮੂਰਤ ਬਣੇ ਰੱਬ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਨੰਦ ਦੀ ਪੁਰੀ ਵਸਾ ਦਿੱਤੀ, ਕਿਉਂਕਿ ਧਰਮ ਚਲਾਵਨ ਲਈ ਇਸੇ ਹੀ ਪੁਰੀ-ਆਨੰਦ ਵਿਚੋਂ ਖਾਲਸੇ ਦਾ ਪ੍ਰਕਾਸ਼ ਕਰਨਾ ਸੀ।
ਰੱਬ ਇੱਕ ਦਿਨ ਪਹਾੜੀ `ਤੇ ਜਾ ਕੇ ਸੋਚਣ ਬਹਿ ਗਿਆ, ਕਿੰਨੇ ਦਿਨ ਸੋਚਦਾ ਹੀ ਰਿਹਾ ਕਿ ਪੂਰਨ ਮਨੁੱਖ ਦੇ ਸਫਰ ਦਾ ਇਹ ਪਾਂਧੀ ਹੁਣ ਸਚਿਆਰ ਬਣਨ ਦੀ ਸਿਖਰ `ਤੇ ਹੈ। ਇਸ ਤਸਵੀਰ ਵਿਚ ਹੁਣ ਆਖਰੀ ਰੰਗ ਭਰਨ ਦੀ ਲੋੜ ਹੈ। ਚਲੋ ਇਸ ਨੂੰ ਸਜਾ ਦੇਈਏ ਤਾਂ ਕਿ ਇਹ ਖਾਲਸਾ ਹੋ ਜਾਏ। ਪਰਮਾਤਮ ਕੀ ਮੌਜ ਵਿਚ ਪ੍ਰਗਟ ਹੋ ਜਾਏ। ਰੱਬ ਦੀ ਫੌਜ ਬਣ ਜਾਏ। ਸੰਸਾਰ ਨੂੰ ‘ਅਕਾਲ ਪੁਰਖ ਕੀ ਫੌਜ’ ਦੀ ਹੁਣ ਲੋੜ ਵੀ ਤਾਂ ਹੈ। ਰੱਬ ਨੇ ਸੋਚਿਆ ਕਿ ਰਾਇ-ਭੋਇ ਦੀ ਤਲਵੰਡੀ ਵਿਚ ਮੇਰੇ ਪ੍ਰਕਾਸ਼ ਵਾਲਾ ਦਿਨ ਹੀ ਇਨ੍ਹਾਂ ਨੂੰ ਸਾਜਣ ਲਈ ਸਭ ਤੋਂ ਸੁਲੱਖਣਾ ਹੈ। ਨਾਲੇ ਨਨਕਾਣੇ ਤੋਂ ਅਨੰਦਪੁਰੀ ਦੀ ਯਾਤਰਾ ਦਾ ਇੱਕੋ ਮਾਰਗ ਹੋਏਗਾ। ਨਿਰਮਲ ਪੰਥ ਤੇ ਖਾਲਸਾ ਪੰਥ ਯਕਰੰਗੀ ਹੋਣਗੇ। ਰਬਾਬ ਅਤੇ ਨਗਾਰੇ ਦੀ ਆਵਾਜ਼ ਸਮਸ੍ਵਰ ਹੋ ਜਾਏਗੀ।
ਸਜਣ ਲਈ ਸਭ ਨੂੰ ਆਵਾਜ਼ ਮਾਰੀ। ਪਿਆਰਿਆਂ ਨੂੰ ਸੁਨੇਹੇ ਘੱਲੇ। ਅਨੰਦਪੁਰੀ ਵਿਚ ਸਜਣ ਵਾਲਿਆਂ ਦਾ ਠਾਠਾਂ ਮਾਰਦਾ ਸਮੁੰਦਰ ਉਮੜ ਆਇਆ। ਵਿਸਾਖੀ ਵਾਲੇ ਦਿਨ ਸ੍ਰੀ ਸਾਹਿਬ ਮਿਆਨੋਂ ਕੱਢ ਕੇ ਆਵਾਜ਼ ਮਾਰੀ: ਕਿ ਜਿਸ ਨੇ ਮਰਨਾ ਹੈ, ਮੇਰੇ ਕੋਲ ਆਓ! ਸਭ ਸੋਚੀਂ ਪੈ ਗਏ ਕਿ ਰੱਬ ਵੀ ਕਦੇ ਕਿਸੇ ਨੂੰ ਮਾਰਦਾ ਹੈ? ਉਹ ਤਾਂ ਸਗੋਂ ਜਿਵਾਉਂਦਾ ਹੈ; ਪਰ ਕੋਈ ਰੱਬ ਦਾ ਸੱਚਾ ਪ੍ਰੀਤਵਾਨ ਉੱਠ ਕੇ ਆ ਗਿਆ। ਕਹਿੰਦਾ! ਮੈਨੂੰ ਮਾਰ ਲਓ ਜੀ, ਮੈਥੋਂ ਥੋੜ੍ਹੀ ਦੇਰ ਹੋ ਗਈ ਹੈ। ਰੱਬ ਨੇ ਉਹਲੇ ਕਰ ਕੇ ਉਸ ਦਾ ਸਭ ਕੁਝ ਮਾਰ ਦਿੱਤਾ। ਰੱਬ ਕੁਝ ਚਿਰ ਲਈ ਇੱਦਾਂ ਹੀ ਕਰੀ ਗਿਆ। ਪੰਜ ਵਾਰੀ ਕਰਕੇ ਕਹਿੰਦਾ, ਓ ਭੋਲਿਓ! ਤੁਸੀਂ ਠੀਕ ਹੀ ਤਾਂ ਸੋਚਦੇ ਸੀ ਕਿ ਰੱਬ ਕੋਈ ਮਾਰਦਾ ਥੋੜ੍ਹੀ ਐ! ਰੱਬ ਤਾਂ ਜਿਊਂਦਿਆਂ ਕਰਦਾ ਹੈ। ਮੈਂ ਤਾਂ ਤੁਹਾਨੂੰ ਸਦਾ ਸਦਾ ਲਈ ਜਿਊਂਦਿਆਂ ਕਰਨਾ ਹੈ। ਤੁਸੀਂ ਮਰੇ ਨਹੀਂ, ਤੁਸੀਂ ਤਾਂ ਮੇਰੇ ਪਿਆਰੇ ਬਣ ਗਏ ਹੋ। ਸੱਚੀਂ ਮੁੱਚੀਂ ਰੱਬ ਜੀ ਦੇ ਪਿਆਰੇ, ਕਿਉਂਕਿ ਤੁਸੀਂ ਰੱਬੀ-ਆਵਾਜ਼ ਨੂੰ ਹੁੰਗਾਰਾ ਦਿੱਤਾ ਹੈ। ਮੈਂ ਰੱਬ ਹੋ ਕੇ ਵੀ ਹੁਣ ਤੁਹਾਨੂੰ ਨਤਮਸਤਕ ਹੋਵਾਂਗਾ। ਧਰਤੀ ਤੇ ਮਹਾਂ-ਇਨਕਲਾਬ ਦੀ ਨੀਂਹ ਰੱਖੀ ਗਈ। ਰਚਨਹਾਰ ਨੇ ਆਪਣੀ ਹੀ ਰਚਨਾ ਅੱਗੇ ਸੀਸ ਝੁਕਾ ਦਿੱਤਾ। ਸੰਪੂਰਨ ਮਨੁੱਖ ਸਾਜ ਕੇ ਉਸ ਦੇ ਸੁਹੱਪਣ ਨੂੰ ਨਮਸਕਾਰ ਕੀਤੀ। ਉਲਟੀ ਗੰਗਾ ਵਗ ਗਈ।
ਫਿਰ ਰੱਬ ਕਹਿੰਦਾ ਸੁਣੋ! ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਤੁਸੀਂ ਹੁਣ ਮੇਰੇ ਹੋ, ਮੇਰਾ ਰੂਪ ਹੋ, ਰੱਬ ਦਾ ਰੂਪ ਹੋ। ਸਿੰਘ ਤੇ ਕੌਰ ਬਣ ਗਏ ਹੋ। ਪਰ ਮੇਰੇ ਪਿਆਰੇ ਬੱਚਿਓ! ਤੁਸੀਂ ਮੇਰੇ ਵਰਗੇ ਹੀ ਰਿਹੋ। ਰੱਬ ਵਰਗੀਆਂ ਗੱਲਾਂ ਕਰਿਓ। ਰੱਬ ਬਹੁਤ ਸੋਹਣਾ ਜੇ। ਤੁਸੀਂ ਵੀ ਰੱਬ ਵਰਗੇ ਸੋਹਣੇ ਬਣ ਕੇ ਰਿਹੋ। ਰੱਬ ਦੀ ਕੋਈ ਜ਼ਾਤ-ਪਾਤ ਨਹੀਂ ਹੁੰਦੀ। ਤੁਹਾਡੀ ਵੀ ਹੁਣ ਕੋਈ ਜ਼ਾਤ-ਪਾਤ ਨਹੀਂ ਹੈ। ਰੱਬ ਸਰਬੱਤ ਦਾ ਭਲਾ ਮੰਗਦਾ ਹੈ। ਤੁਸੀਂ ਵੀ ਨਿੱਤ ਸਰਬੱਤ ਦਾ ਭਲਾ ਮੰਗਿਓ। ਰੱਬ ਦੇ ਗ੍ਰੰਥ ਵਿਚ ਲਿਖਿਆ ਹੈ: ਰੱਬ ਲੰਬੜੇ ਕੇਸਾਂ ਵਾਲਾ ਜੇ। ਤੁਸੀਂ ਵੀ ਰੱਬ ਵਾਂਗ ਕੇਸਾਂ ਵਾਲੇ ਹੀ ਰਿਹੋ। ਇਹ ਰੱਬ ਦੀ ਆਪਣੀ ਸੂਰਤ ਹੈ, ਇਸ ਨੂੰ ਕਦੀ ਭੰਨਿਓ ਨਾ। ਕਦੀ ਵਿਗਾੜਿਓ ਨਾ। ਰੱਬ ਸਭ ਦਾ ਰਖਵਾਲਾ ਹੈ। ਹੁਣ ਤੁਸੀਂ ਰੱਬ ਜੀ ਦੀ ਫੌਜ ਹੋ। ਅਕਾਲ ਪੁਰਖ ਦੀ ਫੌਜ। ਫੌਜ ਸਭ ਦੀ ਰਾਖੀ ਕਰਦੀ ਹੈ। ਤੁਸੀਂ ਵੀ ਧੀਆਂ-ਭੈਣਾਂ ਦੀ ਰਾਖੀ ਕਰਿਓ। ਮਾਤਾ ਸਾਹਿਬ ਕੌਰ ਦੇ ਸਪੁੱਤਰ ਤੇ ਸਪੁੱਤਰੀਓ! ਸਿੱਖੀ ਦੀ ਸ਼ਮ੍ਹਾਂ ਸਦਾ ਬਲਦੀ ਰੱਖਿਓ। ਅਨੰਤ ਪ੍ਰਕਾਸ਼ ਦੇ ਸੋਮੇ ਅਨੰਦਪੁਰ ਨੂੰ ਮੈਂ ਤੁਹਾਡਾ ਘਰ ਬਣਾ ਦਿੱਤਾ ਹੈ। ਅਸੀਂ ਸਦਾ ਤੁਹਾਡੇ ਵਿਚ ਨਿਵਾਸ ਕਰਾਂਗੇ। ਤੁਸੀਂ ਮੇਰੀ ਜਾਨ ਕੀ ਜਾਨ ਹੋ। ਖਾਲਸਾ ਜੀ! ਤੁਸੀਂ ਹੁਣ ਆਪ ਹੀ ਸਤਿਗੁਰੂ ਹੋ! ਰੱਬ ਹੋ! ਬੱਸ ਇਹ ਯਾਦ ਰੱਖਿਓ! ਰੱਬ ਨੇ ਬਹੁਤ ਉਚੇ-ਸੁੱਚੇ ਬਣਾਇਆ ਤੁਹਾਨੂੰ। ਸਦਾ ਉਚੇ ਹੀ ਬਣੇ ਰਿਹੋ। ਗੁਰੂ ਗ੍ਰੰਥ ਦੀ ਤਾਬਿਆ ਜੋ ਵੀ ਫੈਸਲਾ ਕਰੋਗੇ, ਉਹ ਰੱਬ ਦਾ ਫੈਸਲਾ ਹੋਏਗਾ। ਕਦੀ ਬਿਪਰਨ ਕੀਆਂ ਰੀਤਾਂ ਵੱਲ ਨਾ ਜਾਇਓ! ਨਹੀਂ ਤਾਂ ਰੱਬ ਉਦਾਸ ਹੋ ਕੇ ਤੁਹਾਡੀ ਪਰਤੀਤ ਕਰਨੀ ਛੱਡ ਦਏਗਾ…।
ਗੁਰੂ ਪਿਆਰਿਓ! ਸਿੱਖੀ ਮਾਰਗ ਦੇ ਬਹੁਤ ਸਾਰੇ ਪਾਂਧੀਆਂ ਨੂੰ ਲੱਗਣ ਲੱਗ ਪਿਆ ਹੈ ਕਿ ‘ਵੈਸਾਖੁ ਭਲਾ’ ਦੀ ਇਹ ਵਿਸਮਾਦੀ ਗਾਥਾ ਹੁਣ ਪੁਰਾਣੀ ਹੋ ਗਈ ਹੈ। ਕੇਸਾਂ ਸੁਆਸਾਂ ਵਾਲੇ ਸਰੂਪ ਦੀ ਸ਼ਾਇਦ ਹੁਣ ਕੋਈ ਸਾਰਥਿਕਤਾ ਨਹੀਂ ਰਹਿ ਗਈ। ਅਸਾਂ ਸੰਸਾਰੀਆਂ ਦੀ ਸੋਚ ਅਨੁਸਾਰ ਮਾਡਰਨ ਸਿੱਖੀ ਸਥਾਪਤ ਹੋਣੀ ਚਾਹੀਦੀ ਹੈ। ਸਿੱਖੀ ਸਾਡੇ ਮਨ ਦੀ ਸੋਚ ਅਨੁਸਾਰ ਹੋਣੀ ਚਾਹੀਦੀ ਹੈ। ਹੁਣ ਧਰਮ ਦੀ ਸਥਾਪਿਤ ਮਰਿਆਦਾ ਦਾ ਕੋਈ ਅਰਥ ਨਹੀਂ ਰਹਿ ਗਿਆ। ਕਿਸੇ ਮਰਿਆਦਾ ਜਾਂ ਸਿਧਾਂਤ ਤੋਂ ਬਿਨਾ ਵੀ ਸ਼ਾਇਦ ਅਧਿਆਤਮਕ ਹੋਇਆ ਜਾ ਸਕਦਾ ਹੈ। ਧਰਮ-ਸਿਧਾਂਤਾਂ ਅਤੇ ਮਰਿਆਦਾ ਨੂੰ ਬਾਈਪਾਸ ਕਰਕੇ ਵੀ ਧਰਮੀ ਕਹਾਇਆ ਜਾ ਸਕਦਾ ਹੈ। ਇਸ ਸੰਬੰਧੀ ਅਸੀਂ ਬਹੁਤ ਅਟਪਟੀਆਂ ਜਿਹੀਆਂ ਦਲੀਲਾਂ ਵੀ ਘੜ ਘੜ ਕੇ ਸਾਹਮਣੇ ਲਿਆਉਂਦੇ ਹਾਂ। ਸਾਡੇ ਹਿਰਦਿਆਂ ਅੰਦਰ ਇੱਕ ਕਾਹਲ ਜਿਹੀ ਵਾਪਰਦੀ ਹੈ ਕਿ ਅਸੀਂ ਵੱਖਰੇ ਨਾ ਦਿਖ ਕੇ ਸੰਸਾਰ ਦੀ ਭੀੜ ਦਾ ਹੀ ਹਿੱਸਾ ਲੱਗੀਏ। ਭੀੜ ਦਾ ਹਿੱਸਾ ਹੋਣਾ ਬਹੁਤ ਸੌਖਾ ਹੁੰਦਾ। ਇਹ ਸਭ ਤੋਂ ਸੁਖਾਲਾ ਰਾਹ ਹੈ ਅਤੇ ਸੌਖਿਆਂ ਰਾਹਾਂ `ਤੇ ਤੁਰਨ ਵਾਲਿਆਂ ਦੀ ਗਿਣਤੀ ਹਮੇਸ਼ਾਂ ਵੱਧ ਹੀ ਹੁੰਦੀ ਹੈ। ਪਰ ਯਾਦ ਰੱਖੀਏ ਕਿ ਭੀੜ ਦਾ ਹਿੱਸਾ ਬਣਨ ਵਾਲਿਆਂ ਦੇ ਹਿਰਦਿਆਂ `ਚ ਸੱਚ ਦੀ ਰੌਸ਼ਨੀ ਧੁੰਦਿਆ ਜਾਂਦੀ ਹੈ। ਗੁਲਾਮੀ ਵਾਲੇ ਅਮਲ ਉਨ੍ਹਾਂ ਦੀ ਸੋਚ ਅਤੇ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਉਨ੍ਹਾਂ ਦੇ ਪਹਿਰਾਵੇ, ਖਾਣ-ਪੀਣ, ਬੋਲ-ਚਾਲ ਅਤੇ ਭਾਸ਼ਾ ਵਿਚੋ ਗੁਲਾਮੀ ਦੀ ਗੰਧ ਆਉਣ ਲੱਗ ਪੈਂਦੀ ਹੈ। ਸਹਿਜੇ ਸਹਿਜੇ ਉਨ੍ਹਾਂ ਦੀ ਪਛਾਣ ਅਤੇ ਸੁਤੰਤਰ ਸੋਚ ਵਾਲਾ ਨਿਵੇਕਲਾ ਰੰਗ, ਪਸਰ ਗਈ ਗਹਿਰੀ ਧੁੰਦ ਵਿਚ ਗੁਆਚ ਜਾਂਦਾ ਹੈ। ਜੱਗ-ਚਾਨਣ ਵਾਸਤੇ ਕਿਸੇ ਨਾ ਕਿਸੇ ਨੂੰ ਫਿਰ ਤੋਂ ਤੱਤੀ ਤਵੀ ਵਾਲੇ ਸੱਚ ਦੀ ਮਿਸ਼ਾਲ ਫੜ ਕੇ ਉਸ ਨੂੰ ਨਵਿਆਉਣਾ ਪੈਂਦਾ ਹੈ।
ਸਾਡੇ ਚੇਤਿਆਂ ਵਿਚੋਂ ਕਦੀ ਇਹ ਵਿਸਰਨਾ ਨਹੀਂ ਚਾਹੀਦਾ ਕਿ ਸਿਖੀ ਖੰਨਿਓਹੁ ਤਿਖੀ ਅਤੇ ਵਾਲੋਂ ਨਿੱਕੀ ਹੈ। ਇਹ ਗੱਲ ਯਾਦ ਰੱਖਣੀ ਹੋਏਗੀ ਕਿ ਬਿਖੜੇ ਪੈਂਡਿਆਂ `ਤੇ ਚੱਲਣ ਲਈ, ਵੱਖਰੀ ਚਾਲੇ ਤੁਰਨਾ ਹੀ ਪੈਂਦਾ ਹੈ। ਭਗਤਾਂ ਕੀ ਚਾਲ ਸਦਾ ਨਿਰਾਲੀ ਹੀ ਹੁੰਦੀ ਹੈ। ਏਤ ਮਾਰਗ `ਤੇ ਤੁਰਨਾ ਦਰਿਆ ਦੇ ਵਹਿਣ ਤੋਂ ਉਲਟ ਪਾਸੇ ਚੱਲਣ ਵਾਂਗ ਹੈ। ਚਮਕੌਰ ਦੀ ਗੜ੍ਹੀ ਅਤੇ ਸਰਹਿੰਦ ਦੀਆਂ ਦੀਵਾਰਾਂ ਇਹੀ ਆਵਾਜ਼ ਦਿੰਦੀਆਂ ਹਨ ਕਿ ਇਹ ਰਾਹ ਸੌਖ ਨਾਲ ਚੱਲਣ ਵਾਲਿਆਂ ਦਾ ਰਾਹ ਨਹੀਂ ਹੈ। ਇਹ ਤਾਂ ਸੀਸ ਭੇਟ ਕਰਨ ਵਾਲਿਆਂ ਦਾ ਮਾਰਗ ਹੈ। ਇਹ ਭਾਈ ਲਾਲੋ ਦਾ ਰਾਹ ਹੈ, ਮਲਿਕ ਭਾਗੋ ਦਾ ਨਹੀਂ। ਇਹ ਭਾਈ ਤਾਰੂ ਸਿੰਘ ਖੋਪੜੀ ਲੁਹਾਉਣ ਵਾਲੇ ਦਾ ਰਾਹ ਹੈ। ਇਹ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਰਾਹ ਹੈ। ਇਹ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦਾ ਰਾਹ ਹੈ। ਇਹ ਤਲੀ `ਤੇ ਸੀਸ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਦਾ ਰਾਹ ਹੈ, ਭੀੜ ਵਾਲਿਆਂ ਦਾ ਨਹੀਂ। ਇਹ ਗੁਰੂ ਗ੍ਰੰਥ ਦੀ ਬਾਣੀ ਦਾ ਰਾਹ ਹੈ।
ਸੋ ਵਿਸਾਖੀ ਪਰਮਾਤਮ ਕੀ ਮੌਜ ਵਿਚ ਪ੍ਰਗਟ ਹੋਏ ਵਾਹਿਗੁਰੂ ਜੀ ਕੇ ਖਾਲਸੇ ਦੀ ਕਹਾਣੀ ਹੈ, ਜਿਸ ਨੇ ਕਦੀ ਪੁਰਾਣੀ ਨਹੀਂ ਹੋਣਾ, ਸਗੋਂ ਨਿੱਤ ਦਿਹਾੜੇ ਇਸ ‘ਚੋਂ ਸੱਜਰੀ ਮਹਿਕ ਆਉਂਦੀ ਰਹਿਣੀ ਹੈ। ਇਹ ਕਹਾਣੀ ਸਾਡੀ ਸੁਤੰਤਰ ਸੋਚ ਅਤੇ ਚੜ੍ਹਦੀ ਕਲਾ ਦੀ ਗਵਾਹੀ ਭਰਦੀ ਹੈ। ਸਾਨੂੰ ਵੱਖਰੀ ਅਤੇ ਸੁਤੰਤਰ ਕੌਮ ਹੋਣ ਦਾ ਪਾਠ ਦ੍ਰਿੜ੍ਹ ਕਰਾਉਂਦੀ ਹੈ। ਸਾਡੇ ਨਿਆਰੇ ਸਰੂਪ ਨਾਲ ਜੁੜਨ ਦੀ ਪ੍ਰੇਰਨਾ ਬਖਸ਼ਦੀ ਹੈ। ਰਾਜ ਕਰੇਗਾ ਖਾਲਸਾ ਨੂੰ ਸਾਡੇ ਚੇਤਿਆਂ ਵਿਚੋਂ ਵਿਸਰਨ ਨਹੀਂ ਦਿੰਦੀ। ਖਾਲਸਈ-ਸੂਰਜ ਦਾ ਚਾਨਣ ਇੱਕ ਨਾ ਇੱਕ ਦਿਨ ਅਵੱਸ਼ ਹੀ ਇਸ ਧਰਤਿ ਸੁਹਾਵੀ `ਤੇ ਪਸਰਨਾ ਹੈ। ਬੱਸ ਆਪਾਂ ਨੇ ਆਪਣੀ ਸੁਰਤ ਨੂੰ ਆਪਣੇ ਮਨ ਦੀ ਖੁਸ਼ੀ ਨਾਲ ਨਹੀਂ, ਸਗੋਂ ਸਤਿਗੁਰੂ ਦੇ ਸ਼ਬਦ ਅਤੇ ਸਤਿਗੁਰੂ ਦੀ ਰਹਿਤ ਨਾਲ ਜੋੜੀ ਰੱਖਣਾ ਹੈ। ਇਸ ਦ੍ਰਿੜ੍ਹ ਵਿਸ਼ਵਾਸ ਨਾਲ ਜਿਊਣਾ ਹੈ ਕਿ ਖਾਲਸਾ ਵਾਹਿਗੁਰੂ ਜੀ ਕਾ ਹੈ ਅਤੇ ਵਾਹਿਗੁਰੂ ਜੀ ਕੀ ਸਦਾ ਫਤਿਹ ਹੋਣੀ ਹੈ। ਇਹੋ ਵੈਸਾਖੀ ਦਾ ਸੱਚ ਹੈ ਅਤੇ ਇਹੋ ਹੀ ਇਸ ਦਾ ਸੰਦੇਸ਼ ਹੈ।
ਮੈਂ ਆਪਣੀ ਗੱਲ ਸੁਰਜੀਤ ਪਾਤਰ ਦੀਆਂ ਇਨ੍ਹਾਂ ਸੱਤਰਾਂ ਨਾਲ ਸਮੇਟਣੀ ਚਾਹਾਂਗਾ:
ਮੈਂ ਰਾਹਾਂ `ਤੇ ਨਹੀਂ ਤੁਰਦਾ,
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।
ਯੁੱਗਾਂ ਤੋਂ ਕਾਫਲੇ ਆਉਂਦੇ
ਇਸੇ ਸੱਚ ਦੇ ਗਵਾਹ ਬਣਦੇ।
ਇਹ ਤਪਦੀ ਰੇਤ ਦੱਸਦੀ ਹੈ
ਕਿ ਰਸਤਾ ਠੀਕ ਹੈ ਮੇਰਾ,
ਇਹ ਸੜਦੇ ਪੈਰ, ਠਰਦੇ ਦਿਲ
ਮੇਰੇ ਸੱਚ ਦੇ ਗਵਾਹ ਬਣਦੇ।
ਜੁ ਲੋਅ ਮੱਥੇ `ਚੋਂ ਫੁੱਟਦੀ ਹੈ
ਉਹ ਅਸਲੀ ਤਾਜ ਹੁੰਦੀ ਹੈ,
ਤਵੀ ਦੇ ਤਖਤ `ਤੇ ਬਹਿ ਕੇ ਹੀ
ਕੋਈ ਸੱਚੇ ਪਾਤਸ਼ਾਹ ਬਣਦੇ।