ਮੋਦੀ ਸਰਕਾਰ ਦੇ ਕੌਮੀ ਜਾਂਚ ਏਜੰਸੀ ਵਾਲੇ ਪੈਂਤੜੇ ਖਿਲਾਫ ਹੋਰ ਭਖਿਆ

ਚੰਡੀਗੜ੍ਹ: ਪੰਜਾਬ ‘ਚ ਚੱਲ ਰਹੇ ਕਿਸਾਨ ਘੋਲ ‘ਚ ਕੌਮੀ ਜਾਂਚ ਏਜੰਸੀ ਦੇ ਨੋਟਿਸਾਂ ਨੇ ਰੋਹ ਭਰ ਦਿੱਤਾ ਹੈ। ਪੰਜਾਬ ‘ਚ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਬੈਠੇ ਕਿਸਾਨਾਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਘੋਲ ਨਾਲ ਜੁੜੇ ਮਦਦਗਾਰਾਂ ਨੂੰ ਦਿੱਤੇ ਨੋਟਿਸਾਂ ਦਾ ਸਖਤ ਨੋਟਿਸ ਲਿਆ ਗਿਆ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਇਸ ਪੈਂਤੜੇ ਦਾ ਮੂੰਹ ਤੋੜਵਾਂ ਜੁਆਬ ਦੇਣ ਦੀ ਗੱਲ ਆਖੀ ਹੈ।

ਪੰਜਾਬ ਵਿਚ 32 ਕਿਸਾਨ ਧਿਰਾਂ ਦੀ ਅਗਵਾਈ ਵਿਚ ਸੈਂਕੜੇ ਥਾਵਾਂ ‘ਤੇ ਧਰਨਾ ਮੁਜ਼ਾਹਰੇ ਵੀ ਜਾਰੀ ਰਹੇ। ਬੀ.ਕੇ.ਯੂ. (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਆਏ ਦਿਨ ਕਿਸਾਨ ਘੋਲ ਨੂੰ ਤਾਰਪੀਡੋ ਕਰਨ ਲਈ ਪੈਂਤੜਾ ਲੈ ਰਹੀ ਹੈ ਅਤੇ ਹੁਣ ਕੌਮੀ ਏਜੰਸੀ ਵੱਲੋਂ ਭੇਜੇ ਨੋਟਿਸਾਂ ਨੇ ਕਿਸਾਨ ਘੋਲ ਨੂੰ ਹੋਰ ਬਲ ਬਖਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਜਿਹੀਆਂ ਚਾਲਾਂ ਹਮੇਸ਼ਾ ਫੇਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਕੇਂਦਰੀ ਦਾਬੇ ਦਾ ਢੁਕਵਾਂ ਜੁਆਬ ਦਿੱਤਾ ਜਾਵੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕਿਸਾਨ ਘੋਲ ਤੋਂ ਘਬਰਾਹਟ ਵਿਚ ਆ ਕੇ ਹੇਠਲੇ ਪੱਧਰ ‘ਤੇ ਉੱਤਰ ਆਈ ਹੈ ਪਰ ਕੌਮੀ ਏਜੰਸੀ ਦੇ ਕਿਸੇ ਨੋਟਿਸ ਦਾ ਜੁਆਬ ਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਚ ਵੀ ਧਰਨਾ ਜਾਰੀ ਰੱਖਿਆ ਗਿਆ। ਮਾਝੇ ਦੇ ਕਈ ਖੇਤਰਾਂ ਵਿਚ ਟਰੈਕਟਰ ਮਾਰਚ ਕੱਢੇ ਗਏ ਹਨ ਜਦੋਂ ਕਿ ਪਟਿਆਲਾ ਵਿਚ ਵਿਸ਼ਵ ਬੁੱਧੀਜੀਵੀ ਫੋਰਮ ਦੀ ਅਗਵਾਈ ਵਿਚ ਕਾਰ ਰੈਲੀ ‘ਪੱਗੜੀ ਸੰਭਾਲ ਜੱਟਾ‘ ਬੈਨਰ ਹੇਠ ਕੱਢੀ ਗਈ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕੌਮੀ ਜਾਂਚ ਏਜੰਸੀ ਵੱਲੋਂ ਜਾਰੀ ਨੋਟਿਸਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸੰਘਰਸ਼ ਨੂੰ ਗੱਲਬਾਤ ਦੇ ਬੇਸਿੱਟਾ ਅਮਲ ਵਿਚ ਪਾ ਕੇ ਲਮਕਾਉਣ ਅਤੇ ਝੂਠੀਆਂ ਅਫਵਾਹਾਂ ਫੈਲਾ ਕੇ ਬਦਨਾਮ ਕਰਨ ਦੀਆਂ ਘਿਣਾਉਣੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ। ਸੰਘਰਸ਼ ਵਿਚ ਸ਼ਾਮਲ ਜਾਂ ਹਮਾਇਤੀ ਪੱਤਰਕਾਰਾਂ, ਟਰਾਂਸਪੋਰਟਰਾਂ ਅਤੇ ਲੋਕ ਭਲਾਈ ਸੰਸਥਾਵਾਂ ਦੇ ਕਾਰਕੁਨਾਂ ਨੂੰ ਸਿੱਖ ਫਾਰ ਜਸਟਿਸ ਨਾਲ ਜੋੜ ਕੇ ਜਾਰੀ ਕੀਤੇ ਨੋਟਿਸ ਇਸੇ ਸਿਲਸਿਲੇ ਦੀ ਅਗਲੀ ਕੜੀ ਹਨ। ਇਹ ਚਾਲ ਨਾਗਰਿਕਾਂ ਦੇ ਸੰਵਿਧਾਨਕ ਤੇ ਜਮਹੂਰੀ ਹੱਕਾਂ ਉਪਰ ਹਮਲਾ ਹੈ ਅਤੇ ਸਮੂਹ ਜਮਹੂਰੀ ਪਸੰਦ ਤਾਕਤਾਂ ਨੂੰ ਇਸ ਹਮਲੇ ਦਾ ਇਕਜੁੱਟ ਹੋ ਕੇ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਏਜੰਸੀਆਂ ਨੂੰ ਹੱਥਠੋਕਾ ਬਣਾ ਕੇ ਸੰਘਰਸ਼ ਨੂੰ ਦਬਾਉਣ ਲਈ ਵਰਤਣਾ ਬੰਦ ਕਰੇ।
_________________________________________
ਖਾਲਸਾ ਏਡ ਨੇ ਮੰਗਿਆ ਕੌਮਾਂਤਰੀ ਦਖਲ
ਖਾਲਸਾ ਏਡ ਵਲੋਂ ਜਾਰੀ ਬਿਆਨ ‘ਚ ਕਿਹਾ ਹੈ ਕਿ ਕੌਮੀ ਜਾਂਚ ਏਜੰਸੀ ਵਲੋਂ ਕਿਸਾਨ ਆਗੂਆਂ, ਪੱਤਰਕਾਰਾਂ ਤੇ ਹੋਰ ਹਮਾਇਤੀਆਂ ਨੂੰ ਦੇਸ ਵਿਰੋਧੀ ਧਾਰਾਵਾਂ ਹੇਠ ਸੰਮਨ ਕੀਤੇ ਜਾਣ ਉਪਰ ਉਨ੍ਹਾਂ ਨੂੰ ਗਹਿਰੀ ਠੇਸ ਪੁੱਜੀ ਹੈ। ਅਜਿਹਾ ਨੋਟਿਸ ਏਜੰਸੀ ਨੇ ਖਾਲਸਾ ਏਡ ਨੂੰ ਵੀ ਭੇਜਿਆ ਹੈ। ਪੱਤਰ ‘ਚ ਉਨ੍ਹਾਂ ਏਜੰਸੀ ਦੇ ਪੜਤਾਲੀਆ ਅਧਿਕਾਰੀਆਂ ਵਲੋਂ ਕੌਮਾਂਤਰੀ ਮਾਨਤਾਵਾਂ ਅਨੁਸਾਰੀ ਪੁੱਛਗਿੱਛ ਕਰਨ ਉਪਰ ਸੱਕ ਜਾਹਰ ਕੀਤਾ ਹੈ ਤੇ ਕਿਹਾ ਹੈ ਕਿ ਸਾਡੇ ਵਲੰਟੀਅਰਾਂ ਦੀ ਟੀਮ ਦੀ ਸਿਹਤ ਤੇ ਮਾਨਸਿਕ ਸੁਰੱਖਿਆ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਪੱਤਰ ‘ਚ ਕਿਹਾ ਹੈ ਕਿ ਭਾਰਤੀ ਇਤਿਹਾਸ ਵਿਚ ਵਲੰਟੀਅਰ ਏਜੰਸੀਆਂ, ਗਰੁੱਪਾਂ ਤੇ ਸੰਗਠਨਾਂ ਨਾਲ ਕੌਮੀ ਜਾਂਚ ਏਜੰਸੀ ਦੇ ਮਾੜੇ ਵਿਵਹਾਰ ਦੀ ਕਿਧਰੇ ਵੀ ਤੁਲਨਾ ਨਹੀਂ ਹੈ।
________________________________________
ਆਈ.ਐਮ.ਐਫ. ਅਤੇ ਐਨ.ਆਈ.ਏ. ਦੇ ਪੁਤਲੇ ਸਾੜੇ
ਨਵੀਂ ਦਿੱਲੀ: ਸਿੰਘੂ-ਕੁੰਡਲੀ ਬਾਰਡਰ ‘ਤੇ ਕਿਸਾਨ-ਮਜ਼ਦੂਰ ਬੀਬੀਆਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਮਾਮਲੇ ‘ਚ ਕੇਂਦਰ ਸਰਕਾਰ ਦੀ ਪਿੱਠ ਥਾਪੜਨ ਵਾਲੀ ਕੌਮਾਂਤਰੀ ਸੰਸਥਾ ਮੁਦਰਾ ਕੋਸ਼ ਫੰਡ ਦੀ ਮੁਖੀ ਕ੍ਰਿਸਟਲੀਨਾ ਜੋਰਜੀਵਾ ਤੇ ਕੌਮੀ ਜਾਂਚ ਏਜੰਸੀ ਅਤੇ ਕੇਂਦਰੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਤੇ ਸਮਾਜ ਸੇਵਕਾਂ ਨੂੰ ਕੱਢੇ ਨੋਟਿਸ ਦੀ ਸਖਤ ਨਿਖੇਧੀ ਕਰਦਿਆਂ ਤੁਰਤ ਨੋਟਿਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਕੌਮਾਂਤਰੀ ਮੁਦਰਾ ਫੰਡ ਦੀ ਸਾਮਰਾਜ-ਪੱਖੀ ਨੀਤੀ ਸਾਹਮਣੇ ਆ ਚੁੱਕੀ ਹੈ।