ਕਿਸਾਨਾਂ ਨੇ ਮੁਲਕ ਨੂੰ ਏਕਤਾ ਦੇ ਮਾਇਨੇ ਸਮਝਾਏ

ਅਰੁੰਧਤੀ ਰਾਏ ਨੇ ਟਿੱਕਰੀ ਬਾਰਡਰ ‘ਤੇ ਦਿੱਤਾ ਭਾਸ਼ਨ
9 ਜਨਵਰੀ ਨੂੰ ਆਲਮੀ ਪੱਧਰ ‘ਤੇ ਮਕਬੂਲ ਲੇਖਕਾ ਅਰੁੰਧਤੀ ਰਾਏ ਨੇ ਦਿੱਲੀ ਦੀ ਟਿੱਕਰੀ ਹੱਦ ਉਪਰ ਸੰਯੁਕਤ ਕਿਸਾਨ ਮਜ਼ਦੂਰ ਮੋਰਚੇ ਦੇ ਮੰਚ ਤੋਂ ਸੰਘਰਸ਼ਸ਼ੀਲ ਕਾਫਲਿਆਂ ਨੂੰ ਸੰਬੋਧਨ ਕੀਤਾ। ਇਹ ਉਨ੍ਹਾਂ ਦੀ ਹਿੰਦੀ ਤਕਰੀਰ ਦਾ ਅਨੁਵਾਦ ਹੈ ਜੋ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਅਰੁੰਧਤੀ ਰਾਏ ਅਜਿਹੀ ਲੇਖਕਾ ਹੈ ਜਿਹੜੀ ਸਦਾ ਆਮ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੀ ਰਹੀ ਹੈ।

– ਸੰਪਾਦਕ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ

ਇਨਕਲਾਬ! ਜ਼ਿੰਦਾਬਾਦ, ਜ਼ਿੰਦਾਬਾਦ!!
ਮੈਨੂੰ ਇੱਥੇ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ ਲੇਕਿਨ ਮੈਂ ਇਸ ਕਰ ਕੇ ਨਹੀਂ ਆਈ ਕਿ ਕਿਤੇ ਸਰਕਾਰ ਤੁਹਾਡਾ ਕੋਈ ਨਾਮਕਰਨ ਨਾ ਕਰ ਦੇਵੇ। ਕਿਤੇ ਤੁਹਾਨੂੰ ਦਹਿਸ਼ਤਗਰਦ, ਨਕਸਲਵਾਦੀ ਜਾਂ ਮਾਓਵਾਦੀ ਕਰਾਰ ਨਾ ਦੇ ਦੇਵੇ। ਐਸਾ ਮੇਰੇ ਨਾਲ ਬਹੁਤ ਪਹਿਲਾਂ ਕਈ ਵਾਰ ਹੋ ਚੁੱਕਾ ਹੈ। ਮੈਂ ਨਹੀਂ ਸੀ ਚਾਹੁੰਦੀ ਕਿ ਜੋ ਕੁਝ ਮੈਨੂੰ ਕਿਹਾ ਜਾਂਦਾ ਰਿਹਾ ਹੈ, ਉਹ ਤੁਹਾਨੂੰ ਵੀ ਕਿਹਾ ਜਾਵੇ, ਜਿਵੇਂ ਟੁਕੜੇ-ਟੁਕੜੇ ਗੈਂਗ, ਖਾਨ ਮਾਰਕੀਟ ਗੈਂਗ, ਮਾਓਵਾਦੀ ਵਗੈਰਾ। ਮੈਨੂੰ ਸ਼ੱਕ ਸੀ ਕਿ ਕਿਤੇ ਗੋਦੀ ਮੀਡੀਆ ਵੱਲੋਂ ਇਹ ਨਾਮ ਤੁਹਾਡੇ ਉਪਰ ਵੀ ਨਾ ਥੋਪ ਦਿੱਤੇ ਜਾਣ; ਲੇਕਿਨ ਤੁਹਾਡਾ ਨਾਮਕਰਨ ਤਾਂ ਉਨ੍ਹਾਂ ਨੇ ਬਹੁਤ ਪਹਿਲਾਂ ਹੀ ਕਰ ਦਿੱਤਾ; ਇਸ ਦੇ ਲਈ ਤੁਹਾਨੂੰ ਮੁਬਾਰਕਵਾਦ।
ਇਸ ਅੰਦੋਲਨ ਨੂੰ ਹਰਾਇਆ ਨਹੀਂ ਜਾ ਸਕਦਾ, ਕਿਉਂਕਿ ਇਹ ਜ਼ਿੰਦਾਦਿਲ ਲੋਕਾਂ ਦਾ ਅੰਦੋਲਨ ਹੈ। ਤੁਸੀਂ ਹਾਰ ਨਹੀਂ ਸਕਦੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਪੂਰੇ ਮੁਲਕ ਨੂੰ ਤੁਹਾਡੇ ਕੋਲੋਂ ਆਸਾਂ ਹਨ। ਪੂਰਾ ਮੁਲਕ ਦੇਖ ਰਿਹਾ ਹੈ ਕਿ ਲੜਨ ਵਾਲੇ ਦਿੱਲੀ ਤੱਕ ਆ ਗਏ ਹਨ ਅਤੇ ਇਹ ਲੋਕ ਹਾਰਨ ਵਾਲੇ ਨਹੀਂ ਹਨ; ਤੇ ਇਸ ਦੇ ਲਈ ਵੀ ਇਕ ਵਾਰ ਫਿਰ ਤੁਹਾਨੂੰ ਮੁਬਾਰਕਵਾਦ।
ਮੈਨੂੰ ਐਨੇ ਲੋਕਾਂ ਸਾਹਮਣੇ ਬੋਲਣ ਦਾ ਅਭਿਆਸ ਨਹੀਂ ਹੈ, ਫਿਰ ਵੀ ਮੈਂ ਕਹਿਣਾ ਚਾਹਾਂਗੀ ਕਿ ਜੋ ਕੁਝ ਅਸੀਂ ਲੋਕ ਪਿਛਲੇ 20 ਸਾਲਾਂ ਤੋਂ ਲਿਖ ਰਹੇ ਸੀ, ਅਖਬਾਰਾਂ ਅਤੇ ਕਿਤਾਬਾਂ ਵਿਚ ਪੜ੍ਹ ਰਹੇ ਸੀ; ਇਸ ਅੰਦੋਲਨ ਨੇ ਉਸ ਨੂੰ ਇਕ ਜ਼ਮੀਨੀ ਹਕੀਕਤ ਬਣਾ ਦਿੱਤਾ ਹੈ। ਇਸ ਅੰਦੋਲਨ ਨੇ ਇਸ ਮੁਲਕ ਦੇ ਇਕ-ਇਕ ਆਦਮੀ ਨੂੰ, ਇਕ-ਇਕ ਔਰਤ ਨੂੰ ਸਮਝਾ ਦਿੱਤਾ ਹੈ ਕਿ ਆਖਿਰ ਇਸ ਮੁਲਕ ਵਿਚ ਹੋ ਕੀ ਰਿਹਾ ਹੈ!
ਹਰ ਚੋਣ ਤੋਂ ਪਹਿਲਾਂ ਇਹ ਲੋਕ ਤੁਹਾਡੇ ਨਾਲ ਖੜ੍ਹੇ ਹੁੰਦੇ ਹਨ, ਤੁਹਾਡੇ ਕੋਲੋਂ ਵੋਟ ਮੰਗਦੇ ਹਨ ਅਤੇ ਚੋਣ ਖਤਮ ਹੁੰਦਿਆਂ ਹੀ ਜਾ ਕੇ ਸਿੱਧੇ ਅੰਬਾਨੀ, ਅਡਾਨੀ, ਪਤੰਜਲੀ ਅਤੇ ਬਾਹਰਲੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨਾਲ ਜਾ ਖੜ੍ਹਦੇ ਹਨ।
ਇਸ ਮੁਲਕ ਦੇ ਇਤਿਹਾਸ ਨੂੰ ਦੇਖੀਏ ਤਾਂ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਤੋਂ ਬਾਅਦ ਇਸ ਮੁਲਕ ਵਿਚ ਕੈਸੇ-ਕੈਸੇ ਅੰਦੋਲਨ ਲੜੇ ਜਾ ਰਹੇ ਹਨ; ਜਿਵੇਂ 60 ਦੇ ਦਹਾਕੇ ਵਿਚ ਲੋਕ ਅੰਦੋਲਨ ਕਰ ਰਹੇ ਸਨ – ਜਗੀਰਦਾਰੀ ਖਤਮ ਕਰਨ ਲਈ, ਮਜ਼ਦੂਰਾਂ ਦੇ ਹੱਕ ਲਈ; ਲੇਕਿਨ ਇਹ ਸਾਰੇ ਅੰਦੋਲਨ ਕੁਚਲ ਦਿੱਤੇ ਗਏ।
80 ਦੇ ਦਹਾਕੇ ਵਿਚ ਅਤੇ ਉਸ ਤੋਂ ਬਾਅਦ ਲੜਾਈ ਸੀ ਕਿ ਲੋਕਾਂ ਦਾ ਉਜਾੜਾ ਨਾ ਹੋਵੇ।
ਜੋ ਅੱਜ ਤੁਹਾਡੇ ਨਾਲ ਹੋ ਰਿਹਾ ਹੈ, ਜਾਂ ਹੋਣ ਜਾ ਰਿਹਾ ਹੈ, ਉਹ ਆਦਿਵਾਸੀਆਂ ਨਾਲ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ। ਬਸਤਰ ਵਿਚ ਨਕਸਲੀ ਅਤੇ ਮਾਓਵਾਦੀ ਕੀ ਕਰ ਰਹੇ ਹਨ, ਕਿਉਂ ਲੜ ਰਹੇ ਹਨ? ਉਹ ਲੜ ਰਹੇ ਹਨ, ਕਿਉਂਕਿ ਉਥੇ ਆਦਿਵਾਸੀਆਂ ਦੀ ਜ਼ਮੀਨ ਅਤੇ ਉਨ੍ਹਾਂ ਦੇ ਪਹਾੜ ਤੇ ਨਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੇ ਘਰ ਜਲਾ ਦਿੱਤੇ ਗਏ। ਉਨ੍ਹਾਂ ਨੂੰ ਆਪਣੇ ਹੀ ਪਿੰਡਾਂ ਤੋਂ ਬਾਹਰ ਕੱਢ ਦਿੱਤਾ ਗਿਆ। ਪਿੰਡਾਂ ਦੇ ਪਿੰਡ ਖਤਮ ਕਰ ਦਿੱਤੇ ਗਏ। ਐਨ ਉਸੇ ਤਰ੍ਹਾਂ, ਜਿਵੇਂ ਨਰਮਦਾ ਦੀ ਲੜਾਈ ਸੀ।
ਹੁਣ ਉਹ ਕਿਸਾਨ ਨਾਲ ਵੀ ਇਹੀ ਖੇਡ ਖੇਡਣ ਜਾ ਰਹੇ ਹਨ। ਅੱਜ ਇਸ ਅੰਦੋਲਨ ਵਿਚ ਮੁਲਕ ਦਾ ਕਿਸਾਨ ਵੀ ਸ਼ਾਮਿਲ ਹੈ ਅਤੇ ਮਜ਼ਦੂਰ ਵੀ। ਇਸ ਅੰਦੋਲਨ ਨੇ ਮੁਲਕ ਨੂੰ ਏਕਤਾ ਦਾ ਮਾਇਨਾ ਸਮਝਾ ਦਿੱਤਾ ਹੈ।
ਇਸ ਸਰਕਾਰ ਨੂੰ ਸਿਰਫ ਦੋ ਕੰਮ ਹੀ ਚੰਗੀ ਤਰ੍ਹਾਂ ਕਰਨੇ ਆਉਂਦੇ ਹਨ – ਇਕ ਤਾਂ ਲੋਕਾਂ ਨੂੰ ਵੰਡਣਾ ਅਤੇ ਫਿਰ ਵੰਡ ਕੇ ਉਨ੍ਹਾਂ ਨੂੰ ਕੁਚਲ ਦੇਣਾ। ਬਹੁਤ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸ ਅੰਦੋਲਨ ਨੂੰ ਤੋੜਨ ਦੀਆਂ, ਵੰਡਣ ਅਤੇ ਖਰੀਦਣ ਦੀਆਂ; ਲੇਕਿਨ ਇਹ ਹੋ ਨਹੀਂ ਸਕੇਗਾ।
ਸਰਕਾਰ ਨੇ ਤਾਂ ਸਾਫ-ਸਾਫ ਦੱਸ ਦਿੱਤਾ ਹੈ ਕਿ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਅਤੇ ਤੁਸੀਂ ਵੀ ਸਾਫ ਕਰ ਦਿੱਤਾ ਹੈ ਕਿ ਤੁਸੀਂ ਵਾਪਸ ਨਹੀਂ ਜਾਵੋਗੇ। ਅੱਗੇ ਕੀ ਹੋਵੇਗਾ, ਕਿਵੇਂ ਹੋਵੇਗਾ – ਇਹ ਸਾਨੂੰ ਦੇਖਣਾ ਹੋਵੇਗਾ; ਲੇਕਿਨ ਬਹੁਤ ਲੋਕ ਤੁਹਾਡੇ ਨਾਲ ਹਨ। ਇਹ ਲੜਾਈ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈ।
ਸਰਕਾਰ ਨੂੰ ਚੰਗਾ ਲੱਗਦਾ ਹੈ ਜਦ ਔਰਤਾਂ, ਔਰਤਾਂ ਲਈ ਲੜਦੀਆਂ ਹਨ; ਦਲਿਤ, ਦਲਿਤਾਂ ਲਈ ਲੜਦੇ ਹਨ; ਕਿਸਾਨ, ਕਿਸਾਨਾਂ ਲਈ ਲੜਦੇ ਹਨ; ਮਜ਼ਦੂਰ, ਮਜ਼ਦੂਰਾਂ ਲਈ ਲੜਦੇ ਹਨ; ਜਾਟ, ਜਾਟਾਂ ਲਈ ਲੜਦੇ ਹਨ। ਸਰਕਾਰ ਨੂੰ ਚੰਗਾ ਲੱਗਦਾ ਹੈ ਜਦ ਆਪੋ-ਆਪਣੇ ਖੂਹ ਵਿਚ ਬੈਠ ਕੇ ਛੜੱਪੇ ਮਾਰਦੇ ਹਨ; ਲੇਕਿਨ ਜਦ ਸਾਰੇ ਇਕਜੁੱਟ ਹੋ ਜਾਂਦੇ ਹਨ ਤਾਂ ਉਨ੍ਹਾਂ ਲਈ ਬਹੁਤ ਵੱਡਾ ਖਤਰਾ ਖੜ੍ਹਾ ਹੋ ਜਾਂਦਾ ਹੈ।
ਜਿਸ ਤਰ੍ਹਾਂ ਦਾ ਅੰਦੋਲਨ ਤੁਸੀਂ ਕਰ ਰਹੇ ਹੋ, ਇਸ ਤਰ੍ਹਾਂ ਦਾ ਅੰਦੋਲਨ ਅੱਜ ਦੁਨੀਆ ਵਿਚ ਕਿਤੇ ਵੀ ਨਹੀਂ ਹੋ ਰਿਹਾ। ਇਸ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ।
ਉਨ੍ਹਾਂ ਕੋਲ ਸਿਰਫ ਅੰਬਾਨੀ, ਅਡਾਨੀ ਜਾਂ ਪਤੰਜਲੀ ਹੀ ਨਹੀਂ ਹਨ ਬਲਕਿ ਉਨ੍ਹਾਂ ਕੋਲ ਤਾਂ ਇਨ੍ਹਾਂ ਤੋਂ ਵੀ ਜ਼ਿਆਦਾ ਖਤਰਨਾਕ ਸ਼ੈਅ ਹੈ ਅਤੇ ਉਹ ਸ਼ੈਅ ਹੈ ਗੋਦੀ ਮੀਡੀਆ।
ਇਕੱਲੇ ਅੰਬਾਨੀ ਕੋਲ 27 ਮੀਡੀਆ ਚੈਨਲ ਹਨ। ਉਹ ਭਲਾ ਸਾਨੂੰ ਕੀ ਖਬਰ ਦੇਣਗੇ ਅਤੇ ਕੀ ਦਿਖਾਉਣਗੇ। ਮੀਡੀਆ ਵਿਚ ਸਿਰਫ ਅਤੇ ਸਿਰਫ ਕਾਰਪੋਰੇਟ ਦੇ ਇਸ਼ਤਿਹਾਰ ਹਨ। ਉਹ ਸਾਨੂੰ ਖਬਰਾਂ ਨਹੀਂ ਦੇਣਗੇ ਸਗੋਂ ਸਾਨੂੰ ਸਿਰਫ ਗਾਹਲਾਂ ਦੇਣਗੇ ਅਤੇ ਅਜੀਬ-ਅਜੀਬ ਨਾਮ ਦੇਣਗੇ।
ਹੁਣ ਤੁਹਾਨੂੰ ਨੂੰ ਵੀ ਸਮਝ ਆ ਗਿਆ ਹੈ ਕਿ ਤੁਹਾਡੇ ਅੰਦੋਲਨ ਵਿਚ ਮੀਡੀਆ ਦਾ ਕੀ ਰੋਲ ਹੈ। ਇਹ ਬਹੁਤ ਖਤਰਨਾਕ ਹੈ। ਐਸਾ ਮੀਡੀਆ ਦੁਨੀਆ ਵਿਚ ਕਿਤੇ ਨਹੀਂ ਹੈ।
ਇਸ ਮੁਲਕ ਵਿਚ ਚਾਰ ਸੌ ਤੋਂ ਜ਼ਿਆਦਾ ਚੈਨਲ ਹਨ। ਜਦ ਮੁਲਕ ਵਿਚ ਕਰੋਨਾ ਆਇਆ ਤਾਂ ਇਸੇ ਮੀਡੀਆ ਨੇ ਮੁਸਲਮਾਨਾਂ ਨਾਲ ਕੀ-ਕੀ ਨਹੀਂ ਕੀਤਾ? ਕਿੰਨਾ ਝੂਠ ਬੋਲਿਆ ਗਿਆ, ‘ਕਰੋਨਾ ਜਹਾਦ, ਕਰੋਨਾ ਜਹਾਦ’ ਕਰ ਕਰ ਕੇ। ਹੁਣ ਤੁਹਾਡੇ ਨਾਲ ਵੀ ਉਹੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਚਾਰਿਆ ਜਾ ਰਿਹਾ ਹੈ ਕਿ ਐਨੇ ਲੋਕ ਆ ਗਏ, ਬਿਨਾਂ ਮਾਸਕ ਦੇ ਆ ਗਏ!!
ਇਹ ਸਰਕਾਰ ਜੋ ਵੀ ਕਾਨੂੰਨ ਲਿਆਉਂਦੀ ਹੈ, ਰਾਤ ਨੂੰ ਲਿਆਉਂਦੀ ਹੈ। ਨੋਟਬੰਦੀ ਅੱਧੀ ਰਾਤ ਨੂੰ। ਜੀ.ਐਸ.ਟੀ.। ਬਿਨਾਂ ਚਰਚਾ ਦੇ, ਲੌਕਡਾਊਨ ਮਹਿਜ਼ ਚਾਰ ਘੰਟੇ ਦੇ ਨੋਟਿਸ ਉਪਰ ਅਤੇ ਕਿਸਾਨਾਂ ਲਈ ਜੋ ਕਾਨੂੰਨ ਬਣਾਏ ਗਏ, ਉਹ ਵੀ ਕਿਸੇ ਨਾਲ ਕੋਈ ਗੱਲਬਾਤ ਕੀਤੇ ਬਿਨਾਂ ਬਣਾ ਦਿੱਤੇ ਗਏ। ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਗਈ। ਪਹਿਲਾਂ ਆਰਡੀਨੈਂਸ ਲੈ ਆਏ। ਹੁਣ ਕਹਿ ਰਹੇ ਹਨ, ਚੱਲੋ ਗੱਲਬਾਤ ਕਰ ਲਓ। ਸਾਰੇ ਕੰਮ ਉਲਟ ਤਰੀਕਿਆਂ ਨਾਲ ਹੋ ਰਹੇ ਹਨ। ਗੱਲਬਾਤ ਤਾਂ ਪਹਿਲਾਂ ਹੋਣੀ ਚਾਹੀਦੀ ਸੀ।
ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਾਂਗੀ। ਅਸੀਂ ਸਾਰੇ ਤੁਹਾਡੇ ਨਾਲ ਹਾਂ। ਅਸੀਂ ਤੁਹਾਡੇ ਨਾਲ ਹੀ ਨਹੀਂ ਹਾਂ ਬਲਕਿ ਅਸੀਂ ਵੀ ਤੁਸੀਂ ਹੀ ਹੋ। ਤੁਸੀਂ ਵੀ ਅਸੀਂ ਹੋ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਲੜਨਾ ਹੈ। ਗੱਲ ਸਿਰਫ ਇਨ੍ਹਾਂ ਤਿੰਨ ਕਾਨੂੰਨਾਂ ਦੀ ਨਹੀਂ ਹੈ, ਇਹ ਇਕ ਵਿਆਪਕ ਲੜਾਈ ਹੈ; ਲੇਕਿਨ ਹੁਣ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਅਤੇ ਇਹ ਅੰਦੋਲਨ ਹਾਰਨ ਵਾਲਾ ਨਹੀਂ ਹੈ।
ਇਨਕਲਾਬ ਜ਼ਿੰਦਾਬਾਦ!