ਭਾਈ ਮਰਦਾਨਾ: ‘ਉਦਾਸੀਆਂ’ ਦਾ ਜਸ਼ਨ

ਜਸਬੀਰ ਮੰਡ
ਫੋਨ: 91-89688-34726
ਜਨਮ ਸਾਖੀਆਂ ਸੰਸਕਾਰਾਂ ਦੀ ਸਾਦਗੀ ਨੂੰ ਨਹੀਂ ਛੇੜਦੀਆਂ। ਮਰਦਾਨਾ ਸ਼ਾਇਦ ਇਸੇ ਕਰਕੇ ਇਨ੍ਹਾਂ ਵਿਚ ਇਤਿਹਾਸ ਦੀਆਂ ਖਾਲੀ ਥਾਂਵਾਂ ਵਿਚ ਖੜ੍ਹਾ ਦਿਸਦਾ ਹੈ। ਰੂਹਾਨੀ ਚਿਹਰਿਆਂ ਦੇ ਆਲੇ-ਦੁਆਲੇ ਬੜੇ ਮਿਥਿਹਾਸਕ ਘੇਰੇ ਹੁੰਦੇ ਨੇ। ਇਨ੍ਹਾਂ ਘੇਰਿਆਂ ਵਿਚ ਕਿੱਥੇ ਰੂਹਾਨੀਅਤ ਹੈ ਤੇ ਕਿੱਥੇ ਮਿੱਥ ਹੈ; ਜਨਮ ਸਾਖੀਆਂ ਇਸ ਸੋਝੀ ਨੂੰ ਵੀ ਨਹੀਂ ਛੇੜਦੀਆਂ। ਇਸ ਤਰ੍ਹਾਂ ਜਨਮ ਸਾਖੀਆਂ ਮਿੱਥ ਤੇ ਇਤਿਹਾਸ ਦਾ ਮੇਲ-ਜੋਲ ਕਰਾ ਆਪ ਦਰਸ਼ਕ ਬਣ ਜਾਂਦੀਆਂ ਨੇ। ਭਾਵੇਂ ਇਤਿਹਾਸ ਨੇ ਮਰਦਾਨੇ ਨੂੰ ਸਿਰਫ ਰਬਾਬੀ ਤੱਕ ਸੀਮਿਤ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਹ ਮਿੱਥ ਲਗਾਤਾਰ ਟੁੱਟਦੀ ਰਹੀ।

ਜਦੋਂ ਵੀ ਬਾਬਾ ਲੋਕ ਮਨਾਂ ‘ਚੋਂ ਬੋਲਿਆ, “ਬਾਣੀ ਆਏ, ਰਬਾਬ ਵਜਾ ਮਰਦਾਨਿਆ।” ਅਚਾਨਕ ਮਰਦਾਨਾ ਇਤਿਹਾਸ ਦੀਆਂ ਖਾਲੀ ਥਾਂਵਾਂ ‘ਚੋਂ ਲਿਸ਼ਕਣ ਲੱਗ ਪੈਂਦਾ ਹੈ। ਇਹ ਲਿਸ਼ਕਾਰਾ ਕਿੱਥੋਂ ਆਉਂਦਾ ਹੈ? ਇਹ ਲਿਸ਼ਕ ਬਾਬੇ ਦੀ ਹੈ। ਏਨਾ ਅਣਗੌਲਿਆ ਹੋਣ ਦੇ ਬਾਵਜੂਦ ਉਹਦੀ ਸੂਝ ਤੇ ਸਾਦਗੀ ਦਾ ਸੰਜਮ ਉਭਰ ਕੇ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਲੋਕ-ਮਨਾਂ ਦੀ ਗੂੰਜ ਸਮੇਤ ਮਰਦਾਨਾ ਰਬਾਬ ਨਾਲ ਫਿਰ ਸਾਬਤ-ਸਬੂਤਾ ਖੜ੍ਹਾ ਦਿਸਦਾ ਹੈ।
ਮਰਦਾਨਾ ਜਿੰਨਾ ਅਣਗੌਲਿਆ ਰਿਹਾ, ਉੱਨੀ ਹੀ ਉਹ ਇਹ ਮਿੱਥ ਵੀ ਤੋੜਦਾ ਰਿਹੈ ਕਿ ਇੱਕ ਗਰੀਬ ਮਰਾਸੀ, ਡੂਮ ਦੀ ਪੁੱਛ ਗੁਰੂ ਨਾਨਕ ਤੱਕ ਵੀ ਪੁੱਜ ਸਕਦੀ ਹੈ। ਮਰਦਾਨਾ ਲੋਕ-ਮਨਾਂ ਨੂੰ ਬਾਬੇ ਦੀ ਹਲੀਮੀ, ਮਿੱਤਰਤਾ ਤੇ ਦਾਰਸ਼ਨਿਕਤਾ ਦੀ ਯਾਦ ਦਿਵਾਉਂਦਾ ਰਿਹਾ। ਸ਼ਾਇਦ ਇਸੇ ਕਰਕੇ ਪੁੱ ਛ ਗੁਰੂ ਨਾਨਕ ਤੱਕ ਵੀ ਪਹੁੰਚ ਸਕਦੀ ਹੈ। ਮਰਦਾਨਾ ਲੋਕ-ਮਨਾਂ ਨੂੰ ਬਾਬੇ ਦੀ ਹਲੀਮੀ, ਮਿੱਤਰਤਾ ਤੇ ਦਾਰਸ਼ਨਿਕਤਾ ਦੀ ਯਾਦ ਦਿਵਾਉਂਦਾ ਰਿਹਾ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਦੀ ਗੱਲ ਤੁਰਦਿਆਂ ਪਤਾ ਹੀ ਨਹੀਂ ਲੱਗਦਾ, ਕਦੋਂ ਮਰਦਾਨਾ ਕਿਧਰੋਂ ਆ ਪਹੁੰਚਦਾ ਹੈ; ਪਰ ਜਦੋਂ ਵੀ ਬਾਬਾ ਖਤਰਿਆਂ ਵਿਚੋਂ ਲੰਘਿਆ-ਉਹ ਚਾਹੇ ਵਲੀ ਕੰਧਾਰੀ ਦਾ ਪੱਥਰ ਸੀ, ਚਾਹੇ ਮਲਿਕ ਭਾਗੋ ਦੀ ਧੌਂਸ ਸੀ, ਚਾਹੇ ਕੌਡੇ ਰਾਕਸ਼ ਦੀ ਦਹਿਸ਼ਤ ਸੀ-ਇਨ੍ਹਾਂ ਖਤਰਿਆਂ ਦੇ ਕਾਂਬੇ ਜਦੋਂ ਲੋਕ ਮਨਾਂ ਕੋਲ ਪਹੁੰਚੇ ਤਾਂ ਉਨ੍ਹਾਂ ਇਹ ਸਾਰੇ ਡਰ ਮਰਦਾਨੇ ਨੂੰ ਸੌਂਪ ਦਿੱਤੇ, ਕਿਉਂਕਿ ਮਰਦਾਨਾ ਉਨ੍ਹਾਂ ਵਿਚੋਂ ਹੀ ਸੀ, ਇਸ ਕਰਕੇ ਕੁਝ ਵੀ ਜਦੋਂ ਜੀਵਤ ਵਿਅਕਤੀ ਜਿਹਾ ਵਾਪਰਦਾ, ਉਹ ਮਰਦਾਨੇ ਨਾਲ ਹੀ ਵਾਪਰਦਾ-ਚਾਹੇ ਉਹ ਭੁੱਖ ਤੇ ਪਿਆਸ ਹੀ ਕਿਉਂ ਨਾ ਹੋਵੇ। ਇਸ ਤਰ੍ਹਾਂ ਮਰਦਾਨਾ ਜਿੱਥੇ ਲੋਕ ਮਨਾਂ ਦਾ ਦਿਲਾਸਾ ਤੇ ਸਹਾਰਾ ਬਣਿਆ, ਉੱਥੇ ਉਨ੍ਹਾਂ ਦਾ ਸਾਹਸ ਵੀ ਬਣਿਆ। ਇਸੇ ਕਰਕੇ ਮਰਦਾਨਾ ਕਦੇ ਭੁੱਲਿਆ ਹੋਇਆ ਵੀ ਨਹੀਂ ਭੁੱਲਦਾ।
ਪਰ ਮਰਦਾਨੇ ਲਈ ਇਹ ਰਾਹ ਸੌਖਾ ਨਹੀਂ ਸੀ। ਉਹਨੇ ਇੱਕ ਜਾਗੀ ਹੋਈ ਰੂਹ ਨਾਲ ਮੱਥਾ ਲਾਇਆ ਸੀ, ਜੋ ਖਤਰਿਆਂ ਨਾਲ ਭਰੀ ਪਈ ਸੀ। ਉਹ ਸੋਝੀਆਂ ਦੀ ਮਾਂ ਨਾਲ ਤੁਰ ਰਿਹਾ ਸੀ। ਇੱਥੇ ਜੀਵਨ ਤੇ ਮੌਤ ਵਿਚਾਲੇ ਕੋਈ ਸਮਝੌਤਾ ਨਹੀਂ ਸੀ ਚੱਲ ਸਕਦਾ। ਇਸ ਰਾਹ ਉੱਤੇ ਤੁਰਨਾ ਆਪੇ ਸਹੇੜੇ ਖਤਰਿਆਂ ਵਾਂਗ ਸੀ। ਫਿਰ ਵੀ ਮਰਦਾਨਾ ਬਾਬੇ ਨਾਲ ਤੁਰਿਆ। ਉਸ ਨੇ ਬੋਲਣ ਤੋਂ ਅੱਕੇ, ਜ਼ੁਲਮ ਤੋਂ ਥੱਕੇ ਰਾਹਾਂ ਦੇ ਬੇਸੁਰੇ ਰੁੱਖੇਪਣ ਨੂੰ ਬਾਬੇ ਦੀ ਸੰਗਤ ਨਾਲ ਸੰਗੀਤਮਈ ਕੀਤਾ ਤੇ ਪੰਜਾਬ ਦੀ ਰੂਹਾਨੀਅਤ ਦਾ ਸਾਹਸ ਬਣਿਆ।
ਮਰਦਾਨਾ ਦੁਨੀਆਂ ਦੇ ਸਭ ਤੋਂ ਖੁਸ਼ਨਸੀਬ ਉਨ੍ਹਾਂ ਲੋਕਾਂ ਵਿਚੋਂ ਇੱਕ ਸੀ, ਜਿਸ ਨੂੰ ਅੱਧੀ ਸਦੀ ਤੋਂ ਜ਼ਿਆਦਾ ਬਾਬੇ ਨਾਲ ਰਹਿਣ ਦਾ ਮੌਕਾ ਮਿਲਿਆ। ਇਹ ਅਨੋਖਾ ਚਿਹਰਾ, ਜਿਸ ਨੂੰ ਗੁਰੂ ਨੇ ਉਹਨੂੰ ਆਪਣੀ ਮੌਲਿਕਤਾ ‘ਚ ਹੀ ਵਧਣ ਫੁਲਣ ਦਾ ਮੌਕਾ ਦਿੱਤਾ ਤੇ ਇਹ ਅਨੋਖਾ ਮੌਕਾ ਇਸ ਸ਼ਾਗਿਰਦ ਨੇ ਜੀਵਨ ਭਰ ਰੱਜ ਕੇ ਮਾਣਿਆ। ਇਸ ਲੰਬੇ ਸਾਥ ਵਿਚ ਉਹ ਲਗਪਗ ਸਾਢੇ ਤਿੰਨ ਦਹਾਕੇ ਆਪਣੇ ਗੁਰੂ ਨਾਲ ਤੁਰਿਆ ਸੀ। ਇਹ ਸਫਰ ਕੋਈ ਸੌਖੇ ਨਹੀਂ ਸਨ। ਇਹ ਖਤਰਿਆਂ ਨਾਲ ਭਰੇ ਪਏ ਸਨ। ਇਨ੍ਹਾਂ ਅਣਜਾਣ ਰਾਹਾਂ, ਅਣਜਾਣ ਲੋਕਾਂ ਤੇ ਅਚਨਚੇਤ ਚੁਣੌਤੀਆਂ ਨੇ ਬਾਬੇ ਨਾਲ ਤੁਰਨ ਦੇ ਅਰਥ ਸਮਝਾਏ। ਬਾਹਰੋਂ ਗੁਰੂ ਤੇ ਚੇਲਾ ਅਲੱਗ ਦਿਸਦੇ, ਰਾਹੀਆਂ ਨੂੰ ਅਚੰਭਿਤ ਕਰਦੇ ਲੰਘਦੇ। ਮਰਦਾਨੇ ਨੂੰ ਇਹ ਵਾਰ-ਵਾਰ ਪੁੱਛਿਆ ਗਿਆ, “ਤੂੰ ਕੌਣ ਏਂ? ਤੂੰ ਆਪਣੇ ਗੁਰੂ ਤੋਂ ਵੱਖਰਾ ਕਿਉਂ ਦਿਸਦਾ ਏਂ?” ਮਰਦਾਨੇ ਨੇ ਸੱਚ ਨੂੰ ਦੋਫਾੜ ਕਰਨ ਵਾਲੀ ਇਹ ਚੁਣੌਤੀ ਵਾਰ-ਵਾਰ ਝੱਲੀ, ਪਰ ਉਹ ਇਸ ਵੱਖਰਤਾ ਦੇ ਜਸ਼ਨ ਵਿਚ ਆਪਣੇ ਗੁਰੂ ਨਾਲ ਝੂਮ-ਝੂਮ ਕੇ ਤੁਰਿਆ। ਦਿਸਣ ਦੇ ਇਨ੍ਹਾਂ ਪਾੜਿਆਂ ਨੂੰ ਉਸ ਦੇ ਨਾਲ ਤੁਰਦਾ ਬਾਬਾ ‘ਸਭਨਾਂ ਦਾ ਸੱਚ ਇੱਕ ਹੈ’ ਦਾ ਪਾਠ ਪੜ੍ਹਾਉਂਦਾ ਮਰਦਾਨੇ ਦਾ ਸਾਹਸ ਬਣਦਾ ਰਿਹਾ। ਫਿਰ ਵੀ ਮਰਦਾਨਾ ਇਤਿਹਾਸ ਵਿਚ ਕਿਸੇ ਅਣਗੌਲੇ ਸੱਚ ਦੇ ਰਹੱਸ ਵਾਂਗ ਹੀ ਜੀਵਿਆ। ਆਪਣੇ ਗੁਰੂ ਦਾ ਸਭ ਤੋਂ ਵੱਡਾ ਗਵਾਹ, ਜਿਸ ਨੇ ਉਹਦੇ ਸਾਹਮਣੇ ਉਹਨੂੰ ਹੀ ਗਾ-ਗਾ ਸੁਗੰਧਿਤ ਕੀਤਾ। ਫਿਰ ਉਹਦੇ ਨਾ ਹੋਣ ਦਾ ਬੇ-ਸੁਰਾਪਣ ਕਿਸ ਪਾਸਿਉਂ ਆਇਆ? ਕਿਤੇ ਪੰਜਾਬ ਨੇ ਬਾਬੇ ਨੂੰ ਸਮਝਣ ਦੀ ਸਭ ਤੋਂ ਵੱਡੀ ਗਲਤੀ ਇਹੋ ਤਾਂ ਨਹੀਂ ਕੀਤੀ?
ਬਹੁਤ ਸਾਰੇ ਪ੍ਰਸੰਗਾਂ ਵਿਚ ਤਿੰਨ ਪ੍ਰਸੰਗਾਂ ਨਾਲ ਬਾਬਾ ਸਾਡੇ ਦਿਲਾਂ ਦੀ ਧੜਕਣ ਬਣਿਆ। ਪਹਿਲਾ ਗੁਰਬਾਣੀ ਰਾਹੀਂ, ਦੂਜਾ ਜਨਮ ਸਾਖੀਆਂ ਰਾਹੀਂ ਤੇ ਤੀਜਾ ਲੋਕ ਮਨਾਂ ਅੰਦਰ ਚਲਦੇ ਸੰਵਾਦ ਰਾਹੀਂ। ਬਾਬੇ ਨੇ ਜਿੱਥੇ ਆਪਣੀ ਹਜ਼ੂਰੀ ਵਿਚ ਬੈਠਣ ਦਾ ਜਸ਼ਨ ਸਿਖਾਇਆ, ਉੱਥੇ ਸਫਰਾਂ ਦੇ ਅਨੁਭਵ ਨੂੰ ਵੀ ਜੀਅ ਕੇ ਵਿਖਾਇਆ। ਬਾਬਾ ਸਮਾਧੀ ਦੀ ਇੱਕ ਜਗ੍ਹਾ ਟਿਕੇ ਰਹਿਣ ਦੀ ਮਿੱਥ ਹੀ ਨਹੀਂ ਤੋੜਦਾ, ਸਗੋਂ ‘ਉਦਾਸੀਆਂ’ ਰਾਹੀਂ ਇਕਾਗਰਤਾ ਨੂੰ ਗਤੀ ਵੀ ਦਿੰਦਾ ਹੈ। ਉਦਾਸੀਆਂ ਸਿਰਫ ਫਾਸਲੇ ਤੈਅ ਕਰਨੇ ਹੀ ਨਹੀਂ ਸਨ, ਗਿਆਨ ਨੂੰ ਗਤੀਸ਼ੀਲ ਕਰਨਾ ਵੀ ਸੀ। ਇਸ ਗਤੀ ਵਿਚ ‘ਸਮਝਣਾ’ ਤੇ ‘ਜਾਣਨਾ’ ਦੇ ਸੰਵਾਦਾਂ ਨੂੰ ‘ਕੁਝ ਕਹੀਏ, ਕੁਝ ਸੁਣੀਏ’ ਨਾਲ ਜੋੜਿਆ। ਬਾਬੇ ਨੇ ਸਫਰਾਂ ਵਿਚ ਰੂਹਾਨੀਅਤ ਦੇ ਸਭ ਤੋਂ ਵੱਡੇ ਅੜਿੱਕੇ ‘ਸੋਝੀ ਦਾ ਉਪਯੋਗ ਕਿਵੇਂ ਹੋਵੇ’ ਨੂੰ ਸੰਵਾਦ ਰਾਹੀਂ ਜਨ-ਸਮੂਹਾਂ ਨਾਲ ਸਾਂਝਿਆਂ ਕੀਤਾ। ਜਿਵੇਂ ਰਾਮ ਤੇ ਕ੍ਰਿਸ਼ਨ ਦਾ ਜੀਵਨ ਜੰਗ, ਹਿੰਸਾ ਤੇ ਸਮਾਜਕ ਕਲੇਸ਼ਾਂ ਦਾ ਬਹੁਤ ਹੀ ਰੌਚਕ ਰਿਹਾ, ਪਰ ਫਿਰ ਵੀ ਇਸ ਰੌਚਕਤਾ ਤੋਂ ਬਿਨਾ ਬਾਬਾ ਲੋਕ ਮਨਾਂ ਦਾ ਸਿਰਮੌਰ ਕਿਵੇਂ ਬਣਿਆ? ਇਹ ਬਾਬੇ ਦੇ ‘ਹੋਣ’ ਦੀ ਅਦਾ ਸੀ। ਬਾਬਾ ਪੰਜਾਬ ਦੇ ਹਿੰਸਕ ਇਤਿਹਾਸ ਵਿਚ ਇੱਕ ਅਜਿਹਾ ਚਿਹਰਾ ਆਇਆ ਸੀ, ਜਿਸ ਦਾ ਮੁਹਾਂਦਰਾ ਜੰਗੀ ਅਨੁਭਵਾਂ ਦੇ ਖੌਫ ਤੋਂ ਬਿਲਕੁਲ ਹੀ ਅਲੱਗ, ਸ਼ਾਂਤ ਤੇ ਕੋਮਲ ਰੂਪ ਲੈ ਕੇ ਆਇਆ ਸੀ। ਉਹ ਕਿਸੇ ਵੀ ਜੰਗੀ ਲਾਮ-ਲਸ਼ਕਰ ਤੋਂ ਬਿਨਾ ਆਇਆ, ਪਰ ਉਹ ਸੰਵਾਦ ਵਿਚ ਨਿਡਰਤਾ ਨਾਲ ਗੂੰਜਿਆ। ਪੰਜਾਬ ਨੂੰ ਇਸ ਚਿਹਰੇ ਨੇ ਇਕਦਮ ਮੋਹ ਲਿਆ।
ਮਰਦਾਨੇ ਨੇ ਬਾਬੇ ਦੀ ਨਿਰਭੈਤਾ ਦੇ ਕਾਂਬੇ ਝੱਲੇ। ਕੋਈ ਮਹਾਂ-ਸੂਰਬੀਰ ਹੀ ਚੁਫੇਰੇ ਫੈਲੇ ਖੌਫ ਵਿਚ ਬਾਬੇ ਦੇ ਗਰਜਦੇ ਚਿਹਰੇ ਨਾਲ ਤੁਰ ਸਕਦਾ ਸੀ। ਬਾਬਰ ਦੇ ਹਮਲੇ ਦੌਰਾਨ ਲੰਬੇ ਸਮੇਂ ਤੱਕ ਪੰਜਾਬ ਜਿਸ ਤਰ੍ਹਾਂ ਸਹਿਮ ਗਿਆ ਸੀ, ਜਿਸ ਤਰ੍ਹਾਂ ਹਰ ਕੋਈ ਸਫਰਾਂ ਨੂੰ ਭੈਅ ਮੰਨਣ ਲੱਗ ਪਿਆ ਸੀ, ਕੁਝ ਵੀ ਕਹਿਣ ਨੂੰ ਖਤਰਾ ਮੰਨ ਲਿਆ ਗਿਆ ਸੀ, ਉਸ ਸਮੇਂ ਮਰਦਾਨਾ ਬਾਬੇ ਨਾਲ ਤੁਰਿਆ। ਸਿਰਫ ਤੁਰਿਆ ਹੀ ਨਹੀਂ, ਸਗੋਂ ਜਬਰ ਤੇ ਬੇਇਨਸਾਫੀ ਨੂੰ ਬਾਬੇ ਨਾਲ ਮਿਲ ਕੇ ਸ਼ੱਰੇਆਮ ਗਾਇਆ। ਜਦੋਂ ਚੁਫੇਰਾ ਬੋਲਣ ਦੇ ਸਹਿਮ ਵਿਚ ਸੀ, ਉਸ ਦੇ ਸਮਾਨ-ਅੰਤਰ ਬਾਬੇ ਦੇ ਵਿਦਰੋਹੀ ਬੋਲਾਂ ਨੂੰ ਰਿਦਮ ਦਿੱਤਾ। ਜਿੱਥੇ ਕੋਈ ਚੂੰ ਕਰਨ ਦੀ ਜੁਅਰਤ ਨਹੀਂ ਸੀ ਕਰ ਰਿਹਾ, ਉੱਥੇ ਕੰਨਾਂ ਵਿਚ ਸਾਹਸ ਪੈਦਾ ਕੀਤਾ। ਤਦੇ ਬਾਬਾ ਉਹਨੂੰ ‘ਭਾਈ ਮਰਦਾਨਾ’ ਦੇ ਰੁਤਬੇ ਨਾਲ ਸੱਦਦਾ ਸੀ। ਮਰਦਾਨਾ ਪੰਜਾਬ ਦੇ ਜਨ-ਸਧਾਰਨ ਦੀ ਰੂਹਾਨੀਅਤ ਦਾ ਸਾਹਸ ਬਣਿਆ।
ਬਾਬੇ ਨੇ ਸਫਰਾਂ ਨੂੰ ਜਿੱਥੇ ਇੱਕ ਜੀਵਤ ਚਿੰਤਨ ਦੀ ਵਿਧੀ ਵਜੋਂ ਵਰਤਿਆ, ਉੱਥੇ ਸੰਗੀਤ ਨੂੰ ਸੰਵਾਦ ਦੀ ਨਿਮਰਤਾ ਵਜੋਂ ਉਭਾਰਿਆ। ਦੋਹਾਂ ਵਿਧੀਆਂ ਵਿਚ ਮਰਦਾਨਾ ਇੱਕ ਪੁਲ ਵਾਂਗ ਖੜ੍ਹਾ ਦਿਸਦਾ ਹੈ। ਇਸੇ ਕਰਕੇ ਮਰਦਾਨੇ ਦੀ ਯਾਦ ਇੱਕ ਗਵਾਹ ਵਜੋਂ ਵੀ ਲੋਕ ਮਨਾਂ ਨੇ ਸਾਂਭ ਕੇ ਰੱਖੀ ਹੈ। ਦੁਨਿਆਵੀ ਲੋਕਾਈ ਕੋਲੋਂ ਜਿਸ ਤਰ੍ਹਾਂ ਇਹ ਜੋੜੀ ਝੂਮ-ਝੂਮ ਕੇ ਲੰਘੀ ਸੀ, ਇਹਨੇ ਪੰਜਾਬ ਦੇ ਰੁੱਖੇ ਤੇ ਕੜਕ ਸੁਭਾਅ ਵਿਚ ਸਦਾ ਲਈ ਹਲੀਮੀ ਭਰ ਦਿੱਤੀ। ਜਿੱਥੇ ਸੰਵਾਦ ਦੇ ਵੱਡੇ ਮੌਕੇ ਪੈਦਾ ਕੀਤੇ, ਉੱਥੇ ਅਨੁਭਵਾਂ ਨੂੰ ਸਫਰਾਂ ਦੇ ਖੌਫ ‘ਚੋਂ ਬਾਹਰ ਕੱਢਿਆ। ਜੀਵਨ ਭਰ ਬਾਬਾ ਤੋਰਾਂ ਵਿਚ ਰਿਹਾ, ਸਫਰਾਂ ਵਿਚ ਰਿਹਾ, ਪਰ ਫਿਰ ਵੀ ਲੋਕ ਮਨਾਂ ਵਿਚ ਸਹਿਜ ਤੋਂ ਮਹਾਂ ਸਹਿਜ ਵੱਲ ਜਾਂਦਾ ਦਿਸਿਆ। ਬਾਬੇ ਨੇ ਯਾਤਰਾ ਰਾਹੀਂ ਭਟਕਣ ਵਰਗੀ ਮਨੋ-ਅਵਸਥਾ ‘ਚੋਂ ਪੰਜਾਬ ਨੂੰ ਬਾਹਰ ਕੱਢਿਆ ਤੇ ਸਦਾ ਲਈ ਸਫਰਾਂ ਨੂੰ ‘ਉਦਾਸੀਆਂ’ ਵਰਗੇ ਗਹਿਰ ਗੰਭੀਰ ਅਨੁਭਵ ਨਾਲ ਜੋੜਿਆ। ਮਰਦਾਨਾ ਇਨ੍ਹਾਂ ਸਫਰਾਂ ਦੀ ਧੜਕਣ ਬਣਿਆ। ਇਹ ਬਾਬੇ ਦੇ ਹਜ਼ਾਰਾਂ ਮੀਲਾਂ ਦੇ ਸਫਰਾਂ ਦੀ ਚਿਣਗ ਸੀ, ਜਿਸ ਵਿਚ ਸੱਚ ਨੂੰ ਹਰ ਕਿਸੇ ਕੋਲ ਪਹੁੰਚਾਉਣ ਦੀ ਚੇਸ਼ਟਾ ਸੀ।
ਮਰਦਾਨਾ ਸੁਣਨ ਤੇ ਪੁੱਛਣ ਦੀ ਸਾਧਨਾ ਵਿਚ ਜੀਵਿਆ। ਇਸ ਪੁੱਛਣ ਦੀ ਤੋਰ ਵਿਚ ਜੋ ਉੱਤਰ ਉਸ ਨੂੰ ਗੁਰੂ ਕੋਲੋਂ ਸੁਣੇ, ਉਨ੍ਹਾਂ ਉੱਤਰਾਂ ਦੀਆਂ ਧੁਨਾਂ ਵੀ ਗੁਰੂ ਨੇ ਮਰਦਾਨੇ ਕੋਲੋਂ ਹੀ ਸੁਣੀਆਂ। ਸੰਵਾਦ ਦੀ ਇਹ ਅਨੋਖੀ ਖੇਡ ਸੀ ਕਿ ਜੋ ਉੱਤਰ ਉਹਨੂੰ ਬਾਬੇ ਕੋਲੋਂ ਸੁਣੇ, ਉਹ ਦੁਬਾਰਾ ਕਾਵਿਕ ਰੂਪ ਵਿਚ ਵੀ ਸੁਣੇ। ਦੋਹਾਂ ਨੇ ਮਿਲ ਕੇ ਉਹਨੂੰ ਗਾਇਆ ਵੀ ਤੇ ਉਨ੍ਹਾਂ ਵਿਚਲੀ ਗਹਿਰੀ ਧੁਨ ਬਾਬਤ ਇੱਕ ਦੂਜੇ ਕੋਲੋਂ ਪੁੱਛਿਆ ਵੀ। ਇਸ ਤਰ੍ਹਾਂ ਮਰਦਾਨਾ ਦਾਰਸ਼ਨਿਕ ਜਿੱਤਾਂ ਵਿਚ ਵਾਰ-ਵਾਰ ਝੂਮਿਆ; ਪਰ ਏਨੇ ਕੋਮਲ ਭਾਵਾਂ ਤੋਂ ਬਾਹਰ ਉਹ ਅੰਤਿਮ ਸੱਚ ਦੇ ਵਿਦਰੋਹ ਨਾਲ ਵੀ ਘੁੰਮ ਰਿਹਾ ਸੀ। ਇਹ ਹਜ਼ਾਰਾਂ ਮੀਲਾਂ ਦਾ ਸਫਰ ਜੀਵਤ ਸੁਆਸਾਂ ਵਾਂਗ ਸੀ, ਜਿਸ ਵਿਚ ਮਰਦਾਨੇ ਨੂੰ ਕਦੇ ਸੰਗੀਤ ਦੀ ਕੋਮਲਤਾ ਵਿਚ ਉਤਰਨਾ ਪੈਂਦਾ, ਕਦੇ ਸਮਾਜ ਦੇ ਸਭ ਤੋਂ ਤਾਕਤਵਰ, ਭੈਅਮਈ ਚਿਹਰਿਆਂ ਸਾਹਮਣੇ ਸੂਰਬੀਰਾਂ ਵਾਂਗ ਖੜਨਾ ਪੈਂਦਾ। ਉਹ ਅਜਿਹੇ ਗੁਰੂ ਨਾਲ ਤੁਰ ਰਿਹਾ ਸੀ, ਜਿਸ ਦੀ ਨਜ਼ਰ ਸਿਰਫ ਸੱਚ ਉੱਤੇ ਟਿਕੀ ਸੀ। ਇੱਕ ਅਜਿਹਾ ਸੱਚ, ਜੋ ਆਪਣੇ ‘ਹੋਣ’ ਨੂੰ ਗਾ-ਗਾ ਸੁਣਾਉਂਦਾ ਲੰਘ ਰਿਹਾ ਸੀ।
ਸੰਗੀਤ ਬਾਬੇ ਦੇ ਕਹਿਣ ਦੀ ਵਿਧੀ ਹੈ। ਲੰਬੇ ਸਫਰਾਂ ਦੌਰਾਨ ਅਲੱਗ-ਅਲੱਗ ਭਾਸ਼ਾਵਾਂ ਆਈਆਂ ਹੋਣਗੀਆਂ। ਬਾਬੇ ਨੇ ਸੰਗੀਤ ਦੀ ਇੱਕ ਸਰਬ-ਸਾਂਝੀ ਧੁਨੀ ਨਾਲ ਸੰਵਾਦ ਰਚਾਇਆ। ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਹੀ ਕਿਤੇ ਵਾਪਰਿਆ ਹੋਵੇ ਕਿ ਕਿਸੇ ਕੌਮ ਦੇ ਮੋਢੀ ਨੇ ਉਹਦੀ ਪਾਲਣਾ-ਪੋਸ਼ਣਾ ਏਨੀ ਸੰਗੀਤਮਈ ਕੀਤੀ ਹੋਵੇ। ਬਾਬੇ ਨੇ ਪਹਿਲੀ ਵਾਰ ਰੂਹਾਨੀ ਛਿਣਾਂ ਨੂੰ ਸਮਾਧੀ ਤੋਂ ਬਾਹਰ ਸੰਵਾਦ ਵਿਚ ਲਿਆਂਦਾ ਤੇ ਉਸ ਸੰਵਾਦ ਨੂੰ ਸੁਰ-ਬੱਧ ਵੀ ਕੀਤਾ। ਅਸੀਂ ਅਕਸਰ ਵੱਡਿਆਂ ਦੇ ਸੱਚ ਨੂੰ ਭੈਅਮਈ ਬਣਾ ਲੈਂਦੇ ਹਾਂ ਅਤੇ ਸਿਰਫ ਤੇ ਸਿਰਫ ਉਹਦੇ ਲਈ ਹੀ ਰਾਖਵਾਂ ਰੱਖ ਲੈਂਦੇ ਹਾਂ ਅਤੇ ਸੱਚ ਨੂੰ ਦੋਫਾੜ ਕਰਕੇ ਜੀਣ ਲੱਗ ਪੈਂਦੇ ਹਾਂ, ਜਦਕਿ ਬਾਬਾ ਹਮੇਸ਼ਾ ਅਜਿਹੇ ਪਾੜਿਆਂ ਨੂੰ ਸਾਰੀ ਉਮਰ ਪੂਰਦਾ ਰਿਹਾ ਤੇ ‘ਸਭਨਾਂ ਦਾ ਸੱਚ ਇੱਕ ਹੈ’ ਦਾ ਪਾਠ ਪੜ੍ਹਾਉਂਦਾ ਰਿਹਾ। ਜਦੋਂ ਪੂਰਾ ਪੰਜਾਬ ਜੰਗੀ ਅਨੁਭਵਾਂ ਦੇ ਨਾਜ਼ੁਕ ਸਮੇਂ ਵਿਚ ਬਾਬਰ ਹੱਥੋਂ ਕੰਬ ਰਿਹਾ ਸੀ, ਉਦੋਂ ਵੀ ਬਾਬੇ ਨੇ ਸਹਿਜ, ਸੰਜਮੀ ਤੇ ਸਾਦਗੀ ਦੀਆਂ ਝਲਕਾਂ ਵਿਖਾਈਆਂ। ਵਿਦਰੋਹ ਨੂੰ ਕਾਵਿਕ ਤੇ ਸੰਗੀਤਮਈ ਹੋਣ ਦਿੱਤਾ। “ਹੋਰ ਵੀ ਉਠਸੀ ਮਰਦ ਕਾ ਚੇਲਾ।” ਬਾਬੇ ਤੋਂ ਬਿਨਾ ਪੰਜਾਬ ਦਾ ਹਿੰਸਕ ਚਿਹਰਾ ਪਤਾ ਨਹੀਂ ਕਿੰਨਾ ਵਹਿਸ਼ੀ ਹੋ ਜਾਂਦਾ! ਯੁਗ ਪੁਰਸ਼ ਤੁਹਾਨੂੰ ਜ਼ਿਆਦਾ ਬਦਲਣ ਲਈ ਨਹੀਂ ਕਹਿੰਦੇ, ਸਗੋਂ ਉਨ੍ਹਾਂ ਨੂੰ ਵੇਖ ਕੇ ਤੁਸੀਂ ਬਦਲਣ ਲੱਗ ਪੈਂਦੇ ਹੋ। ਬਾਬੇ ਨੇ ਅਜਿਹੀ ਹੀ ਇੱਕ ਸੂਖਮ ਵਿਧੀ ਸ਼ਬਦ ਤੇ ਧੁਨ ਵਿਚਾਲੇ ਪੈਦਾ ਕੀਤੀ। ਇਸ ਸ਼ਬਦ ਤੇ ਧੁਨੀ ਵਿਚਕਾਰ ਮਰਦਾਨਾ ਇੱਕ ਵਾਰ ਫਿਰ ਰਬਾਬ ਫੜੀ ਲਿਸ਼ਕਦਾ ਹੈ।
ਬਾਬੇ ਨੇ ਸਫਰਾਂ ਦੇ ਬੇਸੁਰੇ, ਰੁੱਖੇਪਣ ਨੂੰ ਸੰਗੀਤ ਨਾਲ ਸੁਰਬੱਧ ਕੀਤਾ ਤੇ ਇਸ ਧਰਤੀ ਉੱਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਉਤਸ਼ਾਹ ਨੂੰ ਕਾਵਿਮਈ ਕਰ ਦਿੱਤਾ। ਇਨ੍ਹਾਂ ਸਫਰਾਂ ‘ਚੋਂ ਲੰਘਦਿਆਂ ਵੇਖਣ ਤੇ ਸਮਝਣ ਦੀ ਦ੍ਰਿਸ਼ਟੀ ਨੂੰ ‘ਹੋਣ’ ਦੀ ਖੂਬਸੂਰਤੀ ਨਾਲ ਨਿਵਾਜਿਆ। ਸੋਚਣ ਦੇ ਨਵੇਂ ਦੁਆਰ ਖੋਲ੍ਹੇ ਤੇ ਸੰਗੀਤ ਨਾਲ ਦਾਰਸ਼ਨਿਕਤਾ ਨੂੰ ਕੋਮਲ ਕੀਤਾ। ਬਾਬੇ ਨੇ ਜੀਵਨ ਦੀ ਤੋਰ ਨਾਲ ਇਤਿਹਾਸ ਦੀਆਂ ਖਾਲੀ ਥਾਂਵਾਂ ਨੂੰ ਸੁੰਨਸਾਨ ਤੇ ਕਲਪਨਾਹੀਣ ਨਹੀਂ ਬਣਨ ਦਿੱਤਾ, ਸਗੋਂ ਉਹ ਸਭ ਖਾਲੀ ਥਾਂਵਾਂ ਸੰਗੀਤ ਦੀਆਂ ਧੁਨਾਂ ਨਾਲ ਅਰਥ-ਭਰਪੂਰ ਬਣਾਈਆਂ। ਇੱਥੇ ਵੀ ਮਰਦਾਨਾ ਚੁੱਪ-ਚੁਪੀਤੇ ਇਸ ਮਹਾਂ-ਕਾਰਜ ਵਿਚ ਸ਼ਾਮਲ ਦਿਸਦਾ ਹੈ।
ਬਾਬਾ ਸਵੈ ਦੀ ਇਕਾਗਰਤਾ ਨਾਲ ਸਮੂਹ ਨੂੰ ਸੰਗਤ ਦੀ ਤਾਕਤ ਬਖਸ਼ਦਾ ਲੰਘਿਆ। ਬਾਬਾ ਜਿਸ ਤਰ੍ਹਾਂ ਸਾਡੇ ਅੰਦਰ ਸਮਾਇਆ ਹੈ, ਉਹ ਹੈ ਬਾਬੇ ਦਾ ‘ਹੋਣਾ’। ਸਾਡੇ ਦਿਲਾਂ ਵਿਚ ਬਾਬੇ ਦੇ ‘ਹੋਣ’ ਦੀ ਬਹੁਤ ਹੀ ਗਹਿਰੀ ਕਾਵਿਕ ਸ਼ੈਲੀ ਹੈ। ਬਾਬੇ ਨੇ ਜੀਵਨ ਨੂੰ ਗਾ ਕੇ ਕਹਿਣ ਦੀ ਵਿਧੀ ਦੱਸੀ ਤੇ ਸੋਚਣ ਨੂੰ ਰਿਦਮ ਦਿੱਤਾ। ਇਤਿਹਾਸ ਵਿਚ ਬਾਬਾ ਜਿੱਥੇ ਦਿਸਦਾ ਨਹੀਂ, ਉੱਥੇ ਉਹਦੀ ਧੁਨ ਸੁਣਦੀ ਹੈ। ਜਿੱਥੇ ਧੁਨ ਸੁਣਦੀ ਹੈ, ਉੱਥੇ ਮਰਦਾਨਾ ਹੀ ਖੜ੍ਹਾ ਦਿਸਦਾ ਹੈ।