ਕਰੋਨਾ ਵਾਇਰਸ ਦੀ ਥਾਂ ਹੋਰ ਬਿਮਾਰੀਆਂ ਤੋਂ ਗ੍ਰਸਤ ਲੋਕ ਵੱਧ ਦੁਖੀ

ਚੰਡੀਗੜ੍ਹ: ਕਰੋਨਾ ਮਹਾਮਾਰੀ ਦੇ ਨਾਮ ਉਤੇ ਲਏ ਜਾ ਰਹੇ ਫੈਸਲੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ। ਪੰਜਾਬ ਵਿਚ ਇਸ ਸਮੇਂ ਹਾਲਾਤ ਇਹ ਬਣ ਗਏ ਹਨ ਕਿ ਕਰੋਨਾ ਪੀੜਤਾਂ ਦੀ ਥਾਂ ਹੋਰ ਬਿਮਾਰੀਆਂ ਤੋਂ ਗ੍ਰਸਤ ਲੋਕ ਵੱਧ ਪਰੇਸ਼ਾਨ ਹੋ ਰਹੇ ਹਨ। ਪਟਿਆਲਾ ਜਿਲ੍ਹੇ ਦੇ ਪਿੰਡ ਕੌਲੀ ਦੇ 26 ਸਾਲਾ ਗੁਰਵਿੰਦਰ ਸਿੰਘ ਦੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਰੋਨਾ ਵਾਰਡ ‘ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ, ਜਿਸ ਦਾ ਡੇਢ ਮਹੀਨੇ ਮਗਰੋਂ ਵਿਆਹ ਹੋਣ ਵਾਲਾ ਸੀ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਉਸ ਦੇ ਗੁਰਦੇ ‘ਚ ਇਨਫੈਕਸ਼ਨ ਸੀ ਪਰ ਇਥੇ ਕਰੋਨਾ ਵਾਰਡ ‘ਚ ਦਾਖਲ ਕਰਕੇ ਉਸ ਦੀ ਅਸਲੀ ਮੁਸ਼ਕਲ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ।

ਇਸੇ ਤਰ੍ਹਾਂ ਪੱਟੀ ਸ਼ਹਿਰ ਦੇ ਵਾਰਡ ਨੰਬਰ 14 ਦੇ ਸਰਦੂਲ ਸਿੰਘ ਲਾਡੀ (36) ਪੁੱਤਰ ਪਿਆਰਾ ਸਿੰਘ ਦੀ ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਰਦੂਲ ਸਿੰਘ ਲਾਡੀ ਬਵਾਸੀਰ ਤੋਂ ਪੀੜਤ ਸੀ, ਜਿਸ ਦੇ ਖੂਨ ਦਾ ਰਸਾਅ ਹੋਣ ਕਾਰਨ ਖੂਨ ਦੀ ਮਾਤਰਾ ਘਟ ਗਈ ਸੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਲਿਜਾਇਆ ਗਿਆ, ਜਿਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਕਰੋਨਾ ਦੇ ਸ਼ੱਕ ਹੇਠ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਸ ਨੇ ਰਸਤੇ ਵਿਚ ਦੀ ਦਮ ਤੋੜ ਦਿੱਤਾ। ਪੰਜਾਬ ਵਿਚ ਅਜਿਹੇ ਅਣਗਿਣਤ ਮਾਮਲੇ ਸਾਹਮਣੇ ਆ ਰਹੇ ਹਨ।
ਦੱਸ ਦਈਏ ਕਿ ਲੌਕਡਾਊਨ ਸ਼ੁਰੂ ਹੁੰਦਿਆਂ ਹੀ ਪੀ.ਜੀ.ਆਈ. ਅਤੇ ਹੋਰ ਵੱਡੇ ਸਰਕਾਰੀ ਹਸਪਤਾਲਾਂ ਦੀਆਂ ਓ.ਪੀ.ਡੀ. ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ। ਨਿੱਜੀ ਖੇਤਰ ਦੇ ਹਸਪਤਾਲ ਕਰੋਨਾ ਦੇ ਡਰੋਂ ਮਰੀਜ਼ ਦੇਖਣ ਤੋਂ ਭੱਜ ਰਹੇ ਹਨ। ਇਸ ਨਾਲ ਬਹੁਤ ਸਾਰੀਆਂ ਹੋਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਇਲਾਜ ਕਰਾਉਣਾ ਨਾਮੁਮਿਕਨ ਹੋ ਗਿਆ। ਪੰਜਾਬ ਸਰਕਾਰ ਨੇ ਤਾਜ਼ਾ ਫੈਸਲੇ ਰਾਹੀਂ ਸਰਕਾਰੀ ਹਸਪਤਾਲਾਂ ਵਿਚ ਸਾਧਾਰਨ ਅਪਰੇਸ਼ਨ 15 ਦਿਨ ਲਈ ਰੋਕ ਦੇਣ ਦਾ ਹੁਕਮ ਦਿੱਤਾ ਹੈ। ਸਰਕਾਰ ਦੀ ਦਲੀਲ ਹੈ ਕਿ ਕਰੋਨਾ ਦੇ ਮਾਮਲੇ ਵਧਣ ਕਰ ਕੇ ਸਿਹਤ ਅਮਲੇ ਦੀਆਂ ਸੇਵਾਵਾਂ ਦੀ ਵਧੀ ਜ਼ਰੂਰਤ ਕਰ ਕੇ ਅਪਰੇਸ਼ਨ ਰੋਕਣ ਦਾ ਆਰਜ਼ੀ ਫੈਸਲਾ ਲਿਆ ਗਿਆ ਹੈ। ਇਕ ਅਨੁਮਾਨ ਅਨੁਸਾਰ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ਵਿਚ ਪ੍ਰਤੀ ਮਹੀਨਾ ਔਸਤਨ 300 ਅਤੇ ਤਹਿਸੀਲ ਪੱਧਰ ਉਤੇ ਪੰਜਾਹ ਤੋਂ ਸੌ ਅਪਰੇਸ਼ਨ ਹੁੰਦੇ ਹਨ। ਡਾਕਟਰੀ ਅਮਲੇ ਦਾ ਤਰਕ ਇਸ ਤੋਂ ਉਲਟ ਹੈ; ਉਨ੍ਹਾਂ ਅਨੁਸਾਰ ਸਰਜਨ ਅਤੇ ਅਪਰੇਸ਼ਨ ਥੀਏਟਰ ਵਿਚਲਾ ਅਮਲਾ ਕੋਵਿਡ ਮਰੀਜ਼ਾਂ ਦੀ ਦੇਖ-ਭਾਲ ਵਿਚ ਨਹੀਂ ਲੱਗਿਆ ਹੋਇਆ।
ਸਰਕਾਰ ਦੇ ਨਵੇਂ ਫੈਸਲੇ ਨਾਲ ਅੱਖਾਂ, ਨੱਕ, ਕੰਨ, ਬੱਚੇਦਾਨੀ, ਅੰਤੜੀਆਂ, ਹਰਨੀਆਂ, ਬਵਾਸੀਰ, ਪਿੱਤਾ, ਗਦੂਦਾਂ ਜਾਂ ਹੋਰ ਜਨਰਲ ਅਪਰੇਸ਼ਨਾਂ ਨਾਲ ਸਬੰਧਤ ਮਰੀਜ਼ ਜਾਂ ਤਕਲੀਫ ਝੱਲਣਗੇ ਜਾਂ ਜਬਰੀ ਨਿੱਜੀ ਹਸਪਤਾਲਾਂ ਵੱਲ ਧੱਕੇ ਜਾਣਗੇ। ਕੋਵਿਡ-19 ਦੇ ਮਰੀਜ਼ਾਂ ਦੀ ਦੇਖ-ਭਾਲ ਲਈ ਸਰਕਾਰ ਨੇ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਉਣ ਦੇ ਦਾਅਵੇ ਵੀ ਕੀਤੇ ਸਨ ਪਰ ਇਨ੍ਹਾਂ ਉੱਤੇ ਵੱਡੀ ਪੱਧਰ ‘ਤੇ ਅਮਲ ਨਹੀਂ ਹੋ ਰਿਹਾ। ਸਰਕਾਰ ਦੀ ਦਲੀਲ ਕਿ ਕੋਵਿਡ-19 ਦੇ ਕੇਸ ਵਧਣ ਕਾਰਨ ਅਪਰੇਸ਼ਨਾਂ ਉਤੇ ਰੋਕ ਪੰਦਰਾਂ ਦਿਨਾਂ ਲਈ ਲਗਾਈ ਹੈ, ਨੂੰ ਸਮਝਣਾ ਮੁਸ਼ਕਲ ਹੈ। ਇਸ ਦਾ ਫਾਇਦਾ ਨਿੱਜੀ ਖੇਤਰ ਦੇ ਹਸਪਤਾਲਾਂ ਨੂੰ ਹੀ ਮਿਲਣਾ ਹੈ।
ਸਿਹਤ ਮਾਹਰਾਂ ਮੁਤਾਬਕ ਇਸ ਸਬੰਧੀ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਖਾਮੀਆਂ ਭਰੀਆਂ ਰਹੀਆਂ ਹਨ। ਸਿਰਫ ਕੁਝ ਹਸਪਤਾਲਾਂ ਅਤੇ ਵਾਰਡਾਂ ਉਤੇ ਕੋਵਿਡ-19 ਦੇ ਮਰੀਜ਼ਾਂ ਦਾ ਬੋਝ ਪਾ ਦਿੱਤਾ ਗਿਆ ਜਦੋਂਕਿ ਇਹ ਬਿਮਾਰੀ ਜਿਹੜੀ ਆਮ ਫਲੂ ਵਰਗੀ ਹੈ, ਦਾ ਇਲਾਜ ਕੋਈ ਵੀ ਐਮ.ਬੀ.ਬੀ.ਐਸ਼ ਡਾਕਟਰ ਕਰ ਸਕਦਾ ਹੈ। ਇਸ ਨਾਲ ਕੁਝ ਹਸਪਤਾਲਾਂ ਅਤੇ ਵਾਰਡਾਂ ‘ਤੇ ਬੋਝ ਵਧਿਆ ਅਤੇ ਉਥੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਅਤੇ ਹੋਰ ਅਮਲੇ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।