ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ ਦੋਵਾਂ ਰਾਜਾਂ ‘ਚ ਇਕ ਪੜਾਅ ‘ਚ ਹੋਣ ਵਾਲੀ ਵੋਟਿੰਗ ਤੋਂ 3 ਦਿਨ ਬਾਅਦ 24 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ।

ਲੋਕ ਸਭਾ ਚੋਣਾਂ 2019 ਤੋਂ ਬਾਅਦ ਹੋਣ ਵਾਲੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ ਦੋਵਾਂ ਰਾਜਾਂ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ ਨੇ 63 ਵਿਧਾਨ ਸਭਾ ਤੇ ਇਕ ਲੋਕ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਵੀ ਐਲਾਨ ਕੀਤਾ ਹੈ ਜਿਨ੍ਹਾਂ ‘ਚੋਂ ਪੰਜਾਬ ਦੇ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਕਰਨਾਟਕ ਦੀਆਂ 15, ਉੱਤਰ ਪ੍ਰਦੇਸ਼ ਦੀਆਂ 11 ਅਤੇ ਬਿਹਾਰ ਦੀਆਂ 6 ਵਿਧਾਨ ਸਭਾ ਸੀਟਾਂ ਲਈ ਵੀ ਜ਼ਿਮਨੀ ਚੋਣਾਂ 21 ਅਕਤੂਬਰ ਨੂੰ ਹੀ ਹੋਣਗੀਆਂ। ਮਹਾਂਰਾਸ਼ਟਰ ਦੇ 8.94 ਕਰੋੜ ਵੋਟਰ ਅਗਲੀ ਸੂਬਾ ਸਰਕਾਰ ਦੇ ਗਠਨ ਲਈ ਵੋਟਿੰਗ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਸ ਲਈ 1.8 ਲੱਖ ਈ.ਵੀ.ਐਮ. ਦਾ ਇਸਤੇਮਾਲ ਕੀਤਾ ਜਾਵੇਗਾ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨਰ ਖਰਚਿਆਂ ‘ਤੇ ਨਜ਼ਰ ਰੱਖਣ ਲਈ ਦੋ ਵਿਸ਼ੇਸ਼ ਨਿਗਰਾਨਾਂ ਨੂੰ ਉੱਥੇ ਭੇਜੇਗਾ। ਮੌਜੂਦਾ ਸਮੇਂ ‘ਚ ਮਹਾਰਾਸ਼ਟਰ ਵਿਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਭਾਜਪਾ-ਸ਼ਿਵ ਸੈਨਾ ਦੀ ਗਠਜੋੜ ਸਰਕਾਰ ਹੈ। 288 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ 9 ਨਵੰਬਰ ਨੂੰ ਖਤਮ ਹੋ ਰਿਹਾ ਹੈ। 2014 ‘ਚ ਮਹਾਰਾਸ਼ਟਰ ਵਿਚ ਭਾਜਪਾ ਅਤੇ ਉਸ ਦੀ ਗਠਜੋੜ ਭਾਈਵਾਲ ਨੇ ਵੱਖ-ਵੱਖ ਚੋਣਾਂ ਲੜੀਆਂ ਸਨ ਜਿਸ ‘ਚ ਭਾਜਪਾ ਨੇ 122 ਅਤੇ ਸ਼ਿਵ ਸੈਨਾ ਨੂੰ 63 ਸੀਟਾਂ ਹਾਸਲ ਹੋਈਆਂ ਸਨ।
ਵਿਧਾਨ ਸਭਾ ਚੋਣਾਂ ਲਈ ਗਠਜੋੜ ਐਲਾਨ ਚੁੱਕੀ ਭਾਜਪਾ ਅਤੇ ਸ਼ਿਵ ਸੈਨਾ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਫਿਲਹਾਲ ਕੋਈ ਅੰਤਿਮ ਫੈਸਲਾ ਲਿਆ ਗਿਆ ਹੈ, ਜਿੱਥੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦਾ ਹਵਾਲਾ ਦਿੰਦਿਆਂ ਸ਼ਿਵ ਸੈਨਾ ਅੱਧੀਆਂ ਸੀਟਾਂ ‘ਤੇ ਚੋਣ ਲੜਨ ਦੀ ਮੰਗ ਕਰ ਰਹੀ ਹੈ। ਉੱਥੇ ਹਲਕਿਆਂ ਮੁਤਾਬਕ ਭਾਜਪਾ ਸ਼ਿਵ ਸੈਨਾ ਨੂੰ 110 ਤੋਂ 115 ਸੀਟਾਂ ਤੱਕ ਦੇਣ ਦਾ ਵਿਚਾਰ ਕਰ ਰਹੀ ਹੈ। ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਰਮਿਆਨ ਹਾਲ ‘ਚ ਹੋਈ ਮੀਟਿੰਗ ‘ਚ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦਿੱਤਾ ਗਿਆ, ਜਿਸ ਤਹਿਤ ਕਾਂਗਰਸ ਅਤੇ ਐਨ.ਸੀ.ਪੀ. 125-125 ਸੀਟਾਂ ‘ਤੇ ਚੋਣ ਲੜਨਗੀਆਂ ਜਦਕਿ 38 ਸੀਟਾਂ ‘ਤੇ ਹੋਰ ਸਹਿਯੋਗੀ ਪਾਰਟੀਆਂ ਚੋਣ ਲੜਨਗੀਆਂ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਹਰਿਆਣਾ ਦੇ 1.28 ਕਰੋੜ ਵੋਟਰਾਂ ਲਈ 1.3 ਲੱਖ ਈ.ਵੀ.ਐਮ. ਦਾ ਇਸਤੇਮਾਲ ਕੀਤਾ ਜਾਵੇਗਾ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਚੋਂ 47 ਸੀਟਾਂ ਲੈ ਕੇ ਭਾਜਪਾ ਇਸ ਵੇਲੇ ਸੱਤਾ ‘ਤੇ ਕਾਬਜ਼ ਹੈ ਜਦਕਿ ਕਾਂਗਰਸ ਕੋਲ 15, ਇਨੈਲੋ 19 ਅਤੇ ਹੋਰਨਾਂ ਕੋਲ 9 ਸੀਟਾਂ ਹਨ। ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 2 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਚੋਣ ਕਮਿਸ਼ਨ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਿਕ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 4 ਅਕਤੂਬਰ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ 7 ਅਕਤੂਬਰ ਹੈ। ਉਮੀਦਵਾਰਾਂ ਦੀ ਖਰਚ ਹੱਦ 28 ਲੱਖ ਰੁਪਏ ਤੈਅ ਕਰਦਿਆਂ ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਖਰਚੇ ਦੀ ਨਿਗਰਾਨੀ ਲਈ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਜਾਣਗੇ। ਅਪਰਾਧਕ ਰਿਕਾਰਡ ਦੀ ਜਾਣਕਾਰੀ ਨਾ ਦੇਣ ‘ਤੇ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਚੋਣਾਂ ‘ਚ ਹਿੱਸਾ ਲੈ ਰਹੇ ਉਮੀਦਵਾਰਾਂ ਨੂੰ ਆਪਣੇ ਹਥਿਆਰ ਜਮ੍ਹਾਂ ਕਰਵਾਉਣੇ ਹੋਣਗੇ।
_______________________
63 ਵਿਧਾਨ ਸਭਾ ਤੇ 1 ਲੋਕ ਸਭਾ ਸੀਟ ਲਈ ਵੀ ਹੋਣਗੀਆਂ ਜ਼ਿਮਨੀ ਚੋਣਾਂ
ਚੋਣ ਕਮਿਸ਼ਨ ਨੇ 63 ਵਿਧਾਨ ਸਭਾ ਸੀਟਾਂ ਅਤੇ 1 ਲੋਕ ਸਭਾ ਸੀਟ ਲਈ ਵੀ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਬਿਹਾਰ ਦੀਆਂ 5, ਅਸਮ ਦੀਆਂ 4, ਛੱਤੀਸਗੜ੍ਹ ਦੀ 1, ਗੁਜਰਾਤ ਦੀਆਂ 4, ਹਿਮਾਚਲ ਪ੍ਰਦੇਸ਼ ਦੀਆਂ 2 ਅਤੇ ਕਰਨਾਟਕ ਦੀਆਂ 15 ਸੀਟਾਂ ‘ਤੇ ਵੀ ਜ਼ਿਮਨੀ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਕੇਰਲ ਦੀਆਂ 5, ਮੱਧ ਪ੍ਰਦੇਸ਼, ਮੇਘਾਲਿਆ, ਉੜੀਸਾ, ਤੇਲੇਗਾਨਾ ਅਤੇ ਪੁਡੂਚੇਰੀ ਦੀ ਇਕ-ਇਕ ਵਿਧਾਨ ਸਭਾ ਸੀਟ ਅਤੇ ਰਾਜਸਥਾਨ ਦੀਆਂ 2, ਸਿੱਕਮ ਦੀਆਂ 3, ਤਾਮਿਲਨਾਡੂ ਦੀਆਂ 2 ਅਤੇ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ‘ਤੇ ਵੀ ਜ਼ਿਮਨੀ ਚੋਣਾਂ ਹੋਣਗੀਆਂ। ਚੋਣਾਂ ‘ਚ ਉਮੀਦਵਾਰਾਂ ਵਲੋਂ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 30 ਸਤੰਬਰ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ 3 ਅਕਤੂਬਰ ਹੈ।
_____________________________________
ਚੋਣਾਂ ਦੇ ਐਲਾਨ ਪਿੱਛੋਂ ਹਰਿਆਣਾ ਵਿਚ ਸਿਆਸੀ ਮਾਹੌਲ ਭਖਿਆ
ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਕਰਵਾਏ ਜਾਣ ਦੇ ਐਲਾਨ ਮਗਰੋਂ ਸੂਬੇ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਹਰਿਆਣਾ ਦੀਆਂ ਸਮੂਹ 90 ਸੀਟਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।
ਚੋਣਾਂ ਦੇ ਐਲਾਨ ਤੋਂ ਬਾਅਦ ਹਰਿਆਣਾ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਨਾਮਜ਼ਦਗੀਆਂ ਭਰਨ ਦੀ ਅੰਤਿਮ ਤਰੀਕ 4 ਅਕਤੂਬਰ ਮਿਥੀ ਗਈ ਹੈ। ਕਾਗਜ਼ 7 ਅਕਤੂਬਰ ਤੱਕ ਵਾਪਸ ਲਏ ਜਾ ਸਕਣਗੇ। ਇਨ੍ਹਾਂ ਚੋਣਾਂ ਲਈ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਨੇ ਪਹਿਲਾਂ ਹੀ ਸਰਗਰਮੀਆਂ ਵਿੱਢ ਦਿੱਤੀਆਂ ਸਨ ਅਤੇ ਕਈ ਪਾਰਟੀਆਂ ਜਿਵੇਂ ਸਵਰਾਜ ਇੰਡੀਆ ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਤਾਂ ਕੁਝ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿਚ ਫਿਲਹਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪੱਲੜਾ ਭਾਰੀ ਲੱਗ ਰਿਹਾ ਹੈ। ਦਰਅਸਲ ਮੁੱਖ ਵਿਰੋਧੀ ਧਿਰਾਂ ਕਾਂਗਰਸ ਅਤੇ ਇਨੈਲੋ ਵਿਚਲੀ ਫੁੱਟ ਦਾ ਸੱਤਾਧਾਰੀ ਪਾਰਟੀ ਪੂਰਾ ਲਾਭ ਉਠਾਉਣ ਦੇ ਯਤਨਾਂ ਵਿਚ ਹੈ।
ਕਾਂਗਰਸ ਦੇ ਹਰਿਆਣਾ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ। ਇਸ ਨੂੰ ਮੁੱਖ ਰੱਖਦਿਆਂ ਕਾਂਗਰਸ ਹਾਈਕਮਾਂਡ ਵੱਲੋਂ ਪਿਛਲੇ ਦਿਨੀਂ ਹੀ ਸ੍ਰੀ ਤੰਵਰ ਦੀ ਥਾਂ ਕੁਮਾਰੀ ਸੈਲਜ਼ਾ ਨੂੰ ਸੂਬੇ ਦੀ ਪ੍ਰਧਾਨ ਬਣਾਇਆ ਗਿਆ ਹੈ। ਦਰਅਸਲ ਪਿਛਲੇ ਸਮੇਂ ਤੋਂ ਸ੍ਰੀ ਹੁੱਡਾ ਨੇ ਆਪਣੀਆਂ ਸਰਗਰਮੀਆਂ ਵੱਖਰੀਆਂ ਵਿੱਢ ਦਿੱਤੀਆਂ ਸਨ, ਜਿਸ ਕਰਨ ਹਾਈਕਮਾਂਡ ਨੂੰ ਹੰਗਾਮੀ ਹਾਲਤ ਵਿਚ ਸ੍ਰੀ ਹੁੱਡਾ ਨੂੰ ਸ਼ਾਂਤ ਕਰਨ ਲਈ ਤੰਵਰ ਨੂੰ ਲਾਂਭੇ ਕਰਨਾ ਪਿਆ ਸੀ। ਤੰਵਰ ਦਾ ਧੜਾ ਫਿਲਹਾਲ ਵੱਖਰੀਆਂ ਸਰਗਰਮੀਆਂ ਚਲਾ ਰਿਹਾ ਹੈ। ਇਸੇ ਤਰ੍ਹਾਂ ਚੌਟਾਲਾ ਪਰਿਵਾਰ ਵਿਚ ਦੋਫਾੜ ਪੈਣ ਕਾਰਨ ਮੁੱਖ ਵਿਰੋਧੀ ਧਿਰ ਇਨੈਲੋ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰ ਅਭੈ ਚੌਟਾਲਾ ਅਤੇ ਅਜੈ ਚੌਟਾਲਾ ਵਿਚਕਾਰ ਪੂਰੀ ਤਰ੍ਹਾਂ ਸਿਆਸੀ ਦਰਾੜ ਪੈ ਚੁੱਕੀ ਹੈ। ਅਜੈ ਚੌਟਾਲਾ ਦੇ ਪੁੱਤਰ ਤੇ ਸਾਬਕਾ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਵੱਲੋਂ ਵੱਖਰੀ ਪਾਰਟੀ (ਜੇ.ਜੇ.ਪੀ.) ਬਣਾਉਣ ਕਾਰਨ ਦੋਵਾਂ ਨੇ ਵੱਖੋ-ਵੱਖਰੇ ਰਸਤੇ ਫੜ ਲਏ ਹਨ। ਇਸ ਦਾ ਸਿੱਧਾ ਲਾਭ ਹੁਕਮਰਾਨ ਪਾਰਟੀ ਭਾਜਪਾ ਨੂੰ ਹੋ ਸਕਦਾ ਹੈ।
ਪਿਛਲੇ ਸਮੇਂ ਓਮ ਪ੍ਰਕਾਸ਼ ਚੌਟਾਲਾ ਨੇ ਦੋਵਾਂ ਪੁੱਤਰਾਂ ਨੂੰ ਸਿਆਸੀ ਤੌਰ ਉਤੇ ਇਕ ਕਰਨ ਦੇ ਯਤਨ ਵਿੱਢੇ ਸਨ ਪਰ ਇਸੇ ਦੌਰਾਨ ਜੇ.ਜੇ.ਪੀ. ਦੇ ਦੁਸ਼ਿਅੰਤ ਚੌਟਾਲਾ ਵੱਲੋਂ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰਨ ਕਾਰਨ ਮੁੜ ਕੁੜੱਤਣ ਪੈਦਾ ਹੋ ਗਈ ਜਾਪਦੀ ਹੈ। ਇਸ ਵਾਰ ਆਮ ਆਦਮੀ ਪਾਰਟੀ (ਆਪ) ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜ਼ਮਾ ਰਹੀ ਹੈ ਅਤੇ ਇਸ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਸਮੇਂ ਲੋਕ ਸਭਾ ਚੋਣਾਂ ਵੇਲੇ ਹਰਿਆਣਾ ਵਿਚ ਕਾਫੀ ਸਰਗਰਮ ਰਹੇ ਸਨ। ਦੂਜੇ ਪਾਸੇ ‘ਆਪ’ ਵਿਚੋਂ ਨਿਕਲੇ ਯੋਗਿੰਦਰ ਯਾਦਵ ਦੀ ਸਵਰਾਜ ਇੰਡੀਆ ਪਾਰਟੀ ਵੀ ਪੂਰੇ ਜ਼ੋਰ ਨਾਲ ਹਰਿਆਣਾ ਦੀਆਂ ਚੋਣਾਂ ਵਿਚ ਉਤਰ ਰਹੀ ਹੈ। ਇਸ ਪਾਰਟੀ ਨੇ ਕਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸ੍ਰੀ ਯਾਦਵ ਨੇ ਐਲਾਨ ਕੀਤਾ ਕਿ ਉਹ ਸੂਬੇ ਵਿਚਲੀ ਬੇਰੁਜ਼ਗਾਰੀ ਨੂੰ ਮੁੱਦਾ ਬਣਾ ਕੇ ਚੋਣਾਂ ਲੜਨਗੇ, ਕਿਉਂਕਿ ਹਰਿਆਣਾ ਵਿਚ ਬੇਰੁਜ਼ਗਾਰਾਂ ਦਾ ਅੰਕੜਾ 20 ਲੱਖ ਨੂੰ ਪਾਰ ਕਰ ਗਿਆ ਹੈ।
___________________________
ਭਾਜਪਾ ਵੱਲੋਂ ਵੱਡੀ ਜਿੱਤ ਦਾ ਦਾਅਵਾ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ 75 ਤੋਂ ਵਧ ਸੀਟਾਂ ਹਾਸਲ ਕਰੇਗੀ। ਵਿਰੋਧੀ ਦੋਫਾੜ ਹਨ ਤੇ ਉਨ੍ਹਾਂ ਵਿਚ ਭਾਜੜ ਮੱਚੀ ਹੋਈ ਹੈ, ਜਿਸ ਦਾ ਸੱਤਾਧਾਰੀ ਪਾਰਟੀ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਾਰੀਆਂ 90 ਸੀਟਾਂ ਉਤੇ ਮਜ਼ਬੂਤ ਹੈ। ਸੂਬਾ ਇਕਾਈ ਨੇ ਚੋਣਾਂ ਦੀਆਂ ਸਾਰੀਆਂ ਤਿਆਰੀ ਮੁਕੰਮਲ ਕਰ ਲਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਿਕਟ ਸਾਫ ਅਕਸ ਅਤੇ ਪਾਰਟੀ ਦੀ ਵਿਚਾਰਧਾਰਾ ਮੰਨਣ ਵਾਲਿਆਂ ਨੂੰ ਹੀ ਦਿੱਤੀ ਜਾਵੇਗੀ।