ਮਨੁੱਖੀ ਸੋਚ ਦਾ ਅਸਰ

ਮਨੁੱਖ ਦਾ ਆਲਾ-ਦੁਆਲਾ ਉਸ ਦੀ ਸੋਚ ਉਤੇ ਅਸਰ-ਅੰਦਾਜ਼ ਹੁੰਦਾ ਹੈ ਅਤੇ ਉਸ ਦੀ ਸ਼ਖਸੀਅਤ ਦਾ ਹਿੱਸਾ ਹੋ ਨਿਬੜਦਾ ਹੈ। ਇਹ ਸੋਚ ਕਿਸ ਤਰ੍ਹਾਂ ਕਿਸੇ ਲਈ ਬਾਗੀਂ ਖਿੜੀ ਬਹਾਰ ਅਤੇ ਕਿਸੇ ਲਈ ਪਤਝੜ ਬਣ ਜਾਂਦੀ ਹੈ, ਇਸ ਦਾ ਵਿਸਥਾਰ ਸਹਿਤ ਖੁਲਾਸਾ ਨਰਿੰਦਰ ਸਿੰਘ ਢਿੱਲੋਂ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ। ਉਨ੍ਹਾਂ ਮਨੁੱਖੀ ਸੋਚ ਦੇ ਦੋ ਪਹਿਲੂਆਂ, ਹਾਂ-ਪੱਖੀ ਤੇ ਨਾਂਹ ਪੱਖੀ ਬਾਰੇ ਕੁਝ ਜ਼ਰੂਰੀ ਨੁਕਤੇ ਸਾਂਝੇ ਕੀਤੇ ਹਨ।

-ਸੰਪਾਦਕ

ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032

ਕੁਦਰਤ ਦਾ ਨਿਯਮ ਹੈ ਕਿ ਇਸ ਦੁਨੀਆਂ ਵਿਚ ਜਿਸ ਮਨੁੱਖ, ਪੌਦੇ, ਦਰਖਤ ਜਾਂ ਜੀਵ ਜੰਤੂ ਨੇ ਵੀ ਜਨਮ ਲਿਆ ਹੈ, ਉਸ ਨੇ ਇਕ ਦਿਨ ਮਰਨਾ ਹੀ ਹੈ। ਹਰ ਚੀਜ਼, ਜੋ ਪੈਦਾ ਹੁੰਦੀ ਹੈ, ਉਹ ਬਚਪਨ ਤੋਂ ਭਰ ਜੁਆਨੀ ਤੱਕ ਜਾ ਕੇ ਮੁੜ ਢਾਹੂ ਪਾਸੇ ਵੱਲ ਜਾਂਦੀ ਹੈ ਤੇ ਅਖੀਰ ਉਸ ਦਾ ਖਾਤਮਾ ਹੋ ਜਾਂਦਾ ਹੈ। ਇਸ ਖਾਤਮੇ ਦਾ ਮਨੁੱਖ ਵੀ ਸ਼ਿਕਾਰ ਹੁੰਦਾ ਆ ਰਿਹਾ ਹੈ ਤੇ ਅਗਾਂਹ ਵੀ ਹੁੰਦਾ ਰਹੇਗਾ। ਇਸ ਵਾਸਤੇ ਮਨੁੱਖ ਨੂੰ ਜਿਉਂਦੇ ਜੀਅ ਪ੍ਰਾਪਤ ਸਾਧਨਾਂ ਦੀ ਵਰਤੋਂ ਕਰਕੇ ਜਿਥੇ ਜ਼ਿੰਦਗੀ ਬਿਤਾਉਣੀ ਜ਼ਰੂਰੀ ਹੈ, ਉਥੇ ਜ਼ਿੰਦਗੀ ਨੂੰ ਹੋਰ ਚੰਗਾ ਬਣਾਉਣ ਲਈ ਜਿਸ ਚੀਜ਼ ਦੀ ਲੋੜ ਹੈ, ਉਹ ਹਾਂ-ਪੱਖੀ ਸੋਚ ਹੈ। ਜਿਸ ਮਨੁੱਖ ਕੋਲ ਭਾਵੇਂ ਜ਼ਿੰਦਗੀ ਦੀਆਂ ਸੱਭੇ ਸਹੂਲਤਾਂ ਹੋਣ, ਜੇ ਉਸ ਦੀ ਸੋਚ ਨਾਂਹ-ਪੱਖੀ ਹੈ ਤਾਂ ਉਹ ਮਾਯੂਸ ਹੀ ਰਹੇਗਾ, ਦੁਖੀ ਹੀ ਰਹੇਗਾ ਅਤੇ ਆਪਣੇ ਪਰਿਵਾਰ, ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਵੀ ਦੁਖੀ ਕਰਦਾ ਰਹੇਗਾ। ਹਾਂ-ਪੱਖੀ ਸੋਚ ਰੱਖਣ ਵਾਲੇ ਲੋਕ ਕਦੇ ਵੀ ਡਿਪਰੈਸ਼ਨ ਯਾਨਿ ਉਦਾਸੀਨਤਾ ਦੇ ਸ਼ਿਕਾਰ ਨਹੀਂ ਹੁੰਦੇ।
ਮਨੁੱਖ ਨੂੰ ਆਪਣੇ ਆਪ ਅੰਦਰ ਝਾਤੀ ਮਾਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਸੋਚ ਨੂੰ ਦਰੁਸਤ ਕਰ ਸਕਦਾ ਹੈ। ਮਨੁੱਖ ਦਾ ਮਾਨਸਿਕ ਕੱਦ (ੳਲਟਟਿੁਦੲ) ਉਸ ਦੇ ਮਾਨਸਿਕ ਵਿਹਾਰ (ੳਟਟਟਿੁਦੲ) ਅਨੁਸਾਰ ਹੀ ਹੁੰਦਾ ਹੈ। ਮਨੁੱਖ ਦੇ ਵਿਹਾਰ ਤੋਂ ਹੀ ਉਸ ਦੇ ਅਸੂਲ, ਚਰਿੱਤਰ ਅਤੇ ਨੈਤਿਕ ਗੁਣਾਂ ਦਾ ਪਤਾ ਲਗਦਾ ਹੈ। ਬੇਅਸੂਲਾ, ਚਰਿੱਤਰ ਦਾ ਮਾੜਾ ਅਤੇ ਅਨੈਤਿਕਤਾ ਦਾ ਭਰਿਆ ਇਨਸਾਨ ਸਹੀ ਸੋਚ ਦਾ ਮਾਲਕ ਨਹੀਂ ਹੋ ਸਕਦਾ। ਅਸਲ ਵਿਚ ਮਨੁੱਖ ਉਚਾ ਆਪਣੀ ਹਾਂ-ਪੱਖੀ ਸੋਚ ਜਾਂ ਗੁਣਾਂ ਕਰਕੇ ਹੁੰਦਾ ਹੈ। ਬਿਲਕੁਲ ਉਵੇਂ ਹੀ, ਜਿਵੇਂ ਗੁਬਾਰਾ ਭਾਵੇਂ ਕਾਲਾ ਹੋਵੇ ਭਾਵੇਂ ਲਾਲ, ਉਹ ਉਚਾ ਅੰਦਰ ਭਰੀ ਗੈਸ ਕਰਕੇ ਹੁੰਦਾ ਹੈ, ਆਪਣੇ ਰੰਗ ਕਰਕੇ ਨਹੀਂ। ਜੇ ਲਾਲ ਰੰਗ ਦੇ ਗੁਬਾਰੇ ਅੰਦਰ ਆਮ ਹਵਾ ਭਰ ਦਿੱਤੀ ਜਾਵੇ ਤਾਂ ਉਹ ਉਚਾ ਨਹੀਂ ਉਡੇਗਾ, ਕਿਉਂਕਿ ਉਸ ਅੰਦਰ ਭਰੀ ਹਵਾ ਵਿਚ ਉਚਾ ਉਡਾਉਣ ਵਾਲੇ ਗੁਣ ਨਹੀਂ ਹਨ। ਸੋ, ਮਨੁੱਖ ਧਨ ਦੌਲਤ ਕਰਕੇ ਨਹੀਂ, ਸੋਚ ਕਰਕੇ ਉਚਾ ਹੁੰਦਾ ਹੈ। ਇਹ ਸੋਚ ਹਾਂ-ਪੱਖੀ ਸੋਚ ਹੀ ਹੈ।
ਮਨੁੱਖ ਕੁਦਰਤ ਦੀ ਬਿਹਤਰੀਨ ਪੈਦਾਵਾਰ ਹੈ। ਮਨੁੱਖ ਨੇ ਭਾਵੇਂ ਮਿਹਨਤ ਕਰਕੇ ਹੈਰਾਨਕੁਨ ਕਾਢਾਂ ਕੱਢੀਆਂ ਹਨ, ਕੰਪਿਊਟਰ ਅਤੇ ਹੋਰ ਕਈ ਤਰ੍ਹਾਂ ਦੀ ਮਸ਼ੀਨਰੀ ਤਿਆਰ ਕਰ ਲਈ ਹੈ, ਪਰ ਸੁਪਰੀਮ ਮਨੁੱਖ ਹੀ ਹੈ। ਮਨੁੱਖਤਾ ਦੀ ਰਾਖੀ ਕਰਨਾ ਤੇ ਮਸ਼ੀਨਰੀ ਨੂੰ ਮਨੁੱਖਤਾ ਦੇ ਹਿੱਤ ਵਿਚ ਵਰਤਣਾ ਮਨੁੱਖ ਦੀ ਹੀ ਜ਼ਿੰਮੇਵਾਰੀ ਹੈ। ਇਹ ਪਵਿੱਤਰ ਕਾਰਜ ਸੁਹਿਰਦ ਸੋਚ ਵਾਲੇ ਮਨੁੱਖ ਹੀ ਕਰ ਸਕਦੇ ਹਨ, ਨਾਂਹ-ਪੱਖੀ ਸੋਚ ਵਾਲੇ ਨਹੀਂ।
ਮੈਂ ਉਨ੍ਹਾਂ ਲੋਕਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ, ਜੋ ਇਹ ਸਮਝਦੇ ਹਨ ਕਿ ਹਾਂ-ਪੱਖੀ ਜਾਂ ਉਸਾਰੂ ਸੋਚ ਮਨੁੱਖ ਨੂੰ ਜਮਾਂਦਰੂ ਹੀ ਪ੍ਰਾਪਤ ਹੁੰਦੀ ਹੈ। ਅਸਲ ਵਿਚ ਨਾਂਹ-ਪੱਖੀ ਸੋਚ ਵਾਲੇ ਲੋਕ ਆਪਣੇ ਦਿਮਾਗ ਨੂੰ ਸਹੀ ਪਾਸੇ ਲਾਉਣ ਦਾ ਯਤਨ ਹੀ ਨਹੀਂ ਕਰਦੇ। ਉਹ ਸਮਝਦੇ ਹਨ ਕਿ ਸਭ ਤੋਂ ਵੱਧ ਅਕਲ ਉਨ੍ਹਾਂ ਨੂੰ ਹੀ ਹੈ। ਜੋ ਵਿਅਕਤੀ ਉਨ੍ਹਾਂ ਦੇ ਵਿਚਾਰ ਨਾਲ ਸਹਿਮਤ ਨਹੀਂ ਹੁੰਦਾ, ਉਸ ਪ੍ਰਤੀ ਉਨ੍ਹਾਂ ਅੰਦਰ ਗੁੱਸਾ, ਖਿਝ ਅਤੇ ਸਾੜਾ ਉਬਾਲੇ ਮਾਰਦਾ ਰਹਿੰਦਾ ਹੈ।
ਨਾਂਹ-ਪੱਖੀ ਸੋਚ ਵਾਲਾ ਵਿਅਕਤੀ ਮਿਹਨਤ ਕਰਕੇ ਅੱਗੇ ਵਧ ਰਹੇ ਲੋਕਾਂ ਨੂੰ ਸ਼ਾਬਾਸ਼ ਨਹੀਂ ਕਹਿ ਸਕਦਾ, ਸਗੋਂ ਉਨ੍ਹਾਂ ਨੂੰ ਦੇਖ ਕੇ ਦੁਖੀ ਹੁੰਦਾ ਹੈ। ਹਾਂ-ਪੱਖੀ ਸੋਚ ਵਾਲਾ ਵਿਅਕਤੀ ਅੱਗੇ ਵਧ ਰਹੇ ਲੋਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਲੋੜ ਪੈਣ ‘ਤੇ ਮਦਦ ਵੀ ਕਰਦਾ ਹੈ। ਢਾਹੂ ਸੋਚ ਮਨੁੱਖ ਦੇ ਪੈਰਾਂ ਨੂੰ ਪੈਰ-ਪੈਰ ‘ਤੇ ਖਿੱਚਦੀ ਹੈ, ਮਨੁੱਖ ਨੂੰ ਮਨੁੱਖੀ ਗੁਣਾਂ ਤੋਂ ਦੂਰ ਲੈ ਜਾਂਦੀ ਹੈ ਅਤੇ ਉਸ ਦੇ ਦੁੱਖਾਂ ਵਿਚ ਦਿਨ ਪ੍ਰਤੀ ਦਿਨ ਵਾਧਾ ਕਰਦੀ ਹੈ। ਇਸ ਸੋਚ ਤੋਂ ਹੀ ਸੰਕੀਰਨਤਾ ਜਨਮ ਲੈਂਦੀ ਹੈ, ਜਿਸ ਕਰਕੇ ਘਰਾਂ, ਗੁਆਂਢੀਆਂ ਜਾਂ ਸਮਾਜ ਦੇ ਕਈ ਹੋਰ ਲੋਕਾਂ ਨਾਲ ਵਿਵਾਦ ਪੈਦਾ ਹੁੰਦੇ ਹਨ। ਇਸ ਨਾਲ ਇਕ ਦੂਜੇ ਨੂੰ ਬਰਦਾਸ਼ਤ ਨਾ ਕਰਨ ਦਾ ਰੁਝਾਨ ਵੀ ਪੈਦਾ ਹੁੰਦਾ ਹੈ।
ਉਸਾਰੂ ਸੋਚ ਲਈ ਕਿਸੇ ਵਿਸ਼ੇਸ਼ ਪਹਿਰਾਵੇ ਦੀ ਲੋੜ ਨਹੀਂ ਹੁੰਦੀ। ਸਾਧਾਂ ਵਾਲੇ ਚੋਲੇ ਵਿਚ ਢਾਹੂ ਸੋਚ ਦਾ ਮਾਲਕ ਕੋਈ ਚੋਰ ਵੀ ਹੋ ਸਕਦਾ ਹੈ ਅਤੇ ਪੈਂਟ-ਕੋਟ ਵਿਚ ਉਸਾਰੂ ਸੋਚ ਵਾਲਾ ਵਿਅਕਤੀ ਸਾਧੂ ਸੁਭਾਅ ਵੀ ਹੋ ਸਕਦਾ ਹੈ।
ਫਰਾਂਸੀਸੀ ਫਿਲਾਸਫਰ ਬਲੇਜ ਪਾਸਕਲ ਨੇ ਕਈ ਸਾਲ ਲੋਕਾਂ ਨੂੰ ਕਾਇਲ ਕਰਨ ਦਾ ਯਤਨ ਕੀਤਾ ਕਿ ਉਸਾਰੂ ਸੋਚ ਰੱਖ ਕੇ ਮਨੁੱਖ ਚੰਗਾ ਇਨਸਾਨ ਬਣ ਸਕਦਾ ਹੈ। ਇਕ ਵਿਅਕਤੀ ਨੇ ਉਸ ਨੂੰ ਕਿਹਾ, “ਜੇ ਮੇਰੇ ਕੋਲ ਵੀ ਤੁਹਾਡੇ ਵਰਗਾ ਦਿਮਾਗ ਹੁੰਦਾ ਤਾਂ ਮੈਂ ਵੀ ਚੰਗਾ ਇਨਸਾਨ ਬਣ ਸਕਦਾ ਸੀ।” ਸੁਣ ਕੇ ਪਾਸਕਲ ਨੇ ਮੁਸਕਰਾ ਕੇ ਕਿਹਾ, “ਤੂੰ ਆਪਣੇ ਅੰਦਰੋਂ ਨਾਂਹ-ਪੱਖੀ ਸੋਚ ਕੱਢ ਦੇਹ ਅਤੇ ਚੰਗਾ ਇਨਸਾਨ ਬਣ ਜਾਹ, ਦਿਮਾਗ ਆਪੇ ਮੇਰੇ ਦਿਮਾਗ ਵਰਗਾ ਹੋ ਜਾਵੇਗਾ।” ਜਿਵੇਂ ਵੱਡੀ ਇਮਾਰਤ ਬਣਾਉਣ ਲਈ ਮਜ਼ਬੂਤ ਨੀਂਹ ਦੀ ਲੋੜ ਹੁੰਦੀ ਹੈ, ਉਵੇਂ ਹੀ ਵੱਡਾ ਮਨੁੱਖ ਬਣਨ ਲਈ ਉਸਾਰੂ ਸੋਚ ਮਨੁੱਖ ਦੀ ਨੀਂਹ ਹੈ।
ਹਾਂ-ਪੱਖੀ ਸੋਚ ਨਾਲ ਮਨੁੱਖ ਅੰਦਰ ਦਲੇਰੀ ਅਤੇ ਨਾਂਹ-ਪੱਖੀ ਸੋਚ ਨਾਲ ਘਬਰਾਹਟ ਪੈਦਾ ਹੁੰਦੀ ਹੈ। ਦਲੇਰੀ ਅਸੰਭਵ ਕੰਮ ਨੂੰ ਵੀ ਸੰਭਵ ਅਤੇ ਘਬਰਾਹਟ ਸੰਭਵ ਨੂੰ ਵੀ ਅਸੰਭਵ ਬਣਾ ਦਿੰਦੀ ਹੈ। ਹਾਂ-ਪੱਖੀ ਸੋਚ ਮਨੁੱਖਾਂ ਅੰਦਰ ਸਾਫ-ਸੁਥਰਾ ਵਾਤਾਵਰਣ ਪੈਦਾ ਕਰਦੀ ਹੈ ਜਦਕਿ ਨਾਂਹ-ਪੱਖੀ ਸੋਚ ਵਾਤਾਵਰਣ ਨੂੰ ਗੰਧਲਾ ਕਰਦੀ ਹੈ। ਜਿਸ ਘਰ, ਦਫਤਰ, ਬੋਰਡ ਜਾਂ ਕੰਪਨੀ ਦਾ ਮਨੁੱਖੀ ਉਸਾਰੂ, ਭਾਵ ਹਾਂ-ਪੱਖੀ ਸੋਚ ਦਾ ਮਾਲਕ ਹੋਵੇਗਾ, ਉਥੇ ਹੇਠਲਾ ਸਟਾਫ ਸਹਿਯੋਗੀ ਵਤੀਰੇ ਵਾਲਾ ਹੋਵੇਗਾ ਅਤੇ ਕੰਮ ਵੀ ਵੱਧ ਅਤੇ ਵਧੀਆ ਹੋਵੇਗਾ, ਆਪਸੀ ਵਿਵਾਦ ਵੀ ਨਹੀਂ ਹੋਵੇਗਾ, ਲੇਕਿਨ ਢਾਹੂ ਸੋਚ ਵਾਲਾ ਮੁਖੀ ਆਪਣੇ ਘਰ, ਦਫਤਰ ਆਦਿ ਵਿਚ ਆਪ ਹੀ ਵਿਵਾਦ ਪੈਦਾ ਕਰ ਲੈਂਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਜੇ ਕਿਸੇ ਦੇਸ਼ ਦੇ ਹਾਕਮ ਇਮਾਨਦਾਰ ਹੋਣਗੇ, ਉਸ ਦੇਸ਼ ਦੇ ਲੋਕ ਵੀ ਇਮਾਨਦਾਰ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹੋਣਗੇ ਅਤੇ ਜਿਸ ਦੇਸ਼ ਦੇ ਹਾਕਮ ਭ੍ਰਿਸ਼ਟ ਤੇ ਬੇਇਮਾਨ ਹੋਣਗੇ, ਉਸ ਦੇਸ਼ ਦੇ ਲੋਕ ਵੀ ਭ੍ਰਿਸ਼ਟ ਤੇ ਕਾਨੂੰਨ ਪ੍ਰਤੀ ਲਾਪ੍ਰਵਾਹ ਹੋਣਗੇ।
ਨਾਂਹ-ਪੱਖੀ ਸੋਚ ਵਾਲਾ ਵਿਅਕਤੀ ਖਿੜ-ਖਿੜਾ ਕੇ ਹੱਸਣ ਵਾਲਿਆਂ ਦਾ ਵੀ ਬੁਰਾ ਮਨਾਉਂਦਾ ਹੈ ਤੇ ਜੇ ਉਸ ਨੂੰ ਕੋਈ ਖੁਸ਼ ਹੋ ਕੇ ਮਿਲਦਾ ਹੈ ਤਾਂ ਇਸ ਦਾ ਬੁਰਾ ਮਨਾਉਂਦਾ ਹੈ। ਉਹ ਹਮੇਸ਼ਾ ਆਪਣੀਆਂ ਮੁਸ਼ਕਿਲਾਂ ਦੀ ਹੀ ਗੱਲ ਕਰਦਾ ਹੈ। ਆਪਣੀਆਂ ਮੁਸ਼ਕਿਲਾਂ ਲਈ ਦੂਜਿਆਂ ‘ਤੇ ਸ਼ੱਕ ਕਰਦਾ ਹੈ। ਉਸ ਵਿਚ ਮਿਲਾਪੜਾਪਨ ਬਹੁਤ ਘੱਟ ਹੁੰਦਾ ਹੈ ਅਤੇ ਘਰ ਆਏ ਪ੍ਰਾਹੁਣੇ ਨੂੰ ਪਾਣੀ ਦਾ ਘੁੱਟ ਪਿਆਉਣ ਵਿਚ ਵੀ ਔਖ ਮਹਿਸੂਸ ਕਰਦਾ ਹੈ। ਇਹ ਸਮਝਦਿਆਂ ਵੀ ਕਿ ਸਖਤ ਮਿਹਨਤ ਨਾਲ ਹੀ ਪ੍ਰਾਪਤੀ ਹੁੰਦੀ ਹੈ, ਉਹ ਕਹਿੰਦਾ ਹੈ, “ਐਵੇਂ ਭੱਜ-ਭੱਜ ਕੇ ਮਰਨ ਨੂੰ ਮੈਂ ਠੀਕ ਨਹੀਂ ਸਮਝਦਾ।”
ਉਸਾਰੂ ਸੋਚ ਵਾਲਾ ਵਿਅਕਤੀ ਆਸ਼ਾਵਾਦੀ ਹੁੰਦਾ ਹੈ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਹੁੰਦਾ ਹੈ। ਉਹ ਹੋਰਨਾਂ ਦੀ ਸਫਲਤਾ ‘ਤੇ ਖੁਸ਼ੀ ਪ੍ਰਗਟ ਕਰਦਾ ਹੈ। ਉਹ ਗਲਤੀਆਂ ਤੋਂ ਸਿੱਖਦਾ ਹੈ ਅਤੇ ਵਾਰ-ਵਾਰ ਉਹੀ ਗਲਤੀ ਨਹੀਂ ਕਰਦਾ। ਉਹ ਗਲਤੀਆਂ ਭੁਲਾ ਕੇ ਆਪਣਾ ਧਿਆਨ ਪ੍ਰਾਪਤੀਆਂ ‘ਤੇ ਕੇਂਦਰਤ ਕਰਦਾ ਹੈ। ਇਸ ਸੋਚ ਵਾਲੇ ਲੋਕ ਹਿਰਦਾ ਵਿਸ਼ਾਲ ਰੱਖਦਿਆਂ ਸਵੈ-ਪੜਚੋਲ ਕਰਦੇ ਹਨ ਅਤੇ ਦੂਜਿਆਂ ਨਾਲ ਸਲੀਕੇ ਨਾਲ ਪੇਸ਼ ਆਉਂਦੇ ਹਨ। ਉਹ ਲੋਕਾਂ ਨਾਲ ਨਿਮਰ ਵਰਤਾਓ ਕਰਦੇ ਹਨ ਅਤੇ ਇਹ ਨਿਮਰਤਾ ਮਨੁੱਖ ਅੰਦਰ ਗੁੱਸਾ ਤੇ ਚਿੰਤਾ ਘੱਟ ਕਰਦੀ ਹੈ।
ਨਾਂਹ-ਪੱਖੀ ਸੋਚ ਵਾਲਾ ਬੰਦਾ ਰੋਜ਼ਾਨਾ ਕਾਰ-ਵਿਹਾਰ ਵਿਚ ਟਾਲ-ਮਟੋਲ ਕਰਨ ਦਾ ਵੱਧ ਸਹਾਰਾ ਲੈਂਦਾ ਹੈ। ਜੇ ਕਿਸੇ ਅਦਾਰੇ ਵਿਚ ਕੋਈ ਔਖਾ ਕੰਮ ਨਿਬੇੜ ਲਵੇ ਤਾਂ ਢਾਹੂ ਸੋਚ ਵਾਲਾ ਉਸ ਦੀ ਸਿਫਤ ਕਰਨ ਦੀ ਥਾਂ ਕਹੇਗਾ, “ਇਹ ਕਿਹੜਾ ਔਖਾ ਕੰਮ ਸੀ, ਇਹ ਤਾਂ ਮੈਂ ਵੀ ਕਰ ਸਕਦਾ ਸੀ।” ਐਸੇ ਸੁਭਾਅ ਵਾਲੇ ਅਫਸਰ ਆਪਣੇ ਹੇਠਲੇ ਮੁਲਾਜ਼ਮਾਂ ਬਾਰੇ ਇਹ ਸੋਚਦੇ ਹਨ, “ਇਹ ਮੈਨੂੰ ਅਫਸਰ ਨਹੀਂ ਸਮਝਦੇ, ਮੈਂ ਸਭ ਸਿੱਧੇ ਕਰ ਦਿਆਂਗਾ।” ਆਪਣੀ ਅਫਸਰੀ ਦੱਸਦੇ-ਦੱਸਦੇ ਉਹ ਆਪਣੇ ਸਹਿਯੋਗੀਆਂ ਨਾਲ ਝਗੜਾ ਕਰਦੇ ਰਹਿੰਦੇ ਹਨ। ਇਸ ਸੋਚ ਵਾਲੇ ਵਿਅਕਤੀ ਅੰਧ-ਵਿਸ਼ਵਾਸ ਦਾ ਵੀ ਸ਼ਿਕਾਰ ਹੁੰਦੇ ਹਨ। ਉਹ ਅਖੌਤੀ ਬਾਬਿਆਂ, ਤਾਂਤਰਿਕਾਂ ਅਤੇ ਜੋਤਿਸ਼ੀਆਂ ਪਿੱਛੇ ਲੱਗ ਕੇ ਧਨ ਅਤੇ ਮਨ ਦੀ ਹੀ ਨਹੀਂ, ਤਨ ਦੀ ਵੀ ਲੁੱਟ ਕਰਵਾਉਂਦੇ ਹਨ। ਨਾਂਹ-ਪੱਖੀ ਸੋਚ ਵਾਲਾ ਵਿਅਕਤੀ ਅਪ-ਸ਼ਬਦਾਂ ਦੀ ਵਰਤੋਂ ਮੁਕਾਬਲਤਨ ਵੱਧ ਕਰਦਾ ਹੈ, ਜਿਸ ਕਰਕੇ ਉਹ ਹੌਲੀ-ਹੌਲੀ ਲੋਕਾਂ ਵਿਚੋਂ ਸਤਿਕਾਰ ਗੁਆ ਕੇ ਨਿੱਖੜ ਜਾਂਦਾ ਹੈ। ਲੱਚਰ ਗੀਤ, ਘਟੀਆ ਫਿਲਮਾਂ ਅਤੇ ਟੀ. ਵੀ. ਸੀਰੀਅਲ ਨਾਂਹ-ਪੱਖੀ ਸੋਚ ਨੂੰ ਹੋਰ ਆਧਾਰ ਮੁਹੱਈਆ ਕਰਦੇ ਹਨ। ਇਹ ਉਸਾਰੂ ਸੋਚ ਤੇ ਹਮਲਾਵਰ ਰੁਖ ਅਖਤਿਆਰ ਕਰਦੇ ਹਨ ਅਤੇ ਦੂਜੇ ਲੋਕਾਂ ਦੇ ਮੁਕਾਬਲੇ ਨਸ਼ਿਆਂ ਦਾ ਵੱਧ ਸਹਾਰਾ ਲੈਂਦੇ ਹਨ।
ਮਨੁੱਖ ਨੂੰ ਦਿਨ ਦੀ ਸ਼ੁਰੂਆਤ ਚੰਗਾ ਬੋਲਣ, ਚੰਗਾ ਸੁਣਨ ਅਤੇ ਚੰਗਾ ਕੰਮ ਕਰਨ ਨਾਲ ਕਰਨੀ ਚਾਹੀਦੀ ਹੈ। ਉਂਜ, ਚੰਗਾ ਮਨੁੱਖ ਉਹ ਹੈ, ਜੋ ਚੰਗੇ ਕੰਮ ਕਰਦਾ ਹੈ; ਚੰਗੀ ਥਾਂ ਉਹ ਹੈ, ਜਿਥੇ ਚੰਗੇ ਕੰਮ ਹੁੰਦੇ ਹਨ ਅਤੇ ਚੰਗੀ ਵਸਤੂ ਉਹ ਹੈ, ਜਿਸ ਨੂੰ ਚੰਗੇ ਕੰਮ ਲਈ ਵਰਤਿਆ ਜਾਂਦਾ ਹੈ। ਇਹ ਪ੍ਰਕ੍ਰਿਆ ਚੰਗੀ ਸੋਚ ਨਾਲ ਹੀ ਮੁਕੰਮਲ ਹੋ ਸਕਦੀ ਹੈ। ਇਸੇ ਕਰਕੇ ਪੰਜਾਬੀ ਸਭਿਆਚਾਰ ਵਿਚ ਸ਼ਾਮ ਨੂੰ ਜਲਦੀ ਸੌਣ, ਸਵੇਰੇ ਜਲਦੀ ਉਠਣ ਤੇ ਇਸ਼ਨਾਨ ਕਰਨ ਅਤੇ ਆਪੋ-ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਪੂਜਾ ਪਾਠ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਨਾਲ ਮਨੁੱਖ ਦਾ ਮਾਨਸਿਕ ਤਣਾਅ ਘਟਦਾ ਹੈ, ਮਨੁੱਖ ਸੁਖ ਮਹਿਸੂਸ ਕਰਦਾ ਹੈ ਤੇ ਉਸ ਦੀ ਸੋਚ ਵਿਚ ਉਸਾਰੂ ਤਬਦੀਲੀ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।
ਦੇਰ ਰਾਤ ਤੱਕ ਮਨੁੱਖੀ ਜ਼ਿੰਦਗੀ ਤੋਂ ਦੂਰ ਟੀ. ਵੀ. ਸੀਰੀਅਲ ਵੇਖਣੇ, ਲੱਚਰ ਗੀਤ ਸੁਣਨੇ ਅਤੇ ਫਿਲਮਾਂ ਦੇਖਣ ਦੀ ਆਦਤ ਘਟਾਉਣੀ ਚਾਹੀਦੀ ਹੈ। ਕਈ ਟੀ. ਵੀ. ਨਾਟਕਾਂ, ਫਿਲਮਾਂ ਜਾਂ ਹੋਰ ਪ੍ਰੋਗਰਾਮਾਂ ਵਿਚ ਨਸ਼ੇ, ਗੁੰਡਾਗਰਦੀ, ਵਿਆਹ ਤੋਂ ਪਹਿਲਾਂ ਅਤੇ ਪਿਛੋਂ ਨਾਜਾਇਜ਼ ਸਬੰਧ, ਕਤਲ ਅਤੇ ਮਾਰੂ ਹਥਿਆਰ ਵਿਖਾਏ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਮਨੁੱਖ ਰਿਸ਼ਤਿਆਂ ਪ੍ਰਤੀ ਵਚਨਬੱਧਤਾ ਨੂੰ ਘੱਟ ਅਤੇ ਤਲਾਕ ਦੀ ਬਿਰਤੀ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ। ਅਜਿਹੇ ਪ੍ਰੋਗਰਾਮ ਸਮਾਜ ਵਿਚ ਮਨੁੱਖੀ ਜੀਵਨ ਦੇ ਅਨੰਦ ਦਾ ਅੰਤ ਕਰ ਦਿੰਦੇ ਹਨ। ਇਹ ਪ੍ਰੋਗਰਾਮ ਨੌਜਵਾਨਾਂ ਅਤੇ ਬੱਚਿਆਂ ਨੂੰ ਬਹੁਤ ਜਲਦੀ ਸ਼ਿਕਾਰ ਬਣਾਉਂਦੇ ਹਨ, ਔਰਤਾਂ ਦੇ ਰੁਤਬੇ ਨੂੰ ਮਨੁੱਖੀ ਪੱਧਰ ਤੋਂ ਵੀ ਹੇਠਾਂ ਡੇਗ ਦਿੰਦੇ ਹਨ ਅਤੇ ਸੈਕਸ ਅਤਿਆਚਾਰਾਂ ਵਿਚ ਵਾਧਾ ਕਰਦੇ ਮਨੁੱਖੀ ਸੋਚ ਨੂੰ ਉਲਟ ਦਿਸ਼ਾ ਵਿਚ ਘੁਮਾ ਕੇ ਅਫਰਾ-ਤਫਰੀ ਦਾ ਮਾਹੌਲ ਪੈਦਾ ਕਰਦੇ ਹਨ। ਇਸ ਵਰਤਾਰੇ ਦੇ ਸ਼ਿਕਾਰ ਲੋਕ ਆਪਣੇ ਪਰਿਵਾਰ ਜਾਂ ਸਮਾਜ ਵਿਚ ਘੱਟ ਹੀ ਫਿੱਟ ਬੈਠਦੇ ਹਨ।
ਨਾਂਹ-ਪੱਖੀ ਸੋਚ ਤੋਂ ਮਨੁੱਖ ਨੂੰ ਸਦਾ ਹੀ ਉਦੇਸ਼ਹੀਣਤਾ, ਕੁੜਿੱਤਣ, ਨਾਰਾਜ਼ਗੀ, ਉਦਾਸੀਨਤਾ ਅਤੇ ਇਕੱਲਾਪਣ ਹੀ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਮਨੁੱਖ ਮਾਨਸਿਕ ਦਬਾਅ ਅਤੇ ਕਈ ਵਾਰ ਬੁਰੀ ਸਿਹਤ ਦਾ ਵੀ ਸ਼ਿਕਾਰ ਹੁੰਦਾ ਹੈ। ਉਸ ਕੋਲ ਗੱਲਬਾਤ ਵਿਚ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕਲਾ ਨਹੀਂ ਹੁੰਦੀ ਤੇ ਇਸ ਕਲਾ ਵਾਲਿਆਂ ਨੂੰ ਉਹ ਚਲਾਕੀ ਸਮਝਦਾ ਹੈ। ਉਸ ਦੀ ਹਾਲਤ ਸ਼ੇਰ ਦੇ ਉਸ ਬੱਚੇ ਵਰਗੀ ਹੁੰਦੀ ਹੈ, ਜੋ ਗਲਤੀ ਨਾਲ ਜੰਮਦਿਆਂ ਹੀ ਗਊਆਂ ਦੇ ਵੱਗ ਵਿਚ ਰਲ ਗਿਆ ਸੀ ਅਤੇ ਆਪਣਾ ਕਿਰਦਾਰ ਭੁੱਲ ਕੇ ਸਾਰੀ ਉਮਰ ਮਾਸ ਦੀ ਥਾਂ ਘਾਹ ਹੀ ਖਾਂਦਾ ਰਿਹਾ ਤੇ ਗਊਆਂ ਦੇ ਵੱਗ ਵਿਚ ਹੀ ਉਸ ਦਾ ਅੰਤ ਹੋ ਗਿਆ।
ਦੁਨੀਆਂ ਵਿਚ ਹਰ ਮਨੁੱਖ ਦੀ ਆਪਣੀ ਹਸਤੀ ਅਤੇ ਸੁਭਾਅ ਹੈ, ਪਰ ਮਨੁੱਖ ਆਪਣੇ ਅੰਦਰ ਹਉਮੈ ਦੀ ਚਿਣਗ ਰੱਖ ਬੈਠਾ ਹੈ। ਹਾਂ-ਪੱਖੀ ਸੋਚ ਵਾਲੇ ਮਨੁੱਖ ਦੀ ਹਉਮੈ ਉਸ ਤੋਂ ਵੱਡੇ ਤੋਂ ਵੱਡੇ ਯਾਨਿ ਬਹਾਦਰੀ ਦੇ ਕੰਮ ਕਰਵਾ ਸਕਦੀ ਹੈ, ਪਰ ਨਾਂਹ-ਪੱਖੀ ਸੋਚ ਵਾਲਾ ਬੰਦਾ ਕੋਈ ਵੀ ਅਹਿਮ ਕੰਮ ਨਹੀਂ ਕਰ ਸਕਦਾ। ਇਸ ਹਉਮੈ ਦੀ ਤ੍ਰਿਪਤੀ ਮਨੁੱਖ ਅੰਦਰ ਸ਼ਕਤੀਸ਼ਾਲੀ ਖੁਰਾਕ ਦਾ ਕੰਮ ਕਰਦੀ ਹੈ, ਜਿਸ ਤੋਂ ਨਾਂਹ-ਪੱਖੀ ਸੋਚ ਵਾਲਾ ਬੰਦਾ ਖਾਲੀ ਰਹਿ ਜਾਂਦਾ ਹੈ।
ਹਾਂ-ਪੱਖੀ ਯਾਨਿ ਉਸਾਰੂ ਸੋਚ ਵਾਲਾ ਮਨੁੱਖ ਸਵੈਮਾਣ ਵਾਲਾ, ਖੁੱਲ੍ਹੇ ਦਿਲ ਵਾਲਾ, ਸਹਿਣਸ਼ੀਲ, ਪ੍ਰਸੰਨ ਅਤੇ ਦੂਜਿਆਂ ਦੇ ਕੰਮ ਆਉਣ ਵਾਲਾ ਹੁੰਦਾ ਹੈ, ਜਦਕਿ ਢਾਹੂ ਸੋਚ ਵਾਲਾ ਮਨੁੱਖ ਸਵੈ-ਕੇਂਦਰਤ ਤੇ ਘੁਮੰਡੀ ਆਚਾਰ-ਵਿਹਾਰ ਵਾਲਾ ਹੁੰਦਾ ਹੈ। ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਸੀਂ ਦੇਖਦੇ ਹਾਂ ਕਿ ਸੁਚੱਜੀ ਤੇ ਉਸਾਰੂ ਸੋਚ ਵਾਲੇ ਵੱਡੇ ਤੋਂ ਵੱਡੇ ਅਫਸਰ ਨੂੰ ਮਿਲਣਾ ਆਸਾਨ ਹੁੰਦਾ ਹੈ, ਜਦਕਿ ਨਾਂਹ-ਪੱਖੀ ਸੋਚ ਵਾਲੇ ਹੇਠਲੇ ਸਾਧਾਰਨ ਮੁਲਾਜ਼ਮ ਨੂੰ ਮਿਲਣਾ ਵੀ ਔਖਾ ਹੁੰਦਾ ਹੈ।
ਨਾਂਹ-ਪੱਖੀ ਸੋਚ ਨੂੰ ਹਾਂ-ਪੱਖੀ ਸੋਚ ਵਿਚ ਬਦਲਣ ਦੀ ਲੋੜ ਹੈ, ਜਿਸ ਵਾਸਤੇ ਮਨੁੱਖ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸਮਾਜ ਦੇ ਦੂਸਰੇ ਲੋਕਾਂ ਨਾਲ ਮਿਲਵਰਤਣ ਕਰਨਾ ਚਾਹੀਦਾ ਹੈ। ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲੋੜ ਪੈਣ ‘ਤੇ ਦੋਸਤਾਂ-ਮਿੱਤਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ, ਸੁਭਾਅ ਵਿਚ ਦਲੇਰੀ ਲਿਆਉਣੀ ਚਾਹੀਦੀ ਹੈ, ਦੂਜਿਆਂ ਦੀ ਕਾਮਯਾਬੀ ‘ਤੇ ਖੁਸ਼ ਹੋਣਾ ਚਾਹੀਦਾ ਹੈ। ਕੰਮ ਆਉਣ ਵਾਲੇ ਦੋਸਤਾਂ-ਮਿੱਤਰਾਂ ਦਾ ਧੰਨਵਾਦ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਕੰਮ-ਕਾਰ ਵਿਚ ਟਾਲਮਟੋਲ ਨਹੀਂ ਕਰਨਾ ਚਾਹੀਦਾ ਅਤੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਵਿਚ ਬੈਠ ਕੇ ਹਾਸੇ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਤੇ ਖਿੜ-ਖਿੜਾ ਕੇ ਹੱਸਣਾ ਚਾਹੀਦਾ ਹੈ। ਦੂਜਿਆਂ ਨਾਲ ਗੱਲਬਾਤ ਕਰਦੇ ਰਹਿਣਾ ਬਹੁਤ ਲਾਹੇਵੰਦ ਹੁੰਦਾ ਹੈ।
ਆਮ ਤੌਰ ‘ਤੇ ਦੇਖਣ ਵਿਚ ਆਉਂਦਾ ਹੈ ਕਿ ਉਸਾਰੂ, ਭਾਵ ਹਾਂ-ਪੱਖੀ ਸੋਚ ਵਾਲਾ ਬੰਦਾ ਆਪਣੀ ਉਮਰ ਦੇ ਸਾਲ ਗਿਣ ਕੇ ਘਬਰਾਹਟ ਵਿਚ ਨਹੀਂ ਆਉਂਦਾ ਤੇ ਮੌਤ ਦਾ ਨਾਂ ਸੁਣ ਕੇ ਬਹੁਤੀ ਚਿੰਤਾ ਨਹੀਂ ਕਰਦਾ। ਉਹ ਇਹ ਵੀ ਨਹੀਂ ਕਹਿੰਦਾ ਕਿ ਮੇਰੀ ਉਮਰ ਹੁਣ ਬਹੁਤ ਹੋ ਗਈ ਹੈ। ਸਾਰੀ ਉਮਰ ਬਥੇਰਾ ਕੰਮ ਕੀਤਾ ਹੈ, ਮੈਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ। ਉਹ ਆਪਣੀ ਸਮਰਥਾ ਅਨੁਸਾਰ ਸਰੀਰ ਨੂੰ ਕਿਸੇ ਨਾ ਕਿਸੇ ਰੁਝੇਵੇਂ ਵਿਚ ਰੱਖਦਾ ਹੈ ਤੇ ਮੁਕਾਬਲਤਨ ਤੰਦਰੁਸਤ ਵੀ ਰਹਿੰਦਾ ਹੈ। ਐਸੀ ਸੋਚ ਵਾਲਾ ਵਿਅਕਤੀ ਜਿਥੇ ਗੱਲਬਾਤ ਸਲੀਕੇ ਨਾਲ ਕਰੇਗਾ, ਉਥੇ ਉਸ ਦੀ ਸਰੀਰਕ ਦਿੱਖ ਤੇ ਚਾਲ-ਢਾਲ ਚੁਸਤ-ਦਰੁਸਤ ਹੋਵੇਗੀ ਅਤੇ ਦੂਜੇ ਵਿਅਕਤੀ ਨਾਲ ਹੱਥ ਮਿਲਾਉਣ ਵਿਚ ਉਤਸ਼ਾਹ ਤੇ ਗਰਮਜੋਸ਼ੀ ਹੋਵੇਗੀ। ਐਸੇ ਲੋਕ ਜਦ ਕਿਸੇ ਨੌਕਰੀ ਤੋਂ ਰਿਟਾਇਰ ਹੁੰਦੇ ਹਨ ਤਾਂ ਉਹ ਵਿਹਲੇ ਬਹਿ ਕੇ, ਸੌਂ ਕੇ, ਖਾ-ਪੀ ਕੇ ਮੌਤ ਦੀ ਉਡੀਕ ਨਹੀਂ ਕਰਦੇ ਸਗੋਂ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕਰਦੇ ਹਨ। ਉਹ ਪਰਿਵਾਰਕ ਜਾਂ ਸਮਾਜਕ ਰੁਝੇਵਿਆਂ ਵਿਚ ਰਹਿ ਕੇ ਜ਼ਿੰਦਗੀ ਨੂੰ ਸਹੀ ਪਟੜੀ ‘ਤੇ ਰੱਖਦੇ ਹਨ ਅਤੇ ਲੰਮੀ ਉਮਰ ਭੋਗਦੇ ਹਨ। ਇਸ ਦੇ ਉਲਟ, ਢਾਹੂ ਸੋਚ ਵਾਲਾ ਵਿਅਕਤੀ ਸੁਸਤ ਚਾਲ ਵਾਲਾ, ਢਿੱਲੜ ਸਰੀਰ ਅਤੇ ਸਿਰ ਹੇਠਾਂ ਨੂੰ ਕਰਕੇ ਤੁਰਦਾ ਨਿਰਉਤਸ਼ਾਹਿਤ ਮਹਿਸੂਸ ਕੀਤਾ ਜਾਂਦਾ ਹੈ।
ਜੀਵਨ ਦਾ ਮੰਤਵ ਖੂਬ ਖਾਣਾ-ਪੀਣਾ, ਸੌਣਾ ਅਤੇ ਆਰਾਮ ਕਰਨਾ ਨਹੀਂ, ਸਗੋਂ ਨਿਸ਼ਾਨਾ ਮਿਥ ਕੇ ਉਸ ਦੀ ਪ੍ਰਾਪਤੀ ਲਈ ਮਿਹਨਤ ਕਰਨਾ ਹੈ।
ਅੱਜ ਦੇ ਸਮਾਜ ਵਿਚ ਹਾਕਮਾਂ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨਾਲ ਕੀਤੀਆਂ ਜਾਂਦੀਆਂ ਬੇਇਨਸਾਫੀਆਂ ਵੀ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਕਰਕੇ ਲੋਕਾਂ ਵਿਚ ਬੇਚੈਨੀ ਤੇ ਅਫਰਾ-ਤਫਰੀ ਦਾ ਮਾਹੌਲ ਹੈ। ਇਸ ਦਾ ਮੁਕਾਬਲਾ ਤਾਂ ਲੋਕ ਜਥੇਬੰਦ ਹੋ ਕੇ ਹੀ ਕਰ ਸਕਦੇ ਹਨ। ਇਸ ਨਾਲ ਉਹ ਜਿਥੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ, ਉਥੇ ਚੰਗੀ ਸੋਚ ਵਾਲੇ ਨਾਗਰਿਕ ਵੀ ਪੈਦਾ ਕਰ ਸਕਦੇ ਹਨ। ਨਾਂਹ-ਪੱਖੀ ਸੋਚ ਵਾਲਾ ਵਿਅਕਤੀ ਜਥੇਬੰਦੀ ਦਾ ਕਾਰਜ ਵੀ ਬਹੁਤਾ ਨਹੀਂ ਕਰ ਸਕਦਾ। ਇਹ ਸੋਚ ਮਨੁੱਖ ਦੀ ਦੁਸ਼ਮਣ ਹੈ, ਜਿਸ ਨੂੰ ਦੂਰ ਕਰਨ ਲਈ ਮਿਹਨਤੀ, ਸਾਫ ਅਕਸ ਵਾਲੇ ਅਤੇ ਆਗਾਂਹ ਵਧੂ ਲੋਕਾਂ ਨਾਲ ਮਿਲਵਰਤਨ ਰਖਣਾ ਚਾਹੀਦਾ ਹੈ, ਤੇ ਸਮਾਜਕ ਜਾਂ ਘਰੇਲੂ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹਿਣਾ ਚਾਹੀਦਾ ਹੈ।