ਪੰਜਾਬ ਦੇ ਸਰਹੱਦੀ ਲੋਕ ਮੋਦੀ ਦੀ ਜੰਗ ਵਾਲੀ ਨੀਤੀ ਤੋਂ ਔਖੇ

ਗੁਰਦਾਸਪੁਰ: ਪਾਕਿਸਤਾਨ ਦੀ ਸਰਹੱਦ ਤੋਂ ਕੇਵਲ ਡੇਢ ਤੋਂ ਲੈ ਕੇ ਦਸ ਕਿਲੋਮੀਟਰ ਦੂਰੀ ‘ਤੇ ਵਸੇ ਪੰਜਾਬ ਦੇ ਪਿੰਡਾਂ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਆਂਢੀ ਦੇਸ਼ ਨਾਲ ਤਿੱਖੇ ਤਣਾਅ ਦੀ ਨੀਤੀ ਦੇ ਸਖਤ ਵਿਰੋਧ ‘ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1965 ਅਤੇ 1971 ਦੀਆਂ ਜੰਗਾਂ ਦੌਰਾਨ ਬਰਬਾਦੀ ਦੇਖੀ ਹੈ ਤੇ ਉਹ ਹੋਰ ਜੰਗ ਦੇਖਣ ਦੇ ਹੱਕ ਵਿਚ ਨਹੀਂ ਹਨ, ਪਰ ਕਸਬਿਆਂ ਦੇ ਘੱਟ ਗਿਣਤੀ ਅਨੇਕਾਂ ਵਿਅਕਤੀ ਉਨ੍ਹਾਂ ਦੀ ਇਸ ਨੀਤੀ ਦੀ ਹਮਾਇਤ ਵੀ ਕਰਦੇ ਹਨ।

ਕੌਮਾਂਤਰੀ ਸਰਹੱਦ ਤੋਂ ਕੇਵਲ ਡੇਢ, ਦੋ ਕਿਲੋਮੀਟਰ ਦੀ ਦੂਰੀ ਤੇ ਵਸੇ ਰੱਤੜ ਛੱਤੜ ਪਿੰਡ ਦੀ ਸਾਬਕਾ ਸਰਪੰਚ ਪ੍ਰੀਤਮ ਕੌਰ ਨੇ ਕਿਹਾ ਕਿ ਉਸ ਨੇ 1971 ਦੀ ਜੰਗ ਸਮੇਂ ਆਪਣੇ ਪਿੰਡ ‘ਤੇ ਡਿੱਗੇ ਕਈ ਬੰਬ ਦੇਖੇ ਹਨ ਤੇ ਉਨ੍ਹਾਂ ਦਿਨਾਂ ਵਿਚ ਸ਼ਾਮਾਂ ਪੈਂਦਿਆਂ ਹੀ ਘਰਾਂ ਵਿਚ ਚਾਨਣ ਤੱਕ ਨਹੀਂ ਸੀ ਕਰ ਸਕਦੇ। ਜੰਗ ਦਾ ਖੌਫ ਵੱਖਰਾ ਸੀ ਪਤਾ ਨਹੀਂ ਕਿਹੜੇ ਵੇਲੇ ਜਾਨ ਨਿਕਲ ਜਾਣੀ ਹੈ ਤੇ ਛੋਟੇ ਛੋਟੇ ਬਾਲਾਂ ਨਾਲ ਜ਼ਿੰਦਗੀ ਬਸਰ ਕਰਨੀ ਨਰਕ ਬਣ ਗਈ ਸੀ। ਇਸ ਲਈ ਉਹ ਤਾਂ ਜੰਗ ਦਾ ਨਾਂ ਨਹੀਂ ਸੁਣਨਾ ਚਾਹੁੰਦੇ ਤੇ ਜੇ ਕੋਈ ਜੰਗ ਲਾਉਂਦਾ ਹੈ ਤਾਂ ਬੰਬ ਉਸ ‘ਤੇ ਹੀ ਵੱਜਣੇ ਚਾਹੀਦੇ ਹਨ।
ਸਾਬਕਾ ਸੂਬੇਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਲੋਕ ਬਿਲਕੁਲ ਜੰਗ ਨਹੀਂ ਚਾਹੁੰਦੇ। ਲੜਾਈ ਵਾਲੇ ਮਾਹੌਲ ਦੀ ਜਦੋਂ ਕਦੇ ਵੀ ਚਰਚਾ ਹੁੰਦੀ ਹੈ ਤਾਂ ਉਸ ਨੂੰ 1971 ਦੀ ਜੰਗ ਯਾਦ ਆ ਜਾਂਦੀ ਹੈ, ਉਸ ਵੇਲੇ ਉਹ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਨੇ ਦੱਸਿਆ ਕਿ ਉਸ ਨੇ ਤਕਰੀਬਨ ਦੋ ਘੰਟੇ ਬੰਬ ਆਪਣੇ ਪਿੰਡ ਤੇ ਆਸ ਪਾਸੇ ਦੇ ਇਲਾਕੇ ਵਿਚ ਡਿੱਗੇ ਦੇਖੇ ਸਨ ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਬੰਬ ਚੱਲੇ ਨਹੀਂ ਸਨ ਤੇ ਇਸ ਕਰਕੇ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਸਮੇਤ ਪਿੰਡ ਦੇ ਬਹੁ-ਗਿਣਤੀ ਲੋਕ ਕਾਂਗਰਸ ਨੂੰ ਵੋਟਾਂ ਪਾਉਣਗੇ।
ਇਸ ਪਿੰਡ ਤੋਂ ਥੋੜ੍ਹੀ ਦੂਰੀ ‘ਤੇ ਪੈਂਦੇ ਖੋਜੇਬੇਟ ਦੇ ਵਾਸੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵਰ੍ਹਿਆਂ ਤੋਂ ਅਕਾਲੀ ਸੀ ਪਰ ਪਿੰਡ ਵਿਚ ਦਿਨ ਦੀਵੀਂ ਹੁੰਦੀ ਚਿੱਟੇ ਦੀ ਸਪਲਾਈ ਦੇ ਦੁੱਖੋਂ ਪਰਿਵਾਰ ਵਿਚ ਕਲੇਸ਼ ਪੈ ਗਿਆ ਸੀ ਤੇ ਪਰਿਵਾਰ ਦੀਆਂ ਔਰਤਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੈਸਲਾ ਕਰ ਲਿਆ ਕਿ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਉਣਗੀਆਂ ਤੇ ਅਖੀਰ ਸਾਡੇ ਪਰਿਵਾਰ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਪਿੰਡ ਤੇ ਇਲਾਕੇ ਵਿਚ ਅਕਾਲੀ ਦਲ ਦੀ ਸਥਿਤੀ ਬਾਰੇ ਪੁੱਛੇ ਜਾਣ ਤੇ ਉਸ ਨੇ ਕਿਹਾ ਕਿ ਅਕਾਲੀਆਂ ਨੂੰ ‘ਉਜਾੜਾ’ ਪੈ ਗਿਆ ਹੈ ਤੇ ਹਲਕੇ ਵਿਚ ਅਕਾਲੀ ਵਰਕਰਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ। ਉਸ ਨੇ ਦੱਸਿਆ ਕਿ ਸਰਕਾਰ ਬਦਲਣ ਪਿੱਛੋਂ ਪਿੰਡ ਦੇ ਨੌਜਵਾਨਾਂ ਨੇ ਨਸ਼ਾ ਛੱਡ ਦਿੱਤਾ ਹੈ ਤੇ ਨਸ਼ਾ ਛੁਡਾਊ ਅੰਗਰੇਜ਼ੀ ਦਵਾਈ ਲੈਂਦੇ ਹਨ। ਉਸ ਨੇ ਕਿਹਾ ਕਿ ਮੰਤਰੀ ਰੰਧਾਵਾ ਆਪਣੇ ਹਲਕੇ ਵਿਚ ਚਿੱਟੇ ਦੀ ਸਪਲਾਈ ਦੇ ਸਖਤ ਖਿਲਾਫ ਹੈ ਤੇ ਇਸ ਕਰਕੇ ਚਿੱਟੇ ਦੀ ਸਪਲਾਈ ਬੰਦ ਹੋ ਗਈ ਹੈ।
ਸਰਹੱਦੀ ਪਿੰਡਾਂ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਕਾਫੀ ਅਹਿਮ ਹੈ ਤੇ ਲੋਕ ਚਾਹੁੰਦੇ ਹਨ ਕਿ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ। ਇਸ ਕਰਕੇ ਉਹ ਕੈਪਟਨ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਹਕੀਕੀ ਰੂਪ ਵਿਚ ਲਾਗੂ ਕੀਤੇ ਜਾਣ ਦੀ ਉਡੀਕ ਵਿਚ ਹਨ। ਪਠਾਨਕੋਟ ਸ਼ਹਿਰ ਦੇ ਕੁਝ ਵਿਅਕਤੀਆਂ ਨਾਲ ਵੋਟਾਂ ਦੀ ਗੱਲ ਕਰਦਿਆਂ ਪਾਕਿਸਤਾਨ ਨਾਲ ਸਖਤ ਨੀਤੀ ਅਪਣਾਉਣ ਦੀ ਚਰਚਾ ਹੋਈ ਤਾਂ ਉਨ੍ਹਾਂ ਨੇ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਹਮਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਹੀ ਕੰਮ ਕੀਤਾ ਹੈ। ਵੋਟਾਂ ਦੇ ਮੁੱਦੇ ‘ਤੇ ਉਨ੍ਹਾਂ ਦਾ ਝੁਕਾਅ ਭਾਜਪਾ ਵੱਲ ਸੀ।