ਕਰਤਾਰਪੁਰੀ ਲਾਂਘਾ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਪੁਰਾਣੇ ਸਮਿਆਂ ਵਿਚ ਦਰਿਆਵਾਂ ਦੇ ਆਰ ਪਾਰ ਜਾਣ ਆਉਣ ਲਈ ਪੱਤਣ ਹੁੰਦੇ ਸਨ, ਜੋ ਕਾਫੀ ਵੱਡੇ ਖੇਤਰ ਤੱਕ ਫੈਲੇ ਹੁੰਦੇ ਸਨ। ਦੂਰ ਦੇ ਲੋਕਾਂ ਨੂੰ ਪੱਕਾ ਪਤਾ ਨਹੀਂ ਸੀ ਹੁੰਦਾ ਕਿ ਅਸਲ ਲਾਂਘਾ ਕਿੱਥੇ ਹੈ? ਲਾਂਘੇ ਵਾਲੀ ਥਾਂ ਜਾਣਕਾਰ ਲੋਕ ਕੋਈ ਨਿਸ਼ਾਨੀ ਗੱਡ ਦਿੰਦੇ ਸਨ, ਜਿਸ ਨੂੰ ਦੇਖ ਕੇ ਅਣਜਾਣ ਲੋਕ ਵੀ ਦਰਿਆ ਪਾਰ ਕਰ ਜਾਂਦੇ ਸਨ।
ਭੱਟ ਸਾਹਿਬਾਨ ਨੇ ਤੀਜੇ ਪਾਤਸ਼ਾਹ ਨੂੰ ਬੈਕੁੰਠ ਜਾਣ ਵਾਲੇ ਪੁਲ ‘ਤੇ ਗੱਡਿਆ ਨਿਸ਼ਾਨ ‘ਸੇਤਿ ਬੈਕੁੰਠ ਬੀਣਾ’ ਆਖਿਆ ਹੈ। ਬਾਣੀ ਵਿਚ ਨਾਮ ਨੂੰ ਵੀ ਭਵਜਲ ਦਾ ਪੁਲ ਕਿਹਾ ਗਿਆ ਹੈ, “ਭਵਜਲੁ ਸਾਇਰੁ ਸੇਤੁ॥”

ਅੱਜ ਕਲ ਦੇਸ਼ਾਂ ਵਿਚਾਲੇ ਖਿੱਚੀਆਂ ਤੇ ਤਣੀਆਂ ਹੱਦਾਂ ਸਰਹੱਦਾਂ ਵਿਚ ਲਾਂਘੇ ਹੁੰਦੇ ਹਨ। ਇੱਥੋਂ ਦੋ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਮਿਲ-ਜੁਲ ਸਕਦੇ ਹਨ ਅਤੇ ਕੁਝ ਦੇ-ਲੈ ਸਕਦੇ ਹਨ।
1947 ਵਿਚ ਭਾਰਤ ਦੀ ਵੰਡ ਪਿਛੋਂ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੇ ਖੁੱਲ੍ਹੇ ਤੇ ਬੇਰੋਕ ਦਰਸ਼ਨ ਦੀਦਾਰ ਲਈ ਭਾਰਤ ਵਿਚ ਵੱਸਦੇ ਲੋਕਾਂ ਦੇ ਮਨਾਂ ਵਿਚ ਇਕ ਟੀਸ ਉਠਦੀ ਰਹੀ ਹੈ, ਜੋ ਸਾਡੀ ਰੋਜਾਨਾ ਅਰਦਾਸ ਦਾ ਹਿੱਸਾ ਬਣ ਗਈ।
ਬੇਸ਼ੱਕ ਇਹ ਅਸੰਭਵ ਨਹੀਂ, ਮੁਸ਼ਕਿਲ ਹੈ, ਪਰ ਜਿਥੇ ਕਈ ਮੁਲਕਾਂ ‘ਚ ਨਵੀਂਆਂ ਦੀਵਾਰਾਂ ਬਣੀਆਂ ਹਨ, ਉਥੇ ਕਈ ਮੁਲਕਾਂ ‘ਚ ਪੁਰਾਣੀਆਂ ਦੀਵਾਰਾਂ ਢਹੀਆਂ ਵੀ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, “ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥” ਗੁਰੂ ਨਾਨਕ ਦੇ ਦੁਆਰ ਦੇ ਰਾਹ ਵਿਚ ਬਣੀ ਕਿਸੇ ਤਰ੍ਹਾਂ ਦੀ ਰੁਕਾਵਟ ਕਿਸੇ ਦੇ ਮਨ ਨੂੰ ਵੀ ਨਹੀਂ ਭਾਉਂਦੀ। ਇਸ ਰੁਕਾਵਟ ਦਾ ਹਟਣਾ ਭਾਰਤ ਵਿਚ ਵੱਸਦੇ ਨਾਨਕ ਨਾਮ ਲੇਵਾ ਲੋਕਾਂ ਦੀ ਚਿਰੋਕਣੀ ਰੀਝ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਤੇ ਤਣੀ ਦੀਵਾਰ ਵਿਚੋਂ ਭਾਰਤੀ ਲੋਕਾਂ ਨੂੰ ਲਾਂਘੇ ਦੇ ਰੂਪ ਵਿਚ ਤੋਹਫਾ ਮਿਲਿਆ ਹੈ। ਹੁਣ ਉਹ ਅਰਾਮ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਿਆ ਕਰਨਗੇ।
ਇਸ ਪਵਿੱਤਰ ਤੇ ਇਤਿਹਾਸਕ ਤੋਹਫੇ ਦੇ ਉਦਘਾਟਨੀ ਸਮਾਰੋਹ ਸਮੇਂ ਭਾਰਤ ਵਾਲੇ ਪਾਸੇ ਉਮੀਦ ਸੀ ਕਿ ਤਮਾਮ ਸਿਆਸਤ ਪਾਸੇ ਛੱਡ ਕੇ ਭਾਵਨਾਤਮਕਤਾ ਏਕਤਾ ਪ੍ਰਗਟਾਈ ਜਾਵੇਗੀ, ਪਰ ਭਾਰਤ ਵਾਲੇ ਸਮਾਗਮ ਵਿਚ ਹਰ ਤਰ੍ਹਾਂ ਦੇ ਸ਼ਿਸ਼ਟਾਚਾਰ, ਸ਼ਰਧਾ ਸਤਿਕਾਰ ਅਤੇ ਭਾਵਨਾਤਮਕ ਪਵਿੱਤਰਤਾ ਨੂੰ ਬੁਰੇ ਦੀ ਹੱਦ ਤੱਕ ਇੱਕ ਪਾਸੇ ਰੱਖ ਕੇ ਮਾਨਸਿਕ ਦੁਸ਼ਟਤਾ ਦਾ ਨੰਗਾ ਨਾਚ ਕੀਤਾ ਗਿਆ, ਜੋ ਦੇਖ-ਸੁਣ ਕੇ ਸ਼ਰਧਾਲੂਆਂ ਦੇ ਸਿਰ ਸ਼ਰਮ ਨਾਲ ਝੁਕ ਗਏ।
ਇਸ ਦੇ ਉਲਟ ਪਾਕਿਸਤਾਨ ਵਾਲੇ ਪਾਸੇ ਹੋਏ ਸਮਾਗਮ ਨੇ ਸਾਨੂੰ ਹੋਰ ਸ਼ਰਮਸ਼ਾਰ ਕਰ ਦਿੱਤਾ ਹੈ। ਕਿਸੇ ਬੱਜਰ ਗੁਨਾਹ ਕਰ ਕੇ ਨਹੀਂ ਸਗੋਂ ਇਸ ਲਈ ਕਿ ਉਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਡੇ ਤੋਂ ਕਿਤੇ ਵੱਧ ਬਿਹਤਰ, ਢੁਕਵੇਂ ਅਤੇ ਫੱਬਵੇਂ ਅੰਦਾਜ਼ ਵਿਚ ਅਕੀਦਤ ਪੇਸ਼ ਕੀਤੀ।
ਉਸ ਸਮੇਂ ਸਾਬਕਾ ‘ਪੰਜਾਬ’ ਦੀ ਨੂੰਹ ਰਾਣੀ ‘ਬੀਬੀ’ ਨੇ ਆਪਣੀ ਅੱਜ ਤੱਕ ਦੀ ਸਭ ਤੋਂ ਭੈੜੀ ਤਕਰੀਰ ਕੀਤੀ ਅਤੇ ਨਵਜੋਤ ਸਿੰਘ ਨੇ ਆਪਣੀ ਅੱਜ ਤੱਕ ਦੀ ਸਭ ਤੋਂ ਵਧੀਆ ਤਕਰੀਰ ਕੀਤੀ। ਨੂੰਹ ਰਾਣੀ ‘ਬੀਬੀ’ ਤੇ ਨਵਜੋਤ ਸਿੰਘ ਦੇ ਅੰਦਾਜ਼ ਵਿਚ ਫਰਸ਼ ਤੇ ਅਰਸ਼ ਜਿੰਨਾ ਫਰਕ ਸੀ। ‘ਬੀਬੀ’ ਨੇ ਵਾਹਿਗੁਰੂ ਨੂੰ ‘ਵਾਹਿਗੁਰੀ’ ਆਖ ਕੇ ਸਬੂਤ ਦਿੱਤਾ ਜਿਵੇਂ ਉਸ ਨੇ ਘਰੇ ਕਦੇ ਵਾਹਿਗੁਰੂ ਵੀ ਨਾ ਕਦੀ ਕਿਹਾ ਹੋਵੇ ਤੇ ਨਾ ਸੁਣਿਆ ਹੋਵੇ।
ਸਿਤਮ ਖੁਦਾ ਦਾ! ਯਾਰੋ, ਬਾਣੀ ਦੀ ਇੱਕ ਵੀ ਤੁਕ ਦਰੁਸਤ ਨਾ ਬੋਲ ਸਕੀ ਉਹ! ਲਾਹੌਲ ਵਿਲਾ ਕੁਵਤ! ਵਜ਼ੀਰੇ-ਆਜ਼ਮ ਨੂੰ ਵਾਰ ਵਾਰ ‘ਵਜ਼ੀਰੇ-ਆਲਮ’ ਆਖਣਾ ਤਾਂ ਉਸ ਦੀ ਨਾਲਾਇਕੀ ਦਾ ਸਿਰੇ ਦਾ ਸਬੂਤ ਸਾਬਤ ਹੋਇਆ। ਸ਼ੁਕਰ ਹੈ, ਕਿਤੇ ਉਸ ਨੇ ‘ਵਜ਼ੀਰੇ-ਸਾਲਮ’ ਨ੍ਹੀਂ ਕਹਿ ਦਿੱਤਾ; ਤਾਂ ਉਸ ਦਾ ਕੋਈ ਕੀ ਵਿਗਾੜ ਸਕਦਾ ਸੀ! ਪਾਕਿਸਤਾਨ ਤੋਂ ਲਿਆਂਦੀ ਮਿੱਟੀ ਨੂੰ ‘ਪਰਸ਼ਾਦਾ’ ਕਹਿਣ ਤੱਕ ਚਲੀ ਗਈ। ਸੁਣਿਆ ਹੈ, ਅੱਧਜਲ ਗਗਰੀ ਛਲਕਦੀ ਹੈ; ਪਰ ਖਾਲੀ ਘਰੋਟੀ ਤਾਂ ਸਿਰਫ ਖੜਕਦੀ ਹੈ; ਛਲਕਣ ਲਈ ਕੁਝ ਤਾਂ ਪਾਣੀ ਹੋਵੇ!
ਵਾਹ! ਹੈਰਾਨੀ ਹੁੰਦੀ ਹੈ ਕਿ ਅਜਿਹੇ ਨਾਲਾਇਕ ਲੋਕ ਇੰਨੇ ਉਚੇ ਅਹੁਦੇ ‘ਤੇ ਪੁੱਜ ਕਿਵੇਂ ਜਾਂਦੇ ਹਨ ਅਤੇ ਫਿਰ ਟਿਕੇ ਕਿਵੇਂ ਰਹਿੰਦੇ ਹਨ? ਕੋਈ ਤਾਂ ਰਾਜ ਹੋਵੇਗਾ, ਜੋ ਅਸੀਂ ਜਾਣ ਨਹੀਂ ਸਕਦੇ, ਕੇਵਲ ਕਿਆਸ ਕਰ ਸਕਦੇ ਹਾਂ।
ਦੂਜੇ ਪਾਸੇ ਨਵਜੋਤ ਸਿੰਘ ਨੇ ਭਾਸ਼ਣ ਕਲਾ, ਕਾਵਿ ਮੁਹਾਰਤ ਅਤੇ ਅਕੀਦਤ ਦੀ ਪਾਕੀਜ਼ਗੀ ਦਾ ਬੇਜੋੜ ਅਤੇ ਆਹਲਾ ਸਬੂਤ ਦਿੱਤਾ। ਇਹ ਬੇਹੱਦ ਤਸੱਲੀਬਖਸ਼ ਹੈ। ਨਵਜੋਤ ਸਿੰਘ ਨੇ ਆਪਣਾ ਅਕਸ ਬੇਹੱਦ ਸੁਲਝੇ ਹੋਏ, ਸਿਆਣੇ ਅਤੇ ਨਿਮਰ ਇਨਸਾਨ ਵਾਲਾ ਬਣਾ ਲਿਆ ਹੈ, ਜਿਸ ਦਾ ਉਸ ਨੂੰ ਹਰ ਹਾਲ ਇਵਜ਼ ਵੀ ਮਿਲੇਗਾ।
“ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰ॥”