ਕੁਰਸੀ ਵਾਸਤੇ ਧਰਮ ਨੂੰ ਵਰਤਣੇ ਦਾ, ਚੰਗਾ ਹਾਕਮਾਂ ਵਾਲਾ ਕਿਰਦਾਰ ਨਾਹੀਂ।
ਫਲ ਭੁਗਤੇ ‘ਕਾਲੀ’ ਬੇਅਦਬੀਆਂ ਦਾ, ਏਨੀ ਕਿਸੇ ਨੂੰ ਪਈ ਫਿਟਕਾਰ ਨਾਹੀਂ।
ਬੱਝੀ ਆਸ ਹੈ ‘ਕੁਝ’ ਪੰਜਾਬੀਆਂ ਨੂੰ, ਸ਼ਾਇਦ ਰਾਜਾ ਜੀ ਕਰਨ ਲਾਚਾਰ ਨਾਹੀਂ।
ਪਾਣੀ ਵਿਚ ਮਧਾਣੀ ਜੇ ਪਾਈ ਜਾਣੀ, ਕੈਪਟਨ ਸਾਬ੍ਹ ਲਈ ਸਹੀ ਵਿਹਾਰ ਨਾਹੀਂ।
ਸਿੱਟਾ ਕੱਢ ਕੇ ‘ਸਿਟ’ ਨੇ ਸਿੱਟਿਆ ਨਾ, ਜੇਲ੍ਹ ਵਿਚ ਜੇ ਕੋਈ ਗੁਨਹਗਾਰ ਨਾਹੀਂ।
ਦੇਖ ਲੈਣਾ ਫਿਰ ‘ਬਾਈ’ ਦੀ ਚੋਣ ਵੇਲੇ, ਰਹਿਣੀ ਮੋਤੀਆਂ ਵਾਲੀ ਸਰਕਾਰ ਨਾਹੀਂ!