-ਜਤਿੰਦਰ ਪਨੂੰ
ਆਹ ਹਫਤਾ ਬੀਤ ਜਾਣ ਦੇ ਨਾਲ ਹੀ ਨਰਿੰਦਰ ਮੋਦੀ ਸਰਕਾਰ ਦੇ ਸਹੀ ਮਾਅਨਿਆਂ ਵਿਚ ਸਾਢੇ ਚਾਰ ਸਾਲ ਬੀਤ ਜਾਣੇ ਹਨ। ਇਸ ਸਰਕਾਰ ਲਈ ਬਾਕੀ ਸਿਰਫ ਛੇ ਮਹੀਨੇ ਦਾ ਸਮਾਂ ਰਹਿੰਦਾ ਹੈ ਤੇ ਇਸ ਵਿਚੋਂ ਆਖਰੀ ਦੋ ਮਹੀਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਵੰਡਵੀਆਂ ਚੋਣ-ਤਰੀਕਾਂ ਨੇ ਖਾ ਲੈਣੇ ਹਨ। ਅਮਲ ਵਿਚ ਸਿਰਫ ਚਾਰ ਮਹੀਨੇ ਬਾਕੀ ਹਨ। ਇਸ ਦੇਸ਼ ਦੇ ਲੋਕਾਂ ਨੇ ਅਗਲਾ ਸਾਲ ਚੜ੍ਹਦੇ ਸਾਰ ਆਪਣਾ ਭਵਿੱਖ ਸਿਰਜਣ ਲਈ ਇੱਕ ਇਮਤਿਹਾਨ ਦੇਣਾ ਹੈ।
ਕਿਸੇ ਵੀ ਤਰ੍ਹਾਂ ਦਾ ਇਮਤਿਹਾਨ ਹੋਵੇ, ਉਸ ਦੀ ਅਹਿਮੀਅਤ ਘੱਟ ਨਹੀਂ ਸਮਝਣੀ ਚਾਹੀਦੀ ਤੇ ਜਦੋਂ ਇਮਤਿਹਾਨ ਆਪਣੇ ਨਾਲ ਆਪਣੀ ਅਗਲੀ ਪੀੜ੍ਹੀ ਦੇ ਨਸੀਬੇ ਨੂੰ ਡੌਲਣ ਵਾਲਾ ਹੋਵੇ ਤਾਂ ਇਸ ਗੰਭੀਰਤਾ ਨੂੰ ਹੋਰ ਵੱਧ ਸਮਝਣਾ ਚਾਹੀਦਾ ਹੈ। ਭਾਰਤ ਦੇ ਲੋਕ ਇਸ ਪੱਖੋਂ ਅਵੇਸਲੇ ਹਨ। ਉਹ ਅੱਜ ਤੱਕ ਚੋਣਾਂ ਨੂੰ ਸਿਰਫ ਲੀਡਰ ਦੀ ਚੋਣ ਦਾ ਦਿਨ ਮੰਨ ਰਹੇ ਹਨ। ਆਪਣੇ ਭਵਿੱਖ ਨੂੰ ਡੌਲਣ ਦਾ ਦਿਨ ਉਨ੍ਹਾਂ ਨੇ ਕਦੇ ਮੰਨਿਆ ਨਹੀਂ ਤੇ ਇਸੇ ਕਰ ਕੇ ਯੋਗ ਸਿੱਟੇ ਵੀ ਨਹੀਂ ਨਿਕਲਦੇ ਰਹੇ। ਇਸ ਵਾਰ ਜਦੋਂ ਫਿਰ ਇੱਕ ਮੌਕਾ ਮਿਲਣ ਦੀ ਘੜੀ ਨੇੜੇ ਆਈ ਜਾਂਦੀ ਹੈ ਤਾਂ ਇਸ ਮੁਸ਼ਕਿਲ ਇਮਤਿਹਾਨ ਦੇ ਮੁੱਖ ਮੁੱਦਿਆਂ ਬਾਰੇ ਮੈਂ ਕਿਸੇ ਹੋਰ ਨਾਲ ਨਹੀਂ, ਆਪਣੇ ਮਨ ਨਾਲ ਕੁਝ ਸੋਚਾਂ ਦਾ ਵਟਾਂਦਰਾ ਕਰਨ ਦਾ ਯਤਨ ਕੀਤਾ ਹੈ।
ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਸਾਡੇ ਲੋਕ ਵੋਟਾਂ ਨਾਲ ਆਪਣੇ ਪ੍ਰਤੀਨਿਧ ਚੁਣਦੇ ਅਤੇ ਸਰਕਾਰਾਂ ਸਿਰਜਦੇ ਆਏ ਹਨ, ਪਰ ਆਗੂ ਚੁਣਨ ਦਾ ਕੰਮ ਉਨ੍ਹਾਂ ਦੀ ਵੋਟਾਂ ਪਾਉਣ ਵਾਲੀ ਰਵਾਇਤ ਨੂੰ ਕਾਨੂੰਨੀ ਰੂਪ ਮਿਲਣ ਤੋਂ ਪਹਿਲਾਂ ਵੀ ਹੁੰਦਾ ਸੀ। ਲਸ਼ਕਰ ਚੜ੍ਹਿਆ ਕਰਦੇ ਸਨ, ਕਿਸੇ ਕੋਲੋਂ ਵੋਟਾਂ ਨਾਲ ਅਗਵਾਈ ਕਰਨ ਲਈ ਹੱਕ ਨਹੀਂ ਸੀ ਮੰਗਿਆ ਜਾਂਦਾ, ਆਪਣੀਆਂ ਬਾਂਹਾਂ ਦੇ ਜ਼ੋਰ ਨਾਲ ਇਹ ਹੱਕ ਲੈ ਲਿਆ ਜਾਂਦਾ ਸੀ ਤੇ ਜਿਸ ਪਿੱਛੇ ਵੱਧ ਲੋਕ ਮਰਨ ਤੇ ਮਾਰਨ ਲਈ ਤਿਆਰ ਹੁੰਦੇ ਸਨ, ਆਪਣੇ ਭਾਈਚਾਰੇ ਦਾ ਆਗੂ ਉਹ ਮੰਨਿਆ ਜਾਂਦਾ ਸੀ। ਅੱਜ ਲਸ਼ਕਰਾਂ ਦਾ ਜ਼ਮਾਨਾ ਨਹੀਂ, ਫਿਰ ਵੀ ਆਮ ਲੋਕਾਂ ਕੋਲੋਂ ਵੋਟਾਂ ਰਾਹੀਂ ਅਗਵਾਈ ਕਰਨ ਦਾ ਹੱਕ ਲੈਣ ਦੇ ਚਾਹਵਾਨ ਧੜਵੈਲ ਆਪਣੇ ਅਣ-ਐਲਾਨੇ ਲਸ਼ਕਰਾਂ ਨੂੰ ਵੀ ਵਰਤਦੇ ਤੇ ਸਾਮ-ਦਾਮ-ਦੰਡ-ਭੇਦ ਦੇ ਪੁਰਾਣੇ ਫਾਰਮੂਲੇ ਵੀ ਅਜਮਾਉਂਦੇ ਨਜ਼ਰ ਆਉਂਦੇ ਹਨ।
ਅਸੀਂ ਸਾਰੇ ਲੋਕ ਇਸ ਮਾਹੌਲ ਦੀ ਨਿੰਦਾ ਕਰ ਸਕਦੇ ਹਾਂ, ਇਸ ਨਿੰਦਾ ਦਾ ਇੱਕ ਮਿਥੀ ਹੱਦ ਤੱਕ ਹੱਕ ਵੀ ਸਾਨੂੰ ਅਜੋਕੇ ਪ੍ਰਬੰਧ ਨੇ ਦਿੱਤਾ ਹੈ, ਪਰ ਏਦਾਂ ਦੀ ਨਿੰਦਾ ਜਾਂ ਆਲੋਚਨਾ ਜ਼ਰਾ ਤਿੱਖੀ ਹੋ ਜਾਵੇ ਤਾਂ ਸਿਸਟਮ ਦੀ ਨੁਕਤਾਚੀਨੀ ਕਰਨ ਵਾਲੇ ਨੂੰ ਪਹਿਲਾਂ ‘ਸਮਝਾਉਣ’ ਦੇ ਯਤਨ ਹੁੰਦੇ ਹਨ, ਫਿਰ ਕੁਝ ਲਾਲੀਪਾਪ ਪਰੋਸੇ ਜਾਂਦੇ ਹਨ ਤੇ ਅੰਤ ਵਿਚ ਮਰਨ-ਮਾਰਨ ਵਾਲੇ ਬੰਦੇ ਭੇਜੇ ਜਾਂਦੇ ਹਨ। ਇਹ ਕੰਮ ਕਿਸੇ ਵੀ ਧਿਰ ਦੇ ਆਗੂ ਕਰ ਸਕਦੇ ਹਨ। ਤਾਕਤ ਨਸੀਬ ਹੋਵੇ ਤਾਂ ਘੱਟ ਕੋਈ ਵੀ ਨਹੀਂ ਕਰਦਾ। ਲੋਕਤੰਤਰ ਵਿਖਾਵੇ ਦੀ ਤਖਤੀ ਬਣ ਕੇ ਰਹਿ ਜਾਂਦਾ ਹੈ ਤੇ ਰਾਜਤੰਤਰ ਤੋਂ ਲੈ ਕੇ ਫਾਸਿਜ਼ਮ ਤੱਕ ਸਭ ਹਰਬੇ ਵਰਤੇ ਜਾ ਸਕਦੇ ਹਨ।
ਸਾਡੇ ਸਾਹਮਣੇ ਜਿਹੋ ਜਿਹੇ ਹਾਲਾਤ ਹਨ, ਉਨ੍ਹਾਂ ਵਿਚ ਜਦੋਂ ਨਵੇਂ ਸਾਲ ਵਿਚ ਫਿਰ ਸਾਡੇ ਅੱਗੇ ਇਮਤਿਹਾਨ ਲਈ ਇੱਕ ਮੌਕਾ ਪੇਸ਼ ਹੋਣਾ ਹੈ, ਲੋਕ ਅਕਸਰ ਇਹ ਪੁੱਛ ਲੈਂਦੇ ਹਨ ਕਿ ਅਗਲੀ ਵਾਰ ਵੋਟ ਕਿੱਧਰ ਪਾਈ ਜਾਵੇ? ਅਸੀਂ ਸਲਾਹਾਂ ਦੇਣ ਵਾਲੇ ਭਾਵੇਂ ਨਹੀਂ, ਪਰ ਅਕਸਰ ਵੇਖਿਆ ਹੈ ਕਿ ਜੋ ਸਲਾਹਾਂ ਦੇਣ ਵਾਲੇ ਨਹੀਂ ਹੁੰਦੇ, ਉਨ੍ਹਾਂ ਕੋਲੋਂ ਵੀ ਲੋਕ ਬਹਾਨੇ ਨਾਲ ਕੁਝ ਨਾ ਕੁਝ ਅਖਵਾਉਣ ਦਾ ਯਤਨ ਕਰਦੇ ਹਨ ਤੇ ਕਈ ਵਾਰੀ ਮੂੰਹੋਂ ਕੁਝ ਨਿਕਲ ਵੀ ਜਾਂਦਾ ਹੈ। ਇਸ ਇਮਤਿਹਾਨ ਦੀ ਘੜੀ ਫਿਰ ਕਈ ਲੋਕ ਪੁੱਛੀ ਜਾਂਦੇ ਹਨ। ਸਵਾਲ ਔਖਾ ਹੈ ਅਤੇ ਜਵਾਬ ਜੇ ਸਹੀ ਦੇਣਾ ਹੈ ਤਾਂ ਸੁਖਾਵਾਂ ਨਹੀਂ। ਇਸ ਦੀ ਚਰਚਾ ਕਰਨ ਲਈ ਸਾਨੂੰ ਪਹਿਲਾਂ ਇਤਿਹਾਸ ਦੇ ਸਫਿਆਂ ਉਤੇ ਝਾਤੀ ਮਾਰਨ ਦੀ ਲੋੜ ਪੈ ਜਾਂਦੀ ਹੈ।
ਇੱਕ ਵਾਰੀ ਇੱਕ ਮੇਲੇ ਵਿਚ ਜੀਵ-ਜੰਤੂਆਂ ਦਾ ਵਪਾਰੀ ਅਠੂੰਹੇਂ ਵੇਚਣ ਵਾਸਤੇ ਦੁਕਾਨ ਸਜਾਈ ਬੈਠਾ ਸੀ, ਕਿਸੇ ਗਾਹਕ ਨੇ ਪੁੱਛ ਲਿਆ ਕਿ ਇਨ੍ਹਾਂ ਵਿਚੋਂ ਵੱਧ ਜ਼ਹਿਰੀਲਾ ਕਿਹੜਾ ਹੈ? ਵਪਾਰੀ ਦਾ ਜਵਾਬ ਸੀ, ਕਿਸੇ ਇੱਕ ਦੀ ਪੂਛ ਨੂੰ ਹੱਥ ਲਾ ਕੇ ਵੇਖ ਲੈ, ਡੰਗ ਸਾਰਿਆਂ ਦਾ ਚੀਕਾਂ ਕਢਾਉਣ ਵਾਲਾ ਹੁੰਦਾ ਹੈ। ਸਿਆਸੀ ਮੈਦਾਨ ਦੇ ਚੋਣ-ਨਿਸ਼ਾਨ ਵੱਖੋ-ਵੱਖਰੇ ਹੋਣਗੇ, ਜੋ ਧਿਰਾਂ ਇਸ ਵੇਲੇ ਰਾਜ ਲੈਣ ਜਾਂ ਰਾਜ ਬਚਾਉਣ ਦੀ ਜੰਗ ਲੜ ਰਹੀਆਂ ਹਨ, ਰਾਜ ਕਰਨ ਦਾ ਮੌਕਾ ਮਿਲਦੇ ਸਾਰ ਇਨ੍ਹਾਂ ਵਿਚੋਂ ਕਿਸੇ ਨੇ ਵੀ ਪਿਛਲੇ ਸਮੇਂ ਵਿਚ ਘੱਟ ਨਹੀਂ ਗੁਜ਼ਾਰੀ ਅਤੇ ਭਵਿੱਖ ਵਿਚ ਵੀ ਸਾਡੀਆਂ ਚੀਕਾਂ ਕਢਾਉਣ ਵਿਚ ਕਿਸੇ ਨੇ ਕਸਰ ਨਹੀਂ ਛੱਡਣੀ।
ਲੋਕਤੰਤਰ, ਜੇ ਸੱਚਮੁਚ ਲੋਕਾਂ ਲਈ ਹੁੰਦਾ ਤਾਂ ਪਿਛਲੇ ਸੱਤਰ ਸਾਲਾਂ ਵਿਚ ਸਾਡੇ ਲੋਕ ਤਰੱਕੀ ਦੀਆਂ ਕਈ ਮੰਜ਼ਿਲਾਂ ਤੈਅ ਕਰ ਗਏ ਹੁੰਦੇ, ਪਰ ਹੋਇਆ ਇਹ ਕਿ ਸਿਆਸੀ ਆਗੂਆਂ ਨੇ ਲੋਕਾਂ ਨੂੰ ਸਬਸਿਡੀਆਂ ਦੀ ਮੰਗ ਕਰਨ ਵਾਲੇ ਮੰਗਤੇ ਬਣਾ ਕੇ ਆਪਣੇ ਆਪ ਨੂੰ ਲੋਕਤੰਤਰ ਵਿਚ ਨਵੀਂ ਕਿਸਮ ਦੇ ਰਾਜੇ ਬਣਾਇਆ ਪਿਆ ਹੈ। ਸ਼ਾਹੀ ਮਹਿਲਾਂ ਦਾ ਸੁਖ ਮਾਣਨ ਅਤੇ ਦੌਲਤਾਂ ਨੂੰ ਹੂੰਝਾ ਫੇਰਨ ਦਾ ਕੰਮ ਕਰ ਕੇ ਆਮ ਲੋਕਾਂ ਨੂੰ ਡੰਗ ਮਾਰਨ ਵਿਚ ਕਿਸੇ ਲੀਡਰ ਨੇ ਵੀ ਉਸ ਵਪਾਰੀ ਦੇ ਵੇਚਣ ਲਈ ਰੱਖੇ ਅਠੂਹਿਆਂ ਵਾਂਗ ਕਦੇ ਕਸਰ ਨਹੀਂ ਛੱਡੀ।
ਜਦੋਂ ਇਹ ਗੱਲ ਤੈਅ ਹੈ ਕਿ ਕੋਈ ਵੀ ਆ ਜਾਵੇ, ਫਰਕ ਨਹੀਂ ਲੱਭਣ ਲੱਗਾ, ਫਿਰ ਇੱਕ ਗੱਲ ਹੋਰ ਸੋਚਣ ਵਾਸਤੇ ਰਹਿ ਜਾਂਦੀ ਹੈ। ਉਹ ਇਹ ਕਿ ਇੱਕ ਲੁੱਟਦਾ ਹੈ, ਮੌਕਾ ਮਿਲੇ ਤਾਂ ਕੁੱਟਦਾ ਵੀ ਹੈ ਤੇ ਦੂਸਰਾ ਕੁੱਟਦਾ ਹੀ ਨਹੀਂ, ਜਾਨ ਲੈਣ ਤੱਕ ਜਾਂਦਾ ਤੇ ਏਦਾਂ ਦਾ ਬਹਾਨਾ ਬਣਾ ਲੈਂਦਾ ਹੈ ਕਿ ਉਸ ਦਾ ਕੀਤਾ ਕਤਲ ਵੀ ਜਾਇਜ਼ ਲੱਗਣ ਲੱਗ ਜਾਵੇ। ਓਦਾਂ ਦੇ ਦੌਰ ਬਾਰੇ ਵੱਖਰੇ ਪੱਖ ਤੋਂ ਸੋਚਣਾ ਪੈਂਦਾ ਹੈ। ਮੈਂ ਦੁਨੀਆਂ ਦੀਆਂ ਕਈ ਜੰਗਾਂ ਬਾਰੇ ਪੜ੍ਹਿਆ ਹੈ, ਜਿਨ੍ਹਾਂ ਵਿਚ ਰਾਜਿਆਂ ਵੱਲੋਂ ਰਾਜਾਂ ਦੀਆਂ ਹੱਦਾਂ ਵਧਾਉਣ ਵਾਲੀਆਂ ਟੱਕਰਾਂ ਵੀ ਸ਼ਾਮਲ ਸਨ ਤੇ ਆਪੋ ਆਪਣੇ ਧਰਮ ਦੀ ਚੜ੍ਹਦੀ ਕਲਾ ਲਈ ਲੜੀਆਂ ਜੰਗਾਂ ਦੇ ਕਾਂਡ ਵੀ ਸਨ। ਹਰ ਕਾਂਡ ਦੂਜੇ ਨਾਲੋਂ ਵੱਖਰਾ ਹੋਣ ਦੇ ਬਾਵਜੂਦ ਇੱਕ ਗੱਲ ਸਾਂਝੀ ਲੱਭ ਜਾਂਦੀ ਹੈ।
ਜਦੋਂ ਰਾਜਾਂ ਦੀਆਂ ਹੱਦਾਂ ਵਧਾਉਣ ਲਈ ਜੰਗਾਂ ਹੁੰਦੀਆਂ ਸਨ, ਜੰਗਾਂ ਵਿਚ ਖੂਨ ਜਿੰਨਾ ਵੀ ਵਗ ਜਾਵੇ, ਬਹੁਤਾ ਕਰ ਕੇ ਜੰਗ ਦੀ ਗੱਲ ਜੰਗੀ ਮੈਦਾਨ ਤੱਕ ਸੀਮਤ ਰਹਿੰਦੀ ਜਾਂ ਜੰਗਾਂ ਤੋਂ ਬਾਅਦ ਜੰਗੀ ਮੁਕੱਦਮੇ ਵਿਚ ਮੁੱਖ ਦੋਸ਼ੀਆਂ ਨੂੰ ਫਾਂਸੀ ਤੱਕ ਚਲੀ ਜਾਂਦੀ ਹੈ। ਧਰਮ ਜਾਂ ਨਸਲਵਾਦ ਦਾ ਖੇਤਰ ਇਸ ਤੋਂ ਵੱਖਰੀ ਤਰ੍ਹਾਂ ਦਾ ਹੈ। ਇਸ ਵਿਚ ਜੇਤੂ ਧਿਰ ਦੇ ਲੋਕ ਹਾਰਨ ਵਾਲਿਆਂ ਨੂੰ ਤਸੀਹੇ ਦੇਣ ਦੀ ਵੀ ਓੜਕ ਕਰਨ ਲੱਗਦੇ ਹਨ। ਭਾਰਤੀ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਬਲਦੀ ਦੇਗ ਵਿਚ ਕੋਈ ਬੰਦਾ ਇਸ ਲਈ ਉਬਾਲਿਆ ਗਿਆ ਕਿ ਉਹ ਦੂਸਰੇ ਧਰਮ ਦੀ ਧੌਂਸ ਨਹੀਂ ਸੀ ਮੰਨਦਾ, ਆਰਿਆਂ ਨਾਲ ਇਸੇ ਲਈ ਚੀਰੇ ਗਏ ਤੇ ਜਿਉਂਦੇ ਨਾਬਾਲਗ ਬੱਚੇ ਵੀ ਨੀਂਹ ਵਿਚ ਇਸੇ ਲਈ ਚਿਣੇ ਗਏ ਸਨ ਕਿ ਉਨ੍ਹਾਂ ਨੇ ਕਿਸੇ ਹੋਰ ਧਰਮ ਦੀ ਧੌਂਸ ਨਹੀਂ ਸੀ ਮੰਨੀ। ਕਿਸੇ ਦੇ ਬੰਦ-ਬੰਦ ਕੱਟੇ ਗਏ ਤੇ ਕਿਸੇ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ।
ਇਕੱਲਾ ਧਰਮ ਹੀ ਨਹੀਂ, ਆਪਣੀ ਨਸਲ ਅਤੇ ਆਪਣੀ ਕੌਮ ਨੂੰ ਦੂਸਰੇ ਸਾਰਿਆਂ ਤੋਂ ਵਧੀਆ ਮੰਨਣ ਵਾਲੇ ਵੀ ਇਹੋ ਕਰਦੇ ਹਨ। ਹਿਟਲਰ ਨੇ ਜਰਮਨਾਂ ਨੂੰ ਬਾਕੀ ਸਾਰੇ ਲੋਕਾਂ ਉਤੇ ਰਾਜ ਕਰਨ ਲਈ ਪੈਦਾ ਹੋਏ ਮੰਨ ਕੇ ਜੋ ਜੰਗ ਲਾਈ ਤੇ ਗੈਸ ਚੈਂਬਰਾਂ ਵਿਚ ਦੂਸਰੇ ਲੋਕਾਂ ਨੂੰ ਸੁੱਟ-ਸੁੱਟ ਕੇ ਮਾਰਿਆ ਸੀ, ਉਹ ਵੀ ਧਰਮ ਦੇ ਜਨੂੰਨ ਵਰਗਾ ਪਾਗਲਪਣ ਸੀ। ਦੂਸਰਿਆਂ ਨੂੰ ਛੱਡ ਦਿਓ ਤੇ ਸਾਡੇ ਆਪਣੇ ਦੇਸ਼ ਜਾਂ ਨੇੜਲੇ ਬੀਤੇ ਦੇ ਇਤਿਹਾਸ ਨੂੰ ਵੀ ਛੱਡ ਦਿਓ, ਇਸਾਈ ਧਰਮ ਵਿਚ ਇੱਕ ਮੁਟਿਆਰ ਇਹ ਦੋਸ਼ ਲਾ ਕੇ ਜਿੰਦਾ ਸਾੜ ਕੇ ਮਾਰੀ ਗਈ ਸੀ ਕਿ ਉਹ ਚੁੜੇਲ ਹੈ। ਡੇਢ ਸਦੀ ਮਗਰੋਂ ਇਸਾਈਆਂ ਦੇ ਚਰਚ ਨੇ ਖੁਦ ਹੀ ਮੰਨਿਆ ਸੀ ਕਿ ਜੌਹਨ ਆਫ ਆਰਕ ਨਾਂ ਦੀ ਉਹ ਕੁੜੀ ਚੁੜੇਲ ਨਹੀਂ, ਉਹ ਤਾਂ ਸੰਤਣੀ ਸੀ, ਵਿਚਾਰਕ ਸੀ, ਸਿਰਫ ਮੌਕੇ ਦੇ ਧਾਰਮਕ ਪੁਰਸ਼ਾਂ ਨੂੰ ਉਸ ਦੀ ਭਾਵਨਾ ਦੀ ਸਮਝ ਨਹੀਂ ਸੀ ਪਈ ਤੇ ਇਹ ਕਾਂਡ ਕਰ ਦਿੱਤਾ ਗਿਆ ਸੀ।
ਅੱਜ ਜਦੋਂ ਭਾਰਤ ਦੇ ਲੋਕ ਉਸ ਦੌਰ ਵਿਚ ਦਾਖਲ ਹੋਣ ਜਾ ਰਹੇ ਹਨ, ਜਿੱਥੇ ਉਨ੍ਹਾਂ ਨੇ ਆਪਣੇ ਨਾਲ ਅਗਲੀ ਪੀੜ੍ਹੀ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਜਾਂ ਵਿਗਾੜਨ ਵਾਸਤੇ ਆਪਣੀ ਵੋਟ, ਜਿਸ ਨੂੰ ਮੱਤ-ਪੱਤਰ ਕਹਿੰਦੇ ਹਨ, ਲਈ ਆਪਣੀ ਮੱਤ ਦੀ ਵਰਤੋਂ ਕਰਨੀ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਸਿਰਾਂ ਨਾਲ ਸੋਚਣ ਦੀ ਲੋੜ ਹੈ। ਮੈਂ ਕਿਸੇ ਪਾਰਟੀ ਜਾਂ ਗੱਠਜੋੜ ਬਾਰੇ ਇਹ ਕਹਿਣ ਵਿਚ ਝਿਜਕ ਨਹੀਂ ਰੱਖਾਂਗਾ ਕਿ ਜੋ ਵੀ ਜਿੱਤ ਗਿਆ, ਮੇਲੇ ਵਿਚ ਆਏ ਉਸ ਵਪਾਰੀ ਦੇ ਅਠੂਹਿਆਂ ਦੀ ਨਸਲ ਸਾਬਤ ਹੋ ਸਕਦਾ ਹੈ, ਇਸ ਲਈ ਜਦੋਂ ਇਸ ਪੱਖੋਂ ਕੋਈ ਫਰਕ ਨਹੀਂ ਪੈਣਾ ਤਾਂ ਇੱਕ ਹੋਰ ਪੱਖ ਸੋਚ ਲਿਆ ਜਾਣਾ ਬਣਦਾ ਹੈ। ਉਹ ਪੱਖ ਸਿਰਫ ਇਹ ਹੈ ਕਿ ਕਿਤੇ ਅਸੀਂ ਅਜਿਹਾ ਰਾਜ ਨਾ ਲੈ ਆਈਏ, ਜੋ ਕੰਨਾਂ ਵਿਚ ਪਿਘਲਿਆ ਸ਼ੀਸ਼ਾ ਪਾਉਣ ਵਾਲਾ ਹੋਵੇ, ਜੋ ਸਿਰਫ ਇੱਕ ਧਰਮ ਦੀ ਉਚਤਾ ਦੇ ਨਾਂ ਹੇਠ ਬਾਕੀਆਂ ਨੂੰ ਰਾਹਾਂ ਵਿਚ ਧੂਹ-ਧੂਹ ਕੇ ਮਾਰ ਦੇਣ ਨੂੰ ਜਾਇਜ਼ ਮੰਨਦਾ ਹੋਵੇ ਤੇ ਜੋ ਆਪਣੇ ਧਰਮ ਵਿਚੋਂ ਵੀ ਕੋਈ ਕਿੰਤੂ ਕਰਨ ਵਾਲਾ ਸਿਰ ਚੁੱਕਦਾ ਦਿਖਾਈ ਦੇਵੇ ਤਾਂ ਉਸ ਨੂੰ ਜੌਹਨ ਆਫ ਆਰਕ ਨਾਂ ਦੀ ਕੁੜੀ ਵਾਂਗ ਜਿੰਦਾ ਸਾੜ ਕੇ ਮਾਰਨ ਤੁਰ ਪਏ। ਇਮਤਿਹਾਨ ਦਾ ਸਮਾਂ ਛੇ ਮਹੀਨੇ ਦੂਰ ਹੈ, ਕਈਆਂ ਨੂੰ ਚੋਖਾ ਦੂਰ ਲੱਗੇਗਾ, ਪਰ ਅਸਲ ਵਿਚ ਇਹ ਬਹੁਤੀ ਦੂਰ ਨਹੀਂ ਰਹਿ ਗਿਆ।