ਸੇਖਵਾਂ ਤੋਂ ਬਾਅਦ ਬ੍ਰਹਮਪੁਰਾ ਤੇ ਅਜਨਾਲਾ ਦੀ ਵੀ ਅਕਾਲੀ ਦਲ ‘ਚੋਂ ਛੁੱਟੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮਾਝੇ ਦੇ ਦੋ ਟਕਸਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਜਥੇਦਾਰ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਛੇ ਸਾਲਾਂ ਲਈ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਦੋਵੇਂ ਸਾਬਕਾ ਮੰਤਰੀਆਂ ਦੇ ਪੁੱਤਰਾਂ ਰਵਿੰਦਰਪਾਲ ਸਿੰਘ ਬ੍ਰਹਮਪੁਰਾ ਅਤੇ ਅਮਰਪਾਲ ਸਿੰਘ ਬੋਨੀ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਹਫਤੇ ਪਾਰਟੀ ਲੀਡਰਸ਼ਿਪ ਖਿਲਾਫ਼ ਬਗਾਵਤ ਦਾ ਬਿਗਲ ਵਜਾਉਣ ਵਾਲੇ ਟਕਸਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਸੀ।

ਕੋਰ ਕਮੇਟੀ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਥੇ ਮਾਝੇ ਵਿਚ ਵੱਡੀ ਢਾਹ ਲੱਗਣ ਦੇ ਆਸਾਰ ਹਨ, ਉਥੇ ਇਨ੍ਹਾਂ ਆਗੂਆਂ ਕੋਲ ਹੁਣ ਨਵੀਂ ਪਾਰਟੀ ਬਣਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਕੋਰ ਕਮੇਟੀ ਦੇ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੰਜਾਬ ਅਤੇ ਖਾਸ ਕਰ ਕੇ ਮਾਝੇ ਵਿਚ ਜ਼ੋਰਦਾਰ ਖਿੱਚੋਤਾਣ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਅਕਾਲੀ ਦਲ ਵਿਚੋਂ ਕੱਢੇ ਗਏ ਆਗੂ ਚੁੱਪ ਕਰ ਕੇ ਨਹੀਂ ਬੈਠਣਗੇ ਤੇ ਉਹ ਵੀ ਅਗਲੇ ਦਿਨਾਂ ਵਿਚ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਖਿਲਾਫ਼ ਜੰਗ ਵਿੱਢ ਦੇਣਗੇ। ਇਸ ਲਈ ਮਾਝੇ ਵਿਚ ਅਕਾਲੀ ਦਲ ਦੇ ਬਾਗੀ ਅਤੇ ਦੂਜੇ ਆਗੂਆਂ ਵਿਚਾਲੇ ਤਿੱਖੀ ਲੜਾਈ ਸ਼ੁਰੂ ਹੋ ਜਾਵੇਗੀ ਤੇ ਇਸ ਲੜਾਈ ਦਾ ਆਗਾਜ਼ ਉਸ ਦਿਨ ਸ਼ੁਰੂ ਹੋ ਗਿਆ ਸੀ ਜਦੋਂ ਇਨ੍ਹਾਂ ਆਗੂਆਂ ਨੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਦੋਵਾਂ ਸੀਨੀਅਰ ਆਗੂਆਂ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਛੇ-ਛੇ ਸਾਲਾਂ ਲਈ ਕੱਢਣ ਦੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਨੇ ਇਹ ਫ਼ੈਸਲਾ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਕੇ ‘ਭਰੇ ਮਨ’ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦੋਵਾਂ ਆਗੂਆਂ ਨੂੰ ਬਹੁਤ ਸਤਿਕਾਰ ਦਿੰਦੇ ਰਹੇ ਹਨ ਤੇ ਦੋਵਾਂ ਆਗੂਆਂ ਨੇ ਇਨ੍ਹਾਂ ਵੱਲੋਂ ਕੀਤੇ ਨਿੱਜੀ ਹਮਲਿਆਂ ਪ੍ਰਤੀ ਵੀ ਨਿਮਰਤਾ ਦਿਖਾਈ ਹੈ ਤੇ ਬ੍ਰਹਮਪੁਰਾ ਨੂੰ ਵਿਸ਼ੇਸ਼ ਤੌਰ ‘ਤੇ ਤਰਜੀਹ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦੋਵਾਂ ਆਗੂਆਂ ਦੇ ਕਹਿਣ ਉਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ ਤੇ ਹੋਰ ਵਿਅਕਤੀਆਂ ਨੂੰ ਲਾਇਆ ਹੈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦਾ ਕਹਿਣਾ ਹੈ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
__________________________
ਸੁਖਬੀਰ ਤੇ ਮਜੀਠੀਆ ਨੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ: ਬ੍ਰਹਮਪੁਰਾ
ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਦਾ ਉਸ ਦਿਨ ਹੀ ਪਤਾ ਸੀ ਜਦੋਂ ਉਨ੍ਹਾਂ ਨੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ। ਅਸੀਂ ਪੰਜ ਸੱਤ ਦਿਨਾਂ ਵਿਚ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰਾਂਗੇ। ਸਾਡੇ ਪੱਲੇ ਸੱਚ ਹੈ ਤੇ ਪਾਪੀਆਂ ਕੋਲ ਕੋਈ ਜੁਆਬ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਡੀ ਢਾਹ ਲਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਥਾਰਿਟੀ ਦਾ ਸਤਿਆਨਾਸ ਕਰਨ ਵਿਰੁਧ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਅਸਤੀਫਾ ਮੰਗਿਆ ਹੈ।