ਲੋਕਾਂ ਦੀ ਫੌਜ

ਰਘੁਬੀਰ ਢੰਡ
ਉਸ ਪਿੰਡ ਵਿਚੋਂ ਮਸਾਂ ਦੋ ਕੁ ਸੌ ਬਚ ਕੇ ਸੁਰੱਖਿਅਤ ਥਾਂ ਉਤੇ ਪਹੁੰਚੇ ਸਨ-ਛੇ ਸੌ ‘ਚੋਂ ਮਸਾਂ ਦੋ ਕੁ ਸੌ। ਬਹੁਤੇ ਜਵਾਨ ਮੁੰਡੇ-ਕੁੜੀਆਂ ਤੇ ਪੰਜਾਹ ਕੁ ਬੱਚੇ ਤੇ ਬੁੱਢੇ-ਬੁੱਢੀਆਂ।
ਸਭ ਦੇ ਚਿਹਰੇ ਉਤਰੇ ਹੋਏ। ਬੱਚਿਆਂ ਦੀਆਂ ਜਿਵੇਂ ਚੀਕਾਂ ਮੁੱਕ ਗਈਆਂ ਸਨ। ਬੁੱਢੇ-ਬੁੱਢੀਆਂ ਵਲੋਂ ਹਰ ਸਾਹ ਨਾਲ ਪੁਕਾਰਨ ਨਾਲ ਜਿਵੇਂ ਅੱਲ੍ਹਾ ਤਾਅਲਾ ਵੀ ਅੱਕ ਗਿਆ ਸੀ। ਖੂਬਸੂਰਤ ਬੰਗਾਲਣਾਂ ਦੀਆਂ ਗਜ ਗਜ ਲੰਮੀਆਂ ਜ਼ੁਲਫਾਂ ਇੰਜ ਬੇਜਾਨ ਹੋ ਗਈਆਂ ਸਨ, ਜਿਵੇਂ ਸੱਪਣੀਆਂ ਉਤੇ ਬਿਜਲੀਆਂ ਡਿੱਗ ਪਈਆਂ ਹੋਣ।

ਸੁਰੱਖਿਅਤ ਥਾਂ ਉਤੇ ਪਹੁੰਚਦਿਆਂ ਹੀ ਸਭ ਨੇ ਆਪਣੇ ਮੋਇਆਂ ਨੂੰ ਰੋਣਾ ਸ਼ੁਰੂ ਕਰ ਦਿੱਤਾ। ਚੀਕਦੇ ਬੱਚਿਆਂ ਦੇ ਮੂੰਹਾਂ ਵਿਚ ਮਾਂਵਾਂ ਨੇ ਸੁੱਕੀਆਂ ਲਮਕਦੀਆਂ ਦੁੱਧੀਆਂ ਦੇ ਦਿੱਤੀਆਂ।
ਲੋਕਾਂ ਨੂੰ ਇੰਨੇ ਤੰਗ ਵੇਖ ਕੇ ਮੌਲਵੀ ਬਦਰਦੀਨ ਨੇ ਸੂਫੀਆਨਾ ਅੰਦਾਜ਼ ਵਿਚ ਕਿਹਾ, “ਵੇਖੋ! ਖੁਦਾ ਦਾ ਸ਼ੁਕਰ ਕਰੋ ਪਿੰਡ ਦਾ ਨਾਂ ਨਿਸ਼ਾਨ ਤਾਂ ਰਹਿ ਗਿਆ। ਹੁਣ ਸਬਰ ਕਰੋ ਅੱਲ੍ਹਾ ਤਾਅਲਾ ਨੂੰ ਇਹੀ ਮਨਜ਼ੂਰ ਸੀ…।”
ਮੌਲਵੀ ਦੀ ਗੱਲ ਟੋਕਦਿਆਂ ਉਸ ਦਾ ਲੜਕਾ ਰਫੀਕ ਬੋਲਿਆ, “ਅੱਬਾ, ਜਦੋਂ ਵੀ ਪਿੰਡ ‘ਚ ਕੋਈ ਮਰਦੈ, ਜਾਂ ਕੋਈ ਹੋਰ ਮੁਸੀਬਤ ਥਰਪਾ ਹੁੰਦੀ ਐ, ਤੂੰ ਏਹੀ ਰੱਟ ਲਾਉਨੈਂ, ‘ਅੱਲ੍ਹਾ ਤਾਅਲਾ ਨੂੰ ਏਹੀ ਮਨਜ਼ੂਰ ਸੀ।’ ਕੀ ਅੱਲ੍ਹਾ ਤਾਅਲਾ ਨੂੰ ਸਭ ਬੁਰੀਆਂ ਗੱਲਾਂ ਈ ਮਨਜ਼ੂਰ ਹੁੰਦੀਆਂ?”
ਮੌਲਵੀ ਬਦਰਦੀਨ ਦੇ ਬੁੱਲ੍ਹ ਥਰਕੇ। ਚਿੱਟੀ ਦਾੜ੍ਹੀ ਜ਼ਰਾ ਉਤਾਂਹ ਉਠੀ ਤੇ ਗਲ ਦੀਆਂ ਰਗਾਂ ਖੜ੍ਹੀਆਂ ਹੋਈਆਂ, “ਓ, ਤੂੰ ਕਿਥੋਂ ਕਾਫਰ ਜੰਮ ਪਿਆ ਮੇਰੇ ਘਰ। ਹੇ ਅੱਲ੍ਹਾ, ਮਿਹਰ ਕਰੀਂ!”
“ਏਹਤੋਂ ਵੱਧ ਮਿਹਰ ਅੱਲ੍ਹਾ ਨੇ ਕੀ ਕਰਨੀ ਐ?” ਰਫੀਕ ਦੀ ਗੱਲ ਮੌਲਵੀ ਬਦਰਦੀਨ ਦੇ ਗੋਲੀ ਵਾਂਗ ਲੱਗੀ। ਉਸ ਨੂੰ ਜਾਪਿਆ ਜਿਵੇਂ ਉਸ ਦੇ ਕਾਫਰ ਮੁੰਡੇ ਨੇ ਸਿਰਫ ਅੱਲ੍ਹਾ ਨੂੰ ਹੀ ਨਹੀਂ ਬਲਕਿ ਉਸ ਦੀ ਆਪਣੀ ਮਕਬੂਲੀਅਤ ਨੂੰ ਵੀ ਵੰਗਾਰਿਆ ਹੋਵੇ। ਉਸ ਦਾ ਜੀਅ ਕੀਤਾ, ਇਹੋ ਜਿਹੇ ਕਾਫਰ ਪੁੱਤਰ ਦੀ ਜ਼ਬਾਨ ਖਿੱਚ ਦੇਵੇ। ਪਰ ਮੌਲਵੀ ਬੜੀਆਂ ਗਿਣਤੀਆਂ ਵਾਲਾ ਆਦਮੀ ਸੀ। ਉਹ ਆਪਣੇ ਪੁੱਤਰ ਦੇ ਮੁਸੱਮਮ ਇਰਾਦੇ ਤੋਂ ਵਾਕਫ ਸੀ।
ਮੌਲਵੀ ਨੂੰ ਇਸ ਤਰ੍ਹਾਂ ਉਧੇੜ-ਬੁਣ ਵਿਚ ਪਏ ਵੇਖ, ਉਸ ਦਾ ਲੰਗੋਟੀਆ ਯਾਰ ਮੁਸੀਤਉਲਾ, ਜੋ ਸਾਰੀ ਉਮਰ ਮਸੀਤ ਵਿਚ ਝਾੜੂ ਦਿੰਦਾ ਰਿਹਾ ਸੀ, ਕੜਕਿਆ, “ਓ ਛੋਕਰਿਆ, ਤੂੰ ਕਿਤੇ ਹਿੰਦੁਸਤਾਨ ਦਾ ਏਜੰਟ ਤੇ ਨ੍ਹੀਂ?”
“ਚਾਚਾ, ਜਦੋਂ ਮੈਂ ਅੱਲ੍ਹਾ ਤਾਅਲਾ ਦਾ ਏਜੰਟ ਨ੍ਹੀਂ, ਤਾਂ ਮੈਂ ਹਿੰਦੁਸਤਾਨ ਦਾ ਏਜੰਟ ਕਿਵੇਂ ਹੋ ਸਕਦਾਂ?”
ਐਤਕੀਂ ਮੌਲਵੀ ਬਦਰਦੀਨ ਤੋਂ ਆਪਣੇ ਯਾਰ ਦੀ ਬੇਇੱਜਤੀ ਬਰਦਾਸ਼ਤ ਨਾ ਹੋ ਸਕੀ। ਉਸ ਨੇ ਕਹਿਰੀ ਨਜ਼ਰਾਂ ਨਾਲ ਰਫੀਕ ਵਲ ਵੇਖਿਆ ਤੇ ਫਤਵਾ ਲਾਇਆ, “ਖੁਦਾ ਨੇ ਇਹ ਕਹਿਰ ਤੇਰੇ ਵਰਗੇ ਕਾਫਰ ਕਰ ਕੇ ਹੀ ਸਾਡੇ ਉਤੇ ਨਾਜ਼ਲ ਕੀਤੈ।”
ਇਹ ਕਹਿ ਕੇ ਮੌਲਵੀ ਨੇ ਆਪਣੀਆਂ ਅੱਖਾਂ ਨਾਲ ਸਭ ਦਾ ਜਾਇਜ਼ਾ ਲੈਣ ਲਈ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਵੇਖਿਆ। ਬਹੁਤੇ ਚਿਹਰਿਆਂ ਉਤੇ, ਖਾਸ ਕਰ ਜਵਾਨ ਚਿਹਰਿਆਂ ‘ਤੇ ਨਾਮਨਜ਼ੂਰੀ ਦੇ ਨਿਸ਼ਾਨ ਸਨ। ਇੱਕ ਨੇ ਕਹਿ ਵੀ ਦਿੱਤਾ, “ਮੌਲਵੀ ਸਾਹਿਬ, ਇਹ ਗਲਤ ਐ। ਰਫੀਕੇ ਨੇ ਆਪਣੀ ਜਾਨ ‘ਤੇ ਖੇਡ ਕੇ ਕਈ ਜਾਨਾਂ ਬਚਾਈਆਂ ਨੇ। ਆਹ ਵੇਖ ਲਓ, ਏਹਨੇ ਆਪਣਾ ਪਟਸਨ ਦਾ ਪੱਲੜ ਵੀ ਬੱਚਿਆਂ ਨੂੰ ਦੇ ਦਿੱਤੈ।”
ਮੌਲਵੀ ਨੇ ਮਸੀਤਉਲੇ ਵਲ ਤੇ ਮਸੀਤਉਲੇ ਨੇ ਮੌਲਵੀ ਵਲ ਤੱਕਿਆ। ਨਜ਼ਰਾਂ ਮਿਲੀਆਂ, ਜਿਵੇਂ ਪੁੱਛ ਰਹੀਆਂ ਹੋਣ ਕਿ ਹੁਣ ਕੀ ਜਵਾਬ ਦੇਣਾ ਹੈ। ਜਵਾਬ ਨਾ ਅਹੁੜਦਾ ਵੇਖ ਮੌਲਵੀ ਬਦਰਦੀਨ ਨੇ ਆਖਿਆ, “ਹੂੰ ਕਾਫਰ!” ਤੇ ਨਮਾਜ਼ ਗੁਜ਼ਾਰਨ ਚਲਾ ਗਿਆ।
“ਹੇ ਅੱਲ੍ਹਾ, ਰਹਿਮ ਕਰੀਂ!” ਤੇ ਮਸੀਤਉਲੇ ਨੇ ਤਸਬੀ ਦੇ ਮਣਕੇ ਫੇਰਨੇ ਸ਼ੁਰੂ ਕਰ ਦਿੱਤੇ।
ਰਫੀਕ ਮੁਸਕਰਾਇਆ ਤੇ ਇੱਕ ਪਾਸੇ ਹੋ ਕੇ ਪਾਣੀ ਦੇ ਪਸਾਰ ਨੂੰ ਵੇਖਣ ਲੱਗਾ। ਚਾਰੇ ਪਾਸੇ ਨਜ਼ਰਾਂ ਦੇ ਦਿਸਹੱਦਿਆਂ ਤੋਂ ਵੀ ਪਰੇ ਪਾਣੀ ਹੀ ਪਾਣੀ ਨਾਗਾਂ ਵਾਂਗ ਸ਼ੂਕ ਰਿਹਾ ਸੀ। ਪਾਣੀ ਵਿਚ ਡੁਬੀਆਂ ਫਸਲਾਂ ਤੇ ਲਾਸ਼ਾਂ ਹੀ ਲਾਸ਼ਾਂ। ਇੰਨਾ ਪਾਣੀ ਹੋਣ ਦੇ ਬਾਵਜੂਦ ਬਚੇ ਹੋਏ ਲੋਕ ਬੂੰਦ ਬੂੰਦ ਨੂੰ ਤਰਸ ਰਹੇ ਸਨ। ਕਾਲਰਿਜ ਨੇ ਠੀਕ ਹੀ ਤਾਂ ਆਖਿਆ ਸੀ:
ਚਾਰੇ ਪਾਸੇ ਪਾਣੀ ਪਾਣੀ
ਪੀਣ ਲਈ ਇੱਕ ਬੂੰਦ ਵੀ ਨਾਹੀਂ।
ਉਸ ਦੀ ਨਜ਼ਰ ਪਾਣੀ ਨੂੰ ਚੀਰ ਕੇ ਦੂਰ ਉਤਰ ਵਿਚ ਵਸਦੇ ਢਾਕੇ ਵਲ ਚਲੀ ਗਈ। ਕਿੰਨੀਆਂ ਯਾਦਾਂ ਸਨ, ਉਸ ਦੀਆਂ ਢਾਕੇ ਨਾਲ ਬੱਝੀਆਂ ਹੋਈਆਂ। ਉਸ ਨੇ ਢਾਕੇ ਵਿਚ ਹੀ ਇੱਕ ਵਾਰ ਮੌਲਾਨਾ ਭਾਸਾਨੀ ਨੂੰ ਬੋਲਦਿਆਂ ਸੁਣਿਆ ਸੀ। ਉਸ ਨੇ ਕਿਹਾ ਸੀ, ਤਾਲਬੇ-ਇਲਮਾਂ ਨੂੰ ਪਿੰਡਾਂ ਵਿਚ ਜਾ ਕੇ ਕਿਸਾਨਾਂ ਤੋਂ ਤਾਲੀਮ ਹਾਸਲ ਕਰਨੀ ਚਾਹੀਦੀ ਹੈ। ਰਫੀਕ ਨੇ ਉਸ ਦੀ ਗੱਲ ਲੜ ਬੰਨ੍ਹ ਲਈ ਸੀ ਤੇ ਸਦਾ ਕਿਸਾਨਾਂ ਨਾਲ ਰਿਹਾ ਸੀ। ਉਸ ਦੀਆਂ ਅੱਖਾਂ ਸਾਹਵੇਂ ਬਜੁਰਗ ਭਾਸ਼ਾਨੀ ਦੀ ਸ਼ਕਲ ਸਾਕਾਰ ਹੋਈ। ਅੱਸੀ ਵਰ੍ਹਿਆਂ ਦਾ ਬਜੁਰਗ, ਜਿਸ ਨੇ ਸਦਾ ਲੋਕਾਂ ਨੂੰ ਖੁਦਾ ਮੰਨਿਆ। ਅਜ ਜੋ ਮੌਲਾਨਾ ਭਾਸਾਨੀ ਮੁਲਕ ਦਾ ਰਹਿਬਰ ਹੁੰਦਾ ਤਾਂ ਇਹ ਹੜ੍ਹ ਆ ਹੀ ਨਹੀਂ ਸੀ ਸਕਦਾ। ਉਸ ਦੀਆਂ ਅੱਖਾਂ ਵਿਚ ਅਰਮਾਨਾਂ ਲੱਦੇ ਅੱਥਰੂ ਛਲਕੇ, ਪਰ ਦੂਜੇ ਹੀ ਪਲ ਉਸ ਦੇ ਅੰਦਰੋਂ ਸ਼ੰਕੇ ਬੋਲੇ, “ਪਾਗਲਾ, ਭਾਸ਼ਾਨੀ ਬੰਗਾਲ ਦੀ ਖਾੜੀ ਵਿਚੋਂ ਠਲ੍ਹੀਆਂ ਕਾਂਗਾਂ ਕਿਵੇਂ ਰੋਕ ਲੈਂਦਾ।” ਉਸ ਅੰਦਰੋਂ ਜਿਵੇਂ ਉਸ ਦਾ ਅੱਬਾ ਮੌਲਵੀ ਬਦਰਦੀਨ ਬੋਲਿਆ ਹੋਵੇ।
“ਪਗਲੇ ਤੁਮਹਾਰਾ ਨਾਸਤਕ ਭਾਸ਼ਾਨੀ ਗੰਗਾ ਮਾਈ ਕੀ ਕਰੋਪੀ ਕੋ ਕੈਸੇ ਟਾਲ ਸਕਤਾ ਹੈ?” ਉਨ੍ਹਾਂ ਦੇ ਪਿੰਡ ਦਾ ਜਿਵੇਂ ਪੰਡਿਤ ਸ਼ਿਵਨਾਥ ਬੋਲਿਆ ਹੋਵੇ।
ਥੋੜ੍ਹੇ ਚਿਰ ਲਈ ਉਸ ਦੀ ਸੋਚ ਜਿਵੇਂ ਬੰਦ ਹੋ ਗਈ।
“ਕਿਉਂ ਨਹੀਂ?” ਰਫੀਕ ਦੇ ਅੰਦਰ ਜਿਵੇਂ ਰੌਸ਼ਨੀ ਹੋਈ, “ਜੇ ਚੀਨ ਦੇ ਲੋਕ ਪਹਾੜਾਂ ਉਤੋਂ ਦੀ ਨਹਿਰਾਂ ਵਗਾ ਸਕਦੇ ਨੇ, ਜੇ ਉਤਰੀ ਕੋਰੀਆ ਦੇ ਲੋਕ ਮੁੜ ਸਾਰਾ ਮੁਲਕ ਉਸਾਰ ਸਕਦੇ ਨੇ, ਜੇ ਨਿੱਕਾ ਵੀਅਤਨਾਮ ਦੈਂਤ ਦੇ ਨੱਕ ਚਣੇ ਚਬਾ ਸਕਦਾ ਹੈ, ਤਾਂ ਅਸੀਂ ਹੜ੍ਹ ਕਿਉਂ ਨਹੀਂ ਰੋਕ ਸਕਦੇ?”
ਢਾਕਾ! ਢਾਕੇ ਦੀ ਮਲਮਲ ਜਿਸ ਦਾ ਪੂਰਾ ਥਾਨ ਤੀਲਾਂ ਵਾਲੀ ਡੱਬੀ ਵਿਚ ਪੈ ਜਾਂਦਾ ਸੀ, ਇੱਕ ਮੁੰਦਰੀ ਵਿਚੋਂ ਦੀ ਨਿਕਲ ਜਾਂਦਾ ਸੀ। ਅੰਗਰੇਜ਼ ਹਾਕਮਾਂ ਨੇ ਉਨ੍ਹਾਂ ਕਾਰੀਗਰਾਂ ਦੀਆਂ ਬਾਹਾਂ ਵਢਾ ਦਿੱਤੀਆਂ ਸਨ।
ਰਫੀਕ ਨੇ ਨਜ਼ਰ ਘੁਮਾਈ। ਦਰ ਗੰਗਾ ਦਰਿਆ ਠਾਠਾਂ ਮਾਰ ਰਿਹਾ ਸੀ। ਉਸ ਨੂੰ ਹਾਲਾਂ ਤਕ ਸਮਝ ਨਹੀਂ ਸੀ ਆਈ ਕਿ ਪਵਿੱਤਰ ਗੰਗਾ ਹਰ ਸਾਲ ਇੰਨੀਆਂ ਲਾਸ਼ਾਂ ਕਿਉਂ ਨਿਗਲ ਜਾਂਦੀ ਸੀ। ਪੰਡਿਤ ਸ਼ਿਵਨਾਥ ਕਹਿੰਦਾ ਸੀ, ਜਦੋਂ ਪਾਪ ਵਧ ਜਾਂਦੇ ਨੇ ਤਾਂ ਗੰਗਾ ਮਾਈ ਕਰੋਪੀ ਹੋ ਕੇ ਪਾਪੀਆਂ ਦਾ ਸੰਘਾਰ ਕਰਨ ਆਉਂਦੀ ਹੈ।
“ਪਰ ਪੰਡਿਤ ਜੀ, ਆਪਾਂ ਗਰੀਬਾਂ ਨੇ ਕੀ ਪਾਪ ਕਰਨੈ? ਪੈਸੇ ਬਿਨਾ ਪਾਪ ਵੀ ਤੇ ਨਹੀਂ ਨਾ ਹੋ ਸਕਦਾ। ਸ਼ਹਿਰ ਮਿਲ ਮਾਲਕਾਂ ਤੇ ਜੋਤਦਾਰਾਂ ਦਾ ਗੰਗਾ ਮਾਈ ਨੇ ਕਦੀ ਸੰਘਾਰ ਨਹੀਂ ਕੀਤਾ…?”
“ਤੁਮ ਅਭੀ ਬੱਚੇ ਹੋ, ਯੇਹ ਸਭ ਪੂਰਵਲੇ ਕਰਮੋਂ ਕਾ ਫਲ ਹੈ।” ਪੰਡਿਤ ਸ਼ਿਵਨਾਥ ਨੇ ਇੰਜ ਕਹਿ ਕੇ ਰਫੀਕ ਨੂੰ ਤੋਰ ਦਿੱਤਾ ਸੀ।
ਫਿਰ ਉਸ ਨੇ ਪੱਛਮ ਵਲ ਵੇਖਿਆ। ਪਾਣੀ ਤੇ ਲਾਸ਼ਾਂ, ਉਨ੍ਹਾਂ ਤੋਂ ਅਗਾਂਹ ਘਣੇ ਜੰਗਲ, ਸੁੰਦਰ ਬਨ! ਕਿੰਨਾ ਪਿਆਰਾ ਨਾਂ ਹੈ! ਇਥੇ ਸ਼ੇਰ ਬੁੱਕਦੇ ਨੇ। ਬੰਗਾਲ ਦੀਆਂ ਦੋ ਚੀਜ਼ਾਂ ਸਾਰੀ ਦੁਨੀਆਂ ਵਿਚ ਮਸ਼ਹੂਰ ਹਨ-ਭੁੱਖ ਤੇ ਸੁੰਦਰ ਬਨ! ਜਿਥੇ ‘ਬੰਗਾਲ ਟਾਈਗਰ’ ਵਿਚਰਦਾ ਹੈ। ਉਨ੍ਹਾਂ ਵਣਾਂ ਤੋਂ ਪਾਰ ਉਸ ਦਾ ਹਿੰਦੁਸਤਾਨੀ ਬੰਗਾਲ ਹੈ ਤੇ ਕਲਕੱਤਾ, ਜਿਥੇ ਧੌਲਰਾਂ ਵਿਚ ਬਹਿ ਕੇ ਟੈਗੋਰ ਨੇ ਗੀਤ ਲਿਖੇ ਸਨ-ਪਿਆਰ ਦੇ ਗੀਤ, ਠੰਡੇ ਸੀਤ ਗੀਤ। ਰਾਬਿੰਦਰ ਸੰਗੀਤ ਨੂੰ ਅੱਜ ਵੀ ਕਾਰਖਾਨੇਦਾਰਾਂ ਤੇ ਜੋਤਦਾਰਾਂ ਦੇ ਮੁੰਡੇ-ਕੁੜੀਆਂ ਡਾਢੇ ਸ਼ੌਕ ਨਾਲ ਸੁਣਦੇ ਹਨ। ਹਾਂ, ਬਰਦਵਾਨ, ਜਿਥੇ ਨਜ਼ਰ-ਉਲ-ਸਲਾਮ ਜੰਮਿਆ ਸੀ, ਜਿਸ ਨੇ ਅੱਗ ਦੇ ਗੀਤ ਲਿਖੇ ਸਨ, ਜੋ ਲੋਕਾਂ ਵਿਚ ਰਿਹਾ ਸੀ, ਜਿਸ ਦੇ ਗੀਤ ਸੁਣ ਕੇ ਧਰਤ ਪਿਘਲਣ ਲਗ ਪੈਂਦੀ ਹੈ। ਨਜ਼ਰ-ਉਲ-ਸਲਾਮ ਦਾ ਖਿਆਲ ਆਉਂਦਿਆਂ ਹੀ ਰਫੀਕ ਨੇ ਗੁਣਗੁਣਾਇਆ,
ਹੇ ਗੁਰਬਤ!
ਇਹ ਅਜ਼ਮਤ ਦੇਣ ਹੈ ਤੇਰੀ!
ਈਸਾ ਦੇ ਸਿਰ ‘ਤੇ
ਤਾਜ਼ ਕੰਡਿਆਂ ਦਾ
ਲਗ ਰਿਹਾ ਕਿੰਨਾ ਹੁਸੀਨ?
ਪਤਾ ਨਹੀਂ ਉਹ ਕਿੰਨਾ ਚਿਰ ਨਜ਼ਰ-ਉਲ-ਸਲਾਮ ਦੇ ਗੀਤ ਗਾਉਂਦਾ ਰਹਿੰਦਾ, ਜੇ ਉਸ ਨੂੰ ਕਿਸੇ ਦੇ ਉਲਟੀ ਕਰਨ ਦੀ ਉਚੀ ਉਚੀ ਖੰਘ ਸੁਣਾਈ ਨਾ ਦਿੰਦੀ। ਉਹ ਅਧਖੜ ਉਮਰ ਦੀ ਔਰਤ ਕੋਲ ਗਿਆ। ਉਸ ਦਾ ਮੱਥਾ ਬੁਖਾਰ ਨਾਲ ਗਰਮ ਸੀ। ਰਫੀਕ ਨੇ ਉਸ ਦਾ ਸਿਰ ਫੜ੍ਹ ਲਿਆ।
ਮੌਲਵੀ ਬਦਰਦੀਨ ਨੇ ਆਪਣੇ ਯਾਰ ਮਸੀਤਉਲੇ ਵਲ ਵੇਖ ਕੇ ਡਾਢੇ ਦੁੱਖ ਤੇ ਨਫਰਤ ਨਾਲ ਕਿਹਾ, “ਹੂੰ ਕਮਜ਼ਾਤ, ਏਹਨੇ ਸਭ ਨੂੰ ਹੈਜ਼ਾ ਕਰ ਦੇਣੈ।”
ਰਫੀਕ ਨੇ ਉਸ ਦੀਆਂ ਅੱਖਾਂ ਵਿਚੋਂ ਚੋਅ ਰਹੇ ਪਾਣੀ ਨੂੰ ਪੂੰਝਿਆ, ਉਲਟੀ ਵਾਲੀ ਥਾਂ ਉਤੇ ਮਿੱਟੀ ਪਾ ਕੇ ਔਰਤ ਨੂੰ ਲਿਟਾਉਂਦਿਆਂ ਬੋਲਿਆ, “ਘਬਰਾ ਨਾ ਚਾਚੀ, ਤੈਨੂੰ ਹੁਣੇ ‘ਰਾਮ ਆ ਜਾਏਗਾ।”
“ਤੂੰ ਜੀਵੇਂ, ਬਚੜਿਆ!” ਚਾਚੀ ਨੇ ਸਾਹ ‘ਚ ਸਾਹ ਰਲਾਉਂਦਿਆਂ ਅਸੀਸ ਦਿੱਤੀ।
“ਹੂੰ ਕਾਫਰ!” ਮੌਲਵੀ ਨੇ ਸੜ ਕੇ ਮਸੀਤਉਲੇ ਨੂੰ ਕਿਹਾ।
ਰਫੀਕ ਨੇ ਸੰਜੀਦਾ ਅੰਦਾਜ਼ ਵਿਚ ਦੋ ਸੌ ਚਿਹਰਿਆਂ ਵਲ ਤੱਕਿਆ: ਉਦਾਸ ਉਦਾਸ ਚਿਹਰੇ, ਭੁੱਖੇ ਭੁੱਖੇ ਚਿਹਰੇ। ਉਹ, ਇਬਰਾਹੀਮ ਤੇ ਕਈ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਇਕੱਲੇ ਇਕੱਲੇ ਕੋਲ ਫਿਰਨ ਲੱਗਾ, ਤਸੱਲੀਆਂ ਦੇਣ ਲੱਗਾ।
“ਪਰ ਪੁੱਤਰਾ! ਇੰਜ ਕਿੰਨੇ ਕੁ ਦਿਨ ਕੱਢਾਂਗੇ?” ਇੱਕ ਬਜੁਰਗ ਨੇ ਪੁੱਛਿਆ।
ਰਫੀਕ ਜਵਾਬ ਟੋਲਣ ਲੱਗਾ। ਪਰ ਉਸ ਦੀ ਸੋਚ ਉਨ੍ਹਾਂ ਦੇ ਸਿਰ ਉਤੇ ਗੂੰਜਦੇ ਹੈਲੀਕਾਪਟਰ ਦੀ ਗੂੰਜ ਵਿਚ ਸਮੋ ਗਈ। ਹੈਲੀਕਾਪਟਰ ਖਲੋਤਾ, ਕੁਝ ਚੀਜ਼ਾਂ ਸੁੱਟੀਆਂ ਤੇ ਤੁਰਦਾ ਹੋਇਆ।
ਸਭ ਦੇ ਚਿਹਰਿਆਂ ਉਤੇ ਖੁਸ਼ੀ ਦੀ ਲਹਿਰ ਦੌੜ ਗਈ।
ਮੌਲਵੀ ਬਦਰਦੀਨ ਤੇ ਮਸੀਤਉਲਾ ਇੱਲਾਂ ਵਾਂਗ ਝਪਟੇ। ਰਫੀਕ ਨੇ ਲਲਕਾਰਿਆਂ, “ਖਬਰਦਾਰ, ਚੀਜ਼ਾਂ ਲੋੜ ਅਨੁਸਾਰ ਮਿਲਣਗੀਆਂ।”
ਮੌਲਵੀ ਤੇ ਮਸੀਤਉਲੇ ਦੇ ਹੱਥ ਰੁਕੇ, ਪੈਰ ਰੁਕੇ। ਫਿਰ ਉਹ ਬੁੜਬੁੜ ਕਰਦੇ ਇੱਕ ਪਾਸੇ ਖਲੋ ਗਏ।
ਰਫੀਕ, ਇਬਰਾਹੀਮ ਤੇ ਹੋਰ ਜਵਾਨਾਂ ਨੇ ਚੀਜ਼ਾਂ ਖੋਲ੍ਹੀਆਂ, ਚਾਚੀ ਨੂੰ ਬੁਖਾਰ ਵਾਲੀ ਗੋਲੀ ਦਿੱਤੀ। ਸਭ ਨੂੰ ਚੌਲ, ਪਾਣੀ ਤੇ ਕੰਬਲ-ਨਵੇਂ ਨਕੋਰ ਕੰਬਲ।
ਰੱਜੇ ਢਿੱਡ ਤੇ ਨਿੱਘੇ ਪਿੰਡੇ-ਸਭ ਦੀਆਂ ਅੱਖਾਂ ਮੀਟੀਆਂ ਜਾ ਰਹੀਆਂ ਸਨ।
“ਤੈਨੂੰ ਇੱਕ ਤਮਾਸ਼ਾ ਵਿਖਾਵਾਂ?” ਰਫੀਕ ਨੇ ਆਪਣੇ ਨੌਜਵਾਨ ਸਾਥੀ, ਇਬਰਾਹੀਮ ਨੂੰ ਕਿਹਾ।
“ਕੀ?”
“ਵੇਖ!” ਕਹਿ ਕੇ ਰਫੀਕ ਨੇ ਮੌਲਵੀ ਬਦਰਦੀਨ ਤੇ ਮਸੀਤਉਲੇ ਨੂੰ ਸੰਬੋਧਨ ਕੀਤਾ, “ਅੱਬਾ! ਚਾਚਾ! ਠੀਕ ਠਾਕ ਓ ਨਾ?”
“ਹਾਂ, ਅੱਲ੍ਹਾ ਤਾਅਲਾ ਦਾ ਸ਼ੁਕਰ ਐ।” ਦੋਹਾਂ ਦੀਆਂ ਇਕੱਠੀਆਂ ਆਵਾਜ਼ਾਂ ਨਿਕਲੀਆਂ। ਨਾਲ ਹੀ ਮੌਲਵੀ ਨੇ ਗਰੂਰ ਨਾਲ ਆਖਿਆ, “ਤੈਨੂੰ ਆਖਿਆ ਨ੍ਹੀਂ ਸੀ ਕਿ ਸਾਹਿਬ-ਸਦਰ ਦੌਰੇ ਪਿਛੋਂ ਫੌਰਨ ਸਾਡੀ ਮਦਦ ਲਈ ਹੀਲਾ ਕਰਨਗੇ। ਅੱਲ੍ਹਾ ਤਾਅਲਾ ਉਨ੍ਹਾਂ ਦੀ ਉਮਰ ਦਰਾਜ ਕਰੇ…।”
“ਆਮੀਨ।” ਮਸੀਤਉਲੇ ਨੇ ਵੀ ਆਪਣਾ ਹਿੱਸਾ ਪਾਇਆ, ਤੇ ਕੰਬਲ ਛਾਤੀ ਨਾਲ ਘੁੱਟ ਲਿਆ।
“ਏਹ ਤਾਂ ਕਾਫਰਾਂ ਦੇ ਨੇ!” ਰਫੀਕ ਬੋਲਿਆ।
“ਕੀ ਮਤਲਬ?” ਮੌਲਵੀ ਤੇ ਮਸੀਤਉਲਾ ਕੰਬਲਾਂ ਵੱਲ ਵੇਖਣ ਲਗ ਪਏ।
“ਇਹ ਚੀਨ ਦੇ ਨੇ। ਵੇਖਦੇ ਨੀ ਇਨ੍ਹਾਂ ਦਾ ਰੰਗ ਲਾਲ ਐ, ਤੇ ਨੁੱਕਰ ਵਿਚ ਲਿਖਿਆ ਏ: ਚੀਨ ਦੇ ਬਣੇ ਹੋਏ।”
ਦੋਹਾਂ ਨੇ ਛੇਤੀ ਛੇਤੀ ਨੁੱਕਰਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਇੱਕ ਦੂਜੇ ਨਾਲ ਨਜ਼ਰਾਂ ਮਿਲਾਈਆਂ। ਫਿਰ ਮਸੀਤਉਲਾ ਬੋਲਿਆ, “ਇਹ ਮੁੱਲ ਲਏ ਨੇ, ਐਵੇਂ ਕੌਣ ਦਿੰਦੈ?”
“ਚਾਚਾ, ਜ਼ਰਾ ਉਤਾਂਹ ਤਾਂ ਵੇਖ, ਜਿਥੇ ਲਿਖਿਐ: ਬੰਗਾਲੀ ਭਰਾਵਾਂ ਨੂੰ ਬੈਨੁਲਕਵਾਮੀ ਫਰਜ਼ ਦੇ ਤੌਰ ਤੇ!” ਰਫੀਕ ਨੇ ਸੰਜੀਦਾ ਤਨਜ਼ ਨਾਲ ਆਖਿਆ।
ਮੌਲਵੀ ਤੇ ਮਸੀਤਉਲੇ ਨੇ ਨਜ਼ਰ ਮਾਰੀ। ਫਿਰ ਇੱਕ ਦੂਜੇ ਨਾਲ ਅੱਖਾਂ ਮਿਲਾਈਆਂ। ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ। ਇੰਨੇ ਨੂੰ ਇਬਰਾਹੀਮ ਨੇ ਬਲਦੀ ‘ਤੇ ਤੇਲ ਪਾਉਂਦਿਆਂ ਆਖਿਆ, “ਕਾਫਰਾਂ ਦੇ ਕੰਬਲ ਲਾਹ ਸੁਟੋ, ਚਾਚਾ! ਨਹੀਂ ਤੇ ਭਿੱਟੇ ਜਾਵੋਗੇ।”
ਮੌਲਵੀ ਤੇ ਮਸੀਤਉਲੇ ਦੇ ਚਿਹਰਿਆਂ ‘ਤੇ ਇੱਕ ਚੜ੍ਹ ਰਹੀ ਸੀ, ਇਕ ਉਤਰ ਰਹੀ ਸੀ। ਉਨ੍ਹਾਂ ਨੇ ਇਕ ਦੂਜੇ ਨਾਲ ਫਿਰ ਨਜ਼ਰਾਂ ਮਿਲਾਈਆਂ। ਉਨ੍ਹਾਂ ਦੀਆਂ ਨਜ਼ਰਾਂ ਨੇ ਬੜੇ ਧਿਆਨ ਨਾਲ ਮਾਮਲੇ ‘ਤੇ ਗੌਰ ਕਰ ਕੇ ਅਹਿਦਨਾਮਾ ਕੀਤਾ ਕਿ ਕੰਬਲ ਹਨ ਤਾਂ ਭਾਵੇਂ ਕਾਫਰਾਂ ਦੇ ਈ, ਪਰ ਉਨ੍ਹਾਂ ਨੂੰ ਲਾਹੁਣਾ ਬਿਲਕੁਲ ਨਹੀਂ ਚਾਹੀਦਾ। ਪਰ ਆਖਰ ਜਵਾਬ ਵੀ ਤੇ ਕੋਈ ਦੇਣਾ ਹੀ ਸੀ। ਲੰਮਾ ਪੈਂਦਾ ਮੌਲਵੀ ਬੋਲਿਆ, “ਵਾਹ ਬਈ ਵਾਹ! ਹੁਣ ਤੁਹਾਡੇ ਕਾਫਰਾਂ ਦੇ ਆਖੇ ਲਗ ਕੇ ਪਾਲੇ ਮਰ ਜਾਈਏ।”
“ਹਾ-ਹਾ-ਹਾ” ਰਫੀਕ, ਇਬਰਾਹੀਮ ਤੇ ਹੋਰ ਸਾਥੀ ਖਿੜ ਖਿੜਾ ਕੇ ਹੱਸੇ, ਪਰ ਉਨ੍ਹਾਂ ਦਾ ਹਾਸਾ ਸਿਰ ਉਤੇ ਗੂੰਜਦੇ ਇਕ ਹੋਰ ਹੈਲੀਕਾਪਟਰ ਦੀ ਗੂੰਜ ਵਿਚ ਸਮਾ ਗਿਆ।
ਉਸ ਨੇ ਕੁਝ ਨਹੀਂ ਸੁੱਟਿਆ, ਬਲਕਿ ਹੇਠਾਂ ਉਤਰ ਆਇਆ। ਉਸ ਵਿਚੋਂ ਚਾਰ ਫੌਜੀ ਵਰਦੀਆਂ ਵਾਲੇ ਆਦਮੀ ਬਾਹਰ ਨਿਕਲੇ। ਉਨ੍ਹਾਂ ਦੇ ਹੱਥਾਂ ਵਿਚ ਚਮੜੇ ਜਿਹੇ ਦੇ ਹੰਟਰ ਫੜ੍ਹੇ ਹੋਏ ਸਨ। ਉਨ੍ਹਾਂ ਨੇ ਭਾਂਤ ਭਾਂਤ ਦੇ ਰੰਗਾਂ ਦੇ ਪਾਟੇ ਪੁਰਾਣੇ ਜਿਹੇ ਕੰਬਲ ਹੇਠਾਂ ਰੱਖੇ ਤੇ ਲੋਕਾਂ ਵਲ ਵੇਖਿਆ-ਖਾਸ ਕਰ ਉਨ੍ਹਾਂ ਦੇ ਨਵੇਂ ਕੰਬਲਾਂ ਵਲ। ਚਹੁੰਆਂ ਨੇ ਆਪਸ ਵਿਚ ਸ਼ੱਕੀ ਨਜ਼ਰਾਂ ਮਿਲਾਈਆਂ ਤੇ ਲੋਕਾਂ ਦੇ ਕੋਲ ਆ ਕੇ ਖਲੋ ਗਏ। ਇਕ ਨੇ ਟੋਪੀ ਜ਼ਰਾ ਉਤਾਂਹ ਕੀਤੀ ਤੇ ਸਾਰੇ ਜ਼ੋਰ ਨਾਲ ਖੰਘੂਰਾ ਮਾਰਿਆ। ਹੈਲੀਕਾਪਟਰ ਦੀ ਗੂੰਜ ਨਾਲ ਅੱਧ-ਜਾਗੋ ਲੋਕ, ਖੰਘੂਰੇ ਨਾਲ ਪੂਰੇ ਜਾਗ ਪਏ। ਉਨ੍ਹਾਂ ਦੀਆਂ ਰੱਜੀਆਂ ਪਰ ਨੀਂਦ ਵਿਗੁਤੀਆਂ ਅੱਖਾਂ ਵਿਚ ਸਹਿਮ ਧੜਕਣ ਲੱਗਾ।
ਮੌਲਵੀ ਬਦਰਦੀਨ ਨੇ ਮਸੀਤਉਲੇ ਨੂੰ ਅੱਖ ਦਾ ਇਸ਼ਾਰਾ ਕੀਤਾ ਤੇ ਦੋਵੇਂ ਅਗਾਂਹ ਵਧ ਕੇ ਮੁਅੱਦਥਾਨਾ ਅੰਦਾਜ਼ ਵਿਚ ਬੋਲੇ, “ਸਲਾਮਾਲੇਕਮ ਜਨਾਬ।”
ਫੌਜੀ ਨੇ ਆਪਣੇ ਹੰਟਰ ਨਾਲ ਮੌਲਵੀ ਦਾ ਕੰਬਲ ਠੋਕਰਿਆ ਤੇ ਰੋਅਬ ਨਾਲ ਬੋਲਿਆ, “ਕਿਥੋਂ ਲਏ ਨੇ ਇਹ ਕੰਬਲ?”
“ਜਨਾਬ ਆਲੀ,” ਮੌਲਵੀ ਨੇ ਕੰਬਦੀਆਂ ਲੱਤਾਂ ਨਾਲ ਬਿਆਨ ਦਿੱਤਾ, “ਇੱਕ ਜਹਾਜ ਸੁੱਟ ਕੇ ਗਿਆ ਏ!”
“ਪਰ ਇਹ ਤੁਹਾਨੂੰ ਉਤੇ ਲੈਣ ਲਈ ਕਿਸ ਨੇ ਕਿਹਾ ਸੀ?”
ਮੌਲਵੀ ਤੇ ਮਸੀਤਉਲਾ ਜਿਵੇਂ ਸੁੰਨ ਹੋ ਗਏ।
“ਮੈਂ।” ਇਹ ਰਫੀਕ ਸੀ।
ਇਸ ਛੋਕਰੇ ਦੀ ਇਹ ਮਜਾਲ ਕਿ ਇੰਨਾ ਵੱਡਾ ਗੁਨਾਹ ਕਰ ਕੇ ਵੀ ਇੰਜ ਸਾਬਤ ਕਦਮੀ ਨਾਲ ਬੋਲੇ!
“ਕਿਉਂ ਵੰਡੇ ਤੂੰ ਸਾਡੇ ਹੁਕਮ ਬਿਨਾ?” ਜਵਾਬ ਉਡੀਕਣ ਤੋਂ ਪਹਿਲਾਂ ਹੀ ਫੌਜੀ ਨੇ ਰਫੀਕ ਦੇ ਖੱਬੇ ਡੌਲੇ ‘ਤੇ ਵੱਟ ਕੇ ਹੰਟਰ ਮਾਰਿਆ।
“ਵੇਖ ਮੂੰਹ ਨਾਲ ਗੱਲ ਕਰ। ਕੰਬਲ ਆਖਰ ਉਤੇ ਹੀ ਲੈਣੇ ਸਨ…।”
ਰਫੀਕ ਦਾ ਫਿਕਰਾ ਹਾਲੀਂ ਅਧੂਰਾ ਹੀ ਸੀ ਕਿ ਦੂਜੇ ਫੌਜੀ ਨੇ ਕਾੜ ਕਰਦਾ ਹੰਟਰ ਮਾਰਿਆ ਤੇ ਕੜਕਿਆ, “ਹਰਾਮਜ਼ਾਦੇ! ਅਫਸਰ ਦੇ ਬਰਾਬਰ ਬੋਲਦੈਂ।”
ਇੰਨੇ ਨੂੰ ਦੂਜੇ ਅਫਸਰ ਨੇ ਹੁਕਮ ਦਿੱਤਾ, “ਲਾਹ ਦੇਵੋ ਇਹ ਕੰਬਲ, ਤੁਹਾਨੂੰ ਹੋਰ ਮਿਲਣਗੇ।”
ਮੌਲਵੀ ਬਦਰਦੀਨ ਤੇ ਮਸੀਤਉਲੇ ਨੇ ਕੰਬਲ ਲਾਹ ਘੱਤੇ, ਅਤੇ ਹੋਰ ਕਈਆਂ ਨੇ ਆਪਣੇ ਕੰਬਦੇ ਹੱਥ ਕੰਬਲ ਦੀਆਂ ਕੰਨੀਆਂ ਨੂੰ ਪਾਏ।
“ਬਿਲਕੁਲ ਕਿਸੇ ਨੇ ਕੰਬਲ ਨਹੀਂ ਲਾਹੁਣੇ।” ਰਫੀਕ ਗਰਜਿਆ। ਕਹਿਰਵਾਨ ਅਫਸਰ ਨੇ ਸਾਰੇ ਜ਼ੋਰ ਨਾਲ ਹੰਟਰ ਉਤਾਂਹ ਚੁਕਿਆ। ਰਫੀਕ ਬਿਜਲੀ ਦੀ ਤੇਜ਼ੀ ਨਾਲ ਪਿਛਾਂਹ ਹਟ ਗਿਆ। ਵਾਰ ਖਾਲੀ ਗਿਆ, ਤੇ ਬਿਜਲੀ ਦੀ ਤੇਜ਼ੀ ਨਾਲ ਹੀ ਲਪਕਿਆ। ਦੂਜੇ ਹੀ ਪਲ ਫੌਜੀ ਅਫਸਰ ਧਰਤੀ ‘ਤੇ ਪਿਆ ਮੂੰਹ ‘ਚੋਂ ਖੂਨ ਪੂੰਝ ਰਿਹਾ ਸੀ। ਦੂਜੇ ਫੌਜੀ ਰਫੀਕ ਉਤੇ ਟੁੱਟ ਪਏ। ਨੌਜਵਾਨਾਂ ਦਾ ਖੂਨ ਖੌਲਿਆ ਅਤੇ ਉਨ੍ਹਾਂ ਨੇ ਬਾਕੀਆਂ ਨੂੰ ਆ ਦਬੋਚਿਆ। ਹੰਟਰ ਖੋਹ ਕੇ ਚਹੁੰਆਂ ਨੂੰ ਸਾਹਮਣੇ ਖੜ੍ਹੇ ਕਰ ਲਿਆ ਗਿਆ। ਨਾਢੂ ਖਾਨਾਂ ਦੇ ਪੁੱਤ ਭਿੱਜੀਆਂ ਬਿੱਲੀਆਂ ਬਣੇ ਖੜੋਤੇ ਸਨ।
“ਬੋਲੋ ਕੰਬਲ ਲਾਹ ਦਈਏ?” ਰਫੀਕ ਨੇ ਤਨਜ਼ ਨਾਲ ਕਿਹਾ।
“ਨਹੀਂ ਬਹਾਦਰ! ਅਸੀਂ ਤਾਂ ਤੁਹਾਡੇ ਲਈ ਸਗੋਂ ਹੋਰ ਕੰਬਲ, ਦਵਾਈਆਂ ਤੇ ਚੌਲ ਲੈ ਕੇ ਆਏ ਆਂ,” ਅਹਿਸਾਸ-ਏ-ਕਮਤਰੀ ਦੇ ਮਾਰੇ ਫੌਜੀ ਅਫਸਰ ਨੇ ਕਿਹਾ ਤੇ ਫਿਰ ਅਰਜ਼ ਗੁਜ਼ਾਰੀ, “ਸਾਨੂੰ ਹੁਣ ਜਾਣ ਦੇਵੋ।”
“ਜਾਣ ਦੇਵੋ?” ਇਬਰਾਹੀਮ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ। ਉਸ ਨੇ ਭੁੱਖੇ ਬਘਿਆੜ ਵਾਂਗ ਅਫਸਰ ਦੀ ਸੰਘੀ ਆ ਨੱਪੀ ਤੇ ਗਰਜ਼ਿਆ, “ਆਓ ਚਹੁੰਆਂ ਸੂਰਾਂ ਦੀਆਂ ਲਾਸ਼ਾਂ ਵੀ ਹੜ੍ਹ ਵਿਚ ਹੜ੍ਹਾ ਦਈਏ।”
ਰਫੀਕ ਨੇ ਛੇਤੀ ਨਾਲ ਫੌਜੀ ਦੀ ਸੰਘੀ ਛੁਡਾਈ ਤੇ ਸੰਜੀਦਗੀ ਨਾਲ ਬੋਲਿਆ, “ਇਬਰਾਹੀਮਾ, ਜਜ਼ਬਾਤੀ ਨਾ ਹੋ। ਇਨ੍ਹਾਂ ਦੀ ਮੌਤ ਸਾਰੀ ਫੌਜਸ਼ਾਹੀ ਨੂੰ ਅੰਨ੍ਹੇ ਤਸ਼ੱਦਦ ਦਾ ਮੌਕਾ ਦੇ ਸਕਦੀ ਹੈ।”
ਮੌਲਵੀ ਬਦਰਦੀਨ ਦੀਆਂ ਡਰੀਆਂ ਅੱਖਾਂ ਚਮਕੀਆਂ। ਸਿਆਣੇ ਮੌਲਵੀ ਨੇ ਆਪਣੀ ਸਿਆਣਪ ਦਾ ਸਬੂਤ ਦਿੰਦਿਆਂ ਆਖਿਆ, “ਬਿਲਕੁਲ ਠੀਕ, ਇਨ੍ਹਾਂ ਨੂੰ ਜਾਣ ਦਿਓ।”
“ਨਹੀਂ”, ਰਫੀਕ ਕੜਕਿਆ, “ਇੰਜ ਕੀਤਿਆਂ ਇਹ ਘੰਟੇ ਤਕ ਰਫਲਾਂ ਲੈ ਕੇ ਸਾਨੂੰ ਭੁੰਨ ਸੁਟਣਗੇ। ਭਾਈ ਸੌਂ ਜਾਂਦੇ ਨੇ, ਪਰ ਦੁਸ਼ਮਣ ਨਹੀਂ।”
“ਫਿਰ ਕੀ ਕਰੀਏ?” ਇਬਰਾਹੀਮ ਕਾਹਲਾ ਪੈ ਗਿਆ ਸੀ।
“ਮੈਂ ਦਸਨਾਂ,” ਕਹਿੰਦਿਆਂ ਰਫੀਕ ਨੇ ਫੌਜੀਆਂ ਨੂੰ ਹੁਕਮ ਦਿੱਤਾ, “ਵਰਦੀਆਂ ਲਾਹ ਦਿਓ।”
ਵਰਦੀਆਂ ਲਹਿ ਗਈਆਂ।
“ਆਓ ਵਰਦੀਆਂ ਆਪਾਂ ਪਾ ਲਈਏ ਤੇ ਕੰਬਲ ਏਨ੍ਹਾਂ ਚਹੁੰਆਂ ਨੂੰ ਦੇ ਦੇਈਏ,” ਉਸ ਨੇ ਇਬਰਾਹੀਮ ਤੇ ਦੋ ਹੋਰ ਜਵਾਨਾਂ ਨੂੰ ਕਿਹਾ।
ਵਰਦੀਆਂ ਪਾ ਕੇ ਉਹ ਹੈਲੀਕਾਪਟਰ ਵਿਚੋਂ ਖਾਣਾ, ਦਵਾਈਆਂ ਤੇ ਪੁਰਾਣੇ ਕੰਬਲ ਚੁੱਕ ਲਿਆਏ। ਪੁਰਾਣੇ ਕੰਬਲ ਹੇਠਾਂ ਵਿਛਾਉਣ ਲਈ ਦੇ ਦਿੱਤੇ। ਬੇਵਰਦੀ ਫੌਜੀਆਂ ਨੂੰ ਰਫੀਕ ਨੇ ਬੜੀ ਅਪਣੱਤ ਨਾਲ ਕਿਹਾ, “ਖਾਤਰ ਜਮ੍ਹਾਂ ਰੱਖੋ। ਤੁਸੀਂ ਸਾਡੇ ਵਾਂਗ ਰਹੋਗੇ। ਜੇ ਸਾਨੂੰ ਬਾਗੀਆਂ ਦਾ ਫਤਵਾ ਲਾ ਕੇ ਗੋਲੀਆਂ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਾਲ ਤੁਸੀਂ ਵੀ ਮਰੋਗੇ।”
ਮਸੀਤਉਲਾ ਪਿਘਲ ਗਿਆ ਸੀ। ਉਸ ਨੇ ਤਸਬੀ ਗਲ ਵਿਚ ਪਾਈ ਤੇ ਰਫੀਕ ਦੇ ਮੋਢੇ ਉਤੇ ਥਾਪੀ ਦਿੰਦਿਆਂ ਡਰੇ ਹੋਏ ਬੁੱਲ੍ਹਾਂ ‘ਤੇ ਜੀਭ ਫੇਰਦਿਆਂ ਬੋਲਿਆ, “ਵਾਹ ਉਏ ਸ਼ੇਰਾ! ਫੌਜੀ ਹੋਣ ਤਾਂ ਏਹੋ ਜਿਹੇ ਈ ਹੋਣ।” ਕਹਿੰਦਿਆਂ ਮਸੀਤਉਲੇ ਦਾ ਗਲ ਭਰ ਆਇਆ। ਰਫੀਕ ਨੇ ਉਸ ਨਾਲ ਬਗਲਗੀਰ ਹੁੰਦਿਆਂ ਆਖਿਆ, “ਲੋਕਾਂ ਦੀ ਫੌਜ ਏਹੋ ਜਿਹੀ ਹੀ ਹੁੰਦੀ ਐ, ਚਾਚਾ!”