ਪੰਜਾਬ ਮਗਰੋਂ ਬਾਦਲਾਂ ਨੂੰ ਦਿੱਲੀ ਵਿਚ ਝਟਕੇ

ਚੰਡੀਗੜ੍ਹ: ਪੰਜਾਬ ਤੋਂ ਬਾਅਦ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਜੰਗ ਭਖ ਗਈ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦਾ ਚਾਰਜ ਛੱਡ ਦਿੱਤਾ ਹੈ। ਹਾਲਾਂਕਿ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰ ਕੇ ਜਨਰਲ ਸਕੱਤਰ ਦਾ ਚਾਰਜ ਛੱਡਿਆ ਹੈ। ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਤੇ ਨਾ ਹੀ ਕੋਈ ਗੱਲ ਹੋਈ ਹੈ।

ਕਾਬਲੇਗੌਰ ਹੈ ਕਿ ਦਿੱਲੀ ਸਿੱਖ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦਰਮਿਆਨ ਛਿੜੀ ਜੰਗ ਸੁਲਝਾਉਣ ਲਈ ਸੁਖਬੀਰ ਬਾਦਲ ਨੇ ਵੱਡੇ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਸ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਕਹਿਣਾ ਹੈ ਕਿ ਇਹ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿਰਸਾ ਦੀ ਲੜਾਈ ਹੈ। ਉਨ੍ਹਾਂ ਕਿਹਾ ਇਸੇ ਲੜਾਈ ਨੂੰ ਖਤਮ ਕਰਨ ਲਈ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਹਾਲਾਂਕਿ ਸੁਖਬੀਰ ਬਾਦਲ ਵੱਲੋਂ ਹਾਲਾਤ ਕਾਬੂ ਕਰਨ ਲਈ ਕੀਤੀਆਂ ਵਿਸ਼ੇਸ਼ ਮੀਟਿੰਗਾਂ ਵੀ ਬੇਅਸਰ ਜਾਪ ਰਹੀਆਂ ਹਨ। ਇਸ ਦਾ ਪ੍ਰਮਾਣ ਮਨਜਿੰਦਰ ਸਿਰਸਾ ਦੀ ਇਕ ਸਮਾਗਮ ਵਿਚੋਂ ਗੈਰਹਾਜ਼ਰੀ ਤੋਂ ਮਿਲਦਾ ਹੈ। ਦਰਅਸਲ, ਦਿੱਲੀ ਵਿਚ ਇਕ ਸਮਾਗਮ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਇਕੱਠਿਆਂ ਸੱਦਾ ਦਿੱਤਾ ਗਿਆ ਸੀ, ਪਰ ਜੀਕੇ ਦੇ ਜਾਣ ਦੀ ਖਬਰ ਸੁਣਦਿਆਂ ਸਿਰਸਾ ਨੇ ਆਪਣਾ ਜਾਣਾ ਰੱਦ ਕਰ ਦਿੱਤਾ। ਸਮਾਗਮ ਦੇ ਸੱਦਾ ਪੱਤਰ ਵਿਚ ਵੀ ਦੋਵਾਂ ਲੀਡਰਾਂ ਦਾ ਨਾਂ ਲਿਖਿਆ ਹੋਇਆ ਸੀ।
ਦੋਵਾਂ ਲੀਡਰਾਂ ਵਿਚ ਸੁਲ੍ਹਾ ਕਰਵਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸਿਲਸਿਲੇਵਾਰ ਬੈਠਕਾਂ ਕੀਤੀਆਂ ਸਨ, ਪਰ ਉਹ ਬੇਅਸਰ ਜਾਪ ਰਹੀਆਂ ਹਨ। ਹਾਲਾਂਕਿ, ਪ੍ਰਧਾਨ ਖੁਦ ਵੀ ਇਸ ਬਾਰੇ ਕੁਝ ਨਹੀਂ ਬੋਲ ਰਹੇ ਤੇ ਇਨ੍ਹਾਂ ਆਗੂਆਂ ਨੂੰ ਵੀ ਬੋਲਣ ਤੋਂ ਮਨ੍ਹਾ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸਿਰਸਾ ਵੱਲੋਂ ਮੁਅੱਤਲ ਕੀਤੇ ਕਮੇਟੀ ਮੁਲਾਜ਼ਮ ਨੂੰ ਜੀਕੇ ਵੱਲੋਂ ਮੁੜ ਬਹਾਲ ਕਰਨ ਤੋਂ ਉਹ ਖਫ਼ਾ ਹੋ ਗਏ ਹਨ ਤੇ ਡੀ.ਐਸ਼ਜੀ.ਐਮ.ਸੀ. ਦੇ ਜਨਰਲ ਸਕੱਤਰ ਦਾ ਚਾਰਜ ਛੱਡ ਦਿੱਤਾ ਸੀ। ਉਨ੍ਹਾਂ ਦੀ ਮੰਗ ਹੈ ਕਿ ਮੁਅੱਤਲ ਕੀਤੇ ਮੁਲਾਜ਼ਮ ਨੂੰ ਜਿੰਨਾ ਸਮਾਂ ਬਾਹਰ ਨਹੀਂ ਕੀਤਾ ਜਾਂਦਾ, ਉਹ ਵਾਪਸ ਨਹੀਂ ਆਉਣਗੇ।
_____________________
ਸ਼ੰਟੀ ਵੱਲੋਂ ਜੀ.ਕੇ. ‘ਤੇ ਗੁਰੂ ਦੀ ਗੋਲਕ ਲੁੱਟਣ ਦੇ ਦੋਸ਼
ਨਵੀਂ ਦਿੱਲੀ: ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਦੋਸ਼ ਲਾਏ ਹਨ ਕਿ ਮਨਜੀਤ ਸਿੰਘ ਜੀ.ਕੇ. ਦਾ ਨਾਂ ਗੁਰੂ ਦੀ ਗੋਲਕ ਲੁੱਟਣ ਬਦਲੇ ਸਿੱਖ ਇਤਿਹਾਸ ਅੰਦਰ ਕਾਲੇ ਅੱਖਰਾਂ ‘ਚ ਲਿਖਿਆ ਜਾਵੇਗਾ। ਸ਼ੰਟੀ ਵੱਲੋਂ ਕੀਤੇ ਖੁਲਾਸਿਆਂ ਦੀਆਂ ਫੋਟੋ ਕਾਪੀਆਂ ਵੀ ਪੱਤਰਕਾਰਾਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਜੀ.ਕੇ. ਵੱਲੋਂ ਕਮੇਟੀ ਅੰਦਰ ਕੀਤੇ ਲੱਖਾਂ ਕਰੋੜਾਂ ਦੇ ਭ੍ਰਿਸ਼ਟਾਚਾਰ ਦਾ ਪਰਦਾ ਚੁੱਕਣ ਦਾ ਦਾਅਵਾ ਕਰਦਿਆਂ ਇਹ ਵੀ ਕਿਹਾ ਗੁਰੂ ਦੀ ਗੋਲਕ ਨੂੰ ਆਪਣੇ ਚਹੇਤਿਆਂ ਨੂੰ ਲੁਟਾਉਂਦਿਆਂ ਵੱਡਾ ਵਿੱਤੀ ਘਾਟਾ ਕੀਤਾ ਹੈ। ਉਨ੍ਹਾਂ ਦੱੱਸਿਆ ਕਿ ਪ੍ਰਧਾਨ ਮੰਤਰੀ ਦਫਤਰ, ਗ੍ਰਹਿ ਵਿਭਾਗ, ਦਿੱਲੀ ਦੇ ਉਪ ਰਾਜਪਾਲ, ਦਿੱਲੀ ਦੇ ਮੁੱਖ ਮੰਤਰੀ, ਗੁਰਦੁਆਰਾ ਚੋਣ ਡਾਇਰੈਕਟਰ ਕੋਲ ਵੀ ਸ਼ਿਕਾਇਤ ਕੀਤੀ ਹੈ।