ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਭਿਆਨਕ ਰੇਲ ਹਾਦਸਾ; 61 ਮੌਤਾਂ

ਅੰਮ੍ਰਿਤਸਰ: ਦੁਸਹਿਰੇ ਵਾਲੇ ਦਿਨ ਜੌੜੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ‘ਤੇ ਖੜ੍ਹ ਕੇ ਰਾਵਣ ਸੜਦਾ ਵੇਖ ਰਹੇ 61 ਲੋਕਾਂ ਦੀ ਮੌਤ ਤੇ 72 ਜ਼ਖ਼ਮੀ ਹੋ ਗਏ। ਜਦੋਂ ਹਾਦਸਾ ਵਾਪਰਿਆ ਉਦੋਂ ਜੌੜੇ ਫਾਟਕ ਨੇੜਲੇ ਮੈਦਾਨ ਵਿਚ ਤਿੰਨ ਸੌ ਦੇ ਕਰੀਬ ਲੋਕ ‘ਰਾਵਣ ਦਹਿਣ’ ਵੇਖ ਰਹੇ ਸਨ। ਰਾਵਣ ਦਾ ਪੁਤਲਾ ਸਾੜਨ ਤੋਂ ਬਾਅਦ ਜਦੋਂ ਲੋਕ ਵਾਪਸ ਮੁੜਨ ਲੱਗੇ ਤਾਂ ਨੇੜੇ ਹੀ ਰੇਲ ਟਰੈਕ ‘ਤੇ ਲੋਕ ਪਹਿਲਾਂ ਹੀ ਮੌਜੂਦ ਸਨ ਤੇ ਭੀੜ ਵਧ ਗਈ।

ਇਸੇ ਦੌਰਾਨ 100 ਤੋਂ ਵੀ ਵੱਧ ਦੀ ਰਫਤਾਰ ਉਤੇ ਰੇਲ ਆ ਗਈ ਤੇ ਕਿਸੇ ਨੂੰ ਹਿੱਲਣ ਤੱਕ ਦਾ ਮੌਕਾ ਨਾ ਦਿੱਤਾ। ਇਹ ਗੱਲ ਵੀ ਸਾਹਮਣੇ ਆਈ ਹੈ ਪੁਤਲਾ ਫੂਕਣ ਤੋਂ ਬਾਅਦ ਪਟਾਕਿਆਂ ਦੀ ਆਵਾਜ਼ ਨੇ ਰੇਲ ਗੱਡੀ ਬਾਰੇ ਪਤਾ ਨਾ ਲੱਗਣ ਦਿੱਤਾ। ਮ੍ਰਿਤਕਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਥੱਲੇ ਆਉਣ ਵਾਲੇ ਲੋਕਾਂ ਦੇ ਅੰਗ ਰੇਲਵੇ ਟਰੈਕ ‘ਤੇ ਥਾਂ-ਥਾਂ ਖਿੱਲਰੇ ਹੋਏ ਸਨ ਅਤੇ ਚੀਕ-ਚਿਹਾੜਾ ਪਿਆ ਹੋਇਆ ਸੀ।
ਇਸ ਦਸਹਿਰਾ ਸਮਾਗਮ ਵਿਚ ਸਾਬਕਾ ਵਿਧਾਇਕ ਡਾæ ਨਵਜੋਤ ਕੌਰ ਸਿੱਧੂ ਨੇ ਸ਼ਿਰਕਤ ਕਰਨੀ ਸੀ। ਸਾਬਕਾ ਵਿਧਾਇਕਾ ਸਮਾਗਮ ਵਿਚ ਦੇਰ ਨਾਲ ਪੁੱਜੇ ਤੇ ਇਸ ਕਰ ਕੇ ਰਾਵਣ ਦੇ ਪੁਤਲੇ ਨੂੰ ਸਾੜਨ ਵਿਚ ਦੇਰ ਹੋ ਗਈ। ਘਟਨਾ ਵਾਪਰਨ ਵੇਲੇ ਤਕਰੀਬਨ 300 ਲੋਕ ਮੌਜੂਦ ਸਨ। ਲੋਕਾਂ ਮੁਤਾਬਕ ਘਟਨਾ ਵਾਪਰਨ ਸਮੇਂ ਕਾਫੀ ਹਨੇਰਾ ਹੋ ਚੁੱਕਾ ਸੀ ਤੇ ਹਾਦਸਾ ਮੌਕੇ ਵੱਡੀ ਗਿਣਤੀ ਮੌਤਾਂ ਦਾ ਇਹ ਵੀ ਇਕ ਕਾਰਨ ਹੈ।
ਜਿਸ ਵੇਲੇ ਪੁਤਲੇ ਸਾੜੇ ਗਏ ਤਾਂ ਪਟਾਕਿਆਂ ਅਤੇ ਸਪੀਕਰ ਦੀ ਆਵਾਜ਼ ਦੌਰਾਨ ਪਟੜੀਆਂ ‘ਤੇ ਖੜ੍ਹੇ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ। ਇਕ ਰੇਲ ਗੱਡੀ ਅੰਮ੍ਰਿਤਸਰ ਹਾਵੜਾ ਮੇਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾ ਰਹੀ ਸੀ ਤਾਂ ਦੂਜੀ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਡੀæਐਮæਯੂæ ਆ ਰਹੀ ਸੀ। ਲੋਕਾਂ ਮੁਤਾਬਕ ਰੇਲ ਟਰੈਕ ‘ਤੇ ਖੜੇ ਲੋਕਾਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ ਅਤੇ ਲੋਕ ਦੋਵੇਂ ਪਾਸੇ ਰੇਲ ਦਾ ਸ਼ਿਕਾਰ ਹੋ ਗਏ। ਵਧੇਰੇ ਲੋਕ ਡੀæਐਮæਯੂæ ਗੱਡੀ ਦਾ ਸ਼ਿਕਾਰ ਹੋ ਗਏ। ਇਹ ਤੇਜ਼ ਗਤੀ ਰੇਲ ਗੱਡੀ ਕਈ ਲੋਕਾਂ ਨੂੰ ਕੁਚਲਦੀ ਹੋਈ ਆਪਣੇ ਨਾਲ ਹੀ ਘਸੀਟਦੀ ਹੋਈ ਲੈ ਗਈ।
ਰੇਲ ਪਟੜੀਆਂ ‘ਤੇ ਵੱਖ-ਵੱਖ ਥਾਂਵਾਂ ਉਤੇ ਦੂਰ ਤੱਕ ਕੱਟੀਆਂ ਵੱਢੀਆਂ ਲਾਸ਼ਾਂ ਅਤੇ ਅੰਗ ਖਿੱਲਰੇ ਹੋਏ ਸਨ ਅਤੇ ਹਾਹਾਕਾਰ ਮਚੀ ਹੋਈ ਸੀ। ਮੌਕੇ ‘ਤੇ ਐਂਬੂਲੈਂਸਾਂ ਦੇ ਹੂਟਰ ਅਤੇ ਲੋਕਾਂ ਦੀ ਕੁਰਲਾਹਟ ਦੀ ਆਵਾਜ਼ ਆ ਰਹੀ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਿੱਖਿਆ ਮੰਤਰੀ ਓਪੀ ਸੋਨੀ ਪੁੱਜੇ, ਪਰ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਮੌਕੇ ਉਤੇ ਹਾਜ਼ਰ ਕ੍ਰਿਸ਼ਨ ਨਗਰ ਦੇ ਸ਼ੂਰਵੀਰ ਨੇ ਦੱਸਿਆ ਕਿ ਦੋ ਰੇਲ ਗੱਡੀਆਂ ਇਕੱਠੀਆਂ ਆਉਣ ਕਾਰਨ ਰੇਲ ਪਟੜੀਆਂ ਤੇ ਖੜੇ ਲੋਕ ਦੁਚਿੱਤੀ ਵਿਚ ਆ ਗਏ ਅਤੇ ਕੁਝ ਲੋਕ ਇਕ ਪਟੜੀ ਤੋਂ ਦੂਜੇ ਪਟੜੀ ਵਲ ਭੱਜੇ ਅਤੇ ਰੇਲ ਗੱਡੀਆਂ ਦਾ ਸ਼ਿਕਾਰ ਬਣ ਗਏ।
ਘਟਨਾ ਤੋਂ ਬਾਅਦ ਮੈਡੀਕਲ ਮਦਦ ਵਾਸਤੇ ਭੇਜੀ ਗਈ ਰੇਲ ਗੱਡੀ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਗਈ ਜਦੋਂ ਲੋਕਾਂ ਨੇ ਇਸ ਰੇਲ ਗੱਡੀ ਦੀ ਭੰਨ ਤੋੜ ਕੀਤੀ। ਰੇਲ ਗੱਡੀ ਦਾ ਡਰਾਈਵਰ ਉਸ ਨੂੰ ਵਾਪਸ ਲੈ ਕੇ ਚਲਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਵੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਾਰਸਾਂ ਨੇ ਗੁੱਸੇ ਵਿਚ ਹਸਪਤਾਲ ਦੀਆਂ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ।
ਲੋਕਾਂ ਨੇ ਦੋਸ਼ ਲਾਇਆ ਕਿ ਰੇਲ ਟਰੈਕ ਨੇੜੇ ਅਜਿਹੇ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਲਿਹਾਜ਼ਾ ਪ੍ਰਬੰਧਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਲੋਕਾਂ ਨੇ ਸਾਬਕਾ ਵਿਧਾਇਕਾ ਡਾæ ਸਿੱਧੂ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਵੱਲੋਂ ਲਾਈਟ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਹਾਦਸੇ ਵਾਲੀ ਥਾਂ ਹਨੇਰਾ ਪਸਰਿਆ ਹੋਇਆ ਸੀ। ਦਸਹਿਰਾ ਸਮਾਗਮ ਕੌਂਸਲਰ ਬੀਬੀ ਵਿਜੈ ਮਦਾਨ ਦੇ ਪੁੱਤਰ ਮਿੱਠੂ ਮਦਾਨ ਵੱਲੋਂ ਰਚਿਆ ਗਿਆ ਸੀ। ਇਹ ਹਾਦਸਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ (ਪੂਰਬੀ) ‘ਚ ਵਾਪਰਿਆ ਹੈ।
___________________________
ਸੜਦੇ ਪੁਤਲਿਆਂ ਦੀ ਵੀਡੀਓ ਬਣਾ ਰਹੇ ਸਨ ਲੋਕ
ਹਾਦਸੇ ਦੇ ਪ੍ਰਤੱਖ ਦਰਸ਼ੀਆਂ ਅਨੁਸਾਰ ਜਦੋਂ ਦੁਸਹਿਰਾ ਸਮਾਗਮ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ ਤਾਂ ਇਸ ਨੂੰ ਬਹੁਤ ਸਾਰੇ ਲੋਕ ਕੁਝ ਦੂਰੀ ‘ਤੇ ਹਨੇਰੇ ਵਿਚ ਰੇਲ ਪਟੜੀਆਂ ‘ਤੇ ਖੜੇ ਹੋ ਕੇ ਦੇਖ ਰਹੇ ਸਨ ਤੇ ਕਈ ਇਸ ਦੀ ਆਪਣੇ ਮੋਬਾਇਲਾਂ ‘ਤੇ ਲਾਈਵ ਵੀਡੀਓ ਵੀ ਬਣਾ ਰਹੇ ਸਨ, ਜਦੋਂ ਪੁਤਲਿਆਂ ਨੂੰ ਅੱਗ ਲਾਏ ਜਾਣ ਨਾਲ ਪਟਾਕਿਆਂ ਦਾ ਸ਼ੋਰ ਪੈਦਾ ਹੋਇਆ ਤਾਂ ਐਨ ਉਸੇ ਵੇਲੇ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਤੇਜ਼ ਰਫਤਾਰ ਰੇਲ ਗੱਡੀ ਆ ਗਈ। ਦੁਸਹਿਰਾ ਮੇਲਾ ਜਿਸ ਮੈਦਾਨ ਵਿਚ ਸੀ, ਉਹ ਨੀਵਾਂ ਸੀ ਤੇ ਰੇਲਵੇ ਲਾਈਨਾਂ ਉਚੀਆਂ ਹੋਣ ਕਾਰਨ ਉਥੋਂ ਸਟੇਜ ਦਾ ਨਜ਼ਾਰਾ ਵਧੀਆ ਦਿੱਸਦਾ ਸੀ। ਇਸੇ ਕਰ ਕੇ ਲੋਕਾਂ ਦੀ ਭੀੜ ਪਟੜੀਆਂ ‘ਤੇ ਲੱਗ ਜਾਂਦੀ ਸੀ ਤੇ ਟ੍ਰੇਨ ਆਉਣ ‘ਤੇ ਲੋਕ ਉਥੋਂ ਹਟ ਜਾਂਦੇ ਸਨ। ਲੋਕਾਂ ਦੇ ਅਜਿਹਾ ਕਰਨ ‘ਤੇ ਮੇਲੇ ਵਿਚ ਪ੍ਰੋਗਰਾਮ ਪੇਸ਼ ਕਰਨ ਆਏ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਵਾਰ-ਵਾਰ ਸੁਚੇਤ ਕੀਤਾ ਸੀ।
_________________________________
‘ਰਾਵਣ’ ਵੀ ਰੇਲ ਹਾਦਸੇ ਦਾ ਸ਼ਿਕਾਰ
ਅੰਮ੍ਰਿਤਸਰ: ਦੁਸਹਿਰੇ ਮੌਕੇ ਜਦੋਂ ਜੋੜਾ ਫਾਟਕ ਦੇ ਨਜ਼ਦੀਕ ਧੋਬੀ ਘਾਟ ਗਰਾਊਂਡ ‘ਚ ਰਾਵਣ ਦਾ ਪੁਤਲਾ ਸੜ ਰਿਹਾ ਸੀ, ਤਾਂ ਐਨ ਉਸੇ ਵੇਲੇ ਉਥੇ ਖੇਡੀ ਗਈ ਰਾਮ ਲੀਲਾ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲਾ ਰੇਲ ਹਾਦਸੇ ਦਾ ਸ਼ਿਕਾਰ ਬਣਿਆ ਦਲਬੀਰ ਸਿੰਘ ਘੁੱਗੂ ਆਪਣੇ ਆਖਰੀ ਸਾਹ ਲੈ ਰਿਹਾ ਸੀ। ਦਲਬੀਰ ਸਿੰਘ ਜੋ ਕਿ ਇਸ ਰਾਮ ਲੀਲਾ ਕਮੇਟੀ ਦਾ ਪ੍ਰਧਾਨ ਸੀ, ਪਿਛਲੇ ਪੰਜ ਸਾਲਾਂ ਤੋਂ ਸ੍ਰੀ ਰਾਮ ਦਾ ਕਿਰਦਾਰ ਨਿਭਾਉਂਦਾ ਆ ਰਿਹਾ ਸੀ ਅਤੇ ਇਸ ਸਾਲ ਪਹਿਲੀ ਵਾਰ ਉਸ ਨੇ ਰਾਵਣ ਦਾ ਕਿਰਦਾਰ ਨਿਭਾਇਆ।
___________________________________
ਭੀੜ ਇਕੱਠੀ ਕਰਨ ਬਾਰੇ ਸਖਤ ਨਿਯਮ ਬਣਾਉਣ ਦੀ ਤਿਆਰੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਸਕੱਤਰ ਐਨæਐਸ਼ ਕਲਸੀ ਨੂੰ ਧਾਰਮਿਕ ਤੇ ਸਮਾਜਿਕ ਇਕੱਠ ਕਰਨ ਲਈ ਪ੍ਰਸ਼ਾਸਨ ਤੋਂ ਆਗਿਆ ਲੈਣ ਵਾਸਤੇ ਵਿਸਥਾਰ ਪੂਰਵਕ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਾਰੀ ਦਿਸ਼ਾ-ਨਿਰਦੇਸ਼ਾਂ ਕਿਸੇ ਵੀ ਤਿਉਹਾਰ ਜਾਂ ਦਿਵਸ ਮੌਕੇ ਸੂਬੇ ਦੇ ਕਿਸੇ ਵੀ ਹਿੱਸੇ ਵਿਚ ਇਕੱਠ ਜਾਂ ਸਮਾਗਮ ਕਰਾਉਣ ਲਈ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਨਿਯਮਾਂ ਨੂੰ ਪਰਿਭਾਸ਼ਿਤ ਕੀਤਾ ਜਾਏ। ਇਸ ਤੋਂ ਇਲਾਵਾ ਕੈਪਟਨ ਨੇ ਗ੍ਰਹਿ ਸਕੱਤਰ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਵਿਕਰੀ ਤੇ ਭੰਡਾਰਨ ਲਈ ਵੀ ਫੌਰੀ ਤੌਰ ‘ਤੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ।
—————————————
ਨਿੱਤ ਦਿਨ ਮੌਤਾਂ ਵੰਡਦੇ ਨੇ ਭਾਰਤੀ ਰੇਲ ਮਾਰਗ
ਬਠਿੰਡਾ: ਅੰਮ੍ਰਿਤਸਰ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਤਰੀ ਸੂਬਿਆਂ ਵਿਚ ਦੇਸ਼ ਭਰ ਵਿਚੋਂ ਸਭ ਤੋਂ ਵੱਧ ਮੌਤਾਂ ਰੇਲ ਮਾਰਗਾਂ ‘ਤੇ ਹੁੰਦੀਆਂ ਹਨ। ਜ਼ਿੰਮੇਵਾਰ ਕੋਈ ਵੀ ਹੋਵੇ, ਪਰ ਰੇਲ ਮਾਰਗ ਆਏ ਦਿਨ ਮੌਤਾਂ ਵੰਡ ਰਹੇ ਹਨ। ਉੱਤਰੀ ਰੇਲਵੇ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਉੱਤਰੀ ਸੂਬਿਆਂ ਵਿਚਲੇ ਰੇਲ ਮਾਰਗਾਂ ‘ਤੇ ਲੰਘੇ ਤਿੰਨ ਵਰ੍ਹਿਆਂ ਦੌਰਾਨ 7908 ਜਾਨਾਂ ਗਈਆਂ ਹਨ ਤੇ ਇਨ੍ਹਾਂ ਵਿਅਕਤੀਆਂ ਨੂੰ ਰੇਲਾਂ ਨੇ ਸਿੱਧੇ ਤੌਰ ਉਤੇ ਕੁਚਲਿਆ ਹੈ। ਜਿਹੜੀਆਂ ਮੌਤਾਂ ਰੇਲਾਂ ਦੀ ਸਿੱਧੀ ਟੱਕਰ ਜਾਂ ਪਟੜੀ ਤੋਂ ਉੱਤਰਨ ਨਾਲ ਹੁੰਦੀਆਂ ਹਨ, ਉਹ ਵੱਖਰੀਆਂ ਹਨ।
ਰੇਲ ਮੰਤਰਾਲੇ ਅਨੁਸਾਰ ਉੱਤਰੀ ਸੂਬਿਆਂ ਦੇ ਰੇਲ ਮਾਰਗਾਂ ‘ਤੇ ਸਾਲ 2017 ਵਿਚ 2455 ਵਿਅਕਤੀ ਕੁਚਲੇ ਗਏ ਹਨ ਅਤੇ ਸਾਲ 2016 ਵਿਚ 2753 ਵਿਅਕਤੀ ਜਾਨ ਤੋਂ ਹੱਥ ਧੋ ਬੈਠੇ ਹਨ। ਸਾਲ 2015 ਵਿਚ ਇਨ੍ਹਾਂ ਮੌਤਾਂ ਦੀ ਗਿਣਤੀ 2700 ਰਹੀ ਹੈ। ਪੂਰੇ ਮੁਲਕ ਵਿਚ ਲੰਘੇ ਤਿੰਨ ਵਰ੍ਹਿਆਂ ਦੌਰਾਨ 49,790 ਵਿਅਕਤੀਆਂ ਦੀ ਮੌਤ ਰੇਲ ਗੱਡੀਆਂ ਹੇਠਾਂ ਆਉਣ ਨਾਲ ਹੋਈ ਹੈ। ਰੇਲਵੇ ਦਾ ਕੋਈ ਜ਼ੋਨ ਵੀ ਅਜਿਹਾ ਨਹੀਂ ਹੈ, ਜਿਥੇ ਉੱਤਰੀ ਜ਼ੋਨ ਤੋਂ ਵੱਧ ਲੋਕ ਰੇਲ ਮਾਰਗਾਂ ਉਤੇ ਜ਼ਿੰਦਗੀ ਤੋਂ ਜੁਦਾ ਹੋਏ ਹੋਣ। ਬਹੁਤੇ ਹਾਦਸੇ ਘੋਨੇ ਫਾਟਕਾਂ ‘ਤੇ ਵਾਪਰ ਜਾਂਦੇ ਹਨ, ਜਿਥੇ ਟਰੇਨ ਸਭ ਕੁਝ ਧੂਹ ਲਿਜਾਂਦੀ ਹੈ। ਕਈ ਅਜਿਹੇ ਕੇਸ ਵੀ ਆਏ ਹਨ, ਜਿਨ੍ਹਾਂ ‘ਚ ਵਿਅਕਤੀ ਮੋਬਾਈਲ ਉਤੇ ਕਾਲ ਸੁਣਦੇ ਹੋਏ ਰੇਲ ਹੇਠ ਆ ਗਏ ਹੋਣ।
ਰੇਲ ਮੰਤਰਾਲੇ ਦਾ ਆਖਣਾ ਹੈ ਕਿ ਰੇਲਵੇ ਸਟੇਸ਼ਨਾਂ ‘ਤੇ ਸਪੀਕਰਾਂ ਰਾਹੀਂ ਯਾਤਰੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ। ਯਾਤਰੀਆਂ ਦੀ ਸੁਰੱਖਿਆ ਲਈ ਮੁਹਿੰਮਾਂ ਵੀ ਵਿੱਢੀਆਂ ਜਾਂਦੀਆਂ ਹਨ। ਸੰਵੇਦਨਸ਼ੀਲ ਥਾਂਵਾਂ ‘ਤੇ ਰੇਲ ਮਾਰਗਾਂ ਨਾਲ ਆਬਾਦੀ ਵਾਲੀ ਜਗ੍ਹਾ ਵਿਚ ਕੰਧਾਂ ਬਣਾ ਦਿੱਤੀਆਂ ਜਾਂਦੀਆਂ ਹਨ ਜਾਂ ਵਾੜ ਕੀਤੀ ਜਾਂਦੀ ਹੈ। ਦੇਸ਼ ਵਿਚ ਸਾਲ 2017-18 ਦੌਰਾਨ 73 ਰੇਲ ਹਾਦਸੇ ਵਾਪਰੇ ਹਨ, ਜਿਨ੍ਹਾਂ ਦੀ ਗਿਣਤੀ 2016-17 ਵਿਚ 104 ਸੀ। ਕੋਈ ਵਰ੍ਹਾ ਅਜਿਹਾ ਨਹੀਂ, ਜਦੋਂ ਰੇਲ ਹਾਦਸਿਆਂ ਦਾ ਅੰਕੜਾ ਇਕ ਸੌ ਤੋਂ ਨਾ ਟੱਪਿਆ ਹੋਵੇ। ਰੇਲ ਮਾਰਗਾਂ ਦੇ ਨੈੱਟਵਰਕ ਵਿਚ ਮਾਲਵਾ ਖਿੱਤਾ ਬਹੁਤਾ ਅੱਗੇ ਨਹੀਂ ਹੈ, ਇੰਨਾ ਜ਼ਰੂਰ ਹੈ ਕਿ ਬਠਿੰਡਾ ਜੰਕਸ਼ਨ ਬਹੁਤ ਵੱਡਾ ਹੈ। ਭਾਵੇਂ ਕੇਂਦਰ ਨੇ ਹੁਣ ਘੋਨੇ ਫਾਟਕਾਂ ਦਾ ਸਿਰ ਢੱਕਣਾ ਸ਼ੁਰੂ ਕੀਤਾ ਹੈ, ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਵੱਡੀ ਹੈ।
ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਰੇਲ ਮੰਤਰਾਲੇ ਨੂੰ ਸਭ ਤੋਂ ਵੱਧ ਯਾਤਰੀਆਂ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਬੁਲੇਟ ਟਰੇਨ ਪ੍ਰੋਜੈਕਟਾਂ ਦੀ ਥਾਂ ‘ਤੇ ਆਮ ਰੇਲ ਸੇਵਾ ਅਤੇ ਉਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।