ਬਰਗਾੜੀ ਦੀ ਧਰਤੀ ਤੋਂ ‘ਨਵੇਂ ਸ਼੍ਰੋਮਣੀ ਅਕਾਲੀ ਦਲ’ ਲਈ ਲਾਮਬੰਦੀ

ਬਠਿੰਡਾ: ਬਾਦਲਾਂ ਖਿਲਾਫ਼ ਬਣੇ ਪੰਥਕ ਮਾਹੌਲ ਅਤੇ ਨਵੇਂ ਸਿਆਸੀ ਸੁਰਾਂ ਦੇ ਬਣ ਰਹੇ ਸੁਮੇਲ ਤੋਂ ਜਾਪਦਾ ਹੈ ਕਿ ਬਰਗਾੜੀ ਦੀ ਧਰਤੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਜਨਮ ਭੂਮੀ ਵੀ ਬਣ ਸਕਦੀ ਹੈ। ਭਾਵੇਂ ਸਿਆਸੀ ਕਿਆਸ ਅਗੇਤੇ ਹਨ ਪਰ ਨਵੇਂ ਪੰਥਕ ਰਾਹਾਂ ਨੇ ਬਰਗਾੜੀ ਵੱਲ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਨੇ ਵੀ ਬਰਗਾੜੀ ਵੱਲ ਮੂੰਹ ਕਰ ਲਏ ਹਨ। ਦੇਰ ਸਵੇਰ ਇਹ ਬਾਗੀ ਨੇਤਾ ‘ਬਰਗਾੜੀ ਇਨਸਾਫ ਮੋਰਚਾ’ ਦੀ ਅਗਵਾਈ ਹੇਠ ਚੱਲ ਰਹੇ ਮੋਰਚੇ ਦੀ ਸਟੇਜ ਉਤੇ ਨਜ਼ਰ ਆ ਸਕਦੇ ਹਨ।

ਬਰਗਾੜੀ ਇਨਸਾਫ ਮੋਰਚਾ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਲਾਏ ਮੋਰਚੇ ‘ਚ ਪਹਿਲਾਂ 7 ਅਕਤੂਬਰ ਅਤੇ ਫਿਰ 14 ਅਕਤੂਬਰ ਨੂੰ ਹੋਏ ਵੱਡੇ ਪੰਥਕ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਧੁਰ ਅੰਦਰੋਂ ਹਲੂਣ ਦਿੱਤਾ ਹੈ। ਬਾਗੀ ਅਕਾਲੀ ਆਗੂ ਵੀ ਬਰਗਾੜੀ ਇਨਸਾਫ ਮੋਰਚਾ ਦੀ ਹਮਾਇਤ ਵਿਚ ਕੁੱਦਣ ਲਈ ਤਿਆਰ ਹੋ ਰਹੇ ਹਨ। ਸੂਤਰ ਦੱਸਦੇ ਹਨ ਕਿ ਬਾਗੀਆਂ ਨੇ ਜੋ ਨਵੀਂ ਵਿਉਂਤਬੰਦੀ ਘੜਨੀ ਸ਼ੁਰੂ ਕੀਤੀ ਹੈ, ਉਸ ‘ਚ ਨਵੇਂ ਐਲਾਨ ਬਰਗਾੜੀ ਦੀ ਧਰਤੀ ਤੋਂ ਕਰਨ ਦਾ ਫੈਸਲਾ ਹੈ। ਦੋ ਤਿੰਨ ਦਿਨ ਪਹਿਲਾਂ ਬਰਗਾੜੀ ਇਨਸਾਫ ਮੋਰਚੇ ਦੇ ਸੀਨੀਅਰ ਮੈਂਬਰ ਨਾਲ ਇਕ ਬਾਗੀ ਅਕਾਲੀ ਨੇਤਾ ਨੇ ਮੁਕਤਸਰ ਵਿਚ ਮੁਲਾਕਾਤ ਵੀ ਕੀਤੀ ਸੀ। ਇਸ ਗੁਪਤ ਮੁਲਾਕਾਤ ਵਿਚ ਬਾਗੀ ਆਗੂ ਨੇ ਬਰਗਾੜੀ ਜਲਦੀ ਆਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਹੁਣ ਉਹ ਪਿਛਾਂਹ ਨਹੀਂ ਹਟਣਗੇ।
ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਆਖ ਦਿੱਤਾ ਹੈ ਕਿ ਹੁਣ ਉਹ ਕੋਈ ਵੀ ਫੈਸਲਾ ਸਾਥੀਆਂ ਨਾਲ ਮਿਲ ਕੇ ਹੀ ਲੈਣਗੇ। ਬਰਗਾੜੀ ਇਨਸਾਫ ਮੋਰਚਾ ਦੀ ਅਗਵਾਈ ਕਰ ਰਹੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦਾ ਕਹਿਣਾ ਸੀ ਕਿ ਬਾਦਲਾਂ ਖਿਲਾਫ਼ ਬੇਅਦਬੀ ਦੇ ਮਾਮਲੇ ‘ਤੇ ਵਿਰੋਧ ਵਿਚ ਉੱਤਰੇ ਬਾਗੀ ਸੁਰ ਵਾਲੇ ਆਗੂਆਂ ਦਾ ਉਹ ਬਰਗਾੜੀ ਆਉਣ ‘ਤੇ ਸਵਾਗਤ ਕਰਨਗੇ। ਉਹ ਦੋਸ਼ੀਆਂ ਨੂੰ ਫੜਾਉਣ ਵਾਸਤੇ ਮੋਰਚੇ ਦੀ ਹਮਾਇਤ ਕਰਦੇ ਹਨ ਤਾਂ ਉਨ੍ਹਾਂ ਨੂੰ ਮੋਰਚਾ ‘ਜੀ ਆਇਆਂ’ ਆਖੇਗਾ। ਇਸ ਨਾਲ ਮੋਰਚੇ ਨੂੰ ਵੀ ਮਜ਼ਬੂਤੀ ਮਿਲੇਗੀ। ਜਥੇਦਾਰ ਮੰਡ ਨੇ ਆਖਿਆ ਕਿ ਪੰਥ ਰਾਹ ਦਾ ਨਾਮ ਹੈ ਅਤੇ ਇਥੋਂ ਹੀ ਸਿਆਸੀ ਦਿਸ਼ਾ ਨਿਕਲੇਗੀ।
ਦੱਸਣਯੋਗ ਹੈ ਕਿ ਬਰਗਾੜੀ ਵਿਚ ਹੋਏ ਉਪਰੋਥਲੀ ਦੋ ਵੱਡੇ ਪੰਥਕ ਇਕੱਠਾਂ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਉਜਾਗਰ ਕਰ ਦਿੱਤਾ ਹੈ। ਬਰਗਾੜੀ ਇਨਸਾਫ ਮੋਰਚਾ ਦੇ ਸੀਨੀਅਰ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਜੇ ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਵਿਚ ਵਿਰੋਧ ਦਰਜ ਕਰਾਉਣ ਵਾਲੇ ਆਗੂ ਬਰਗਾੜੀ ਮੋਰਚਾ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਬਾਗੀ ਅਕਾਲੀ ਨੇਤਾ ਅਤੇ ਇਨਸਾਫ ਮੋਰਚੇ ਦੇ ਆਗੂਆਂ ਵਿਚ ਤਾਲਮੇਲ ਬੈਠਦਾ ਹੈ ਤਾਂ ਬਰਗਾੜੀ ‘ਚੋਂ ਨਵੇਂ ਅਕਾਲੀ ਦਲ ਦੇ ਐਲਾਨ ਦੀ ਸੰਭਾਵਨਾ ਬਣ ਸਕਦੀ ਹੈ।