ਮੋਦੀ ਸਰਕਾਰ ਨੇ ਨਰਮਾ ਪੱਟੀ ਦੀ ਕਿਸਾਨੀ ਨੂੰ ਰੋਲਿਆ

ਬਠਿੰਡਾ: ਕੇਂਦਰੀ ਟੈਕਸਟਾਈਲ ਮੰਤਰੀ ਸਮ੍ਰਿਤੀ ਇਰਾਨੀ ਨੇ ਐਤਕੀਂ ਪੰਜਾਬ ਦੀ ਨਰਮਾ ਪੱਟੀ ਦੀ ਕਿਸਾਨੀ ਮਾਰ ਦਿੱਤੀ ਹੈ। ਕੇਂਦਰੀ ਮੰਤਰੀ ਨੇ ਭਾਰਤੀ ਕਪਾਹ ਨਿਗਮ ਦੇ ਮਾਪਦੰਡ ਏਨੇ ਸਖਤ ਕਰ ਦਿੱਤੇ ਹਨ ਕਿ ਪ੍ਰਾਈਵੇਟ ਵਪਾਰੀ ਲਾਹਾ ਲੈਣ ਲੱਗੇ ਹਨ। ਭਾਰਤੀ ਕਪਾਹ ਨਿਗਮ ਦੇ ਅਫਸਰ ਕਪਾਹ ਮੰਡੀਆਂ ਵਿਚ ਖੜ੍ਹੇ ਤਾਂ ਹਨ ਪਰ ਹਾਲੇ ਤੱਕ ਕਪਾਹ ਨਿਗਮ ਪੰਜਾਬ ਵਿਚ ਖ਼ਰੀਦ ਦਾ ਮਹੂਰਤ ਵੀ ਨਹੀਂ ਕਰ ਸਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲੋਟ ਰੈਲੀ ਵਿਚ ਵਾਅਦਾ ਕੀਤਾ ਸੀ ਕਿ ਐਤਕੀਂ ਨਰਮਾ ਪੱਟੀ ਵਿਚ ਨਰਮੇ ਨੂੰ ਨਰਮ ਨਹੀਂ ਪੈਣ ਦਿਆਂਗੇ, ਪਰ ਸਭ ਐਲਾਨਾਂ ਦੀ ਫੂਕ ਨਿਕਲ ਗਈ ਹੈ।

ਪਿਛਲੇ ਸਮੇਂ ਦੌਰਾਨ ਹੋਈ ਬਾਰਸ਼ ਨੇ ਸਭ ਤੋਂ ਵੱਡੀ ਸੱਟ ਮਾਰੀ। ਕਪਾਹ ਨਿਗਮ ਨੂੰ ਬਹਾਨਾ ਮਿਲ ਗਿਆ ਕਿ ਉਹ 12 ਫੀਸਦੀ ਨਮੀ ਤੋਂ ਜ਼ਿਆਦਾ ਵਾਲੀ ਫਸਲ ਖਰੀਦ ਨਹੀਂ ਸਕਦੇ।
ਪਹਿਲਾਂ ਵੱਡਾ ਮਸਲਾ ਨਮੀ ਦਾ ਸੀ ਅਤੇ ਹੁਣ ਵੱਡੀ ਦਿੱਕਤ ਸਿੱਧੀ ਖਰੀਦ ਦੀ ਬਣ ਗਈ ਹੈ। ਨਵੇਂ ਕੇਂਦਰੀ ਨਿਯਮਾਂ ਅਨੁਸਾਰ ਭਾਰਤੀ ਕਪਾਹ ਨਿਗਮ ਨੂੰ ਕਿਸਾਨਾਂ ਤੋਂ ਸਿੱਧੀ ਫਸਲ ਖਰੀਦ ਕਰਨ ਦੀ ਹਦਾਇਤ ਹੈ, ਜਿਸ ਦੇ ਵਿਰੋਧ ਵਿਚ ਆੜ੍ਹਤੀ ਉਤਰੇ ਹਨ। ਉਨ੍ਹਾਂ ਨੇ ਇਕ ਦਿਨ ਦੀ ਹੜਤਾਲ ਵੀ ਕੀਤੀ ਸੀ। ਭਾਰਤੀ ਕਪਾਹ ਨਿਗਮ ਨੇ ਹੁਣ ਤੱਕ ਮੁਕਤਸਰ, ਬਠਿੰਡਾ, ਸੰਗਤ, ਮਲੋਟ, ਅਬੋਹਰ ਤੇ ਗਿੱਦੜਬਾਹਾ ਵਿਚ ਫੈਕਟਰੀ ਮਾਲਕਾਂ ਨਾਲ ਸਮਝੌਤੇ ਕੀਤੇ ਹਨ, ਜਿਨ੍ਹਾਂ ਵਿਚ ਨਿਗਮ ਤਰਫੋਂ ਮਾਲ ਲਾਇਆ ਜਾਣਾ ਹੈ। ਮੌੜ ਅਤੇ ਮਾਨਸਾ ਵਿਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਧਿਰਾਂ ਨੇ ਅਧਿਕਾਰੀਆਂ ਦੇ ਘਿਰਾਉ ਸ਼ੁਰੂ ਕਰ ਦਿੱਤੇ ਹਨ।
ਆੜ੍ਹਤੀਆਂ ਨੇ ਸਿੱਧੀ ਖਰੀਦ ਖਿਲਾਫ਼ ਬਿਗਲ ਵਜਾਇਆ ਹੈ। ਕਪਾਹ ਮੰਡੀਆਂ ਵਿਚ ਇਸ ਵੇਲੇ ਨਰਮੇ ਕਪਾਹ ਦੀ ਫਸਲ ਸਰਕਾਰੀ ਭਾਅ 5350 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਵਿਕ ਰਹੀ ਹੈ। ਉਤਰੀ ਭਾਰਤ ਵਿਚ ਇਸ ਵੇਲੇ ਭਾਅ 5200 ਤੋਂ 5450 ਰੁਪਏ ਤੱਕ ਚੱਲ ਰਿਹਾ ਹੈ ਜਦੋਂਕਿ ਪੰਜਾਬ ਵਿਚ ਨਰਮੇ ਦੀ ਫਸਲ 4800 ਤੋਂ 5300 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਆੜ੍ਹਤੀਆ ਐਸੋਸੀਏਸ਼ਨ ਗੋਨਿਆਣਾ ਮੰਡੀ ਦੇ ਚੇਅਰਮੈਨ ਪ੍ਰਮੋਦ ਕੁਮਾਰ ਕਾਲਾ ਦਾ ਕਹਿਣਾ ਸੀ ਕਿ ਕਪਾਹ ਨਿਗਮ ਸਿੱਧੀ ਖ਼ਰੀਦ ਕਰਨੀ ਚਾਹੁੰਦਾ ਹੈ ਅਤੇ ਆੜ੍ਹਤੀਆਂ ਨੂੰ ਢਾਈ ਫ਼ੀਸਦੀ ਆੜ੍ਹਤ ਦੇਣ ਤੋਂ ਨਿਗਮ ਭੱਜ ਰਿਹਾ ਹੈ, ਜਿਸ ਦੇ ਵਿਰੋਧ ਵਿਚ ਆੜ੍ਹਤੀਏ ਆਪਣਾ ਰੋਸ ਦਰਜ ਕਰਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਨੇ ਨਰਮੇ ਦੀ ਗੁਣਵੱਤਾ ਨੂੰ ਵੱਡੀ ਸੱਟ ਮਾਰੀ ਹੈ। ਪਤਾ ਲੱਗਾ ਹੈ ਕਿ ਕਈ ਕਪਾਹ ਮੰਡੀਆਂ ਵਿਚ ਟਕਰਾਓ ਵਾਲਾ ਮਾਹੌਲ ਵੀ ਬਣ ਚੁੱਕਿਆ ਹੈ। ਭਾਰਤੀ ਕਪਾਹ ਨਿਗਮ ਨੇ ਹੁਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਹੈ ਕਿ ਫੈਕਟਰੀਆਂ ਨਾ ਮਿਲਣ ਕਰ ਕੇ ਖਰੀਦ ਵਿਚ ਵੱਡੀ ਦਿੱਕਤ ਹੈ। ਕਪਾਹ ਨਿਗਮ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਹੈ ਕਿ ਕਪਾਹ ਮੰਡੀਆਂ ਵਿਚ ਸੁਰੱਖਿਆ ਦੇ ਬੰਦੋਬਸਤ ਵੀ ਕੀਤੇ ਜਾਣ ਕਿਉਂਕਿ ਨਿਗਮ ਦੇ ਅਧਿਕਾਰੀਆਂ ਦੇ ਘਿਰਾਉ ਹੋ ਰਹੇ ਹਨ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਕਪਾਹ ਨਿਗਮ ਦੀ ਬਦੌਲਤ ਕਿਸਾਨ ਮੰਡੀਆਂ ਵਿਚ ਲੁੱਟਿਆ ਜਾ ਰਿਹਾ ਹੈ। ਸਖਤ ਮਾਪਦੰਡਾਂ ਦੇ ਬਹਾਨੇ ਨਿਗਮ ਖਰੀਦ ਕਰਨ ਤੋਂ ਭੱਜ ਗਿਆ ਹੈ ਅਤੇ ਸਰਕਾਰ ਨੂੰ ਫੌਰੀ ਦਾਖਲ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਅਕਤੂਬਰ ਨੂੰ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੂੰ ਪੱਤਰ ਲਿਖ ਕੇ ਭਾਰਤੀ ਕਪਾਹ ਨਿਗਮ ਨੂੰ ਮੰਡੀਆਂ ਵਿਚ ਉਤਾਰੇ ਜਾਣ ਦੀ ਮੰਗ ਕੀਤੀ ਸੀ। ਉਸ ਮਗਰੋਂ ਅਧਿਕਾਰੀ ਮੰਡੀਆਂ ਵਿਚ ਤਾਂ ਦਿੱਖੇ ਹਨ ਪਰ ਕਿਧਰੇ ਖ਼ਰੀਦ ਸ਼ੁਰੂ ਨਹੀਂ ਕੀਤੀ। ਵੇਰਵਿਆਂ ਅਨੁਸਾਰ ਹੁਣ ਤੱਕ ਨਰਮਾ ਪੱਟੀ ਚੋਂ ਕਰੀਬ 85 ਹਜ਼ਾਰ ਗੱਠਾਂ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਕਰੀਬ 9 ਲੱਖ ਗੱਠਾਂ ਦੀ ਪੈਦਾਵਾਰ ਦਾ ਅਨੁਮਾਨ ਹੈ। ਪੰਜਾਬ ਵਿਚ ਇਸ ਵਾਰ 2.84 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਸੀ। ਕੌਮਾਂਤਰੀ ਬਾਜ਼ਾਰ ਵਿਚ ਇਕ ਹਫਤੇ ਤੋਂ ਰੂੰਈ ਦੀ ਮੰਗ ਵਧੀ ਹੈ ਅਤੇ ਐਕਸਪੋਰਟਰਾਂ ਨੇ ਦਿਲਚਸਪੀ ਕਾਫੀ ਵਧਾਈ ਹੈ। ਪਾਕਿਸਤਾਨ ਅਤੇ ਬੰਗਲਾ ਦੇਸ਼ ਨੂੰ ਰੂੰਈ ਭੇਜੀ ਜਾ ਰਹੀ ਹੈ।