ਰੇਤ ਤੇ ਬਜਰੀ ਦੀਆਂ ਕੀਮਤਾਂ ਅੱਗੇ ਬੇਵੱਸ ਹੋਈ ਕੈਪਟਨ ਸਰਕਾਰ

ਚੰਡੀਗੜ੍ਹ: ਪੰਜਾਬ ਦੇ ਲੋਕਾਂ ਨੂੰ ਰੇਤ ਅਤੇ ਬਜਰੀ ਦੀਆਂ ਮਹਿੰਗੀਆਂ ਕੀਮਤਾਂ ਤੋਂ ਨੇੜ ਭਵਿੱਖ ਵਿਚ ਛੁਟਕਾਰਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਸਥਾਨਕ ਸਰਕਾਰ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਤਿਲੰਗਾਨਾ ਦੀ ਮਾਈਨਿੰਗ ਨੀਤੀ ਦਾ ਅਧਿਐਨ ਕਰ ਕੇ ਦਿੱਤੀ ਰਿਪੋਰਟ ਵੀ ਇਕ ਤਰ੍ਹਾਂ ਨਾਲ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੀ ਗਈ ਹੈ। ਕੈਬਨਿਟ ਸਬ ਕਮੇਟੀ ਇਸ ਮਾਮਲੇ ਵਿਚ ਬੇਅਸਰ ਦਿਖਾਈ ਦੇ ਰਹੀ ਹੈ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਵੀ ਮੀਟਿੰਗਾਂ ਕਰ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ।

ਸੂਤਰਾਂ ਦਾ ਦੱਸਣਾ ਹੈ ਕਿ 24 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮਾਈਨਿੰਗ ਵਿਭਾਗ ਨੇ ਪੀæਪੀæਟੀæ (ਪਾਵਰ ਪੁਆਇੰਟ ਪਰੈਜ਼ੈਂਟੇਸ਼ਨ) ਵੀ ਦਿੱਤੀ ਪਰ ਸਰਕਾਰ ਨੂੰ ਇਹ ਪੇਸ਼ਕਾਰੀ ਪਸੰਦ ਨਹੀਂ ਆਈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਿੰਜਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਤੇ ਹੋਰ ਅਫਸਰ ਸ਼ਾਮਲ ਸਨ। ਪੰਜਾਬ ਵਿਚ ਰੇਤ ਅਤੇ ਬਜਰੀ ਦੀਆਂ ਕੀਮਤਾਂ ਆਸਮਾਨ ਨੂੰ ਛੂੰਹਦੀਆਂ ਜਾ ਰਹੀਆਂ ਹਨ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਨਾਲੋਂ ਵੀ ਰੇਤ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ ਤੇ ਆਮ ਬੰਦੇ ਨੂੰ ਉਸਾਰੀ ਕਰਨੀ ਬੇਹੱਦ ਔਖੀ ਹੋਈ ਪਈ ਹੈ। ਕਾਂਗਰਸ ਨੇਤਾਵਾਂ ਨੇ ਖਦਸ਼ਾ ਪ੍ਰਗਟਾਇਆ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਰੇਤ ਤੇ ਬਜਰੀ ਦੀ ਕਾਲਾਬਾਜ਼ਾਰੀ ਦਾ ਮਾਮਲਾ ਕਾਂਗਰਸ ਸਰਕਾਰ ਦੇ ਖਿਲਾਫ਼ ਵੱਡੇ ਮੁੱਦੇ ਵਜੋਂ ਉਭਰ ਸਕਦਾ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਮਾਈਨਿੰਗ ਵਿਭਾਗ ਵੱਲੋਂ ਜਿਹੜੀ ਪੀæਪੀæਟੀæ ਦਿਖਾਈ ਗਈ ਉਸ ਮੁਤਾਬਕ ਕਲਸਟਰ ਬਣਾ ਕੇ ਰੇਤ ਦੀਆਂ ਖੱਡਾਂ ਦੀਆਂ ਨਿਲਾਮੀ ਕਰਨਾ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਤੱਥ ਸਪੱਸ਼ਟ ਕੀਤੇ ਗਏ ਹਨ ਕਿ ਪੰਜਾਬ ਵਿਚ ਸਾਲਾਨਾ 4 ਕਰੋੜ ਟਨ ਰੇਤ ਦੀ ਖਪਤ ਹੈ। ਇਸ ਲਈ ਜੇਕਰ ਮੰਗ ਨੂੰ ਪੂਰਾ ਕਰ ਦਿੱਤਾ ਜਾਵੇ ਤਾਂ ਰੇਤ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਮਾਈਨਿੰਗ ਵਿਭਾਗ ਦਾ ਮੰਨਣਾ ਹੈ ਕਿ ਪੰਜਾਬ ਦੇ ਤਿੰਨਾਂ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਦੇ ਦੁਆਲੇ ਦੀਆਂ ਜ਼ਮੀਨਾਂ ਦਾ ਕਲਸਟਰ ਬਣਾਏ ਜਾਣ ਦੀ ਤਜਵੀਜ਼ ਹੈ ਤੇ ਇਸ ਵਿਚੋਂ 400 ਤੋਂ ਲੈ ਕੇ 1 ਹਜ਼ਾਰ ਕਰੋੜ ਰੁਪਏ ਤੱਕ ਦਾ ਸਾਲਾਨਾ ਮਾਲੀਆ ਆ ਸਕਦਾ ਹੈ। ਇਸ ਸਮੇਂ ਸਰਕਾਰ ਨੂੰ 40 ਕਰੋੜ ਮਿਲਦੇ ਹਨ ਤੇ ਮੋਟੀ ਕਮਾਈ ਰੇਤ ਮਾਫੀਆ ਕਰ ਰਿਹਾ ਹੈ।
_____________________
ਅਕਾਲੀ ਸਰਕਾਰ ਨਾਲੋਂ ਦੁਗਣੇ ਹੋਏ ਭਾਅ
ਇਸ ਸਮੇਂ ਰੇਤੇ ਦਾ ਭਾਅ 3 ਹਜ਼ਾਰ ਰੁਪਏ ਪ੍ਰਤੀ 100 ਕਿਊਬਿਕ ਫੁੱਟ ਹੈ। ਇਸੇ ਤਰ੍ਹਾਂ ਬਜਰੀ ਦਾ ਭਾਅ ਸਾਢੇ 3 ਹਜ਼ਾਰ ਰੁਪਏ ਪ੍ਰਤੀ 100 ਕਿਊਬਿਕ ਫੁੱਟ ਹੈ। ਹੋਰ ਤਾਂ ਹੋਰ ਸ਼ਹਿਰਾਂ ਵਿਚ ਨੀਵੇਂ ਪਲਾਟਾਂ ਨੂੰ ਉਚਾ ਕਰਨ ਲਈ ਮਿੱਟੀ ਵੀ ਉਪਲਭਧ ਨਹੀਂ ਹੋ ਰਹੀ। ਮਿੱਟੀ ਦੀ ਕਾਲਾਬਾਜ਼ੀ ਇਸ ਹੱਦ ਤੱਕ ਹੋ ਗਈ ਹੈ ਕਿ 100 ਕਿਊਬਿਕ ਫੁੱਟ 1 ਹਜ਼ਾਰ ਰੁਪਏ ਦੇ ਕਰੀਬ ਹੈ। ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਦੋਂ ਕਾਂਗਰਸ ਸਰਕਾਰ ਦਾ ਗਠਨ ਹੋਇਆ ਸੀ ਤਾਂ ਉਸ ਤੋਂ ਪਹਿਲਾਂ ਰੇਤਾ 1800 ਰੁਪਏ ਪ੍ਰਤੀ 100 ਕਿਊਬਿਕ ਫੁੱਟ, ਬਜਰੀ 2 ਹਜ਼ਾਰ ਰੁਪਏ ਦੀ 100 ਕਿਊਬਿਕ ਫੁੱਟ ਅਤੇ ਮਿੱਟੀ 400 ਰੁਪਏ ਦੀ 100 ਕਿਊਬਿਕ ਫੁੱਟ ਮਿਲਦੀ ਸੀ।