ਗੁੰਡਾਗਰਦੀ ਦੀ ਮਿਸਾਲ ਬਣੀਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ

ਬਠਿੰਡਾ: ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਇਸ ਵਾਰ ਗੁੰਡਾਗਰਦੀ ਦੀ ਮਿਸਾਲ ਬਣੀਆਂ। ਚੋਣਾਂ ਦੇ ਐਲਾਨ ਤੋਂ ਲੈ ਕੇ ਇਹ ਅਮਲ ਮੁਕੰਮਲ ਹੋਣ ਤੱਕ ਸਿਆਸੀ ਧਿਰਾਂ ਜ਼ਬਾਨੀ ਹਮਲਿਆਂ ਦੇ ਨਾਲ-ਨਾਲ ਖੁੱਲ ਕੇ ਇਕ-ਦੂਜੇ ਦੇ ਸਾਹਮਣੇ ਹੋਈਆਂ। ਚੋਣਾਂ ਵਾਲੇ ਦਿਨ ਖੁੱਲ ਕੇ ਵੱਢ-ਟੁੱਕ ਹੋਈ। ਕਈ ਪੋਲਿੰਗ ਬੂਥਾਂ ਉਤੇ ਕਬਜ਼ੇ ਹੋਏ, ਇਕ ਦੂਜੇ ਦੇ ਵਰਕਰਾਂ ਨਾਲ ਕੁੱਟਮਾਰ ਕੀਤੀ ਗਈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਕਾਂਗਰਸੀਆਂ ਨੂੰ ‘ਸਬਕ’ ਸਿਖਾਉਣ ਲਈ ਮੈਦਾਨ ਵਿਚ ਉਤਰੇ। ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਨ੍ਹਾਂ ਦੀ ਹਾਜ਼ਰੀ ਵਿਚ ਕਾਂਗਰਸੀ ਆਗੂਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਨੇ ਸਿਰਫ ਮਾਲਵਾ ਖਿੱਤੇ ਵਿਚ ਚੋਣ ਹਿੰਸਾ ਦੇ ਮਾਮਲੇ ਵਿਚ ਕਰੀਬ ਪੌਣੇ ਦੋ ਸੌ ਵਿਅਕਤੀਆਂ ਖਿਲਾਫ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਗਿੱਦੜਬਾਹਾ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਉਰਫ ਡਿੰਪੀ ਢਿੱਲੋਂ ਵੀ ਸ਼ਾਮਲ ਹਨ। ਬਠਿੰਡਾ ਰੇਂਜ ਅਤੇ ਫਿਰੋਜ਼ਪੁਰ ਰੇਂਜ ਅਧੀਨ ਪੈਂਦੇ ਥਾਣਿਆਂ ਵਿਚ ਚੋਣ ਹਿੰਸਾ ਨਾਲ ਸਬੰਧਤ ਕਰੀਬ 17 ਕੇਸ ਦਰਜ ਕੀਤੇ ਗਏ ਹਨ। ਥਾਣਾ ਲੰਬੀ ਵਿਚ ਸਾਬਕਾ ਉਪ ਮੁੱਖ ਮੰਤਰੀ ਬਾਦਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਦੋਂਕਿ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਡਿੰਪੀ ਢਿੱਲੋਂ, ਸੰਨੀ ਢਿੱਲੋਂ, ਉਨ੍ਹਾਂ ਦੇ ਪੀਏ ਜਗਤਾਰ ਸਿੰਘ ਤੋਂ ਇਲਾਵਾ 45 ਦੇ ਕਰੀਬ ਅਣਪਛਾਤੇ ਵਿਅਕਤੀਆਂ ‘ਤੇ ਥਾਣਾ ਗਿੱਦੜਬਾਹਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਕੋਟਭਾਈ ਵਿਚ ਡਿੰਪੀ ਢਿੱਲੋਂ, ਸੰਨੀ ਢਿੱਲੋਂ ਆਦਿ ਸਮੇਤ ਕਰੀਬ 25 ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਕੇਸ ਜ਼ਿਲ੍ਹਾ ਮੁਕਤਸਰ ਵਿਚ ਦਰਜ ਹੋਏ ਹਨ, ਜਿਨ੍ਹਾਂ ਦੀ ਗਿਣਤੀ 12 ਬਣਦੀ ਹੈ।
ਬਠਿੰਡਾ ਜ਼ਿਲ੍ਹੇ ਵਿਚ ਥਾਣਾ ਦਿਆਲਪੁਰਾ ਵਿਚ ਪਿੰਡ ਦਿਆਲਪੁਰਾ ਮਿਰਜ਼ਾ ਦੇ ਕਰੀਬ ਦਰਜਨ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਬੁਰਜ ਗਿੱਲ ਜ਼ੋਨ ਤੋਂ ਅਕਾਲੀ ਉਮੀਦਵਾਰ ਜਸਪਾਲ ਸਿੰਘ ਵੀ ਸ਼ਾਮਲ ਹਨ। ਪਿੰਡ ਦਿਆਲਪੁਰਾ ਮਿਰਜ਼ਾ ਵਿਚ ਪਹਿਲਾਂ ਬੂਥਾਂ ‘ਤੇ ਕਬਜ਼ੇ ਹੋਏ ਸਨ ਅਤੇ ਉਸ ਮਗਰੋਂ ਬੈਲੇਟ ਬਕਸੇ ਚੁੱਕ ਕੇ ਵੋਟਾਂ ਨੂੰ ਅੱਗ ਲਾਈ ਗਈ ਸੀ। ਇਸ ਕੇਸ ਵਿਚ 40 ਦੇ ਕਰੀਬ ਅਣਪਛਾਤੇ ਵਿਅਕਤੀ ਵੀ ਨਾਮਜ਼ਦ ਕੀਤੇ ਹਨ। ਦੱਸਣਯੋਗ ਹੈ ਕਿ ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਦੇ ਹਲਕੇ ਵਿਚ ਪੈਂਦੇ ਪਿੰਡ ਦਿਆਲਪੁਰਾ ਮਿਰਜ਼ਾ ਅਤੇ ਦੁੱਲੇਵਾਲਾ ਵਿੱਚ ਕਾਫੀ ਗੜਬੜ ਹੋਈ ਸੀ ਤੇ ਹਵਾਈ ਫਾਇਰਿੰਗ ਵੀ ਹੋਈ ਸੀ। ਚੋਣ ਕਮਿਸ਼ਨ ਨੇ ਪਿੰਡ ਦਿਆਲਪੁਰਾ ਮਿਰਜ਼ਾ ਅਤੇ ਕਣਕਵਾਲ ਦੇ ਬੂਥ ‘ਤੇ ਦੁਬਾਰਾ ਚੋਣ ਕਰਾਉਣ ਦੇ ਹੁਕਮ ਦਿੱਤੇ ਗਏ। ਵੇਰਵਿਆਂ ਅਨੁਸਾਰ ਮਾਨਸਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਚੋਣ ਹਿੰਸਾ ਦਾ ਕੋਈ ਵੀ ਕੇਸ ਦਰਜ ਨਹੀਂ ਹੋਇਆ ਹੈ। ਜ਼ਿਲ੍ਹਾ ਮੋਗਾ ਵਿਚ ਦੋ ਕੇਸ ਦਰਜ ਕੀਤੇ ਗਏ ਹਨ।
_____________
ਸੁਖਬੀਰ ਵਿਰੁੱਧ ਫੌਜਦਾਰੀ ਕੇਸ ਦਰਜ
ਲੰਬੀ: ਮੰਡੀ ਕਿੱਲਿਆਂਵਾਲੀ ਵਿਚ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਤੇ ਹੋਰ ਅਣਗਿਣਤ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ ਉਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿੱਲਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਸਾਬਕਾ ਉਪ ਮੁੱਖ ਮੰਤਰੀ ਖਿਲਾਫ ਕੇਸ ਦਰਜ ਹੋਣ ਵਿਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦਾ ਅਹਿਮ ਰੋਲ ਰਿਹਾ।
________________________
ਇਕ-ਦੂਜੇ ਦੇ ਹਲਕਿਆਂ ‘ਚ ਆਹਮੋ-ਸਾਹਮਣੇ ਹੋਣਗੇ ਅਕਾਲੀ ਤੇ ਕਾਂਗਰਸੀ
ਲੰਬੀ: ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਚੋਣਾਂ ‘ਚ ਜਿੱਤ-ਹਾਰ ਮਗਰੋਂ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਸੂਬੇ ‘ਚ ਰੈਲੀਆਂ ਜ਼ਰੀਏ ਇਕ-ਦੂਜੇ ਨੂੰ ਢਾਹੁਣ ‘ਚ ਜੁਟ ਗਏ ਹਨ। ਅਕਾਲੀ ਦਲ 7 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਵੱਲੋਂ ਚੋਣਾਂ ‘ਚ ਨਾਮਜ਼ਦਗੀਆਂ ਤੋਂ ਵੋਟਾਂ ਅਤੇ ਗਿਣਤੀ ਕੀਤੀਆਂ ਸਮੂਹ ਧੱਕੇਸ਼ਾਹੀਆਂ ਦਾ ਚਿੱਠਾ ਖੋਲ੍ਹੇਗਾ।
ਇਸ ਸਬੰਧੀ ਫੈਸਲਾ ਪਿੰਡ ਬਾਦਲ ਵਿਖੇ ਬਾਦਲਾਂ ਦੀ ਰਿਹਾਇਸ਼ ਉਤੇ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਵਿਚ ਲਿਆ ਗਿਆ। ਮੀਟਿੰਗ ਵਿਚ ਕੋਰ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੇ ਹਿੱਸਾ ਲਿਆ। ਦੂਜੇ ਪਾਸੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਕਾਰਜ ਤੋਂ ਫਾਰਗ ਹੋਣ ਮਗਰੋਂ ਸੱਤਾ ਪੱਖ ਕਾਂਗਰਸ ਨੇ ਬੇਅਦਬੀ ਦੇ ਮੁੱਦਿਆਂ ‘ਤੇ ਅਕਾਲੀਆਂ ਦਾ ਕੱਚਾ ਚਿੱਠਾ ਖੋਲ੍ਹਣ ਲਈ 7 ਅਕਤੂਬਰ ਨੂੰ ਲੰਬੀ ਹਲਕੇ ‘ਚ ਰੈਲੀ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਸਮੂਹ ਲੀਡਰਸ਼ਿਪ ਨੇ ਸੂਬੇ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਚੋਣਾਂ ਉਚ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕੀਤੀਆਂ ਧਾਂਦਲੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕੋਰ ਕਮੇਟੀ ਨੇ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਬੇਹੱਦ ਗੈਰ-ਜ਼ਿੰਮੇਵਾਰਾਨਾ ਅਤੇ ਕਾਂਗਰਸ ਸਰਕਾਰ ਨਾਲ ਮਿਲੀਭੁਗਤ ਵਾਲੀ ਕਾਰਵਾਈ ਕਰਾਰ ਦਿੱਤਾ।