ਨੱਥੂ ਰਾਮ ਦੀ ਕਰਾਮਾਤ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਗਰੀਬ ਹੱਟੀ ਵਾਲੇ ਬ੍ਰਾਹਮਣ ਹਿੰਦੂ ਦੇ ਘਰ ਬੇਟੇ ਨੇ ਜਨਮ ਲਿਆ। ਲੋਕ ਵਿਸ਼ਵਾਸ ਮੁਤਾਬਕ ਉਸ ਦੇ ਨੱਥ ਪਾਈ ਗਈ ਅਤੇ ਲਾਡ ਨਾਲ ਉਸ ਦਾ ਨਾਂ ਨੱਥੂ ਰਾਮ ਰੱਖਿਆ। ਸੁਰਤ ਸੰਭਾਲੀ ਤਾਂ ਉਸ ਨੇ ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਦੇ ਬੇਟੇ ਮੌਲਵੀ ਹਯਾਤ ਸ਼ਾਹ ਕੋਲ ਫਾਰਸੀ ਭਾਸ਼ਾ ਸਿੱਖਣੀ ਅਰੰਭ ਕੀਤੀ।

ਫਿਰ ਉਸ ਨੇ ਸਿੱਖ ਸੈਨਿਕਾਂ ਦੀ ਰੋਅਬੀਲੀ ਦਿੱਖ ਦੇ ਪ੍ਰਭਾਵ ਵਿਚ ਸਿੱਖ ਸਜਣ ਦਾ ਸੰਕਲਪ ਧਾਰ ਲਿਆ ਤੇ ਅੰਮ੍ਰਿਤਪਾਨ ਕਰਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਹੋ ਗਿਆ। ਗੁਰਬਾਣੀ ਪ੍ਰਤੀ ਪਿਆਰ ਜਾਗਿਆ ਤਾਂ ਸੰਸਕ੍ਰਿਤ ਭਾਸ਼ਾ ਦੇ ਗਿਆਨ ਦੀ ਕਮੀ ਮਹਿਸੂਸ ਹੋਈ। ਉਹ ਸੰਸਕ੍ਰਿਤ ਭਾਸ਼ਾ ਦਾ ਗੂੜ੍ਹ ਗਿਆਨ ਹਾਸਲ ਕਰਨ ਵਿਚ ਜੁੱਟ ਗਿਆ।
ਅੰਤਾਂ ਦੀ ਗਰੀਬੀ ਨੇ ਉਸ ਦੀ ਜਿਗਿਆਸਾ ਨੂੰ ਮਾਰਕਸ ਵੱਲ੍ਹ ਮੋੜ ਦਿੱਤਾ; ਮਾਰਕਸਵਾਦ ਪੜ੍ਹਿਆ ਤਾਂ ਮਨ ਦੀ ਜਿਗਿਆਸਾ ਮਾਰਕਸਵਾਦ ਤੋਂ ਵਿਗਿਆਨਵਾਦ ਵੱਲ ਪਰਤ ਗਈ। ਫਿਰ ਖਿਆਲ ਆਇਆ ਕਿਉਂ ਨਾ ਗੁਰਮਤਿ ਦੀ ਵਿਗਿਆਨਕ ਵਿਆਖਿਆ ਕੀਤੀ ਜਾਵੇ?
ਗੁਰਬਾਣੀ ਦੇ ਭਾਸ਼ਾਈ ਗਿਆਨ ਲਈ ਫਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਕਿੰਨਾ ਜਰੂਰੀ ਹੈ, ਇਹ ਗੱਲ ਥੋੜ੍ਹੇ ਜਿਹੇ ਪੜ੍ਹੇ ਲਿਖੇ ਵੀ ਅੱਛੀ ਤਰ੍ਹਾਂ ਸਮਝ ਸਕਦੇ ਹਨ।
ਉਹ ਭਾਸ਼ਾਈ ਮੁਹਾਰਤ ਨਾਲ ਲੈਸ ਹੋ ਕੇ ਗੁਰਬਾਣੀ ਦੀ ਟੀਕਾ-ਕਾਰੀ ਵਿਚ ਰੁੱਝ ਗਿਆ। ਸਭ ਤੋਂ ਪਹਿਲਾਂ ਭੱਟਾਂ ਦੇ ਸਵੱਈਏ ਧਿਆਨ ਹਿਤ ਆਏ; ਸੰਸਕ੍ਰਿਤ ਦਾ ਗਿਆਨ ਕੰਮ ਆਇਆ ਤੇ ਭੱਟਾਂ ਦੇ ਸਵੱਈਆਂ ਦਾ ਸਟੀਕ ਤਿਆਰ ਹੋਇਆ। ਫਿਰ ਚੱਲ ਸੋ ਚੱਲ।
ਪ੍ਰਥਮ ਬਾਣੀ-ਕਾਰ ਬਾਬਾ ਫਰੀਦ ਸਾਹਿਬ ਦੇ ਸ਼ਬਦ ਅਤੇ ਸਲੋਕਾਂ ਦਾ ਸਟੀਕ ਤਿਆਰ ਕੀਤਾ; ਹਯਾਤਸ਼ਾਹ ਤੋਂ ਸਿੱਖੀ ਹੋਈ ਫਾਰਸੀ ਭਾਸ਼ਾ ਦਾ ਗਿਆਨ ਕੰਮ ਆਇਆ। ਹੌਸਲਾ ਵਧਿਆ ਤਾਂ ਨਿੱਤ-ਨੇਮ ਦੀਆਂ ਬਾਣੀਆਂ ਦਾ ਟੀਕਾ ਤਿਆਰ ਕੀਤਾ ਤਾਂ ਗੁਰਬਾਣੀ ਦੇ ਵਿਆਖਿਆਕਾਰ ਵਜੋਂ ਪਹਿਚਾਣ ਬਣ ਗਈ।
ਇਸ ਸਿਲਸਿਲੇ ‘ਚ ਗੁਰਬਾਣੀ ਦਾ ਮੁਕੰਮਲ ਅਤੇ ਮੁਸੱਲਸਲ ਵਿਆਕਰਣ ਤਿਆਰ ਕੀਤਾ ਅਤੇ ਉਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਗਿਆਨਕ ਟੀਕਾ ਤਿਆਰ ਕਰਨ ਦਾ ਬੀੜਾ ਚੁਕ ਲਿਆ। ਇਸ ਮਹਾਨ ਅਤੇ ਮੁਕੱਦਸ ਕਾਰਜ ਵਿਚ ਹੀ ਉਸ ਦੀ ਉਮਰ ਬੀਤ ਗਈ।
ਇੰਨੇ ਵੱਡੇ ਕਾਰਜ ਨੂੰ ਕੋਈ ਸਿੱਖ ਪਬਲਿਸ਼ਰ ਛਾਪਣ ਲਈ ਤਿਆਰ ਨਾ ਹੋਇਆ ਕਿ ਸਿੱਖਾਂ ਨੂੰ ਪੜ੍ਹਨ ਦੀ ਆਦਤ ਹੈ ਕੋਈ ਨਹੀਂ; ਮੁਕੰਮਲ ਟੀਕਾ ਕੌਣ ਖਰੀਦੂ; ਸਭ ਨੂੰ ਘਾਟੇ ਵਾਲਾ ਸੌਦਾ ਪ੍ਰਤੀਤ ਹੋਇਆ।
ਵੱਡੇ ਵੱਡੇ ਨਾਮੀ ਸਿੱਖ ਪਬਲਿਸ਼ਰ ਟਾਲ-ਮਟੋਲ ਕਰਨ ਲੱਗੇ। ਕਹਿੰਦੇ ਹਨ ਕਿ ਪਹਿਲੀ ਵੇਰ ਕਿਸੇ ਪਬਲਿਸ਼ਰ ਨੇ ਸਾਹਿਬ ਸਿੰਘ ਦੀ ਲਿਖਤ ਛਾਪਣ ਲਈ ਕੀਮਤ ਵਜੋਂ ਉਸ ਨੂੰ ਸੋਢੇ ਦੀ ਬੋਤਲ ਦੀ ਪੇਸ਼ਕਸ਼ ਕੀਤੀ ਸੀ।
ਅਖੀਰ ਜਲੰਧਰ ਦੇ ਇੱਕ ਹਿੰਦੂ ‘ਰਾਜ ਪਬਲਿਸ਼ਰ’ ਨੇ ‘ਘਾਟੇ ਵਾਲ਼ਾ’ ‘ਸੱਚਾ ਸੌਦਾ’ ਜਾਣ ਕੇ ਹਾਂ ਕਰ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਵਿਆਕਰਣਕ ਅਤੇ ਵਿਗਿਆਨਕ ਟੀਕਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਛਪ ਕੇ ਤਿਆਰ ਹੋ ਗਿਆ।
ਦਰਪਣ ਦੀ ਦੂਰ ਦੂਰ ਤੱਕ ਚਰਚਾ ਹੋਣੀ ਸ਼ੁਰੂ ਹੋ ਗਈ, ਧੁੰਮਾਂ ਪੈ ਗਈਆਂ। ਦੂਰੋਂ ਦੂਰੋਂ ਆਰਡਰ ਆਉਣੇ ਸ਼ੁਰੂ ਹੋ ਗਏ; ਦਰਪਣ ਦੀ ਮੰਗ ਵਧ ਗਈ; ਸਪਲਾਈ ਘਟ ਗਈ। ਰਾਜ ਪਬਲਿਸ਼ਰ ਨੇ ਬਾਕੀ ਸਭ ਕੰਮ ਠੱਪ ਕਰ ਦਿੱਤੇ ਅਤੇ ਦਰਪਣ ਦੀ ਧੜਾਧੜ ਛਪਾਈ ਅਰੰਭ ਦਿੱਤੀ।
ਫਿਰ ਦੇਸ਼ ਦੀਆਂ ਸੜਕਾਂ ‘ਤੇ ਦੌੜਦੀ ਇੱਕ ਵੈਨ ਦਿਖਾਈ ਦੇਣ ਲੱਗੀ, ਜਿਸ ‘ਤੇ ਵੱਡੇ ਅੱਖਰਾਂ ‘ਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਲਿਖਿਆ ਹੋਇਆ ਸੀ। ਲੋਕ ਸਤਿਕਾਰ ਵਜੋਂ ਇਸ ਵੈਨ ਨੂੰ ਰਾਹ ਦੇ ਦਿੰਦੇ ਤੇ ਕੋਈ ਓਵਰਟੇਕ ਕਰਨ ਦੀ ਕੋਸ਼ਿਸ਼ ਵੀ ਨਾ ਕਰਦਾ; ਜੇ ਕਰਦਾ ਵੀ ਤਾਂ ਸਿਰ ਝੁਕਾ ਕੇ ਲੰਘਦਾ।
ਡਰਾਈਵਰ ਵੀ ਸਿਰ ਕੱਜ ਕੇ ਬੈਠਦਾ ਤੇ ਡੈਕ ਵਿਚ ਹਮੇਸ਼ਾ ਕੀਰਤਨ ਦੀ ਕੈਸਟ ਚੱਲਦੀ; ਵੈਨ ਕਾਹਦੀ, ਜਿਵੇਂ ਸਟੀਕ ਦਰਪਣ ਦੀ ਤੇਜ ਰਫਤਾਰ ਪਾਲਕੀ ਜਾ ਰਹੀ ਹੋਵੇ। ਵਿਸ਼ਵ ਦੇ ਇਤਿਹਾਸ ਵਿਚ ਸ਼ਾਇਦ ਹੀ ਕਿਸੇ ਟੀਕੇ ਨੂੰ ਪਹਿਲਾਂ ਕਦੀ ਏਨਾ ਸਤਿਕਾਰ ਮਿਲਿਆ ਹੋਵੇ।
ਬੇਸ਼ੱਕ ਹੁਣ ਸੋਢੇ ਦੀ ਬੋਤਲ ਤੋਂ ਗੱਲ ਬਹੁਤ ਅਗਾਂਹ ਲੰਘ ਚੁੱਕੀ ਸੀ, ਪਰ ਬੌਧਿਕ ਪ੍ਰਤਿਭਾ ਦੀ ਮਸ਼ਹੂਰੀ ਨੇ ਸਾਹਿਬ ਸਿੰਘ ਨੂੰ ਕਮਾਲ ਦੀ ਸਾਦਗੀ ਦਾ ਮੁਜੱਸਮਾ ਬਣਾ ਦਿੱਤਾ।
ਪੰਜਾਬੀ ਯੂਨੀਵਰਸਿਟੀ, ਪਟਿਆਲੇ ਦਾ ਇਸ ਪਾਸੇ ਧਿਆਨ ਗਿਆ ਤਾਂ ਉਸ ਨੇ ਸਾਹਿਬ ਸਿੰਘ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਡਿਗਰੀ ‘ਡੀ ਲਿਟ’ ਨਾਲ ਸਨਮਾਨਤ ਕੀਤਾ। ਕਹਿੰਦੇ ਹਨ ਕਿ ਉਸ ਦਿਨ, ਨਾਸਾਜ਼ ਤਬੀਅਤ ਕਾਰਣ, ਸਾਹਿਬ ਸਿੰਘ ਨੂੰ ਕੁਝ ਪਤਾ ਨਹੀਂ ਸੀ ਕਿ ਉਸ ਨੂੰ ਕਿਉਂ ਬੁਲਾਇਆ ਅਤੇ ਕੀ ਦਿੱਤਾ ਗਿਆ ਹੈ?
ਸਾਹਿਬ ਸਿੰਘ ਨੇ ਵੱਡੇ ਬੇਟੇ ਨੂੰ ਅੱਖਾਂ ਦਾ ਵੱਡਾ ਡਾਕਟਰ ਬਣਨ ਲਈ ਪ੍ਰੇਰਿਤ ਕੀਤਾ। ਕਰਾਮਾਤੀ ਪ੍ਰਤਿਭਾ ਵਾਲੇ ਨਵੇਂ ਸਜੇ ਸਿੱਖ ਬਾਪ ਦਾ ਬੇਟਾ, ਡਾ. ਦਲਜੀਤ ਸਿੰਘ ਅੱਖਾਂ ਦਾ ਵਿਸ਼ਵ ਪ੍ਰਸਿੱਧ ਸਰਜਨ, ਵੱਡਾ ਡਾਕਟਰ ਮਸ਼ਹੂਰ ਹੋ ਗਿਆ।
ਲੋਕ ਅਮਰੀਕਾ ਨੂੰ ਇਲਾਜ ਲਈ ਜਾਂਦੇ ਹਨ। ਪਰ ਅੱਖਾਂ ਲਈ ਅਮਰੀਕਨ ਲੋਕ ਅੰਮ੍ਰਿਤਸਰ ਆਉਣੇ ਸ਼ੁਰੂ ਹੋ ਗਏ, ਜਿਵੇਂ ਦਲਜੀਤ ਸਿੰਘ ਅੱਖਾਂ ਦਾ ਰੱਬ ਹੋਵੇ। ਆਮ ਤੌਰ ‘ਤੇ ਡਾ. ਲੋਕ ਵਿਦਵਾਨ ਨਹੀਂ ਹੁੰਦੇ ਤੇ ਵਿਦਵਾਨ ਸੰਵੇਦਨਸ਼ੀਲ ਨਹੀਂ ਹੁੰਦੇ, ਪਰ ਦਲਜੀਤ ਸਿੰਘ ਸੰਵੇਦਨਸ਼ੀਲ ਵੀ, ਵਿਦਵਾਨ ਵੀ ਤੇ ਡਾਕਟਰ ਵੀ ਸੀ।
ਉਸ ਨੂੰ ਸਮਾਜ ਸੁਧਾਰ ਦਾ ‘ਚੰਦਰਾ’ ਖਿਆਲ ਆਇਆ। ਕੇਜਰੀਵਾਲ ਨੇ ਟਿਕਟ ਦੇ ਦਿੱਤੀ; ਮਨ ਵਿਚ ਸੀ ਕਿ ਉਸ ਨੂੰ ਕੌਣ ਨਹੀਂ ਵੋਟ ਪਾਵੇਗਾ! ਪਰ ਕੇਜਰੀਵਾਲ਼ ਨੂੰ ਸਿੱਖ ਮਾਨਸਿਕਤਾ ਦਾ ਪਤਾ ਨਹੀਂ ਸੀ। ਸਿੱਖਾਂ ਦੀ ‘ਸਮਝਦਾਰੀ’ ਅਤੇ ‘ਫਰਾਖਦਿਲੀ’ ਦਾ ਕੇਜਰੀਵਾਲ ਨੂੰ ਉਦੋਂ ਪਤਾ ਲੱਗਾ, ਜਦੋਂ ਸਾਹਿਬ ਸਿੰਘ ਦੇ ਬੇਟੇ ਡਾ. ਦਲਜੀਤ ਸਿੰਘ ਦੀ ਗੁਰੂ ਕੀ ਨਗਰੀ ਵਿਖੇ ਜ਼ਮਾਨਤ ਜ਼ਬਤ ਹੋਣੋ ਮਸਾਂ ਬਚੀ।
ਇਹੋ ਜਿਹੇ ਇਨਸਾਨ ਸਮਾਜ ਦੀ ਸ਼ਾਨ ਹੁੰਦੇ ਹਨ ਅਤੇ ਸਨਮਾਨ ਦੇ ਪਾਤਰ ਹੁੰਦੇ ਹਨ। ਅਜਿਹੇ ਇਨਸਾਨ ਦਾ ਵਿਰੋਧ ਕਰਕੇ ਕੋਈ ਸਮਾਜ ਆਪਣੇ ਪੈਰਾਂ ‘ਤੇ ਕੁਹਾੜਾ ਨਹੀਂ ਮਾਰਦਾ, ਸਗੋਂ ਆਪਣੇ ਮੱਥੇ ‘ਤੇ ਦੁਗਾੜਾ ਦਾਗਦਾ ਹੈ। ਅਜਿਹਾ ਵਤੀਰਾ ਸਮਾਜਕ ਖੁਦਕੁਸ਼ੀ ਤੋਂ ਘੱਟ ਨਹੀਂ ਹੁੰਦਾ। ਅਸੀਂ ਲਗਾਤਾਰ ਸਮਾਜਕ ਖੁਦਕੁਸ਼ੀ ਦਾ ਰਾਹ ਫੜਿਆ ਹੋਇਆ ਹੈ।
ਡਾ. ਦਲਜੀਤ ਸਿੰਘ ਕਿਸੇ ਹੋਰ ਸਮਾਜ ਵਿਚ ਹੁੰਦਾ ਤਾਂ ਉਹ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਜਾਂਦਾ। ਜਿਨ੍ਹਾਂ ਦੀਆਂ ਅੱਖਾਂ ਨੂੰ ਡਾ. ਦਲਜੀਤ ਸਿੰਘ ਨੇ ਦੇਖਣ ਦੀ ਤੌਫੀਕ ਦਿੱਤੀ, ਉਹ ਅੱਖਾਂ, ਦੇਸ਼ ਦੀ ਤਕਦੀਰ ਬਦਲਣ ਵਾਲੇ ਡਾ. ਦਲਜੀਤ ਸਿੰਘ ਨੂੰ ਨਾ ਤਾਂ ਦੇਖ ਸਕੀਆਂ ਤੇ ਨਾ ਪਛਾਣ ਸਕੀਆਂ।
ਪਛਾਣਦੀਆਂ ਵੀ ਕਿਵੇਂ? ਟੋਪੀ ਵਾਲੇ ਦੀ ਪਾਰਟੀ ਵਿਚ ਹਟਵਾਣੀਏ ਦਾ ਪੱਗ ਵਾਲਾ ਪੋਤਾ ਕਿਸੇ ਨੂੰ ਵੀ ਪ੍ਰਵਾਨ ਨਹੀਂ ਸੀ। ਸਿੱਖ ਅੱਖਾਂ ਨੇ ਅੱਖਾਂ ਦੇ ਡਾਕਟਰ ਦੀਆਂ ਅੱਖਾਂ ਵਿਚੋਂ ਵੀ ਹਟਵਾਣੀਆ ਪਛਾਣ ਲਿਆ ਸੀ। ਨੱਥੂ ਰਾਮ ਦਾ ਕਰਾਮਾਤੀ ਟੀਕਾ ਵੀ ਉਸ ਨੂੰ ਜਿਤਾ ਨਾ ਸਕਿਆ।
ਡਾ. ਦਲਜੀਤ ਸਿੰਘ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਹ ਕੌਣ ਹੈ ਤੇ ਕੀ ਹੈ? ਉਹ ਕਰੂਪ ਅਤੇ ਕਰੂਰ ਸੱਚ ਬਰਦਾਸ਼ਤ ਨਾ ਕਰ ਸਕਿਆ ਤੇ ਪੂਰਾ ਹੋ ਗਿਆ। ‘ਕਿਉਂਕਿ ਉਹ ਪੂਰਾ ਹੋ ਗਿਆ ਸੀ।’
ਮੈਂ ਜਦ ਵੀ ਕਿਸੇ ਹਟਵਾਣੀਏ ਨੂੰ ਦੇਖਦਾ ਹਾਂ ਤਾਂ ਮੈਨੂੰ ਪ੍ਰੋ ਸਾਹਿਬ ਸਿੰਘ ਜੀ ਦੀ ਯਾਦ ਆ ਜਾਂਦੀ ਹੈ।
ਆਓ ਉਨ੍ਹਾਂ ਦੇ ਸਤਿਕਾਰ ਵਿਚ ਸਿਰ ਝੁਕਾਈਏ ਤੇ ਆਪਣੇ ਨਾਸ਼ੁਕਰੇਪਣ ‘ਤੇ ਪ੍ਰਸ਼ਨ-ਚਿੰਨ੍ਹ ਲਾਈਏ।