ਪੁਰਾਤਨ ਪੰਜਾਬ ਦੇ ਅਮੀਰ ਵਿਰਸੇ ਦੀ ਮਹਿਕ ਖਿਲਾਰ ਰਿਹਾ ਹੈ ‘ਸਾਡਾ ਪਿੰਡ’

ਅੰਮ੍ਰਿਤਸਰ: ਪੰਜਾਬ ਦੀ ਵਿਰਾਸਤ ਨੂੰ ਉਭਾਰਦਾ ਅੰਮ੍ਰਿਤਸਰ ਅਟਾਰੀ ਬਾਈਪਾਸ ਉਤੇ 12 ਏਕੜ ਵਿਚ ਸਥਾਪਤ ਕੀਤਾ ਗਿਆ Ḕਸਾਡਾ ਪਿੰਡ’ ਜਿਥੇ ਪੁਰਾਤਨ ਪੰਜਾਬ ਦੇ ਅਮੀਰ ਵਿਰਸੇ ਦੀ ਮਹਿਕ ਖਿਲਾਰ ਰਿਹਾ ਹੈ, ਉਥੇ ਹੀ ਪੁਰਾਤਨ ਪੇਂਡੂ ਜੀਵਨਸ਼ੈਲੀ ਦੀ ਝਲਕ ਇਸ ਪਿੰਡ ਵਿਚੋਂ ਮਿਲਦੀ ਹੈ।

ਨਵੰਬਰ 2016 ਵਿਚ ਦਰਸ਼ਕਾਂ ਲਈ ਖੋਲ੍ਹਿਆ ਗਿਆ Ḕਸਾਡਾ ਪਿੰਡ’ ਅੱਜ-ਕੱਲ੍ਹ ਦੇਸ਼ ਤੋਂ ਇਲਾਵਾ ਵਿਦੇਸ਼ ਤੋਂ ਵੀ ਅੰਮ੍ਰਿਤਸਰ ਪਹੁੰਚਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੋਕ ਕਲਾਵਾਂ ਅਤੇ ਸਾਡੇ ਪਿਛੋਕੜ ਨੂੰ ਦਰਸਾਉਂਦੇ ਇਸ ਪਿੰਡ ‘ਚ ਸੈਲਾਨੀ ਪੰਜਾਬ ਦੀ ਪਛਾਣ ਚਾਟੀ ਦੀ ਲੱਸੀ, ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਬੜੇ ਸ਼ੌਕ ਨਾਲ ਸੁਆਦ ਚੱਖਦੇ ਹਨ। ਬੱਚੇ ਭੱਠੀ ‘ਚ ਭੁੰਨੇ ਦਾਣੇ, ਬੁੱਢੀ ਮਾਈ ਦਾ ਝਾਟਾ ਖਾ ਕੇ ਅਨੰਦ ਮਾਣਦੇ ਹਨ। ਪਿੰਡ ਵਿਚ ਨੰਬਰਦਾਰ, ਚੌਕੀਦਾਰ, ਸਰਪੰਚ ਦੀ ਹਵੇਲੀ ਵੱਖਰਾ ਨਜ਼ਾਰਾ ਪੇਸ਼ ਕਰਦੀ ਹੈ, ਜਦਕਿ ਪਿੰਡ ਵਿਚ ਫੁਲਕਾਰੀ, ਖਾਦੀ, ਪੰਜਾਬੀ ਜੁੱਤੀ, ਪਰਾਂਦਾ ਤੇ ਪੰਜਾਬੀ ਸੂਟ ਵੀ ਵਿਕਦੇ ਹਨ।
ਸ਼ਾਮ ਵੇਲੇ ਅਖਾੜੇ ਵਿਚ ਕੁਸ਼ਤੀਆਂ, ਗਤਕਾ, ਬਾਜ਼ੀਗਰਾਂ ਦੇ ਹੁਨਰ, ਭੰਡ ਆਪਣਾ ਰੰਗ, ਮੁਟਿਆਰਾਂ ਤੇ ਗੱਭਰੂ ਗਿੱਧਾ-ਭੰਗੜਾ ਪਾਉਂਦੇ ਹਨ ਅਤੇ ਲੋਕ ਗੀਤਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ।
ਡਾਕ ਘਰ ਵਿਚ ਬੈਠੇ ਸਰਦਾਰ ਜੀ ਪੋਸਟ ਮਾਸਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਬੱਚਿਆਂ ਦੇ ਮਨੋਰੰਜਨ ਲਈ ਝੂਲੇ ਅਤੇ ਪੁਰਾਤਨ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਿਥੇ ਮਿੱਟੀ ਅਤੇ ਲੱਕੜੀ ਦੇ ਖਿਡਾਉਣੇ ਬੱਚਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪਿੰਡ ਵਿਚ 22 ਘਰ ਉਸਾਰੇ ਹਨ ਅਤੇ ਪਿੰਡ ਦੀਆਂ ਗਲੀਆਂ ਪੁਰਾਤਨ ਪਿੰਡਾਂ ਦੀਆਂ ਗਲੀਆਂ ਵਾਂਗ ਉਸਾਰੀਆਂ ਗਈਆਂ ਹਨ। ਇਸ ਦੇ ਨਾਲ ਹੀ ਲੋਕ ਬੈਲ ਗੱਡੀ, ਊਠ ਦੀ ਸਵਾਰੀ, ਤਾਂਗੇ ਦੇ ਝੂਟੇ ਅਤੇ ਘੋੜ ਸਵਾਰੀ ਦਾ ਅਨੰਦ ਲੈ ਰਹੇ ਹਨ। ਇਥੇ ਖਾਣੇ ਲਈ ਵੱਖਰਾ ਢਾਬਾ ਅਤੇ ਤੀਹ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ। ਪੰਜਾਬੀ ਸਭਿਆਚਾਰ ਦੇ ਸਾਰੇ ਰੰਗ ਪਿੰਡ ਵਿਚ ਵੇਖਣ ਨੂੰ ਮਿਲਦੇ ਹਨ।
ਪਿੰਡ ਵਿਚ ਟੂਰਿਸਟਾਂ ਦੇ ਰਾਤ ਠਹਿਰਣ ਦੇ ਮੰਤਵ ਲਈ ਵੀਹ ਕਮਰੇ ਉਸਾਰੇ ਗਏ ਹਨ, ਜੋ ਬਾਹਰੋਂ ਤਾਂ ਪੇਂਡੂ ਦਿੱਖ ਦੇ ਨਜ਼ਰ ਆਉਂਦੇ ਹਨ ਪਰ ਅੰਦਰ ਹਰ ਆਧੁਨਿਕ ਸਹੂਲਤ ਮੌਜੂਦ ਹੈ। ਪੰਜਾਬੀ ਸਭਿਆਚਾਰ ਨਾਲ ਸਬੰਧਤ ਵਸਤਾਂ ਪਿੰਡ-ਪਿੰਡ ਜਾ ਕੇ ਇਕੱਠੀਆਂ ਕੀਤੀਆਂ ਹਨ ਅਤੇ ਪੁਰਾਤਨ ਪਿੰਡ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਰਾਸਤੀ ਪਿੰਡ ਦਾ ਸੁਪਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤਤਕਾਲੀ ਉਪ ਕੁਲਪਤੀ ਡਾæ ਐਸ਼ਪੀæ ਸਿੰਘ ਨੇ ਲਿਆ ਸੀ ਅਤੇ ਇਸ ਦਾ ਉਦਘਾਟਨ 2003 ਵਿਚ ਮੇਰਾ ਪਿੰਡ ਪੁਸਤਕ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਪਾਸੋਂ ਕਰਵਾਇਆ ਸੀ, ਪਰ ਬਾਅਦ ਵਿਚ ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਨੇ ਅਪਣਾ ਲਿਆ ਸੀ ਅਤੇ ਅਕਤੂਬਰ 2011 ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਇਸ ਸਬੰਧੀ ਵਿਰਾਸਤੀ ਪਿੰਡ ਦੇ ਅਧਿਕਾਰੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਰੋਜ਼ਾਨਾ 1500-1600 ਸੈਲਾਨੀ ਇਸ ਪਿੰਡ ਨੂੰ ਵੇਖਣ ਆ ਰਹੇ ਹਨ ਜਦੋਂਕਿ ਐਤਵਾਰ ਸੈਲਾਨੀਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਵੀ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ Ḕਸਾਡਾ ਪਿੰਡ’ ਵਿਚ ਭੰਗੜਾ, ਕਿੱਕਲੀ ਅਤੇ ਗਿੱਧਾ ਦੇ ਕਲਾਕਾਰਾਂ ਵੱਲੋਂ ਹਰ ਰੋਜ਼ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
————————–
ਸਰਕਾਰੀ ਸਕੂਲਾਂ ਦੇ ਪਾੜ੍ਹੇ ਕਰਨਗੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ
ਅੰਮ੍ਰਿਤਸਰ: ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਸਮੂਹ ਸਰਕਾਰੀ ਮਿਡਲ ਸਕੂਲਾਂ ‘ਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ‘ਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਤ Ḕਜੰਗ-ਏ-ਆਜ਼ਾਦੀ ਯਾਦਗਾਰ’ ਕਰਤਾਰਪੁਰ ਦਿਖਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ 6ਵੀਂ, 7ਵੀਂ ਅਤੇ 8ਵੀਂ ਜਮਾਤ ਦੇ ਕੁੱਲ 55 ਹਜ਼ਾਰ ਵਿਦਿਆਰਥੀਆਂ ਨੂੰ ਯਾਦਗਾਰ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ‘ਚ ਹਰ ਜ਼ਿਲ੍ਹੇ ‘ਚੋਂ ਰੋਜ਼ਾਨਾ 50 ਵਿਦਿਆਰਥੀ 2 ਅਧਿਆਪਕਾਂ ਦੀ ਦੇਖ-ਰੇਖ ‘ਚ ਜੰਗ-ਏ-ਆਜ਼ਾਦੀ ਦਾ ਦੌਰਾ ਕਰਨਗੇ।