ਹਿੰਦੋਸਤਾਨ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਪਾਕਿਸਤਾਨ ਵਿਚ ਹੋਈਆਂ ਚੋਣਾਂ ਵਿਚ ਇਮਰਾਨ ਖਾਨ ਦੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ ਦੀ ਜਿੱਤ ਨਾਲ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦਾ ਨਵਾਂ ਆਧਿਆਇ ਆਰੰਭ ਹੋ ਗਿਆ ਹੈ। ਆਪਣੀ ਪਲੇਠੀ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਹਿੰਦੋਸਤਾਨ ਨਾਲ ਨਿੱਘ ਵਧਾਉਣ ਦੀ ਇਛਾ ਜ਼ਾਹਿਰ ਕੀਤੀ ਹੈ। ਆਉਣ ਵਾਲੇ ਸਮੇਂ ਦੌਰਾਨ ਦੋਹਾਂ ਮੁਲਕਾਂ ਵਿਚਕਾਰ ਸਾਂਝ ਦਾ ਮਾਹੌਲ ਕਿਸ ਪਾਸੇ ਮੋੜ ਕੱਟਦਾ ਹੈ, ਇਸ ਬਾਰੇ ਫਿਲਹਾਲ ਕਿਆਸ ਆਰਾਈਆਂ ਹੀ ਚੱਲ ਰਹੀਆਂ ਹਨ।

ਪਾਕਿਸਤਾਨੀ ਪੱਤਰਕਾਰ, ਸਫੀਰ ਅਤੇ ਲਿਖਾਰੀ ਹੁਸੈਨ ਹੱਕਾਨੀ ਨੇ ਆਪਣੀ ਕਿਤਾਬ ‘ਹਿੰਦੋਸਤਾਨ ਬਨਾਮ ਪਾਕਿਸਤਾਨ’ ਵਿਚ ਦੋਹਾਂ ਮੁਲਕਾਂ ਦੀਆਂ ਸਾਂਝਾਂ ਦਾ ਜ਼ਿਕਰ ਕੀਤਾ ਹੈ। ਡਾ. ਪਰਮਜੀਤ ਢੀਂਗਰਾ ਨੇ ਇਸ ਕਿਤਾਬ ਨੂੰ ਆਧਾਰ ਬਣਾ ਕੇ ਇਹ ਦਿਲਚਸਪ ਲੇਖ ‘ਹਿੰਦੋਸਤਾਨ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?’ ਲਿਖਿਆ ਹੈ। -ਸੰਪਾਦਕ

ਪਰਮਜੀਤ ਢੀਂਗਰਾ
ਫੋਨ: 91-94173-58120

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਮਾ ਸਮਾਂ ਭਾਰਤ ‘ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫੈਸਲਾਕੁਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਭਾਰਤ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਇਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ।
ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।
ਇਉਂ ਬਣੇ ਦੋਵੇਂ ਮੁਲਕਾਂ ਵਿਚ ਇਕ ਦੂਜੇ ਪ੍ਰਤੀ ਮੁੱਢ ਤੋਂ ਹੀ ਬੇਵਿਸ਼ਵਾਸੀ ਅਤੇ ਦੁਸ਼ਮਣੀ ਵਿਕਰਾਲ ਰੂਪ ਵਿਚ ਪ੍ਰਗਟ ਹੋਈ। ਇਕ ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕੁਝ ਤਾਕਤਾਂ ਕਾਮਯਾਬ ਨਹੀਂ ਹੋਣ ਦਿੰਦੀਆਂ। ਸਿਟੇ ਵਜੋਂ ਚਾਰ ਯੁੱਧਾਂ, ਅਨੇਕਾਂ ਸਮਝੌਤਿਆਂ ਅਤੇ ਐਲਾਨਨਾਮਿਆਂ ਦੇ ਬਾਵਜੂਦ ਦੋਵੇਂ ਪਾਸੇ ਦੁਸ਼ਮਣੀ, ਸ਼ੱਕ ਤੇ ਬੇਗਾਨਗੀ ਦਾ ਮਾਹੌਲ ਬਰਕਰਾਰ ਹੈ।
ਪਾਕਿਸਤਾਨ ਬਣਨ ਤੋਂ ਸਿਰਫ ਸੱਤ ਮਹੀਨੇ ਬਾਅਦ ਅਮਰੀਕੀ ਰਾਜਦੂਤ ਪਾਲ ਏਲਿੰਗ ਨਾਲ ਕਰਾਚੀ ਵਿਚ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ ਕਿ ਉਨ੍ਹਾਂ ਲਈ ਇਸ ਤੋਂ ਵਧੇਰੇ ਖ਼ੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਹਿੰਦੋਸਤਾਨ ਤੇ ਪਾਕਿਸਤਾਨ ਵਿਚ ਨੇੜਲੇ ਰਿਸ਼ਤੇ ਬਣੇ ਰਹਿਣ। ਉਨ੍ਹਾਂ ਦੀ ਇਛਾ ਸੀ ਕਿ ਭਾਰਤ ਤੇ ਪਾਕਿਸਤਾਨ ਵਿਚ ਅਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ, ਜਿਹੋ ਜਿਹਾ ਅਮਰੀਕਾ ਤੇ ਕੈਨੇਡਾ ਵਿਚਕਾਰ ਹੈ। ਇਸ ਰਿਸ਼ਤੇ ਵਿਚ ਇਸ ਤਰ੍ਹਾਂ ਦੀ ਸਾਂਝ ਹੋਣੀ ਚਾਹੀਦੀ ਹੈ ਜਿਸ ਵਿਚ ਗੁਆਂਢੀ ਮੁਲਕਾਂ ਵਿਚ ਪਹਿਰੇ ਵਾਲੀ ਸਰਹੱਦ ਹੋਵੇ। ਸਾਂਝਾ ਫੌਜੀ ਦਲ ਹੋਵੇ, ਮੁਕਤ ਵਪਾਰ ਤੇ ਸਾਰੇ ਰਸਤਿਆਂ ਰਾਹੀਂ ਇਕ ਦੂਜੇ ਮੁਲਕ ਵਿਚ ਆਉਣ ਜਾਣ ਦੀ ਖੁੱਲ੍ਹ ਹੋਵੇ। ਜਿਨਾਹ ਮਰਦੇ ਦਮ ਤਕ ਅਜਿਹੇ ਰਿਸ਼ਤੇ ਦੀ ਵਕਾਲਤ ਕਰਦੇ ਰਹੇ। ਵੰਡ ਵੇਲੇ ਹੋਏ ਖ਼ੂਨ ਖਰਾਬੇ ਦਾ ਉਨ੍ਹਾਂ ਨੂੰ ਪਹਿਲਾਂ ਅੰਦਾਜ਼ਾ ਨਹੀਂ ਸੀ, ਪਰ ਇਸ ਨੇ ਦੋਵੇਂ ਫਿਰਕਿਆਂ ਵਿਚ ਪੱਕੀ ਕੰਧ ਉਸਾਰ ਦਿੱਤੀ। ਦਅਅਸਲ, ਜਿਨਾਹ ਨੇ ਜਦੋਂ ਦੋ ਕੌਮਾਂ ਦੇ ਸਿਧਾਂਤ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਤਾਂ ਫਿਰ ਅਨੇਕਾਂ ਵਿਰੋਧਾਂ ਦੇ ਬਾਵਜੂਦ ਉਹ ਹਰ ਹੀਲੇ ਪਾਕਿਸਤਾਨ ਬਣਾਉਣ ਲਈ ਦ੍ਰਿੜ੍ਹ ਸੀ। ਇਸ ਕਰਕੇ ਪਾਕਿਸਤਾਨ ਦੀ ਹੋਂਦ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਸੀ।
ਫਿਰਕੂ ਰੱਸਾਕਸ਼ੀ ਵਿਚ ਭਾਵੇਂ ਜਿਨਾਹ ਪਾਕਿਸਤਾਨ ਬਣਾਉਣ ਵਿਚ ਤਾਂ ਕਾਮਯਾਬ ਹੋ ਗਿਆ, ਪਰ ਉਹਨੂੰ ਇਹ ਅਹਿਸਾਸ ਸੀ ਕਿ ਧਾਰਮਿਕ ਤਣਾਅ ਵਿਚ ਜੂਝਦਾ ਮੁਲਕ ਬਣ ਕੇ ਉਹ ਸਦਾ ਲਈ ਨਹੀਂ ਸੀ ਰਹਿ ਸਕਦਾ। ਉਸ ਨੇ ਪਾਕਿਸਤਾਨ ਨੂੰ ਧਾਰਮਿਕ ਦੀ ਬਜਾਏ ਧਰਮ ਨਿਰਪੱਖ ਮੁਲਕ ਬਣਾਉਣ ‘ਤੇ ਜ਼ੋਰ ਦਿੱਤਾ। ਜਿਨਾਹ ਨੂੰ ਪਤਾ ਸੀ ਕਿ ਭਾਰਤ ਪਾਕਿਸਤਾਨ ਦੋਵਾਂ ਦਾ ਆਪਸ ਵਿਚ ਲੜਦੇ ਰਹਿਣਾ ਕਿਸੇ ਦੇ ਹਿੱਤ ਵਿਚ ਨਹੀਂ। ਜੇ ਇਹ ਮੁਲਕ ਸਦਾ ਦੁਸ਼ਮਣ ਬਣੇ ਰਹੇ ਤਾਂ ਤਰੱਕੀ ਵਿਚ ਇਹ ਦੁਸ਼ਮਣੀ ਸਦਾ ਰੁਕਾਵਟ ਬਣੇਗੀ। ਜਿਨਾਹ ਦੀ ਇਹ ਵੀ ਇੱਛਾ ਸੀ ਕਿ ਗਵਰਨਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਉਹ ਵਾਪਸ ਆਪਣੇ ਮੁੰਬਈ ਵਾਲੇ ਜੱਦੀ ਪੁਸ਼ਤੀ ਘਰ ਵਿਚ ਨਿਵਾਸ ਕਰਨ।
ਹਿੰਦੋਸਤਾਨ ਵਿਚ ਮਹਾਤਮਾ ਗਾਂਧੀ ਦੀ ਵੀ ਇਹ ਇੱਛਾ ਸੀ ਕਿ ਦੋਵਾਂ ਮੁਲਕਾਂ ਦੇ ਸਬੰਧ ਦੋਸਤਾਨਾ ਹੋਣ। ਉਨ੍ਹਾਂ ਦਾ ਮੱਤ ਸੀ ਕਿ ਪਾਕਿਸਤਾਨ ਬਣਾਉਣ ਲਈ ਦੋ ਭਰਾਵਾਂ ਵਿਚਕਾਰ ਸਹਿਮਤੀ ਨਾਲ ਵੰਡ ਹੋਈ ਹੈ ਹਾਲਾਂਕਿ ਜਿਨਾਹ ਦੇ ਉਲਟ ਮਹਾਤਮਾ ਗਾਂਧੀ ਵੰਡ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਪਾਕਿਸਤਾਨ ਉਨ੍ਹਾਂ ਦੀ ਲਾਸ਼ ‘ਤੇ ਬਣੇਗਾ।
ਸੱਤਰ ਵਰ੍ਹਿਆਂ ਦੀ ਉਥਲ ਪੁਥਲ, ਦੋਸਤੀ ਦੁਸ਼ਮਣੀ ਦੇ ਅਜੀਬੋ ਗਰੀਬ ਅਨੁਭਵਾਂ ਤੋਂ ਬਾਅਦ ਇਨ੍ਹਾਂ ਦੋਵੇਂ ਹਸਤੀਆਂ ਦੇ ਖ਼ੁਆਬ ਧੁੰਦਲੇ ਪੈ ਗਏ ਹਨ। ਪਿਛਲੇ ਲੰਬੇ ਅਰਸੇ ਤੋਂ ਦੋਵੇਂ ਮੁਲਕਾਂ ਦੇ ਸਿਆਸਤਦਾਨ ਕੌਮਾਂਤਰੀ ਬੈਠਕਾਂ ਵਿਚ ਭਾਗ ਲੈਣ ਸਮੇਂ ਇਕ ਦੂਜੇ ਨਾਲ ਮੇਲ ਮੁਲਾਕਾਤਾਂ ਕਰਦੇ ਹਨ, ਸ਼ਾਂਤੀ ਦੇ ਚਰਚੇ ਹੁੰਦੇ ਹਨ, ਕਸ਼ਮੀਰ ਮੁੱਦੇ ‘ਤੇ ਇਕ ਦੂਜੇ ਦਾ ਰੁਖ਼ ਜਾਣਨ ਲਈ ਮਸ਼ਵਰੇ ਵੀ ਹੁੰਦੇ ਹਨ ਪਰ ਇਸੇ ਦੌਰਾਨ ਅਤਿਵਾਦੀ ਹਮਲੇ ਹੋ ਜਾਂਦੇ ਹਨ, ਫਿਰ ਜਵਾਬੀ ਕਾਰਵਾਈ ਹੁੰਦੀ ਹੈ ਅਤੇ ਇਕਦਮ ਦੁਸ਼ਮਣੀ ਵਾਲਾ ਨਾਟਕੀ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਗੱਲ ਜਿਥੋਂ ਤੁਰਦੀ ਹੈ, ਉਥੇ ਹੀ ਰਹਿ ਜਾਂਦੀ ਹੈ।
ਪਾਕਿਸਤਾਨ ਹਮੇਸ਼ਾਂ ਭਾਰਤ ‘ਤੇ ਇਹ ਦੋਸ਼ ਲਾਉਂਦਾ ਹੈ ਕਿ ਉਹ ਉਹਦੇ ਮੁਲਕ ਵਿਚ ਨਸਲੀ ਵੱਖਵਾਦ ਨੂੰ ਸ਼ਹਿ ਦਿੰਦਾ ਹੈ ਜਦੋਂਕਿ ਭਾਰਤ ਆਖਦਾ ਹੈ ਕਿ ਪਾਕਿਸਤਾਨ ਸਿਰਫ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਹੀ ਨਹੀਂ ਕਰਦਾ ਸਗੋਂ ਪਾਕਿਸਤਾਨੀ ਫੌਜ ਅਤਿਵਾਦੀਆਂ ਨੂੰ ਬਾਕਾਇਦਾ ਸਿਖਲਾਈ ਦੇ ਕੇ ਭਾਰਤ ਵਿਚ ਗੜਬੜ ਕਰਾਉਂਦੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦੁਸ਼ਮਣੀ ਦੇ ਕਾਰਨ ਕੀ ਹਨ? ਇਸ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ?
ਇਸ ਦੁਸ਼ਮਣੀ ਦੇ ਬੀਜ ਤਾਂ ਪਾਕਿਸਤਾਨ ਦੀ ਮੰਗ ਉਠਣ ਦੇ ਨਾਲ ਹੀ ਬੀਜ ਦਿੱਤੇ ਗਏ ਸਨ। ਜਿਨਾਹ ਦਾ ਮੇਲ ਮਿਲਾਪ ਵਾਲਾ ਰੁਖ਼ ਨਾ ਤਾਂ ਮੁਸਲਿਮ ਲੀਗ ਨੂੰ ਭਾਉਂਦਾ ਸੀ ਤੇ ਨਾ ਹੀ ਸਿਵਲ ਤੇ ਮਿਲਟਰੀ ਅਫਸਰਸ਼ਾਹੀ ਨੂੰ। ਉਨ੍ਹਾਂ ਨੂੰ ਲੱਗਦਾ ਸੀ ਕਿ ਵੰਡ ਤੋਂ ਪੈਦਾ ਹੋਈ ਨਫਰਤ ਤੇ ਦੁਸ਼ਮਣੀ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੇ ਹਿਤ ਵਿਚ ਹੈ ਤਾਂ ਜੋ ਨਵੇਂ ਬਣੇ ਮੁਲਕ ਨੂੰ ਅਧਿਕਾਰਤ ਤੌਰ ‘ਤੇ ਉਹ ਆਪਣੇ ਕਬਜ਼ੇ ਵਿਚ ਰੱਖ ਸਕਣ। ਜਵਾਹਰਲਾਲ ਨਹਿਰੂ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਨਵੇਂ ਬਣੇ ਪਾਕਿਸਤਾਨ ਵੱਲ ਬੇਰੁਖ਼ੀ ਨੇ ਅਤੇ ਦੋਵਾਂ ਮੁਲਕਾਂ ਵਿਚਲੀ ਸੰਪਤੀ ਤੇ ਜਾਇਦਾਦਾਂ ਦੀ ਵੰਡ ਵੰਡਾਈ ਨੂੰ ਲੈ ਕੇ ਪੈਦਾ ਹੋਏ ਸ਼ੱਕ ਸ਼ੁਬਹਿਆਂ ਨੇ ਦੋਵਾਂ ਨੂੰ ਆਪੋ ਆਪਣੇ ਸਟੈਂਡ ‘ਤੇ ਕਾਇਮ ਰਹਿਣ ਲਈ ਮਜਬੂਰ ਕਰ ਦਿੱਤਾ।
11 ਅਗਸਤ 1947 ਨੂੰ ਕਰਾਚੀ ਵਿਚ ਆਪਣੇ ਭਾਸ਼ਨ ਵਿਚ ਜਿਨਾਹ ਨੇ ਕਿਹਾ ਸੀ ਕਿ ‘ਮੁਲਕਾਂ ਦੀ ਵੰਡ ਵਿਚ ਉਨ੍ਹਾਂ ਨੂੰ ਜ਼ਬਰਦਸਤ ਕ੍ਰਾਂਤੀ ਨਜ਼ਰ ਆ ਰਹੀ ਹੈ ਜਿਸ ਨੇ ਭਾਰਤ ਦੀ ਇਕ ਵੱਡੀ ਸੰਵਿਧਾਨਕ ਸਮੱਸਿਆ ਹੱਲ ਕਰ ਦਿੱਤੀ ਹੈ ਜਿਸ ਵਿਚ ਇਕ ਭਾਈਚਾਰਾ ਘੱਟ ਗਿਣਤੀ ਵਿਚ ਹੈ ਤੇ ਦੂਜਾ ਭਾਈਚਾਰਾ ਬਹੁਗਿਣਤੀ ਵਿਚ। … ਹੁਣ ਬੀਤੇ ਦੀਆਂ ਗੱਲਾਂ ਭੁਲਾ ਕੇ ਇਕੱਠੇ ਮਿਲ ਕੇ ਦੁਸ਼ਮਣੀ ਨੂੰ ਤੱਜਣ ਦਾ ਵੇਲਾ ਹੈ’। ਅਜਿਹੀਆਂ ਗੱਲਾਂ ਨੂੰ ਅਮਲੀਜਾਮਾ ਪਹਿਨਾਉਣਾ ਆਸਾਨ ਨਹੀਂ ਸੀ।
ਦੋਵਾਂ ਮੁਲਕਾਂ ਵੰਡ ਵੇਲੇ ਕਤਲੋਗਾਰਤ ਤੇ ਹਿੰਸਾ ਦਾ ਸ਼ਿਕਾਰ ਹੋਏ ਲੋਕ ਇਕ ਦੂਜੇ ਪ੍ਰਤੀ ਗੁੱਸਾ, ਨਫਰਤ ਤੇ ਦੁਸ਼ਮਣੀ ਭਲਾ ਕਿਵੇਂ ਛੱਡ ਸਕਦੇ ਸਨ? ਪਾਕਿਸਤਾਨ ਦੇ ਇਸ ਤਬਕੇ ਵਿਚ ਫੌਜ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜਨੀਤੀ ਵਿਚ ਆਏ ਵਰਗ ਦਾ ਵੱਡਾ ਹਿੱਸਾ ਸ਼ਾਮਲ ਸੀ। ਨਹਿਰੂ ਨੇ ਕਿਹਾ ਕਿ ਦੋਵੇਂ ਮੁਲਕ ਇਕ ਦੂਜੇ ਦੇ ਕਰੀਬੀ ਰਹਿ ਕੇ ਆਪਣੀ ਵਿਲੱਖਣ ਪਛਾਣ ਤੇ ਪ੍ਰਭੂਸੱਤਾ ਕਾਇਮ ਰੱਖ ਸਕਦੇ ਹਨ ਕਿਉਂਕਿ ਬੁਨਿਆਦੀ ਇਤਿਹਾਸਕ, ਸਭਿਆਚਾਰਕ ਤੇ ਆਰਥਿਕ ਲੋੜਾਂ ਦੀ ਸਾਂਝ ਤੋਂ ਵਧ ਕੇ ਕੁਝ ਨਹੀਂ ਹੁੰਦਾ। ਇਹ ਦੋਵਾਂ ਵਿਚ ਆਦਿ ਕਾਲ ਤੋਂ ਸਾਂਝੀਆਂ ਜੜ੍ਹਾਂ ਵਾਲੀਆਂ ਹਨ ਤੇ ਇਹ ਸਾਨੂੰ ਦੋਵਾਂ ਨੂੰ ਇਕ ਦੂਜੇ ਦੇ ਨੇੜੇ ਲਿਆ ਸਕਦੀਆਂ ਹਨ। ਇਸ ਦੇ ਉਲਟ ਇਸ ਨੂੰ ਪਾਕਿਸਤਾਨ ਵਰਗੇ ਵੱਖਰੇ ਮੁਲਕ ਦੀ ਪਛਾਣ ਨੂੰ ਮਲੀਆਮੇਟ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਗਿਆ।
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ 1948 ਵਿਚ ਇਕ ਭਾਸ਼ਨ ਦੌਰਾਨ ਪੰਡਿਤ ਨਹਿਰੂ ਨੇ ਪਾਕਿਸਤਾਨ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦਿੰਦਿਆਂ ਸਪਸ਼ਟ ਰੂਪ ਵਿਚ ਕਿਹਾ ਸੀ ਕਿ ‘ਜੇ ਅੱਜ ਮੈਨੂੰ ਹਿੰਦੋਸਤਾਨ ਤੇ ਪਾਕਿਸਤਾਨ ਨੂੰ ਦੁਬਾਰਾ ਇਕ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਮੈਂ ਤੁਰੰਤ ਨਾਂਹ ਕਰ ਦਿਆਂਗਾ। ਇਹਦੀ ਵਜ੍ਹਾ ਬਿਲਕੁਲ ਸਪਸ਼ਟ ਹੈ ਕਿ ਮੈਂ ਮੁਸ਼ਕਿਲਾਂ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਸਮੱਸਿਆਵਾਂ ਦਾ ਬੋਝ ਨਹੀਂ ਚੁੱਕ ਸਕਦਾ। ਮੇਰੇ ਕੋਲ ਆਪਣੇ ਮੁਲਕ ਦੀਆਂ ਬਥੇਰੀਆਂ ਸਮੱਸਿਆਵਾਂ ਹਨ। ਕਿਸੇ ਵੀ ਤਰ੍ਹਾਂ ਦਾ ਨੇੜਲਾ ਸਹਿਯੋਗ ਇਕ ਆਮ ਤਰੀਕੇ ਵਾਂਗ ਹੀ ਹੋਣਾ ਚਾਹੀਦਾ ਹੈ ਤੇ ਅਜਿਹੇ ਦੋਸਤਾਨਾ ਢੰਗ ਨਾਲ ਜਿਸ ਵਿਚ ਪਾਕਿਸਤਾਨ ਨੂੰ ਮੁਲਕ ਦੇ ਤੌਰ ‘ਤੇ ਖ਼ਤਮ ਨਾ ਕਰਕੇ ਸਗੋਂ ਵੱਡੇ ਸੰਘ ਦਾ ਸਾਂਝੀਦਾਰ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿਚ ਹੋਰ ਵੀ ਕਈ ਮੁਲਕ ਸ਼ਾਮਲ ਕੀਤੇ ਜਾ ਸਕਦੇ ਹਨ।’ ਇਸ ਨਾਲ ਵੀ ਪਾਕਿਸਤਾਨੀ ਹਾਕਮਾਂ ਤੇ ਪ੍ਰਸ਼ਾਸਕਾਂ ਨੂੰ ਤਸੱਲੀ ਨਾ ਹੋਈ ਤਾਂ ਉਹ ਇਸ ਧਾਰਨਾ ‘ਤੇ ਖੜ੍ਹੇ ਰਹੇ ਕਿ ਭਾਰਤ ਅਸਲ ਵਿਚ ਪਾਕਿਸਤਾਨ ਨੂੰ ਅੰਤਿਮ ਤੌਰ ‘ਤੇ ਆਪਣੇ ਵਿਚ ਮਿਲਾਉਣਾ ਚਾਹੁੰਦਾ ਹੈ। ਵੰਡ ਤੋਂ ਪਹਿਲਾਂ ਕਾਂਗਰਸ ਅਤੇ ਮੁਸਲਿਮ ਲੀਗ ਵਿਚ ਜ਼ਬਰਦਸਤ ਸਿਆਸੀ ਦੁਸ਼ਮਣੀ ਸੀ। ਦੋਵੇਂ ਇਕ ਦੂਜੇ ਨੂੰ ਮਾਤ ਦੇਣ ਦੇ ਮੌਕੇ ਲੱਭਦੇ ਰਹਿੰਦੇ ਸਨ। ਸਿਆਸਤ ਦਾ ਉਹ ਪਰਛਾਵਾਂ ਭਾਰਤ ਪਾਕਿਸਤਾਨ ਦੇ ਸਬੰਧਾਂ ‘ਤੇ ਅੱਜ ਤਕ ਮੰਡਰਾਉਂਦਾ ਹੈ।
ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਵੱਖਰੇ ਮੁਲਕ ਵਜੋਂ ਪਾਕਿਸਤਾਨ ਦੇ ਟਿਕੇ ਰਹਿਣ ਦੀ ਸੰਭਾਵਨਾ ‘ਤੇ ਸ਼ਰੇਆਮ ਸ਼ੱਕ ਪ੍ਰਗਟਾਇਆ ਸੀ ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਦੇਰ ਸਵੇਰ ਅਸੀਂ ਫਿਰ ਆਪਣੇ ਦੇਸ਼ ਪ੍ਰਤੀ ਆਸਥਾ ਦਿਖਾਉਂਦੇ ਹੋਏ ਇਕ ਹੋ ਜਾਵਾਂਗੇ। ਉਨ੍ਹਾਂ ਦਾ ਇਸ਼ਾਰਾ ਅਖੰਡ ਭਾਰਤ ਵੱਲ ਸੀ। ਦਸੰਬਰ 1950 ਵਿਚ ਆਪਣੇ ਦੇਹਾਂਤ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀਆਂ ਨੂੰ ਯਾਦ ਕਰਵਾਇਆ ਸੀ ਕਿ ‘ਭੁੱਲੋ ਨਾ ਤੁਹਾਡੀ ਭਾਰਤ ਮਾਤਾ ਦੇ ਅਹਿਮ ਅੰਗਾਂ ਨੂੰ ਕੱਟ ਦਿੱਤਾ ਗਿਆ ਹੈ।’
ਭਾਰਤੀ ਉਹ ਮਹਾਂਦੀਪ ਵਿਚੋਂ ਮੁਸਲਿਮ ਬਹੁਗਿਣਤੀ ਵਾਲੇ ਸੂਬਿਆਂ ਦੇ ਵੱਖ ਹੋ ਜਾਣ ਤੋਂ ਬਾਅਦ ਨਹਿਰੂ ਨੇ ਕਾਂਗਰਸ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ‘ਤੇ ਰਾਜ ਕਰਨ ਵਾਲੀ ਪਾਰਟੀ ਦੇ ਰੂਪ ਵਿਚ ਸਥਾਪਤ ਕਰ ਦਿੱਤਾ। ਪਾਕਿਸਤਾਨ ਵੀ ਆਪਣੇ ਦੇਸ਼ ਦਾ ਨਿਰਮਾਣ ਕਰਨ ਹਿਤ ਚੀਜ਼ਾਂ ਨੂੰ ਨਵੇਂ ਸਿਰਿਓਂ ਘੜ ਰਿਹਾ ਸੀ। ਨਵੇਂ ਮੁਲਕ ਨੂੰ ਸੰਭਾਲਣ ਵਾਲੇ ਵਧੇਰੇ ਲੋਕ ਭਾਰਤ ਵਿਚੋਂ ਹੀ ਪਲਾਇਨ ਕਰਕੇ ਗਏ ਸਨ। ਉਹ ਉਸ ਧਰਤੀ ਦੇ ਅਸਲ ਬਾਸ਼ਿੰਦੇ ਨਹੀਂ ਸਨ ਜਿਥੇ ਪਾਕਿਸਤਾਨ ਬਣਿਆ ਸੀ। ਪਾਕਿਸਤਾਨ ਨੂੰ ਇਸਲਾਮ ਦਾ ਗੜ੍ਹ ਦੱਸਣਾ ਤੇ ਹਿੰਦੂ ਭਾਰਤ ਨੂੰ ਮੁਸਲਿਮ ਪਾਕਿਸਤਾਨ ਤੋਂ ਵਖ ਦੱਸਣਾ ਨਵੇਂ ਮੁਲਕ ਨੂੰ ਦਰਪੇਸ਼ ਬੁਨਿਆਦੀ ਸਵਾਲਾਂ ਤੋਂ ਮੁਖ ਮੋੜਨ ਦਾ ਬੜਾ ਆਸਾਨ ਜਿਹਾ ਤਰੀਕਾ ਸੀ। ਇਹ ਗੱਲ ਸਮਝ ਤੋਂ ਬਾਹਰੀ ਸੀ ਕਿ ਜਿਹੜੇ ਲੋਕ ਯੂ.ਪੀ., ਦਿੱਲੀ, ਮੁੰਬਈ ਤੇ ਕੋਲਕਾਤਾ ਵਰਗੀਆਂ ਥਾਵਾਂ ‘ਤੇ ਪੈਦਾ ਹੋਏ ਸਨ ਤੇ ਉਥੇ ਹੀ ਪੂਰੀ ਜ਼ਿੰਦਗੀ ਬਿਤਾਉਂਦੇ ਹੋਏ ਆਖ਼ਰ ਕਿਉਂ ਅਜਿਹੇ ਦੇਸ਼ ਵੱਲ ਭੱਜ ਰਹੇ ਸਨ ਜਿਥੇ ਅਜਿਹੀਆਂ ਥਾਵਾਂ ਨਹੀਂ ਸਨ।
ਸਿੰਧ ਦੀ ਪ੍ਰਸਿਧ ਹਸਤੀ ਗ਼ੁਲਾਮ ਮੁਰਤਜ਼ਾ ਸੱਯਦ ਨੇ ਆਪਣੇ ਸੂਬੇ ਵਿਚ ਬਾਹਰੋਂ ਆਏ ਅਜਨਬੀਆਂ ਨੂੰ ਭਾਰੀ ਤਾਦਾਦ ਵਿਚ ਉਥੇ ਵਸਾਉਣ ਦਾ ਵਿਰੋਧ ਕੀਤਾ ਸੀ। ਇਹ ਲੋਕ ਵੰਡ ਤੋਂ ਬਾਅਦ ਆਏ ਪੰਜਾਬੀ ਤੇ ਉਰਦੂ ਬੋਲਣ ਵਾਲੇ ਮੁਹਾਜਿਰ ਸਨ। ਹਾਲਾਤ ਉਦੋਂ ਹੋਰ ਵਿਗੜੇ ਜਦੋਂ ਭਾਰਤ ਦੀ ਆਬਾਦੀ ਦਾ 21 ਫੀਸਦੀ ਤੇ ਆਮਦਨ ਦਾ 17 ਫੀਸਦੀ ਪਾਕਿਸਤਾਨ ਦੇ ਹਿੱਸੇ ਆਇਆ, ਪਰ ਦੂਜੀ ਆਲਮੀ ਜੰਗ ਦੌਰਾਨ ਬ੍ਰਿਟਿਸ਼ ਹਾਕਮਾਂ ਨੇ ਫੌਜ ਵਿਚ ਲੜਾਕੂ ਕਬੀਲੇ ਤੇ ਜ਼ੋਰਾਵਰ ਭਾਈਚਾਰਿਆਂ ਦੇ ਮੁਸਲਮਾਨ ਵੱਡੀ ਗਿਣਤੀ ਵਿਚ ਭਰਤੀ ਕੀਤੇ ਸਨ। ਇਸੇ ਕਰਕੇ ਇਸ ਫੌਜ ਦਾ ਇਕ ਤਿਹਾਈ ਹਿੱਸਾ ਪਾਕਿਸਤਾਨ ਨੂੰ ਮਿਲਿਆ। ਇਹ ਸਾਰੇ ਮੁਸਲਮਾਨ ਸਨ। ਇਸ ਲਈ ਇਨ੍ਹਾਂ ਦਾ ਪਾਕਿਸਤਾਨ ਜਾਣਾ ਜ਼ਰੂਰੀ ਸੀ। ਨਤੀਜਾ ਇਹ ਨਿਕਲਿਆ ਕਿ 1948 ਵਿਚ ਪਾਕਿਸਤਾਨ ਨੂੰ ਕੁਲ ਬਜਟ ਦਾ 75 ਫੀਸਦੀ ਹਿੱਸਾ ਇਸ ਵੱਡੀ ਫੌਜ ਦੀ ਸਾਂਭ ਸੰਭਾਲ ਲਈ ਖਰਚ ਕਰਨਾ ਪਿਆ।
ਪਾਕਿਸਤਾਨ ਨੂੰ ਫੌਜ ਬਣੀ ਬਣਾਈ ਮਿਲ ਗਈ ਸੀ। ਕਿਸੇ ਨਵੇਂ ਬਣੇ ਮੁਲਕ ਵਾਂਗ ਉਹਨੂੰ ਪੜਾਅਵਾਰ ਇਸ ਦਾ ਗਠਨ ਨਹੀਂ ਸੀ ਕਰਨਾ ਪਿਆ। ਪਾਕਿਸਤਾਨੀ ਫੌਜ ਦੇ ਪਹਿਲੇ ਦੋ ਕਮਾਂਡਰ ਬ੍ਰਿਟਿਸ਼ ਜਨਰਲ ਸਨ। ਜਦੋਂ ਪਹਿਲੇ ਮੁਸਲਿਮ ਕਮਾਂਡਰ-ਇਨ-ਚੀਫ ਜਨਰਲ ਅਯੂਬ ਖਾਂ ਨੇ ਪਾਕਿਸਤਾਨੀ ਫੌਜ ਦੀ ਕਮਾਨ ਸੰਭਾਲਦਿਆਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਬ੍ਰਾਹਮਣਵਾਦੀ ਸੋਚ ਤੇ ਹੰਕਾਰ ਵਿਚੋਂ ਹੀ ਪਾਕਿਸਤਾਨ ਬਣਾਉਣ ਦੀ ਲੋੜ ਪੈਦਾ ਹੋਈ ਹੈ। ਉਹਨੇ ਇਹ ਤਰਕ ਵੀ ਦਿੱਤਾ ਕਿ ਹਿੰਦੂ ਭਾਰਤ ਕੋਲੋਂ ਪਾਕਿਸਤਾਨ ਦੀ ਰੱਖਿਆ ਕਰਨ ਲਈ ਵੱਡੀ ਤੇ ਆਧੁਨਿਕ ਫੌਜ ਦੀ ਲੋੜ ਹੈ। ਉਹਨੇ ਇਹ ਦਾਅਵਾ ਵੀ ਕੀਤਾ ਕਿ ਅਸਲ ਵਿਚ ਹਿੰਦੂ ਇਸ ਉਪ ਮਹਾਂਦੀਪ ‘ਤੇ ਸੱਤ ਸੌ ਸਾਲਾਂ ਦੇ ਮੁਗ਼ਲ ਸ਼ਾਸਨ ਦਾ ਬਦਲਾ ਪਾਕਿਸਤਾਨ ਨੂੰ ਧਮਕਾ ਕੇ ਲੈਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਇਹ ਐਲਾਨ ਵੀ ਕਰ ਦਿੱਤਾ ਕਿ ਭਾਰਤ ਵਿਚ ਮੁਸਲਮਾਨਾਂ ਨੂੰ ਸਨਕ ਦੀ ਹੱਦ ਤਕ ਨਫਰਤ ਕੀਤੀ ਜਾਂਦੀ ਹੈ ਤੇ ਪਾਕਿਸਤਾਨ ਪ੍ਰਤੀ ਦੁਰਭਾਵਨਾ ਦੀ ਇਹੀ ਵਜ੍ਹਾ ਹੈ ਕਿ ਉਹ ਆਪਣੇ ਗੁਆਂਢ ਵਿਚ ਮੁਸਲਿਮ ਤਾਕਤ ਨੂੰ ਪਨਪਦੇ ਹੋਏ ਨਹੀਂ ਦੇਖ ਸਕਦਾ।
ਤਿੰਨ ਜੂਨ 1947 ਨੂੰ ਹੋਏ ਵੰਡ ਦੇ ਫੈਸਲੇ ਤੋਂ ਬਾਅਦ ਆਜ਼ਾਦੀ ਲਈ ਸਿਰਫ 72 ਦਿਨਾਂ ਦਾ ਸਮਾਂ ਸੀ। ਭਾਰਤ ਦੇ ਉਲਟ ਪਾਕਿਸਤਾਨ ਕੋਲ ਨਾ ਤਾਂ ਕੋਈ ਕੌਮੀ ਰਾਜਧਾਨੀ ਸੀ, ਨਾ ਕੇਂਦਰ ਸਰਕਾਰ ਸੀ ਤੇ ਨਾ ਹੀ ਟੈਕਸ ਦੇ ਕੋਈ ਵਸੀਲੇ ਸਨ। ਮੁਸਲਿਮ ਲੀਗ ਜਿਸ ਦੇਸ਼ ਦੀ ਜ਼ੋਰ ਸ਼ੋਰ ਨਾਲ ਮੰਗ ਕਰ ਰਹੀ ਸੀ, ਉਸ ਨੂੰ ਚਲਾਉਣ ਲਈ ਉਹਦੇ ਕੋਲ ਨਾ ਤਾਂ ਕੋਈ ਅਨੁਭਵ ਸੀ ਤੇ ਨਾ ਹੀ ਰਾਜ ਦੀ ਰੂਪ-ਰੇਖਾ। ਇਸ ਤੋਂ ਇਲਾਵਾ ਪਾਕਿਸਤਾਨ ਦੇ ਦੋਵਾਂ ਹਿੱਸਿਆਂ ਦਰਮਿਆਨ ਇਕ ਹਜ਼ਾਰ ਮੀਲ ਦਾ ਫਾਸਲਾ ਸੀ। ਨਵੇਂ ਬਣ ਰਹੇ ਮੁਲਕ ਨੂੰ ਆਰਥਿਕ ਤੌਰ ‘ਤੇ ਅਨੇਕਾਂ ਚੁਣੌਤੀਆਂ ਸਨ। ਪਾਕਿਸਤਾਨ ਇਕ ਤਰ੍ਹਾਂ ਨਾਲ ਉਦਯੋਗਾਂ ਤੋਂ ਵਿਰਵਾ ਸੀ। ਉਹਦੀ ਖੇਤੀ ਉਪਜ ਦੇ ਵੱਡੇ ਬਾਜ਼ਾਰ ਭਾਰਤ ਵਿਚ ਸਨ। ਉਥੇ ਦੁਨੀਆਂ ਦਾ 75 ਫੀਸਦੀ ਜੂਟ ਪੈਦਾ ਹੁੰਦਾ ਸੀ, ਪਰ ਇਸ ਦਾ ਸਾਮਾਨ ਤਿਆਰ ਕਰਨ ਲਈ ਕਾਰਖਾਨੇ ਨਹੀਂ ਸਨ। ਬ੍ਰਿਟਿਸ਼ ਰਾਜ ਵਿਚ ਲਗਪਗ ਇਕ ਤਿਹਾਈ ਕਪਾਹ ਪਾਕਿਸਤਾਨ ਵਿਚ ਪੈਦਾ ਹੁੰਦੀ ਸੀ, ਪਰ ਸੂਤੀ ਮਿੱਲਾਂ ਦੀ ਗਿਣਤੀ ਕੁਲ ਗਿਣਤੀ ਦਾ ਤੀਜਾ ਹਿੱਸਾ ਸੀ। ਇਸ ਲਈ ਭਾਰਤ ਛੱਡ ਕੇ ਗਏ ਲੋਕਾਂ ਦੀਆਂ ਆਸਾਂ ਉਥੇ ਜਾ ਕੇ ਮਿੱਟੀ ‘ਚ ਮਿਲ ਗਈਆਂ।
ਉਧਰ ਸ਼ੁਰੂ ਤੋਂ ਹੀ ਪਾਕਿਸਤਾਨੀ ਫੌਜ ਨੇ ਨਵੇਂ ਮੁਲਕ ਦੀ ਸਿਆਸੀ ਜ਼ਮੀਨ ਹੜੱਪਣ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ। ਭਾਰਤ ਨਾਲ ਫੌਜੀ ਬਰਾਬਰੀ ਦੀ ਹੋੜ ਵਿਚ ਕੁੱਲ ਆਮਦਨ ਦਾ ਵੱਡਾ ਹਿੱਸਾ ਫੌਜ ‘ਤੇ ਖਰਚ ਹੋਣ ਲੱਗਾ। ਇਹ ਫੌਜ ਦੇ ਫਾਇਦੇ ਦੀ ਗੱਲ ਸੀ ਕਿ ਮੁਲਕ ਸਦਾ ਭਾਰਤੀ ਹਮਲੇ ਦੇ ਖ਼ੌਫ ਹੇਠ ਜਿਊਂਦਾ ਰਹੇ। ਬੰਗਾਲੀ ਨੇਤਾ ਹੁਸੈਨ ਸ਼ਹੀਦ ਸੁਹਰਾਵਰਦੀ ਨੇ 1956 ਵਿਚ ਸੰਸਦ ਨੂੰ ਖਬਰਦਾਰ ਕੀਤਾ ਸੀ ਕਿ ਤੁਸੀਂ ਸਿਰਫ ਮੁਸਲਮਾਨਾਂ ਦੀਆਂ ਭਾਵਨਾਵਾਂ ਭੜਕਾ ਕੇ ਉਨ੍ਹਾਂ ਨੂੰ ਇਕਜੁਟ ਰੱਖਣ ਲਈ ਪਾਕਿਸਤਾਨ ਖ਼ਤਰੇ ਵਿਚ ਹੋਣ ਦਾ ਰੋਣਾ ਸਿਰਫ ਇਸ ਲਈ ਰੋ ਰਹੇ ਹੋ ਤਾਂ ਕਿ ਤੁਸੀਂ ਸੱਤਾ ‘ਤੇ ਕਾਬਜ਼ ਰਹਿ ਸਕੋ। ਪਾਕਿਸਤਾਨੀ ਆਵਾਮ ਦੇ ਦਿਮਾਗ਼ ਵਿਚ ਇਹ ਨਫਰਤ ਵੀ ਭਰੀ ਗਈ ਕਿ ਦੋਵਾਂ ਮੁਲਕਾਂ ਵਿਚ ਸਰਹੱਦ ਤੈਅ ਕਰਨ ਸਮੇਂ ਜਾਣਬੁਝ ਕੇ ਪੰਜਾਬ ਦੀਆਂ ਸਰਹੱਦਾਂ ਇਸ ਤਰ੍ਹਾਂ ਉਲੀਕੀਆਂ ਗਈਆਂ ਤਾਂ ਜੋ ਭਾਰਤ ਸੜਕੀ ਆਵਾਜਾਈ ਰਾਹੀਂ ਕਸ਼ਮੀਰ ਨਾਲ ਰਾਬਤਾ ਕਾਇਮ ਰੱਖ ਸਕੇ।
ਇਸ ਦੇ ਬਾਵਜੂਦ ਦੇਸ਼ ਵੰਡ ਤੋਂ ਬਾਅਦ ਲਗਪਗ ਇਕ ਦਹਾਕੇ ਤਕ ਭਾਰਤ ਤੇ ਪਾਕਿਸਤਾਨ ਵਿਚ ਆਉਣਾ ਜਾਣਾ ਆਸਾਨ ਸੀ। ਬ੍ਰਿਟਿਸ਼ ਰਾਜ ਸਮੇਂ ਬਣੀਆਂ ਰੇਲਾਂ ਰਾਹੀਂ ਲੋਕ ਵੱਡੀ ਗਿਣਤੀ ਵਿਚ ਇਧਰੋਂ ਉਧਰ ਜਾਂਦੇ ਆਉਂਦੇ ਸਨ। 1951 ਤਕ ਪਾਕਿਸਤਾਨ ਨੇ ਆਪਣਾ ਨਾਗਰਿਕਤਾ ਕਾਨੂੰਨ ਤਿਆਰ ਨਹੀਂ ਕੀਤਾ ਸੀ। ਉਦੋਂ ਤਕ ਭਾਰਤ ਦੇ ਮੁਸਲਮਾਨਾਂ ਨੂੰ ਸਰਹੱਦ ਪਾਰ ਆਉਣ ਜਾਣ ਲਈ ਕਿਸੇ ਪਾਸਪੋਰਟ ਦੀ ਲੋੜ ਨਹੀਂ ਸੀ। 1952 ਵਿਚ ਇਸ ਨੂੰ ਲਾਗੂ ਕੀਤੇ ਜਾਣ ਤਕ ਵੀ ਇਕ ਭਾਰਤੀ ਪਾਕਿਸਤਾਨੀ ਪਾਸਪੋਰਟ ਦੋਵਾਂ ਦੇਸ਼ਾਂ ਵਿਚ ਜਾਣ ਲਈ ਪ੍ਰਵਾਨ ਸੀ। ਕੌਮਾਂਤਰੀ ਪਾਸਪੋਰਟ 1965 ਦੀ ਜੰਗ ਤੋਂ ਬਾਅਦ ਲਾਜ਼ਮੀ ਕੀਤਾ ਗਿਆ।
ਦੋਵੇਂ ਮੁਲਕਾਂ ਦੀਆਂ ਫਿਲਮਾਂ ਤੇ ਕਿਤਾਬਾਂ ਇਕ ਦੂਜੇ ਦੇ ਬਾਜ਼ਾਰਾਂ ਵਿਚ ਆਮ ਮਿਲ ਜਾਂਦੀਆਂ ਸਨ। ਉਰਦੂ ਸ਼ਾਇਰ ਮੁਸ਼ਾਇਰਿਆਂ ਵਿਚ ਹਿੱਸਾ ਲੈਣ ਲਈ ਦੋਵੇਂ ਪਾਸੇ ਜਾਂਦੇ ਸਨ। ਖੇਡ ਉਤਸਵ ਅਤੇ ਵਪਾਰ ਵੀ ਹੁੰਦਾ ਸੀ। ਦੋਵਾਂ ਪਾਸਿਆਂ ਦੇ ਆਗੂ ਤੇ ਨੌਕਰਸ਼ਾਹ ਇਕ ਦੂਜੇ ਨਾਲ ਸਬੰਧ ਰੱਖਦੇ ਸਨ।
ਸ਼ੁਰੂਆਤੀ ਦਿਨਾਂ ਵਿਚ ਕਈ ਦਿਲਚਸਪ ਘਟਨਾਵਾਂ ਵੀ ਵਾਪਰੀਆਂ। ਪਾਕਿਸਤਾਨੀ ਹਕੂਮਤ ਨੇ ਮੁਹੰਮਦ ਇਸਮਾਇਲ ਨੂੰ ਭਾਰਤ ਵਿਚ ਹਾਈ ਕਮਿਸ਼ਨਰ ਬਣਾ ਦਿੱਤਾ ਜੋ ਪਾਕਿਸਤਾਨ ਗਿਆ ਹੀ ਨਹੀਂ ਸੀ। ਲਖਨਊ ਤੋਂ ਛਪਣ ਵਾਲੀ ਅਖ਼ਬਾਰ ਨੇ ਇਹ ਖ਼ਬਰ ਛਾਪ ਦਿੱਤੀ ਕਿ ਪਾਕਿਸਤਾਨ ਦੇ ਹਾਈ ਕਮਿਸ਼ਨਰ ਖ਼ੁਦ ਨੂੰ ਹਿੰਦੋਸਤਾਨੀ ਮੰਨਦੇ ਹਨ ਤੇ ਪਾਕਿਸਤਾਨ ਦੀ ਨਾਗਰਿਕਤਾ ਲੈਣ ਦੇ ਇਛੁਕ ਨਹੀਂ।
ਕਈ ਹੋਰ ਪ੍ਰਮੁੱਖ ਹਸਤੀਆਂ ਵੀ ਨਾਗਰਿਕਤਾ ਬਾਰੇ ਕੋਈ ਫੈਸਲਾ ਨਾ ਕਰ ਸਕੀਆਂ ਤੇ ਇਕ ਦੂਜੇ ਮੁਲਕ ਵਿਚ ਆਉਂਦੀਆਂ ਜਾਂਦੀਆਂ ਰਹੀਆਂ। ਚੌਧਰੀ ਖ਼ਲੀਕ ਉਜ਼ ਜ਼ਮਾਂ, ਜੋ ਯੂ.ਪੀ. ਦੇ ਰਹਿਣ ਵਾਲੇ ਸਨ, ਪਾਕਿਸਤਾਨ ਮੁਸਲਿਮ ਲੀਗ ਦੇ ਮੁਖੀ ਬਣਨ ‘ਤੇ ਕਰਾਚੀ ਜਾ ਕੇ ਵਸਣ ਤੋਂ ਪਹਿਲਾਂ ਭਾਰਤੀ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਸਨ। ਜੋਗਿੰਦਰ ਨਾਥ ਮੰਡਲ ਨੂੰ 1947 ਵਿਚ ਜਿਨਾਹ ਨੇ ਬੁਲਾ ਕੇ ਪਾਕਿਸਤਾਨ ਦਾ ਕਾਨੂੰਨ ਮੰਤਰੀ ਬਣਾ ਦਿੱਤਾ ਅਤੇ 1950 ਵਿਚ ਉਹ ਸਭ ਛੱਡ ਕੇ ਵਾਪਸ ਕੋਲਕਾਤਾ ਆ ਗਿਆ। ਯੂ.ਪੀ. ਵਿਚ ਜਨਮੇ ਪ੍ਰਸਿਧ ਉਰਦੂ ਲੇਖਕ ਸੱਜਾਦ ਜ਼ਹੀਰ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਚਲੇ ਗਏ ਤੇ ਉਥੇ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਨੇਤਾ ਬਣ ਗਏ। 1951 ਵਿਚ ਉਨ੍ਹਾਂ ਨੂੰ ਦੇਸ਼ ਧ੍ਰੋਹ ਦੇ ਕੇਸ ਵਿਚ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਤਿੰਨ ਸਾਲਾਂ ਬਾਅਦ ਉਨ੍ਹਾਂ ਨੇ ਭਾਰਤੀ ਨਾਗਰਿਕਤਾ ਲਈ ਤੇ ਵਾਪਸ ਭਾਰਤ ਆ ਗਏ।
ਅਜਿਹੇ ਹਾਲਾਤ ਵਿਚ ਪਾਕਿਸਤਾਨ ਆਪਣੇ ਜਨਮ ਤੋਂ ਲੈ ਕੇ ਅੱਜ ਤਕ ਡਾਵਾਂਡੋਲ ਹੀ ਰਿਹਾ ਹੈ। ਨਾ ਤਾਂ ਉਹ ਆਰਥਿਕ ਤੌਰ ‘ਤੇ ਸਵੈ-ਨਿਰਭਰ ਹੋ ਸਕਿਆ ਤੇ ਨਾ ਹੀ ਜਮਹੂਰੀ ਪ੍ਰਣਾਲੀ ਸਥਾਪਤ ਕਰ ਸਕਿਆ। ਸਿੱਟੇ ਵਜੋਂ ਫੌਜ ਹਮੇਸ਼ਾਂ ਜਮਹੂਰੀ ਸਰਕਾਰ ‘ਤੇ ਭਾਰੂ ਰਹਿੰਦੀ ਹੈ। ਇਸ ਕਰਕੇ ਪਾਕਿਸਤਾਨ ਦੀ ਭਾਰਤ ਨਾਲ ਦੋਸਤੀ ਤੇ ਦੁਸ਼ਮਣੀ ਸਦਾ ਫੌਜ ਦੇ ਪਰਛਾਵੇਂ ਹੇਠ ਰਹੀ ਹੈ। ਸਾਂਝੀ ਵਿਰਾਸਤ ਦੇ ਹੁੰਦਿਆਂ ਅੱਜ ਦੋਵੇਂ ਮੁਲਕ ਇਕ ਦੂਜੇ ਤੋਂ ਬਹੁਤ ਦੂਰ ਜਾ ਚੁੱਕੇ ਹਨ। ਕਸ਼ਮੀਰ ਦੀ ਸਮੱਸਿਆ ਨੂੰ ਹੱਲ ਨਾ ਕਰਨ ਵਿਚ ਦੋਵਾਂ ਦੇਸ਼ਾਂ ਦੀ ਦਿਲਚਸਪੀ ਹੈ। ਅੱਜ ਦੋਵੇਂ ਮੁਲਕ ਇਕ ਦੂਜੇ ਦੇ ਦੋਸਤ ਵੀ ਹਨ ਤੇ ਦੁਸ਼ਮਣ ਵੀ, ਪਰ ਦੋਸਤੀ ਤੇ ਦੁਸ਼ਮਣੀ ਦੀ ਪਰਿਭਾਸ਼ਾ ਦੋਵਾਂ ਦੀ ਆਪੋ ਆਪਣੀ ਹੈ।