ਸਿਆਸੀ ਆਗੂਆਂ ਦੇ ਸਾਰੇ ਉਲਾਂਭੇ ਲਾਹੇਗੀ ਕੈਪਟਨ ਸਰਕਾਰ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਭ ਤੋਂ ਅਮੀਰ ਪਰਿਵਾਰਾਂ ਵਿਚ ਸ਼ੁਮਾਰ ਬਾਦਲ ਪਰਿਵਾਰ ਦੇ ਦੋ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਧਾਰਮਿਕ ਆਗੂਆਂ, ਸ਼ਿਵ ਸੈਨਾਵਾਂ ਦੇ ਬਹੁਤ ਸਾਰੇ ਅਹੁਦੇਦਾਰਾਂ, ਸੇਵਾ ਮੁਕਤ ਪੁਲਿਸ ਅਫਸਰਾਂ ਅਤੇ ਹਾਕਮ ਪਾਰਟੀ ਨਾਲ ਸਬੰਧਤ ਸਿਆਸਤਦਾਨਾਂ ਨੂੰ ਮੁਹੱਈਆ ਕਰਵਾਈ ਗਈ Ḕਸਰਕਾਰੀ ਕਾਰ ਸੇਵਾ’ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।

ਉਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਲਈ ਨਵੀਆਂ 2 ਮੌਂਟੈਰੋ ਬੁਲੇਟ ਪਰੂਫ 2 ਇਨੋਵਾ ਅਤੇ 6 ਜਿਪਸੀਆਂ ਖਰੀਦਣ ਸਬੰਧੀ ਪੁਲਿਸ ਵਿਭਾਗ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਮਨਿੰਦਰਜੀਤ ਸਿੰਘ ਬਿੱਟਾ, ਮਰਹੂਮ ਪੁਲਿਸ ਅਧਿਕਾਰੀ ਕੇ.ਪੀ.ਐਸ਼ ਗਿੱਲ ਦੇ ਪਰਿਵਾਰ ਨੂੰ ਵੀ ਨਵੀਆਂ ਬੁਲਿਟ ਪਰੂਫ ਗੱਡੀਆਂ ਦੇਣ ਦੀ ਯੋਜਨਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਦਾ ਦੱਸਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਨਵੀਆਂ ਕਾਰਾਂ ਦੀ ਖਰੀਦ ਸਬੰਧੀ ਪ੍ਰਸਤਾਵ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਬਾਦਲਾਂ, ਸੇਵਾ ਮੁਕਤ ਪੁਲਿਸ ਅਫਸਰਾਂ ਅਤੇ ਧਾਰਮਿਕ ਆਗੂਆਂ ਨੂੰ ਦਿੱਤੀਆਂ ਗਈਆਂ ਗੱਡੀਆਂ ਦੀ ਹਾਲਤ ਖਸਤਾ ਮੰਨੀ ਜਾਂਦੀ ਹੈ। ਇਸ ਲਈ ਪੰਜਾਬ ਪੁਲਿਸ ਦੇ ਸੁਰੱਖਿਆ ਵਿੰਗ ਨੇ ਨਵੀਆਂ ਗੱਡੀਆਂ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ। ਪੁਲਿਸ ਦੀ ਇਸ ਸੂਚੀ ਤੋਂ ਕਈ ਨਵੇਂ ਧਾਰਮਿਕ ਚਿਹਰੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਕਾਰਾਂ ਅਤੇ ਤੇਲ ਦੇਣ ਦੀ ਖੁੱਲ੍ਹ ਦਿੱਤੀ ਹੋਈ ਹੈ। ਜਾਣਕਾਰੀ ਮੁਤਾਬਕ ਨਵੀਆਂ ਕਾਰਾਂ ਦੀ ਖਰੀਦ ਉਪਰ ਤਕਰੀਬਨ 9 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ।
ਪੰਜਾਬ ਸਰਕਾਰ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਲਈ ਵੀ ਇਸੇ ਸੂਚੀ ਵਿਚ ਨਵੀਂ ਬੁਲਿਟ ਪਰੂਫ ਕਾਰ ਖਰੀਦਣ ਦਾ ਪ੍ਰੋਗਰਾਮ ਹੈ ਜਦੋਂ ਕਿ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਕੁਮਾਰ ਸਾਂਪਲਾ ਨੂੰ ਵੀ ਕਾਰਾਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲਿਸ ਦੇ 9 ਪੰਨਿਆਂ ਦੇ ਪ੍ਰਸਤਾਵ ਮੁਤਾਬਕ ਜਿਨ੍ਹਾਂ ਵਿਸ਼ੇਸ਼ ਵਿਅਕਤੀਆਂ ਨੂੰ ਸਰਕਾਰੀ ਕਾਰ ਸੇਵਾ ਤਹਿਤ ਖਜ਼ਾਨੇ ਵਿਚੋਂ ਕਾਰਾਂ ਅਤੇ ਤੇਲ ਦੇਣ ਦੀ ਇਜਾਜ਼ਤ ਦਿੱਤੀ ਹੈ, ਉਨ੍ਹਾਂ ਨੂੰ ਨਵੀਆਂ ਗੱਡੀਆਂ ਦਿੱਤੇ ਜਾਣ ਦੀ ਜ਼ਰੂਰਤ ਹੈ। ਪੰਜਾਬ ਅਜਿਹਾ ਸੂਬਾ ਬਣ ਕੇ ਸਾਹਮਣੇ ਆਇਆ ਹੈ ਜਿਥੇ ਸੱਤਾ ਤੋਂ ਲੱਥੇ ਸਿਆਸਤਦਾਨਾਂ, ਧਾਰਮਿਕ ਆਗੂਆਂ ਅਤੇ ਸੇਵਾ ਮੁਕਤ ਪੁਲਿਸ ਅਫਸਰਾਂ ਨੂੰ ਜਨਤਾ ਦੇ ਖਜ਼ਾਨੇ ਵਿਚੋਂ ਕਾਰਾਂ ਅਤੇ ਤੇਲ ਮੁਹੱਈਆ ਕਰਾਇਆ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ 17 ਬੁਲਿਟ ਪਰੂਫ ਗੱਡੀਆਂ ਖਰੀਦਣ ਸਬੰਧੀ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਸ ਮੁਤਾਬਕ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਬਾਦਲ ਪਿਤਾ ਪੁੱਤਰ ਨੂੰ ਤਾਂ ਇਕ-ਇਕ ਮੌਂਟੈਰੋ ਖਰੀਦ ਕੇ ਦਿੱਤੀ ਜਾਣੀ ਹੈ। ਬੁਲਿਟ ਪਰੂਫ ਵਿਸ਼ੇਸ਼ ਸੁਰੱਖਿਆ ਵਾਹਨ ਹਾਸਲ ਕਰਨ ਵਾਲਿਆਂ ਵਿਚ ਕਾਂਗਰਸ ਨੇਤਾ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਕਰੀਬੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਵੀ ਸ਼ਾਮਲ ਹੈ। ਇਸੇ ਤਰ੍ਹਾਂ ਮਨਿੰਦਰਜੀਤ ਸਿੰਘ ਬਿੱਟਾ ਲਈ ਫਾਰਚਿਊਨਰ ਤੇ 2 ਜਿਪਸੀਆਂ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਲਈ ਅੰਬੈਸਡਰ ਕਾਰ, 2 ਜਿਪਸੀਆਂ, ਬਿੱਟਾ ਦੀ ਪਤਨੀ ਮਨਜੋਤੀ ਬਿੱਟਾ ਦਾ ਨਾਮ ਇਕ ਜਿਪਸੀ ਦੀ ਖਰੀਦ ਵਾਲੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਸਾਬਕਾ ਪੁਲਿਸ ਮੁਖੀ ਕੇ.ਪੀ.ਐਸ਼ ਗਿੱਲ ਦੇ ਪਰਿਵਾਰ ਲਈ ਜਿਹੜੀਆਂ 2 ਇਨੋਵਾ ਤੇ 3 ਜਿਪਸੀਆਂ ਦਿੱਤੀਆਂ ਹੋਈਆਂ ਹਨ, ਉਨ੍ਹਾਂ ਨੂੰ ਕੰਡਮ ਕਰਾਰ ਦੇ ਕੇ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਸਾਬਕਾ ਡੀ.ਜੀ.ਪੀ. ਇਜ਼ਹਾਰ ਆਲਮ ਲਈ ਵੀ ਬੁਲਿਟ ਪਰੂਫ ਫਾਰਚਿਊਨਰ ਹੀ ਖਰੀਦੀ ਜਾਣੀ ਹੈ। ਜਿਨ੍ਹਾਂ ਧਾਰਮਿਕ ਆਗੂਆਂ ਨੂੰ ਦਿੱਤੀਆਂ ਕਾਰਾਂ ਕੰਡਮ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਯੋਗਰਾਜ ਸ਼ਰਮਾ ਰਾਜ ਪ੍ਰਮੁੱਖ ਸ਼ਿਵ ਸੈਨਾ ਪੰਜਾਬ, ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ, ਅਤੇ ਸ਼ਿਵ ਸੈਨਾ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਦਿੱਤੀਆਂ ਬੁਲਿਟ ਪਰੂਫ ਅੰਬੈਸਡਰ ਕਾਰਾਂ ਸ਼ਾਮਲ ਹਨ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਲਈ ਇਕ ਜਿਪਸੀ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਲਈ ਦੋ ਜਿਪਸੀਆਂ, ਨਿਰਮਲ ਸਿੰਘ ਕਾਹਲੋਂ ਅਤੇ ਉਨ੍ਹਾਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ, ਬਾਬਾ ਪਿਆਰਾ ਸਿੰਘ ਭਨਿਆਰਾਂ ਲਈ ਅੰਬੈਸਡਰ ਕਾਰ ਤੇ ਜਿਪਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਵਿਨੀਤ ਜੋਸ਼ੀ, ਰਾਜਿੰਦਰ ਮੋਹਨ ਸਿੰਘ ਛੀਨਾ, ਸ਼ਿਵ ਸੈਨਾ (ਬਾਲ ਠਾਕਰੇ) ਦੇ ਹਰਵਿੰਦਰ ਸੋਨੀ ਲਈ ਜਿਪਸੀ, ਸ਼ਿਵ ਸੈਨਾ ਅੰਮ੍ਰਿਤਸਰ ਤੇ ਚੇਅਰਮੈਨ ਸੁਧੀਰ ਸੂਰੀ ਲਈ ਜਿਪਸੀ, ਸ਼ਿਵ ਸੈਨਾ ਲੁਧਿਆਣਾ ਦੇ ਕੌਮੀ ਪ੍ਰਧਾਨ ਕਮਲੇਸ਼ ਭਾਰਦਵਾਜ ਲਈ ਜਿਪਸੀ, ਵਿਨੈ ਜਲੰਧਰੀ ਲਈ ਜਿਪਸੀ, ਸ਼ਿਵ ਸੈਨਾ ਕਾਰਕੁਨ ਕ੍ਰਿਸ਼ਨ ਲਾਲ ਸ਼ਰਮਾ ਲਈ ਜਿਪਸੀ, ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ ਦੇ ਨਿਸ਼ਾਂਤ ਸ਼ਰਮਾ ਲਈ ਜਿਪਸੀ, ਸ਼ਿਵ ਸੈਨਾ ਹਿੰਦੋਸਤਾਨ ਤੇ ਪ੍ਰਧਾਨ ਪਵਨ ਕੁਮਾਰ ਗੁਪਤਾ ਲਈ ਜਿਪਸੀ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਹਰੀਸ਼ ਸ਼ਰਮਾ ਲਈ ਜਿਪਸੀ, ਮੋਗਾ ਨਾਲ ਸਬੰਧਤ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿਤ ਘਈ ਲਈ ਬੋਲੈਰੋ, ਸੰਜੀਵ ਭਾਜਦਵਾਜ ਲਈ ਜਿਪਸੀ, ਬਾਬਾ ਕਸ਼ਮੀਰਾ ਸਿੰਘ, ਬਾਬਾ ਨਿਰਮਲ ਦਾਸ ਅਤੇ ਬਾਬਾ ਅਰਜਨ ਸਿੰਘ ਦਾ ਨਾਮ ਵੀ ਇਸੇ ਸੂਚੀ ਵਿਚ ਸ਼ਾਮਲ ਹਨ।
____________________
ਕੈਪਟਨ ਦੀ ਸਰਫਾ ਮੁਹਿੰਮ ਮਹਿਜ਼ ਖਾਨਾਪੂਰਤੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸਤਦਾਨਾਂ, ਡੇਰੇਦਾਰਾਂ, ਸ਼ਿਵ ਸੈਨਾ ਨਾਲ ਸਬੰਧਤ ਵਿਅਕਤੀਆਂ, ਧਾਰਮਿਕ ਆਗੂਆਂ ਅਤੇ ਅਫਸਰਾਂ ਨੂੰ ਸਰਕਾਰੀ ਖਜ਼ਾਨੇ ਵਿਚੋਂ ਕਾਰਾਂ ਅਤੇ ਮੁਫਤ ਤੇਲ ਦੀ ਸਹੂਲਤ ਸਬੰਧੀ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਬਣਾਈ ਸਮੀਖਿਆ ਕਮੇਟੀ ਮਹਿਜ਼ ਖਾਨਾਪੂਰਤੀ ਜਾਪ ਰਹੀ ਹੈ। ਪੰਜਾਬ ਪੁਲਿਸ ਵੱਲੋਂ ਸਿਆਸਤਦਾਨਾਂ ਅਤੇ ਡੇਰੇਦਾਰਾਂ ਸਮੇਤ ਪੁਲਿਸ ਅਫਸਰਾਂ ਨੂੰ ਨਵੀਆਂ ਗੱਡੀਆਂ ਦੇਣ ਦੀ ਤਜਵੀਜ਼ ਨੇ ਵਿੱਤੀ ਸੰਕਟ ‘ਚੋਂ ਲੰਘ ਰਹੇ ਪੰਜਾਬ ਦੇ ਖਜ਼ਾਨੇ ਨੂੰ ਨਿਰਦਈ ਤਰੀਕੇ ਨਾਲ ਉਡਾਉਣ ਦਾ ਨਵਾਂ ਰੂਪ ਸਾਹਮਣੇ ਲਿਆਂਦਾ ਹੈ। ਸੂਤਰਾਂ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ Ḕਸਰਕਾਰੀ ਕਾਰ ਸੇਵਾ’ ਦੀ ਸਮੀਖਿਆ ਦੇ ਯਤਨ ਕੀਤੇ ਪਰ ਕਾਮਯਾਬੀ ਨਹੀਂ ਮਿਲੀ। ਮੁੱਖ ਮੰਤਰੀ ਨੇ ਆਪਣੇ ਪੱਧਰ ਉਤੇ ਸਮੀਖਿਆ ਦੇ ਹੁਕਮ ਦੇ ਦਿੱਤੇ ਪਰ ਕੋਈ ਸਮੀਖਿਆ ਨਹੀਂ ਹੋਈ, ਸਗੋਂ ਕਾਰ ਸੇਵਾ ਨੂੰ ਨਵਾਂ ਰੂਪ ਦਿੱਤਾ ਜਾਣ ਲੱਗਿਆ ਹੈ।