ਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ!

ਸੁਰਜੀਤ, ਕੈਨੇਡਾ
ਫੋਨ: 416-605-3784
ਮਾਂ ਬੱਚੇ ਨੂੰ ਜ਼ਿੰਦਗੀ ਦਿੰਦੀ ਹੈ। ਇਕ ਮਾਂ ਨੂੰ ਆਪਣਾ ਬੱਚਾ ਦੁਨੀਆਂ ਵਿਚ ਸਭ ਤੋਂ ਪਿਆਰਾ ਲਗਦਾ ਹੈ, ਇਸ ਲਈ ਉਹ ਉਸ ਨੂੰ ਸਭ ਤੋਂ ਅੱਗੇ ਕੱਢਣ ਦਾ ਯਤਨ ਕਰਦੀ ਹੈ। ਉਸ ਨੂੰ ਹਰ ਤਰ੍ਹਾਂ ਨਾਲ ਕਾਮਯਾਬ ਇਨਸਾਨ ਬਣਾਉਣ ਲਈ ਆਪਣਾ ਟਿੱਲ ਲਾ ਦਿੰਦੀ ਹੈ। ਮਾਂ ਬੱਚੇ ਨੂੰ ਨਿਰਸਵਾਰਥ ਹੋ ਕੇ ਪਾਲਦੀ ਹੈ, ਇਸੇ ਲਈ ਮਾਂ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਵਿਚੋਂ ਪਵਿੱਤਰ ਮੰਨਿਆ ਜਾਂਦਾ ਹੈ। ਕੋਈ ਵੀ ਸ਼ਖਸ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਮਾਂ ਇਨਸਾਨ ਦੀ ਜ਼ਿੰਦਗੀ ਵਿਚ ਕਈ ਰੋਲ ਨਿਭਾਉਂਦੀ ਹੈ। ਉਹ ਉਸ ਦੀ ਜਨਮਦਾਤੀ, ਪਾਲਣਹਾਰੀ, ਗੁਰੂ, ਦਿਸ਼ਾ ਨਿਰਦੇਸ਼ਕ ਅਤੇ ਚੰਗੀ ਦੋਸਤ ਹੁੰਦੀ ਹੈ।

ਇਸੇ ਲਈ ਕਿਸੇ ਨੇ ਕਿਹਾ, “ਰੱਬ ਹਰ ਜਗਾ ਨਹੀਂ ਪਹੁੰਚ ਸਕਦਾ ਸੀ, ਇਸ ਲਈ ਉਸ ਨੇ ਮਾਂ ਬਣਾਈ।” ਬੜਾ ਖੂਬਸੂਰਤ ਹੈ, ਇਹ ਨਿੱਕਾ ਜਿਹਾ ਸ਼ਬਦ, ਮਾਂ! ਬਹੁਤ ਜੇਰੇ ਵਾਲੀ ਅਤੇ ਆਪਣੇ ਬੱਚੇ ਲਈ ਜਾਨ ਤੱਕ ਕੁਰਬਾਨ ਕਰਨ ਵਾਲੀ ਹੁੰਦੀ ਹੈ, ਮਾਂ!
ਇਹ ਸ਼ਬਦ ਸੁਣਦਿਆਂ ਹੀ ਮਾਂ ਦੇ ਅਨੇਕਾਂ ਰੂਪ ਸਾਹਮਣੇ ਆਉਂਦੇ ਨੇ। ਨੀਲੀ ਝੀਲ ਵਿਚ ਚੂਚਿਆਂ ਨੂੰ ਤੈਰਨਾ ਸਿਖਾਉਂਦੀਆਂ ਬਤਖਾਂ ਦਾ ਦਿਲਕਸ਼ ਨਜ਼ਾਰਾ ਅੱਖਾਂ ਅੱਗਿਉਂ ਲੰਘ ਜਾਂਦਾ ਹੈ। ਮੂਹਰੇ ਮੂਹਰੇ ਚੂਚੇ ਤੇ ਪਿੱਛੇ ਪਿੱਛੇ ਤਰਦੀ ਮਾਂ ਬਤਖ! ਚੁੰਝ ਨਾਲ ਗਰਦਨੋਂ ਫੜ੍ਹ ਪੁੱਠੇ ਪਾਸੇ ਜਾਂਦੇ ਚੂਚੇ ਨੂੰ ਸਿੱਧੇ ਰਾਹੇ ਪਾਉਂਦੀ ਮਾਂ ਬਤਖ! ਦਿਲ ਆਪ-ਮੁਹਾਰੇ ਹੀ ਕਹਿ ਉਠਦਾ ਹੈ, Ḕਵਾਹ ਨੀ ਮਮਤਾ!Ḕ ਜਾਨਵਰਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਵੇਖ ਮਨ ਮੰਤਰ-ਮੁਗਧ ਹੋ ਜਾਂਦਾ ਹੈ।
ਕੈਨੇਡਾ ਵਿਚ ਜਦੋਂ ਬਤਖਾਂ ਆਪਣੇ ਚੂਚਿਆਂ ਨੂੰ ਸਾਵਧਾਨੀ ਨਾਲ ਸੜਕ ਪਾਰ ਕਰਾਉਂਦੀਆਂ ਹਨ ਤਾਂ ਵੱਡੀਆਂ ਵੱਡੀਆਂ ਬੱਸਾਂ ਅਤੇ ਕਾਰਾਂ ਵੀ ਰੁਕ ਜਾਂਦੀਆਂ ਹਨ। ਉਸ ਨਿੱਕੀ ਜਿੰਨੀ ਮਾਂ ਨੂੰ ਵੇਖ ਮਮਤਾ ਅੱਗੇ ਸਿਰ ਝੁਕ ਜਾਂਦਾ ਹੈ! ਫੇਰ ਧਿਆਨ ਜਾਂਦਾ ਹੈ, ਆਪਣੇ ਬੱਚਿਆਂ ਦੇ ਮੂੰਹ ਵਿਚ ਚੋਗਾ ਪਾਉਂਦੇ ਪੰਛੀਆਂ ਵੱਲ। ਸਾਰੇ ਜੀਵ ਹੀ ਮਮਤਾ ਨਾਲ ਭਰੇ ਹੋਏ ਹਨ। ਮਾਂ ਭਾਵੇਂ ਸ਼ੇਰਨੀ ਹੋਵੇ ਜਾਂ ਇਨਸਾਨ, ਹਮੇਸ਼ਾ ਆਪਣੇ ਬੱਚਿਆਂ ਨੂੰ ਬੜੇ ਮੋਹ ਨਾਲ ਪਾਲਦੀ ਹੈ। ਜੇ ਵੇਖਿਆ ਜਾਵੇ ਤਾਂ ਕੁਦਰਤ ਵੀ ਤਾਂ ਸਾਡੀ ਮਾਂ ਹੀ ਹੈ, ਕਿੰਨੀ ਮਮਤਾ ਨਾਲ, ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਜੀਵਾਂ ਦੀ ਪਾਲਣਾ ਕਰਦੀ ਹੈ।
ਮਾਂ ਮੰਗਤੀ ਹੋਵੇ ਜਾਂ ਰਾਣੀ, ਉਹ ਆਪਣੇ ਬੱਚੇ ਲਈ ਸਭ ਕੁਝ ਕਰਦੀ ਹੈ, ਜੋ ਉਹ ਕਰ ਸਕਦੀ ਹੋਵੇ। ਕਈ ਔਰਤਾਂ ਰਾਜਨੀਤੀ ਦੇ ਖੇਤਰ ਵਿਚ ਕੰਮ ਕਰਦੀਆਂ ਹਨ ਅਤੇ ਬਹੁਤ ਰੁਝੀਆਂ ਹੁੰਦੀਆਂ ਹਨ। ਕਈ ਹੋਰ ਉਚੇ ਉਚੇ ਅਹੁਦਿਆਂ ‘ਤੇ ਤਾਇਨਾਤ ਹੁੰਦੀਆਂ ਹਨ ਪਰ ਆਪਣੇ ਬੱਚਿਆਂ ਦੀ ਪਰਵਰਿਸ਼ ਬਾਰੇ ਪੂਰੀਆਂ ਸੁਚੇਤ ਅਤੇ ਸਮਰਪਿਤ ਹੁੰਦੀਆਂ ਹਨ।
ਅਮਰੀਕਾ ਦੇ 35ਵੇਂ ਰਾਸ਼ਟਰਪਤੀ ਜੌਹਨ ਕੈਨੇਡੀ ਦੀ ਪਤਨੀ ਜੈਕੁਲਿਨ ਕੈਨੇਡੀ ਨੇ Ḕਫਸਟ ਲੇਡੀḔ ਹੋਣ ਦੇ ਨਾਲ ਨਾਲ ਆਪਣੇ ਬੱਚਿਆਂ ਦਾ ਸ਼ਾਨਦਾਰ ਪਾਲਣ-ਪੋਸਣ ਕੀਤਾ। ਇਸੇ ਤਰ੍ਹਾਂ ਰਾਜਕੁਮਾਰੀ ਡਾਇਆਨਾ ਨੇ ਵੀ ਆਪਣੇ ਦੋਹਾਂ ਪੁੱਤਰਾਂ ਦੀ ਪਾਲਣਾ ਆਪ ਕੀਤੀ ਅਤੇ ਉਨ੍ਹਾਂ ਅੰਦਰ ਵਧੀਆ ਗੁਣ ਭਰਨ ਦੇ ਪੂਰੇ ਯਤਨ ਕੀਤੇ। ਮਿਸ਼ੈਲ ਉਬਾਮਾ ਆਪਣੇ ਰਾਜਨੀਤਕ ਰੁਝੇਵਿਆਂ ਦੇ ਬਾਵਜੂਦ ਆਪਣੀਆਂ ਬੱਚੀਆਂ ਦਾ ਵਧੀਆ ਧਿਆਨ ਰੱਖਦੀ ਰਹੀ ਹੈ। ਝਾਂਸੀ ਦੀ ਰਾਣੀ ਨੇ ਆਪਣੇ ਪੁੱਤਰ ਨੂੰ ਪਿੱਠ ਪਿੱਛੇ ਬੰਨ ਕੇ ਜੰਗਾਂ ਲੜੀਆਂ। ਇਸਾਈਆਂ ਵਿਚ ਜੀਸਸ ਕਰਾਈਸਟ ਦੀ ਮਾਂ ਮੇਰੀ ਨੂੰ ਦੁਨੀਆਂ ਦੀ ਸਭ ਤੋਂ ਵੱਧ ਨਰਮ ਦਿਲ ਮਾਂ ਮੰਨਿਆ ਜਾਂਦਾ ਹੈ। ਮਾਂ ਭਾਵੇਂ ਕਿਸੇ ਵੀ ਹਾਲਤ ਵਿਚ ਹੋਵੇ, ਆਪਣੇ ਬੱਚਿਆਂ ਲਈ ਸਭ ਕੁਝ ਨਿਛਾਵਰ ਕਰ ਦਿੰਦੀ ਹੈ।
ḔਮਾਂḔ ਦੁਨੀਆਂ ਨੂੰ ਅਗਾਂਹ ਤੋਰਨ ਵਾਲੀ ਸ਼ਕਤੀ ਦਾ ਨਾਂ ਹੈ। ḔਮਾਂḔ ਸ਼ਬਦ ਜ਼ੁਬਾਨ ‘ਤੇ ਆਉਂਦਿਆਂ ਹੀ ਮਨ ਅਹਿਸਾਨਮੰਦੀ ਨਾਲ ਭਰ ਉਠਦਾ ਹੈ। ਮਾਂ ਦਾ ਕਰਜ ਮਨੁੱਖ ਕਦੇ ਉਤਾਰ ਹੀ ਨਹੀਂ ਸਕਦਾ। ਨਾ ਹੀ ਮਾਂ ਅਹਿਸਾਨ ਸਮਝ ਕੇ ਆਪਣੇ ਬੱਚਿਆਂ ‘ਤੇ ਆਪਣੀ ਮਮਤਾ ਲੁਟਾਉਂਦੀ ਹੈ। ਜਾਨਵਰ ਆਪਣੇ ਬੱਚਿਆਂ ਕੋਲੋਂ ਭਵਿੱਖ ਦੀ ਕੋਈ ਆਸ ਨਹੀਂ ਰੱਖਦੇ ਤਾਂ ਵੀ ਉਹ ਆਪਣੇ ਬੱਚਿਆਂ ਨੂੰ ਮੋਹ ਨਾਲ ਪਾਲਣ ਵਿਚ ਕੋਈ ਕਸਰ ਨਹੀਂ ਛੱਡਦੇ ਅਤੇ ਆਪਣੇ ਬੱਚਿਆਂ ਨੂੰ ਸਵੈ-ਨਿਰਭਰ ਕਰਕੇ ਉਨ੍ਹਾਂ ਨੂੰ ਆਜ਼ਾਦ ਕਰ ਦਿੰਦੇ ਹਨ।
ਮਨੁੱਖ ਦੇ ਜੀਵਨ ਵਿਚ ਮਾਂ ਦੀ ਦੇਣ ਨੂੰ ਯਾਦ ਕਰਨਾ ਕਵੀਆਂ ਤੇ ਗਾਇਕਾਂ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। ਮਾਂ ਦੀ ਮਮਤਾ ਮਈ ਛੋਹ ਨਾਲ ਬੱਚਿਆਂ ਅਤੇ ਸਮਾਜ ‘ਤੇ ਪਏ ਸਾਕਾਰਾਤਮਕ ਪ੍ਰਭਾਵਾਂ ਨੂੰ ਮਾਨਤਾ ਦੇਣ ਲਈ ਹਰ ਵਰ੍ਹੇ Ḕਮਾਂ-ਦਿਵਸḔ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲੀ ਬੱਚੇ ਆਪਣੀਆਂ ਮਾਂਵਾਂ ਦੇ ਲਾਡ ਪਿਆਰ, ਉਨ੍ਹਾਂ ਦੀ ਪਾਲਣਾ-ਪੋਸਣਾ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਫੁੱਲ, ਤਸਵੀਰਾਂ ਅਤੇ ਕਾਰਡ ਬਣਾ ਕੇ ਉਨ੍ਹਾਂ ਨੂੰ ਭੇਟ ਕਰਦੇ ਹਨ। ਵੱਡੇ ਆਪਣੀਆਂ ਮਾਂਵਾਂ ਨੂੰ ਕਿਧਰੇ ਬਾਹਰ ਖਾਣੇ ‘ਤੇ ਲੈ ਜਾਂਦੇ ਹਨ ਜਾਂ ਕਈ ਤਰ੍ਹਾਂ ਦੇ ਤੋਹਫੇ ਦੇ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ।
ਮਦਰ’ਜ਼ ਡੇ ਦੇ ਪਿਛੋਕੜ ਵੱਲ ਝਾਤੀ ਮਾਰਿਆਂ ਪਤਾ ਲੱਗਦਾ ਹੈ ਕਿ ਇਹ ਦਿਨ 1908 ਤੋਂ ਅਮਰੀਕਾ ਵਿਚ ਮਨਾਇਆ ਜਾਂਦਾ ਹੈ। 1832 ਵਿਚ ਵੈਸਟ ਵਰਜੀਨੀਆ ਵਿਚ ਜੰਮੀ ਸੋਸ਼ਲ ਐਕਟਿਵਿਸਟ ਐਨ ਮੇਰੀ ਰੀਵਜ਼ ਜਾਰਵਿਸ ਨੇ ਇਕ Ḕਮਦਰ’ਜ਼ ਡੇ ਵਰਕ ਕਲੱਬḔ ਬਣਾਇਆ ਅਤੇ ਕਲੱਬ ਜ਼ਰੀਏ ਟੀæ ਬੀæ ਦੀਆਂ ਮਰੀਜ਼ ਮਾਂਵਾਂ ਦੇ ਇਲਾਜ ਲਈ ਚੰਦਾ ਇਕੱਠਾ ਕਰਕੇ ਉਨ੍ਹਾਂ ਦੀ ਮਦਦ ਕਰਦੀ। ਉਸ ਦੇ ਆਪਣੇ 12 ਬੱਚੇ ਜਵਾਨ ਹੋਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਉਸ ਨੇ ਉਦਾਸ ਹੋ ਕੇ ਬਾਕੀ ਮਾਂਵਾਂ ਦੀ ਮਦਦ ਕਰਨ ਦਾ ਕੰਮ ਨਹੀਂ ਛੱਡਿਆ। 1905 ਵਿਚ ਮਈ ਦੇ ਦੂਜੇ ਐਤਵਾਰ ਉਸ ਦੀ ਮੌਤ ਹੋ ਗਈ। ਉਸ ਦੀ ਬੇਟੀ ਐਨਾ ਨੇ ਜਦੋਜਹਿਦ ਕਰਕੇ ਆਪਣੀ ਮਾਂ ਦੀ ਯਾਦ ਵਿਚ ਸਾਰੀਆਂ ਮਾਂਵਾਂ ਨੂੰ ਮਾਣ ਦੁਆਉਣ ਲਈ ਇਸ ਦਿਨ ਨੂੰ ਛੁੱਟੀ ਵਜੋਂ ਮਨਜੂਰ ਕਰਵਾ ਲਿਆ।
ਮਨੁੱਖੀ ਇਤਿਹਾਸ ਵਿਚ ਜਾਰਵਿਸ ਤੋਂ ਬਿਨਾ ਵੀ ਅਜਿਹੀਆਂ ਹੋਰ ਬਹੁਤ ਸਾਰੀਆਂ ਮਾਂਵਾਂ ਹੋਈਆਂ ਹਨ, ਜਿਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਆਪਣੇ ਬੱਚੇ ਸਮਝ ਕੇ ਉਨ੍ਹਾਂ ‘ਤੇ ਮਮਤਾ ਲੁਟਾਈ। ਮਦਰ ਟੈਰੇਸਾ ਦੀ ਮਮਤਾ ਦਾ ਘੇਰਾ ਤਾਂ ਇੰਨਾ ਵਿਸ਼ਾਲ ਸੀ ਕਿ ਕੋਈ ਰੰਗ, ਨਸਲ, ਰੁਤਬਾ, ਉਮਰ, ਸਰੀਰਕ ਆਕਾਰ ਜਾਂ ਅਵਸਥਾ ਇਸ ਤੋਂ ਬਾਹਰ ਨਾ ਜਾ ਸਕੇ। ਉਸ ਦੀ ਇਸ ਸੇਵਾ ਸਦਕਾ ਉਸ ਨੂੰ ਸੰਤ ਅਤੇ ਮਾਂ (ਮਦਰ) ਦੀ ਉਪਾਧੀ ਦਿੱਤੀ ਗਈ। ਸਾਡੇ ਇਤਿਹਾਸ ਅਤੇ ਮਿਥਿਹਾਸ ਵਿਚ ਵੀ ਅਨੇਕਾਂ ਮਹਾਨ ਮਾਂਵਾਂ ਦੇ ਨਾਂ ਵਰਣਨਯੋਗ ਹਨ। ਜੇ ਮਾਤਾ ਤ੍ਰਿਪਤਾ ਨੇ ਗੁਰੂ ਨਾਨਕ ਦੇਵ ਜੀ ਨੂੰ, ਬੀਬੀ ਭਾਨੀ ਨੇ ਗੁਰੂ ਅਰਜਨ ਦੇਵ ਜੀ ਨੂੰ ਅਤੇ ਮਾਤਾ ਗੁਜਰੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਵਿਚ ਤਿਆਰ ਨਾ ਕੀਤਾ ਹੁੰਦਾ ਤਾਂ ਅੱਗੇ ਜਾ ਕੇ ਉਹ ਆਪਣੇ ਮਿਸ਼ਨ ਵਿਚ ਕਿੰਜ ਕਾਮਯਾਬ ਹੋ ਸਕਦੇ ਸਨ?
ਅੱਜ ਕਲ ਹਰ ਸ਼ੈਅ ਨੂੰ ਮੰਡੀ ਨੇ ਨਿਗਲ ਲਿਆ ਹੈ। ਸ਼ਰਧਾ ਪੂਰਬਕ ਅਤੇ ਕਿਸੇ ਮਕਸਦ ਨੂੰ ਸਾਹਮਣੇ ਰੱਖ ਕੇ ਬਣਾਏ ਇਨ੍ਹਾਂ ਖਾਸ ਦਿਨਾਂ ‘ਤੇ ਹੁਣ ਰਸਮਾਂ ਦੀ ਧੂੜ ਪੈਂਦੀ ਜਾ ਰਹੀ ਹੈ। ਅੱਜ ਕਲ ਮਦਰ’ਜ਼ ਡੇ ਤੋਹਫਿਆਂ ਅਤੇ ਪ੍ਰੀਤੀ ਭੋਜਾਂ ਦਾ ਮੁਥਾਜ ਹੋ ਕੇ ਰਹਿ ਗਿਆ ਹੈ। ਲੋੜ ਹੈ, ਇਸ ਦੀ ਅਸਲੀ ਅਹਿਮੀਅਤ ਨੂੰ ਪਛਾਨਣ ਦੀ। ਹਰ ਦਿਨ ਹੀ ਮਾਂ ਦਿਵਸ ਹੁੰਦਾ ਹੈ। ਆਪਣੀ ਮਾਂ ਦੀ ਕਦਰ ਕਰਨਾ ਹਰ ਪ੍ਰਾਣੀ ਦਾ ਪਹਿਲਾ ਫਰਜ਼ ਹੈ। ਜੇ ਮਾਂ ਕੇਵਲ ਸਾਲ ਵਿਚ ਇਕੋ ਵਾਰੀ ਸਾਨੂੰ ਲਾਡ ਲਡਾਉਂਦੀ ਅਤੇ ਬਾਕੀ ਦਿਨ ਸਾਨੂੰ ਵਿਸਾਰੀ ਰੱਖਦੀ ਤਾਂ ਜਰਾ ਸੋਚੋ ਸਾਡੀ ਹੋਂਦ ਕਿਵੇਂ ਦੀ ਹੁੰਦੀ? ਇਹ ਇਕ ਦਿਨ ਤਾਂ ਆਪਣੇ ਰਿਸ਼ਤੇ ‘ਤੇ ਪਈ ਧੂੜ ਨੂੰ ਝਾੜਨ ਲਈ ਹੁੰਦਾ ਹੈ। ਇਸ ਦਿਨ ਨੂੰ ਸਾਰਥਕ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ। ਬਚਪਨ ਵਿਚ ਗੋਦ ‘ਚ ਪਾਲਣ ਅਤੇ ਉਂਗਲੀ ਲਾ ਕੇ ਤੁਰਨਾ ਸਿਖਾਉਣ ਵਾਲੀ ਮਾਂ ਜਦੋਂ ਬਿਰਧ ਹੋ ਜਾਂਦੀ ਹੈ ਤਾਂ ਉਸ ਦੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਹੁਣ ਉਹ ਉਸ ਦਾ ਸਹਾਰਾ ਬਣਨ। ਅੱਜ ਮਾਂ ਬਿਰਧ ਹੋਈ ਹੈ, ਕੱਲ ਨੂੰ ਅਸੀਂ ਹੋਣਾ ਹੈ। ਸੋ ਆਪਣੀ ਮਾਂ ਦਾ ਹਰ ਰੋਜ਼ ਸਤਿਕਾਰ ਕਰਨਾ ਸਾਡਾ ਸਭ ਦਾ ਇਨਸਾਨੀ ਫਰਜ਼ ਹੈ। ਆਓ, ਆਪਣੀ ਮਾਂ ਦੇ ਦਿਲ ਦੀ ਗੱਲ ਸੁਣੀਏ, ਉਸ ਨੂੰ ਅਣਗੌਲਿਆ ਨਾ ਕਰੀਏ ਤਾਂ ਹੀ ਮਾਂ ਦਿਵਸ ਮਨਾਉਣਾ ਸਫਲ ਹੋ ਸਕਦਾ ਹੈ।