ਸ਼੍ਰੋਮਣੀ ਕਮੇਟੀਆਂ ਦੀਆਂ ਵਿੱਦਿਅਕ ਸੰਸਥਾਵਾਂ ਦਾ ਹੋਵੇਗਾ ਆਡਿਟ

ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਦਾ ਅਕਾਦਮਿਕ ਆਡਿਟ ਕਰਵਾਇਆ ਜਾਵੇਗਾ । ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਟੀਚਿੰਗ, ਨਾਨ-ਟੀਚਿੰਗ ਅਸਾਮੀਆਂ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਜਾਵੇਗੀ ਤਾਂ ਜੋ ਬੇਲੋੜਾ ਸਟਾਫ ਸੰਸਥਾ ਉਤੇ ਆਰਥਿਕ ਬੋਝ ਨਾ ਪਾ ਸਕੇ। ਸ਼੍ਰੋਮਣੀ ਕਮੇਟੀ ਦੇ ਸਿੱਖਿਆ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ‘ਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿਚ ਦੌੜ ਲੱਗਣੀ ਚਾਹੀਦੀ ਹੈ।
‘ਕਾਨਵੈਂਟ ਸੰਸਥਾਵਾਂ ਵਾਂਗ ਹੀ ਸਾਡੀਆਂ ਸੰਸਥਾਵਾਂ ਵਿਚ ਵੀ ਵਿਦਿਅਕ ਵਾਤਾਵਰਨ ਹੋਣ ਦੇ ਨਾਲ-ਨਾਲ ਸਾਨੂੰ ਪੂਰੀ ਸੰਜੀਦਗੀ ਦੇ ਨਾਲ ਪੜ੍ਹਾਈ ਕਰਵਾਉਣੀ ਪਵੇਗੀ।’ ਡਾ. ਸਿੱਧੂ ਨੇ ਦੱਸਿਆ ਕਿ ਇਕ ਸਰਵੇਖਣ ਅਨੁਸਾਰ ਦੋ ਦਰਜਨ ਦੇ ਕਰੀਬ ਅਜਿਹੇ ਅਦਾਰੇ ਹਨ ਜੋ ਆਰਥਿਕ ਤੌਰ ਉਤੇ ਵੱਡੇ ਘਾਟੇ ਦਾ ਸ਼ਿਕਾਰ ਹਨ। ਇਨ੍ਹਾਂ ਘਾਟੇ ‘ਚ ਚੱਲ ਰਹੀਆਂ ਸੰਸਥਾਵਾਂ ਨੂੰ ਨੇੜਲੀਆਂ ਸੰਸਥਾਵਾਂ ਵਿਚ ਰਲਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲੇ ਅਨੁਸੂਚਿਤ ਜਾਤੀ ਸਕਾਲਰਸ਼ਿਪ ਬਾਰੇ ਡਾ. ਸਿੱਧੂ ਨੇ ਕਿਹਾ ਕਿ ਕਰੋੜਾਂ ਰੁਪਇਆ ਸਰਕਾਰ ਵੱਲੋਂ ਜਾਰੀ ਕੀਤਾ ਜਾਣਾ ਹੈ। ਜੇਕਰ ਸਾਨੂੰ ਉਸ ਵਿਚੋਂ ਕੁਝ ਹਿੱਸਾ ਵੀ ਜਾਰੀ ਹੋ ਜਾਂਦਾ ਹੈ ਤਾਂ ਕਾਫੀ ਸੰਸਥਾਵਾਂ ਆਪਣੇ ਪੈਰਾਂ ਸਿਰ ਹੋ ਜਾਣਗੀਆਂ।
____________________________
ਨਿਯੁਕਤੀਆਂ ਤੇ ਤਰੱਕੀਆਂ ਦੀ ਹੋਵੇਗੀ ਜਾਂਚ
ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸਿਰਫ ਪਿਛਲੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਦੇ ਕਾਰਜਕਾਰ ਦੌਰਾਨ ਹੋਈਆਂ ਨਿਯੁਕਤੀਆਂ ਤੇ ਤਰੱਕੀਆਂ ਦੀ ਹੀ ਨਹੀਂ, ਬਲਕਿ ਪਿਛਲੇ ਸਮੇਂ ਰਹੇ ਹੋਰ ਪ੍ਰਧਾਨਾਂ ਸਮੇਂ ਵੀ ਹੋਈਆਂ ਅਜਿਹੀਆਂ ਬੇਨਿਯਮੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਯੁਕਤੀਆਂ ਤੇ ਤਰੱਕੀਆਂ ਸਬੰਧੀ ਗਠਿਤ ਸਬ-ਕਮੇਟੀ ਵੱਲੋਂ ਹਾਲੇ ਪੜਤਾਲ ਕੀਤੀ ਜਾ ਰਹੀ ਹੈ। ਜਦ ਵੀ ਪੜਤਾਲੀਆ ਰਿਪੋਰਟ ਉਨ੍ਹਾਂ ਕੋਲ ਆ ਗਈ ਤਾਂ ਇਸ ਮਗਰੋਂ ਹੀ ਅਗਲਾ ਫੈਸਲਾ ਲਿਆ ਜਾਵੇਗਾ। ਅੱਗੇ ਤੋਂ ਜੋ ਵੀ ਨਿਯੁਕਤੀਆਂ ਤੇ ਤਰੱਕੀਆਂ ਕੀਤੀਆਂ ਜਾਣਗੀਆਂ, ਉਨ੍ਹਾਂ ਸਬੰਧੀ ਠੋਸ ਨਿਯਮ ਤੈਅ ਕੀਤੇ ਜਾ ਰਹੇ ਹਨ।
____________________________________
ਗੁਰੂ ਘਰਾਂ ‘ਚ ਦਾਖਲੇ ਬਾਰੇ ਦਖਲ ਨਹੀਂ ਦੇਵੇਗਾ ਆਸਟਰੇਲੀਆ
ਅੰਮ੍ਰਿਤਸਰ: ਆਸਟਰੇਲੀਆ ਦੀ ਭਾਰਤ ਵਿਚ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤੀ ਅਧਿਕਾਰੀਆਂ ਦੇ ਦਾਖਲੇ ਉਤੇ ਲਾਈ ਰੋਕ ਦੇ ਮਾਮਲੇ ਵਿਚ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਦਾ ਨਿੱਜੀ ਮਾਮਲਾ ਹੈ। ਉਹ ਇਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਆਸਟਰੇਲੀਆ ਵਿਚ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਅਤੇ ਇਸ ਵਿਚ ਸਰਕਾਰ ਕੋਈ ਦਖਲ ਨਹੀਂ ਦੇ ਸਕਦੀ। ਉਨ੍ਹਾਂ ਆਖਿਆ ਕਿ ਉਂਜ ਵੀ ਆਸਟਰੇਲੀਆ ਦੇ ਸਿਰਫ ਇਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਕੋਈ ਫੈਸਲਾ ਕੀਤਾ ਗਿਆ ਹੈ।
ਆਸਟਰੇਲੀਆ ਵਿਚ ਪੰਜਾਬੀਆਂ ਦੀ ਨਿਰੰਤਰ ਵਧ ਰਹੀ ਆਮਦ ਤੇ ਵਸੋਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬੀਆਂ ਦੀ ਆਮਦ ਵਿਚ ਨਿਰੰਤਰ ਵਾਧਾ ਹੋਣ ਨਾਲ ਗੁਰਦੁਆਰਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਪੰਜਾਬ ਅਤੇ ਆਸਟਰੇਲੀਆ ਵਿਚਾਲੇ ਆਪਸੀ ਰਿਸ਼ਤੇ ਹੋਰ ਮਜ਼ਬੂਤ ਕਰਨ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਆਸਟਰੇਲੀਆ, ਪੰਜਾਬ ਕੋਲੋਂ ਖੇਤੀਬਾੜੀ, ਡੇਅਰੀ ਕਾਰੋਬਾਰ, ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ, ਜਾਨਵਰਾਂ ਦੀ ਆਬਾਦੀ ਵਧਾਉਣ ਅਤੇ ਪਾਣੀ ਪ੍ਰਬੰਧ ਮਾਮਲੇ ਵਿਚ ਸਹਿਯੋਗ ਚਾਹੁੰਦਾ ਹੈ। ਇਸ ਸਬੰਧੀ ਉਹ ਆਪਣੇ ਇਸ ਦੌਰੇ ਦੌਰਾਨ ਲੁਧਿਆਣਾ ਵਿਚ ਖੇਤੀਬਾੜੀ ਯੂਨੀਵਰਸਿਟੀ ਅਤੇ ਇਸ ਕਿੱਤੇ ਨਾਲ ਜੁੜੇ ਮਾਹਿਰਾਂ ਨਾਲ ਮੁਲਾਕਾਤ ਕਰਨਗੇ।
ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਸਬੰਧੀ ਉਨ੍ਹਾਂ ਆਖਿਆ ਕਿ ਆਸਟਰੇਲੀਆ ਵਿਚ ਅਜਿਹੇ ਮਾਮਲਿਆਂ ਉਤੇ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਨਸਲੀ ਹਮਲੇ ਮੁੜ ਨਹੀਂ ਹੋਏ। ਉਹ ਕਿਹਾ ਕਿ ਉਥੋਂ ਦੀ ਸਰਕਾਰ ਅਜਿਹੇ ਮਾਮਲਿਆਂ ਪ੍ਰਤੀ ਵਧੇਰੇ ਸਖਤ ਅਤੇ ਚੌਕਸ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਆਖਿਆ ਕਿ ਇਥੇ ਆ ਕੇ ਮਨ ਨੂੰ ਸਕੂਨ ਮਿਲਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ।
_________________________________
ਸ਼੍ਰੋਮਣੀ ਕਮੇਟੀ ਦੀ ‘ਇਕ ਪਿੰਡ ਇਕ ਗੁਰਦੁਆਰਾ’ ਮੁਹਿੰਮ
ਸੰਗਰੂਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਤਕਰੀਬਨ ਹਰੇਕ ਪਿੰਡ ‘ਚ ਇਕ ਤੋਂ ਵੱਧ ਗੁਰਦੁਆਰੇ ਹਨ। ਚਾਹੀਦਾ ਇਹ ਹੈ ਕਿ ਇਕ ਪਿੰਡ ਵਿਚ ਇਕ ਗੁਰੂ ਘਰ ਹੋਵੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਧੜੇਬਾਜ਼ੀ ਅਤੇ ਚੌਧਰ ਦੀ ਭੁੱਖ ਕਾਰਨ ਇਕ-ਇਕ ਪਿੰਡ ‘ਚ ਕਈ-ਕਈ ਗੁਰੂ ਘਰ ਬਣ ਚੁੱਕੇ ਹਨ, ਇਸ ਲਈ ਕਮੇਟੀ ਵਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ‘ਇਕ ਪਿੰਡ ਇਕ ਗੁਰਦੁਆਰਾ’ ਲਈ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੁਹਿੰਮ ‘ਚ ਜੁੜਨ ਵਾਲੀਆਂ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਨਮਾਨਤ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਪਿੰਡ ਵਿਚ ਇਕ ਗੁਰੂ ਘਰ ਹੋਣ ਨਾਲ ਬਾਕੀ ਖਾਲੀ ਹੋਣ ਵਾਲੀਆਂ ਗੁਰੂ ਘਰਾਂ ਦੀਆਂ ਇਮਾਰਤਾਂ ‘ਚ ਸਕੂਲ, ਕੀਰਤਨ ਸਿਖਲਾਈ ਕੇਂਦਰ, ਗੁਰਮਤਿ ਸਿਖਲਾਈ ਕੇਂਦਰ ਅਤੇ ਲਾਇਬ੍ਰੇਰੀਆਂ ਵਗੈਰਾ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਜਾਤ-ਪਾਤ ਨਹੀਂ ਹੁੰਦੀ, ਇਸ ਲਈ ਜਾਤ ਅਧਾਰਤ ਗੁਰੂ ਘਰ ਵੱਖਰੇ ਬਣਾਉਣਾ ਮੰਦਭਾਗੀ ਗੱਲ ਹੈ।