ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਹੋਣ ਪਿੱਛੋਂ ਭਾਵੇਂ ਆਮ ਲੋਕਾਂ ਵਿਚ ਇਸ ਡੇਰੇ ਪ੍ਰਤੀ ਗੁੱਸੇ ਦੀ ਲਹਿਰ ਹੈ, ਪਰ ਪੰਜਾਬ ਤੇ ਹਰਿਆਣਾ ਦੀਆਂ ਸਿਆਸੀ ਧਿਰਾਂ ਬਾਬੇ ਦੇ ਚਰਨ ਛੱਡਣ ਲਈ ਤਿਆਰ ਨਹੀਂ। ਹਰਿਆਣਾ ਵਿਚ ਭਾਜਪਾ ਤੇ ਪੰਜਾਬ ਵਿਚ ਕਾਂਗਰਸ ਆਗੂ ਅਜੇ ਵੀ ਇਸ ਗੱਲ ‘ਤੇ ਡਟੇ ਹੋਏ ਹਨ ਕਿ ਉਹ ਬਾਬੇ ਦਾ ਅਸ਼ੀਰਵਾਦ ਲੈਂਦੇ ਰਹਿਣਗੇ। ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ
ਉਹ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਵੀ ਡੇਰੇ ਉਤੇ ਵੋਟ ਮੰਗਣ ਜਾਣਗੇ। ਉਹ ਕਿਸੇ ਵੀ ਡੇਰੇ ਨੂੰ ਬੰਦ ਕਰਨ ਦੇ ਹੱਕ ਵਿਚ ਨਹੀਂ। ਧਰਮਸੋਤ ਨੇ ਪੱਤਰਕਾਰਾਂ ਦੇ ਸਾਹਮਣੇ ਹੀ ਡੇਰੇ ਤੇ ਰਾਮ ਰਹੀਮ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਇਸ ਤੋਂ ਪਹਿਲਾਂ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਹਿੱਕ ਠੋਕ ਕੇ ਕਿਹਾ ਸੀ ਕਿ ਬਾਬੇ ਨੂੰ ਸਜ਼ਾ ਹੋਣ ਪਿੱਛੋਂ ਵੀ ਉਹ ਡੇਰੇ ਜਾਂਦਾ ਰਹੇਗਾ। ਡੇਰੇ ਨੂੰ 50 ਲੱਖ ਦੀ ਸਰਕਾਰੀ ਗ੍ਰਾਂਟ ਦੇਣ ਬਾਰੇ ਜਦੋਂ ਪੱਤਰਕਾਰ ਸਵਾਲ ਪੁੱਛ ਬੈਠੇ ਤਾਂ ਭੜਕੇ ਭਾਜਪਾ ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਬਾਬਾ ਰਾਮ ਰਹੀਮ ਬਲਾਤਕਾਰ ਦੇ ਮਾਮਲੇ ਵਿਚ ਅੰਦਰ ਗਿਆ ਹੈ, ਨਾ ਕਿ ਹਰਿਆਣਾ ਸਰਕਾਰ ਨੇ ਡੇਰੇ ਨੂੰ ਗੈਰਕਾਨੂੰਨੀ ਐਲਾਨਿਆ ਹੈ, ਇਸ ਲਈ ਡੇਰੇ ਵਿਚ ਜਾਣ ਦੀ ਮਨਾਹੀ ਨਹੀਂ। ਯਾਦ ਰਹੇ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਪਿੱਛੋਂ ਕਾਂਗਰਸ ਤੇ ਭਾਜਪਾ ਵਿਚ ਡੇਰਾ ਸਿਰਸਾ ਦੀ ਹਮਾਇਤ ਲੈਣ ਦੀ ਹੋੜ ਲੱਗੀ ਹੋਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਡੇਰਾ ਪ੍ਰੇਮੀਆਂ ਨੇ ਭਾਜਪਾ ਨੂੰ ਸੱਤਾ ਦਿਵਾਈ ਸੀ। ਹੁਣ ਪੰਚਕੂਲਾ ਵਿਚ ਡੇਰਾ ਪ੍ਰੇਮੀਆਂ ਖਿਲਾਫ ਵਰਤੀ ਸਖਤੀ ਕਾਰਨ ਜਿਥੇ ਭਾਜਪਾ ‘ਪਸ਼ਚਾਤਾਪ’ ਦੀ ਰਣਨੀਤੀ ਅਪਣਾ ਰਹੀ ਹੈ, ਉਥੇ ਕਾਂਗਰਸ ਵੀ ਨਾਰਾਜ਼ ਪ੍ਰੇਮੀਆਂ ਨੂੰ ਆਪਣੇ ਵੱਲ ਉਲਰਦੇ ਸਮਝ ਰਹੀ ਹੈ। ਯਾਦ ਰਹੇ ਕਿ ਹਰਿਆਣਾ ਤੇ ਪੰਜਾਬ ਵਿਚ ਡੇਰੇ ਦੇ ਲੱਖ ਸ਼ਰਧਾਲੂ ਹਨ। ਇਸ ਡੇਰੇ ਨੇ ਸਿਆਸੀ ਵਿੰਗ ਬਣਾਇਆ ਹੋਇਆ ਹੈ ਤੇ ਵੋਟਾਂ ਵੇਲੇ ਸਿਆਸੀ ਧਿਰਾਂ ਨਾਲ ਖੁੱਲ੍ਹ ਕੇ ਸੌਦੇਬਾਜ਼ੀ ਹੁੰਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਸੂਬੇ ਦੀਆਂ ਤਕਰੀਬਨ ਸਾਰੀਆਂ ਧਿਰਾਂ ਡੇਰੇ ਪੁੱਜੀਆਂ ਸਨ। ਇਥੋਂ ਤੱਕ ਕਿ ਉਨ੍ਹਾਂ ਨੇ ਅਕਾਲ ਤਖਤ ਵੱਲੋਂ ਡੇਰੇ ਦੇ ਬਾਈਕਾਟ ਬਾਰੇ ਜਾਰੀ ਹੁਕਮਨਾਮੇ ਦੀ ਵੀ ਪਰਵਾਹ ਨਹੀਂ ਕੀਤੀ ਤੇ ਬਾਅਦ ਵਿਚ ਧਾਰਮਿਕ ਸਜ਼ਾ ਭੁਗਤ ਕੇ ਭੁੱਲ ਬਖਸ਼ਾ ਲਈ।