ਉਹ ਗੁੰਮਨਾਮ ਚਿੱਠੀ ਜਿਸ ਨੇ ਡੇਰਾ ਮੁਖੀ ਦਾ ਚਿੱਠਾ ਖੋਲ੍ਹਿਆ

ਮੈਂ ਇਥੇ ਮਜਬੂਰ ਹਾਂ, ਕਿਉਂਕਿ ਮੈਨੂੰ ਮਹਾਰਾਜ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਆਗਿਆ ਨਹੀਂ। ਮਹਾਰਾਜ ਦੇ ਆਦੇਸ਼ਾਂ ਮੁਤਾਬਕ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਟੈਲੀਫੋਨ ‘ਤੇ ਗੱਲ ਨਹੀਂ ਕਰ ਸਕਦੀਆਂ। ਜੇ ਕੋਈ ਕੁੜੀ ਡੇਰੇ ਦੀ ਅਸਲੀਅਤ ਬਾਰੇ ਕਿਤੇ ਗੱਲ ਕਰੇ ਤਾਂ ਮਹਾਰਾਜ ਦੇ ਆਦੇਸ਼ਾਂ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪਿਛੇ ਜਿਹੇ ਬਠਿੰਡੇ ਦੀ ਇਕ ਕੁੜੀ ਨੇ ਮਹਾਰਾਜ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ।

ਵੱਲ
ਪ੍ਰਧਾਨ ਮੰਤਰੀ
ਸ੍ਰੀ ਅਟਲ ਬਿਹਾਰੀ ਵਾਜਪਾਈ
ਵਿਸ਼ਾ: ਸੱਚੇ ਸੌਦੇ ਵਾਲੇ ਮਹਾਰਾਜ ਵੱਲੋਂ ਸੈਂਕੜੇ ਕੁੜੀਆਂ ਨਾਲ ਕੀਤੇ ਬਲਾਤਕਾਰਾਂ ਦੀ ਜਾਂਚ ਸਬੰਧੀ।
ਸ੍ਰੀਮਾਨ ਜੀ,
ਮੈਂ ਪੰਜਾਬ ਦੀ ਰਹਿਣ ਵਾਲੀ ਹਾਂ। ਮੈਂ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਵਿਚ ਸਾਧਵੀ ਦੇ ਤੌਰ ‘ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ ਹਾਂ। ਮੈਥੋਂ ਬਿਨਾਂ ਇਸ ਡੇਰੇ ਵਿਚ ਹੋਰ ਵੀ ਸੈਂਕੜੇ ਕੁੜੀਆਂ ਹਨ, ਜਿਹੜੀਆਂ ਹਰ ਰੋਜ਼ 18 ਘੰਟੇ ਸੇਵਾ ਕਰਦੀਆਂ ਹਨ, ਪਰ ਸਾਡਾ ਇਥੇ ਸਰੀਰਕ ਸ਼ੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ ਗੁਰਮੀਤ ਸਿੰਘ ਕੁੜੀਆਂ ਨਾਲ ਬਲਾਤਕਾਰ ਕਰਦੇ ਹਨ। ਮੈਂ ਬੀæਏæ ਪਾਸ ਹਾਂ। ਮੇਰੇ ਪਰਿਵਾਰ ਦੀ ਮਹਾਰਾਜ ਵਿਚ ਅੰਨ੍ਹੀ ਸ਼ਰਧਾ ਹੈ। ਉਨ੍ਹਾਂ ਦੇ ਕਹਿਣ ‘ਤੇ ਹੀ ਮੈਂ ਸਾਧਵੀ ਬਣੀ। ਸਾਧਵੀ ਬਣਨ ਤੋਂ ਦੋ ਸਾਲ ਬਾਅਦ ਮਹਾਰਾਜ ਗੁਰਮੀਤ ਦੀ ਖਾਸ ਚੇਲੀ ਸਾਧਵੀ ਗੁਰਜੋਤ ਰਾਤੀਂ 10 ਵਜੇ ਮੇਰੇ ਕੋਲ ਆਈ ਅਤੇ ਕਿਹਾ ਕਿ ਮਹਾਰਾਜ ਨੇ ਮੈਨੂੰ ਆਪਣੀ ਗੁਫਾ ਵਿਚ ਬੁਲਾਇਆ ਹੈ। ਮੈਂ ਬੜੀ ਖੁਸ਼ ਹੋਈ ਕਿ ਮਹਾਰਾਜ ਨੇ ਖ਼ੁਦ ਮੈਨੂੰ ਬੁਲਾਇਆ ਹੈ। ਮੈਂ ਪਹਿਲੀ ਵਾਰ ਉਨ੍ਹਾਂ ਕੋਲ ਜਾ ਰਹੀ ਸੀ। ਮੈਂ ਜਦੋਂ ਪੌੜੀਆਂ ਉਤਰ ਕੇ ਥੱਲੇ ਗਈ ਅਤੇ ਮਹਾਰਾਜ ਦੀ ਗੁਫਾ ਵਿਚ ਦਾਖਲ ਹੋਈ ਤਾਂ ਦੇਖਿਆ ਕਿ ਮਹਾਰਾਜ ਬੈੱਡ ‘ਤੇ ਬੈਠੇ ਸਨ। ਉਨ੍ਹਾਂ ਦੇ ਹੱਥ ਵਿਚ ਟੀæਵੀæ ਦਾ ਰਿਮੋਟ ਫੜਿਆ ਹੋਇਆ ਸੀ ਤੇ ਉਹ ਅਸ਼ਲੀਲ ਫਿਲਮ ਦੇਖ ਰਹੇ ਸਨ। ਉਨ੍ਹਾਂ ਦੇ ਸਿਰਹਾਣੇ ਦੇ ਨਾਲ ਬੈੱਡ ‘ਤੇ ਰਿਵਾਲਵਰ ਪਿਆ ਸੀ। ਇਹ ਸਾਰਾ ਕੁਝ ਦੇਖ ਕੇ ਮੈਂ ਘਬਰਾ ਗਈ। ਮੈਂ ਮਹਾਰਾਜ ਦੇ ਅਜਿਹੇ ਕਿਰਦਾਰ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਮਹਾਰਾਜ ਨੇ ਟੀæਵੀæ ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮਹਾਰਾਜ ਨੇ ਮੈਨੂੰ ਪਾਣੀ ਪਿਲਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਇਸ ਕਰ ਕੇ ਬੁਲਾਇਆ ਹੈ ਕਿ ਉਹ ਮੈਨੂੰ ਆਪਣੇ ਕਰੀਬ ਸਮਝਦੇ ਹਨ। ਮੇਰਾ ਇਹ ਪਹਿਲਾ ਅਨੁਭਵ ਸੀ।
ਮਹਾਰਾਜ ਨੇ ਮੈਨੂੰ ਆਪਣੀ ਜਕੜ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਮੈਨੂੰ ਆਪਣੇ ਦਿਲ ਦੀ ਗਹਿਰਾਈ ‘ਚੋਂ ਪਿਆਰ ਕਰਦੇ ਹਨ। ਮਹਾਰਾਜ ਨੇ ਇਹ ਵੀ ਕਿਹਾ ਕਿ ਉਹ ਮੇਰੇ ਨਾਲ ਪਿਆਰ ਕਰਨਾ ਚਾਹੁੰਦੇ ਹਨ। ਮਹਾਰਾਜ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਚੇਲੀ ਬਣਨ ਵੇਲੇ ਆਪਣਾ ਤਨ ਮਨ ਧਨ ਉਨ੍ਹਾਂ ਨੂੰ ਸੌਂਪ ਚੁੱਕੀ ਹਾਂ ਅਤੇ ਉਨ੍ਹਾਂ ਨੇ ਮੇਰੀ ਭੇਟਾ ਸਵੀਕਾਰ ਕਰ ਲਈ ਹੈ। ਜਦੋਂ ਮੈਂ ਇਸ ‘ਤੇ ਇਤਰਾਜ਼ ਕੀਤਾ ਤਾਂ ਮਹਾਰਾਜ ਬੋਲੇ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਮੈਂ ਰੱਬ ਹਾਂ’। ਜਦੋਂ ਮੈਂ ਪੁੱਛਿਆ ਕਿ, ‘ਕੀ ਰੱਬ ਵੀ ਅਜਿਹੇ ਕੰਮ ਕਰਦਾ ਹੈ?’ ਤਾਂ ਮਹਾਰਾਜ ਬੋਲੇ:
1) ਸ੍ਰੀ ਕ੍ਰਿਸ਼ਨ ਵੀ ਭਗਵਾਨ ਸਨ ਤੇ ਉਨ੍ਹਾਂ ਕੋਲ 360 ਗੋਪੀਆਂ ਸਨ ਜਿਨ੍ਹਾਂ ਨਾਲ ਉਹ ਪ੍ਰੇਮ ਲੀਲ੍ਹਾ ਰਚਾਉਂਦੇ ਸਨ। ਤਾਂ ਵੀ ਲੋਕ ਉਨ੍ਹਾਂ ਨੂੰ ਰੱਬ ਮੰਨਦੇ ਸਨ। ਇਸ ਵਿਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ।
2) ਮੈਂ ਤੈਨੂੰ ਇਸ ਰਿਵਾਲਵਰ ਨਾਲ ਮਾਰ ਸਕਦਾ ਹਾਂ ਤੇ ਇਥੇ ਹੀ ਤੇਰੀ ਲਾਸ਼ ਦਬਾ ਸਕਦਾ ਹਾਂ। ਤੇਰੇ ਪਰਿਵਾਰ ਵਾਲੇ ਮੇਰੇ ਪੱਕੇ ਸ਼ਰਧਾਲੂ ਹਨ ਤੇ ਉਨ੍ਹਾਂ ਨੂੰ ਮੇਰੇ ‘ਤੇ ਅੰਨ੍ਹਾ ਵਿਸ਼ਵਾਸ ਹੈ। ਤੈਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਤੇਰੇ ਪਰਿਵਾਰ ਵਾਲੇ ਮੇਰੇ ਵਿਰੁਧ ਨਹੀਂ ਜਾ ਸਕਦੇ।
3) ਸਰਕਾਰਾਂ ‘ਤੇ ਵੀ ਮੇਰਾ ਚੰਗਾ ਅਸਰ ਹੈ। ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਕੇਂਦਰੀ ਮੰਤਰੀ ਮੈਨੂੰ ਮੱਥਾ ਟੇਕਣ ਆਉਂਦੇ ਹਨ। ਸਿਆਸਤਦਾਨ ਲੋਕ ਸਾਥੋਂ ਮਦਦ ਲੈਂਦੇ ਹਨ। ਉਹ ਸਾਥੋਂ ਪੈਸਾ ਵੀ ਲੈਂਦੇ ਹਨ। ਉਹ ਮੇਰੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ। ਅਸੀਂ ਤੇਰੇ ਪਰਿਵਾਰ ਵਾਲਿਆਂ ਨੂੰ ਨੌਕਰੀਆਂ ਤੋਂ ਕਢਵਾ ਦਿਆਂਗੇ ਅਤੇ ਆਪਣੇ ਸੇਵਾਦਾਰਾਂ ਤੋਂ ਮੈਂ ਉਨ੍ਹਾਂ ਨੂੰ ਕਿਤੇ ਮਰਵਾ-ਖਪਾ ਦਿਆਂਗਾ। ਅਸੀਂ ਉਨ੍ਹਾਂ ਦੇ ਕਤਲ ਦਾ ਕੋਈ ਸਬੂਤ ਵੀ ਨਹੀਂ ਛੱਡਾਂਗੇ। ਤੈਨੂੰ ਇਹ ਪਤਾ ਹੈ ਕਿ ਪਹਿਲਾਂ ਵੀ ਅਸੀਂ ਡੇਰੇ ਦੇ ਮੈਨੇਜਰ ਫਕੀਰ ਚੰਦ ਨੂੰ ਗੁੰਡਿਆਂ ਕੋਲੋਂ ਮਰਵਾ ਚੁੱਕੇ ਹਾਂ। ਅੱਜ ਤੱਕ ਉਸ ਦੇ ਕਤਲ ਦੀ ਉਘ-ਸੁਘ ਨਹੀਂ ਨਿਕਲੀ। ਡੇਰੇ ਨੂੰ ਹਰ ਰੋਜ਼ ਇਕ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਇਸ ਨਾਲ ਅਸੀਂ ਲੀਡਰਾਂ, ਪੁਲਿਸ ਅਤੇ ਜੱਜਾਂ ਨੂੰ ਖਰੀਦ ਸਕਦੇ ਹਾਂ।
ਇਸ ਤੋਂ ਬਾਅਦ ਮਹਾਰਾਜ ਨੇ ਮੇਰੇ ਨਾਲ ਖੇਹ ਖਾਧੀ। ਮਹਾਰਾਜ ਪਿਛਲੇ ਤਿੰਨ ਸਾਲ ਤੋਂ ਮੇਰੇ ਨਾਲ ਇਹ ਕੁਝ ਕਰਦੇ ਆ ਰਹੇ ਹਨ। ਹਰ 25-30 ਦਿਨਾਂ ਬਾਅਦ ਮੇਰੀ ਵਾਰੀ ਆਉਂਦੀ ਹੈ। ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਮਹਾਰਾਜ ਨੇ ਮੈਥੋਂ ਪਹਿਲਾਂ ਵੀ ਡੇਰੇ ਵਿਚ ਮੌਜੂਦ ਜਿਹੜੀਆਂ ਕੁੜੀਆਂ ਨੂੰ ਬੁਲਾਇਆ, ਉਨ੍ਹਾਂ ਨਾਲ ਵੀ ਇਹੀ ਕੁਝ ਕੀਤਾ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਕੁੜੀਆਂ ਦੀ ਉਮਰ 35-40 ਸਾਲ ਹੈ ਅਤੇ ਉਹ ਵਿਆਹ ਦੀ ਉਮਰ ਵੀ ਲੰਘਾ ਚੁੱਕੀਆਂ ਹਨ। ਉਨ੍ਹਾਂ ਕੋਲ ਇਸ ਹਾਲਤ ਵਿਚ ਰਹਿਣ ਤੋਂ ਸਿਵਾ ਹੋਰ ਕੋਈ ਰਾਹ ਵੀ ਨਹੀਂ ਬਚਿਆ। ਜ਼ਿਆਦਾਤਰ ਕੁੜੀਆਂ ਪੜ੍ਹੀਆਂ ਲਿਖੀਆਂ ਹਨ ਅਤੇ ਉਨ੍ਹਾਂ ਕੋਲ ਬੀæਏæ, ਐਮæਏæ, ਬੀæਐਡæ ਆਦਿ ਡਿਗਰੀਆਂ ਹਨ, ਪਰ ਉਹ ਡੇਰੇ ਵਿਚ ਨਰਕ ਭੋਗ ਰਹੀਆਂ ਹਨ। ਸਿਰਫ ਇਸ ਕਰ ਕੇ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮਹਾਰਾਜ ਵਿਚ ਅੰਨ੍ਹੀ ਸ਼ਰਧਾ ਹੈ। ਅਸੀਂ ਚਿੱਟੇ ਕੱਪੜੇ ਪਹਿਨਦੀਆਂ, ਸਿਰ ‘ਤੇ ਪਟਕਾ ਬੰਨ੍ਹਦੀਆਂ, ਮਰਦਾਂ ਵੱਲ ਨਹੀਂ ਦੇਖ ਸਕਦੀਆਂ ਅਤੇ ਮਹਾਰਾਜ ਦੇ ਆਦੇਸ਼ ਮੁਤਾਬਕ, ਬੰਦਿਆਂ ਨਾਲ 5-10 ਫੁੱਟ ਦੀ ਦੂਰੀ ‘ਤੇ ਖਲੋ ਕੇ ਗੱਲ ਕਰਦੀਆਂ ਹਾਂ। ਅਸੀਂ ਦੇਖਣ ਵਾਲਿਆਂ ਨੂੰ ਦੇਵੀਆਂ ਲਗਦੀਆਂ ਹਾਂ, ਪਰ ਅਸੀਂ ਵੇਸਵਾਵਾਂ ਦੀ ਜੂਨ ਭੋਗ ਰਹੀਆਂ ਹਾਂ। ਕਈ ਵਾਰ ਮੈਂ ਆਪਣੇ ਘਰ ਵਾਲਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਡੇਰੇ ਵਿਚ ਸਭ ਕੁਝ ਅੱਛਾ ਨਹੀਂ, ਪਰ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਡਾਂਟ ਦਿੱਤਾ ਤੇ ਕਿਹਾ ਕਿ ਡੇਰੇ ਤੋਂ ਅੱਛੀ ਥਾਂ ਹੋਰ ਕੋਈ ਨਹੀਂ, ਕਿਉਂਕਿ ਇਥੇ ਅਸੀਂ ਭਗਵਾਨ (ਮਹਾਰਾਜ) ਦੀ ਸੰਗਤ ਵਿਚ ਹਾਂ। ਉਨ੍ਹਾਂ ਕਿਹਾ ਕਿ ਮੈਂ ਡੇਰੇ ਬਾਰੇ ਆਪਣੇ ਮਨ ਵਿਚ ਮੰਦੀ ਸੋਚ ਪੈਦਾ ਕਰ ਲਈ ਹੈ। ਉਨ੍ਹਾਂ ਨੇ ਮੈਨੂੰ ਸਤਿਗੁਰੂ ਦਾ ਜਾਪ ਕਰਨ ਲਈ ਕਿਹਾ।
ਮੈਂ ਇਥੇ ਮਜਬੂਰ ਹਾਂ, ਕਿਉਂਕਿ ਮੈਨੂੰ ਮਹਾਰਾਜ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਕਿਸੇ ਕੁੜੀ ਨੂੰ ਦੂਜੀ ਕੁੜੀ ਨਾਲ ਗੱਲ ਕਰਨ ਦੀ ਆਗਿਆ ਨਹੀਂ। ਮਹਾਰਾਜ ਦੇ ਆਦੇਸ਼ਾਂ ਮੁਤਾਬਕ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਟੈਲੀਫੋਨ ‘ਤੇ ਗੱਲ ਨਹੀਂ ਕਰ ਸਕਦੀਆਂ। ਜੇ ਕੋਈ ਕੁੜੀ ਡੇਰੇ ਦੀ ਅਸਲੀਅਤ ਬਾਰੇ ਕਿਤੇ ਗੱਲ ਕਰੇ ਤਾਂ ਮਹਾਰਾਜ ਦੇ ਆਦੇਸ਼ਾਂ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪਿਛੇ ਜਿਹੇ ਬਠਿੰਡੇ ਦੀ ਇਕ ਕੁੜੀ ਨੇ ਮਹਾਰਾਜ ਦੀਆਂ ਕਰਤੂਤਾਂ ਬਾਰੇ ਦੱਸ ਦਿੱਤਾ। ਇਸ ਤੋਂ ਬਾਅਦ ਸਾਰੀਆਂ ਚੇਲੀਆਂ ਨੇ ਉਸ ਨੂੰ ਕੁਟਾਪਾ ਚਾੜ੍ਹਿਆ। ਰੀੜ੍ਹ ਦੀ ਹੱਡੀ ਵਿਚ ਫਰੈਕਚਰ ਕਾਰਨ ਉਹ ਹਾਲੇ ਵੀ ਬੈੱਡ ‘ਤੇ ਪਈ ਹੋਈ ਹੈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਡੇਰੇ ਦੀ ਸੇਵਾਦਾਰੀ ਛੱਡ ਦਿੱਤੀ ਅਤੇ ਆਪਣੇ ਘਰ ਚਲੇ ਗਏ। ਉਹ ਮਹਾਰਾਜ ਦੇ ਡਰ ਅਤੇ ਆਪਣੀ ਬਦਨਾਮੀ ਕਾਰਨ ਕਿਸੇ ਨੂੰ ਕੁਝ ਨਹੀਂ ਦੱਸ ਰਿਹਾ।
ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਇਕ ਕੁੜੀ ਵੀ ਡੇਰਾ ਛੱਡ ਕੇ ਆਪਣੇ ਘਰ ਚਲੀ ਗਈ। ਜਦੋਂ ਉਸ ਨੇ ਸਾਰੀ ਕਹਾਣੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਸ ਦੇ ਭਰਾ ਨੇ ਡੇਰਾ ਛੱਡ ਦਿੱਤਾ, ਉਹ ਡੇਰੇ ਵਿਚ ਸੇਵਾਦਾਰ ਵਜੋਂ ਕੰਮ ਕਰਦਾ ਸੀ। ਜਦੋਂ ਸੰਗਰੂਰ ਦੀ ਇਕ ਕੁੜੀ ਡੇਰਾ ਛੱਡ ਕੇ ਆਪਣੇ ਘਰ ਗਈ ਤਾਂ ਉਸ ਡੇਰੇ ਦੇ ਹਥਿਆਰਬੰਦ ਸੇਵਾਦਾਰ/ਗੁੰਡੇ ਕੁੜੀ ਦੇ ਘਰ ਪਹੁੰਚ ਗਏ। ਦਰਵਾਜ਼ਾ ਅੰਦਰ ਬੰਦ ਕਰਨ ਤੋਂ ਬਾਅਦ ਉਨ੍ਹਾਂ ਕੁੜੀ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਕੋਈ ਗੱਲ ਨਹੀਂ ਨਿਕਲਣੀ ਚਾਹੀਦੀ। ਇਸੇ ਤਰ੍ਹਾਂ ਮਾਨਸਾ, ਫ਼ਿਰੋਜ਼ਪੁਰ, ਪਟਿਆਲਾ ਅਤੇ ਲੁਧਿਆਣੇ ਜ਼ਿਲ੍ਹਿਆਂ ਦੀਆਂ ਹੋਰ ਵੀ ਕੁੜੀਆਂ ਹਨ ਜਿਹੜੀਆਂ ਡੇਰੇ ਬਾਰੇ ਕੁਝ ਵੀ ਦੱਸਣ ਤੋਂ ਡਰ ਰਹੀਆਂ ਹਨ। ਉਹ ਭਾਵੇਂ ਡੇਰਾ ਛੱਡ ਚੁੱਕੀਆਂ ਹਨ, ਪਰ ਉਹ ਆਪਣੀ ਜਾਨ ਨੂੰ ਖ਼ਤਰੇ ਦੇ ਡਰੋਂ ਕੁਝ ਵੀ ਨਹੀਂ ਦੱਸ ਰਹੀਆਂ। ਇਸੇ ਤਰ੍ਹਾਂ ਸਿਰਸਾ, ਹਿਸਾਰ, ਫ਼ਤਿਆਬਾਦ, ਹਨੂਮਾਨਗੜ੍ਹ ਅਤੇ ਮੇਰਠ ਜ਼ਿਲ੍ਹਿਆਂ ਦੀਆਂ ਕੁੜੀਆਂ ਡੇਰੇ ਦੇ ਗੁੰਡਿਆਂ ਕਾਰਨ ਆਪਣੇ ਨਾਲ ਹੋਈਆਂ ਕਹਾਣੀਆਂ ਬਾਹਰ ਨਹੀਂ ਕੱਢ ਰਹੀਆਂ।
ਜੇ ਮੈਂ ਆਪਣਾ ਨਾਂ ਦੱਸ ਦੇਵਾਂ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਮੈਂ ਆਮ ਲੋਕਾਂ ਨੂੰ ਇਹ ਸਚਾਈ ਦੱਸਣਾ ਚਾਹੁੰਦੀ ਹਾਂ, ਕਿਉਂਕਿ ਮੈਂ ਅਜਿਹੀ ਪਰੇਸ਼ਾਨੀ ਬਰਦਾਸ਼ਤ ਨਹੀਂ ਕਰ ਸਕਦੀ, ਪਰ ਮੈਨੂੰ ਆਪਣੀ ਜਾਨ ਦਾ ਖ਼ਤਰਾ ਹੈ। ਜੇ ਪ੍ਰੈੱਸ ਜਾਂ ਕਿਸੇ ਹੋਰ ਏਜੰਸੀ ਜ਼ਰੀਏ ਜਾਂਚ ਕਰਵਾਈ ਜਾਵੇ ਤਾਂ ਡੇਰੇ ਵਿਚ ਰਹਿ ਰਹੀਆਂ 40-50 ਕੁੜੀਆਂ ਸਚਾਈ ਬਿਆਨ ਕਰਨ ਲਈ ਸਾਹਮਣੇ ਆ ਜਾਣਗੀਆਂ। ਸਾਡੀ ਮੈਡੀਕਲ ਜਾਂਚ ਵੀ ਹੋ ਸਕਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਅਸੀਂ ਕੁਆਰੀਆਂ ਚੇਲੀਆਂ ਹਾਂ, ਜਾਂ ਨਹੀਂ। ਜੇ ਅਸੀਂ ਕੁਆਰੀਆਂ ਨਹੀਂ ਤਾਂ ਇਸ ਦੀ ਪੜਤਾਲ ਕੀਤੀ ਜਾਵੇ ਕਿ ਕਿਸ ਨੇ ਸਾਡਾ ਕੁਆਰਾਪਨ ਭੰਗ ਕੀਤਾ। ਇਹ ਗੱਲ ਸਾਹਮਣੇ ਆਏਗੀ ਕਿ ਮਹਾਰਾਜ ਗੁਰਮੀਤ ਰਾਮ ਰਹੀਮ ਸਿੰਘ ਡੇਰਾ ਸੱਚਾ ਸੌਦਾ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। -ਇਕ ਦੁਖੀ ਅਬਲਾ