ਇਤਿਹਾਸਕ ਨਾਵਲ ‘ਸੂਰਜ ਦੀ ਅੱਖ’

ਹਾਲ ਹੀ ਵਿਚ ਛਪਿਆ ਬਲਦੇਵ ਸਿੰਘ ḔਸੜਕਨਾਮਾḔ ਦਾ ਨਾਵਲ Ḕਸੂਰਜ ਦੀ ਅੱਖḔ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਇਸ ਨਾਵਲ ਦੀ ਆਲੋਚਨਾ ਵੀ ਬਥੇਰੀ ਹੋਈ ਹੈ ਪਰ ਪਾਠਕ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੇ ਅਤੇ ਜਿਨ੍ਹਾਂ ਨੇ ਨਹੀਂ ਵੀ ਸੀ ਪੜ੍ਹਨਾ, ਉਨ੍ਹਾਂ ਨੇ ਵੀ ਇਹ ਨਾਵਲ ਪੜ੍ਹਿਆ ਹੈ। ਇਸ ਲੇਖ ਵਿਚ ਪ੍ਰੋæ ਹਰਪਾਲ ਸਿੰਘ ਨੇ ਨਾਵਲ ਦੀਆਂ ਕਮੀਆਂ-ਬੇਸ਼ੀਆਂ ਦਾ ਲੇਖਾ-ਜੋਖਾ ਕੀਤਾ ਹੈ।

-ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454

ਇਤਿਹਾਸਕ ਨਾਵਲ ਲਿਖਣ ਦੀ ਪਰੰਪਰਾ ਪੰਜਾਬੀ ਵਿਚ ਪੱਛਮ ਵੱਲੋਂ ਆਈ। ਆਧੁਨਿਕਤਾ ਵਿਚ ਕਦਮ ਰੱਖਦਿਆਂ ਹੀ ਪੰਜਾਬੀ ਸਾਹਿਤਕਾਰਾਂ ਨੇ ਇਸ ਵਿਧਾ ਉਪਰ ਹੱਥ ਅਜਮਾਇਆ। ਭਾਈ ਵੀਰ ਸਿੰਘ ਦੇ ਸੁੰਦਰੀ, ਬਿਜੇ ਸਿੰਘ, ਨੌਧ ਸਿੰਘ; ਸੋਹਣ ਸਿੰਘ ਸੀਤਲ ਦੇ ਸਿੱਖ ਰਾਜ ਕਿਵੇਂ ਬਣਿਆਂ, ਸਿੱਖ ਰਾਜ ਕਿਵੇਂ ਗਿਆ ਅਤੇ ਦੁਖੀਏ ਮਾਂ-ਪੁੱਤ ਵੱਡੀ ਗਿਣਤੀ ਵਿਚ ਛਪੇ ਤੇ ਪੜ੍ਹੇ ਗਏ। ਸੰਤ ਸਿੰਘ ਸੇਖੋਂ ਨੇ ਆਪਣੇ ਵਿਰਸੇ ਦੇ ਰੂਬਰ ਹੁੰਦਿਆਂ Ḕਮੋਇਆਂ ਸਾਰ ਨ ਕਾਈḔ ਨਾਟਕ ਰਚਿਆ ਜਿਸ ਦੇ ਸੰਵਾਦ ਦਿਲ ਛੁੰਹਦੇ ਹਨ। ਕਰਨਲ ਨਰਿੰਦਰ ਪਾਲ ਸਿੰਘ ਨੇ ਅਜਿਹੇ ਨਾਵਲਾਂ ਦੀ ਲੜੀ ਸਿਰਜ ਦਿੱਤੀ ਜਿਸ ਨੂੰ ਮਨਮੋਹਨ ਬਾਵਾ ਨਾਪਸੰਦ ਕਰਦਿਆਂ ਲਿਖਦਾ ਹੈ- ਨਰਿੰਦਪਾਲ ਤੋਂ ਮੈ ਸਿਖਿਆ ਕਿ ਇਤਿਹਾਸਕ ਨਾਵਲ ਉਸ ਵਰਗਾ ਬਿਲਕੁਲ ਨਹੀਂ ਲਿਖਣਾ ਚਾਹੀਦਾ।
ਬਾਵਾ ਦਾ ਜ਼ਿਕਰ ਆ ਹੀ ਗਿਆ ਤਾਂ ਇਕ ਟਿੱਪਣੀ ਦੇਣੀ ਜਰੂਰੀ ਸਮਝਦਾ ਹਾਂ। ਉਸ ਦੀਆਂ ਉਹ ਕਿਰਤਾਂ ਜਿਹੜੀਆਂ ਪੂਰਬ ਇਤਿਹਾਸ ਸੁਰਜੀਤ ਕਰਦੀਆਂ ਹਨ, ਲਾਜਵਾਬ ਹਨ ਜਿਵੇਂ ਅਜਾਤ ਸੁੰਦਰੀ ਵਿਚਲੀਆਂ ਸਾਰੀਆਂ ਕਹਾਣੀਆਂ। ਜਦੋਂ ਉਹ ਰਣਜੀਤ ਸਿੰਘ ਕਾਲ ਸਿਰਜਦਾ ਹੈ, ਸਫਲ ਨਹੀਂ ਹੁੰਦਾ। ਇਸ ਦਾ ਕਾਰਨ ਪਰਾਪੂਰਬਲੀਆਂ ਕਥਾਵਾਂ ਵਿਚ ਮਿੱਥਿਕ ਮੌਜੂਦ ਹਨ, ਉਥੇ ਕਲਪਨਾ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ ਤੇ ਬਾਵਾ ਕਲਪਨਾ ਦੇ ਦੇਸ਼ ਦਾ ਮਾਹਿਰ ਯਾਤਰੀ ਹੈ। ਸਿੱਖ ਰਾਜ ਅਜੇ ਦੋ ਸਦੀਆਂ ਪਹਿਲਾਂ ਦੀ ਗੱਲ ਹੈ, ਉਥੇ ਕਲਪਨਾ/ਮਿੱਥ ਘੜੀ ਨਹੀਂ ਜਾ ਸਕਦੀ, ਕੋਈ ਘੜਦਾ ਹੈ ਤਾਂ ਓਪਰੀ ਲਗਦੀ ਹੈ। ਬਾਵਾ ਅਤੇ ਬਲਦੇਵ ਸਿੰਘ ਦੇ ਸਿੱਖ ਪਾਤਰਾਂ ਦੀਆਂ ਗੱਲਾਂ ਬਣਾਉਟੀ ਲਗਦੀਆਂ ਹਨ, ਬੇਜਾਨ ਹਨ, ਬੇਰਸ ਹਨ।
ਇਤਿਹਾਸ ਹਾਜਰ ਹੋਵੇ ਤਾਂ ਇਤਿਹਾਸਕ ਨਾਵਲ ਦੀ ਲੋੜ ਕਿਉਂ ਪਈ? ਵੱਡੇ ਚਿੰਤਕਾਂ-ਗਲਪਕਾਰਾਂ ਨੂੰ ਲੱਗਿਆ, ਇਤਿਹਾਸ ਪੂਰੀ ਗੱਲ ਨਹੀਂ ਸੁਣਾ ਰਿਹਾ, ਕੁਝ ਖੱਪੇ ਪੂਰਨ ਵਾਲੇ ਹਨ, ਜਿਸ ਨਾਇਕ ਨੂੰ ਆਦਰਸ਼ ਮਿਥ ਕੇ ਪੜ੍ਹਦੇ ਆਏ, ਉਹ ਤਾਂ ਖਲਨਾਇਕ ਸੀ; ਜਿਨ੍ਹਾਂ ਨੂੰ ਦੁਰਕਾਰਦੇ ਰਹੇ, ਉਹ ਸਹੀ ਸਨ। ਕੈਕਈ ਅਤੇ ਰਾਵਣ ਨੂੰ ਪੁਰਾਤਨ ਰਾਮਾਇਣਾਂ ਵਿਚ ਬੁਰੇ, ਕਪਟੀ ਕਿਰਦਾਰ ਵਾਲੇ ਦਿਖਾਇਆ ਗਿਆ। ਆਧੁਨਿਕ ਸਾਹਿਤਕਾਰਾਂ ਨੇ ਕਿਹਾ, ਕੈਕਈ ਗਲਤ ਕਿਵੇ ਹੈ? ਉਸ ਨੇ ਆਦਰਸ਼ਕ ਮਾਂ ਦਾ ਰੋਲ ਨਿਭਾਇਆ। ਰਾਵਣ ਦੀ ਭੈਣ ਸਰੂਪਨਖਾ ਦਾ ਕੀ ਕਸੂਰ ਸੀ ਕਿ ਨੱਕ ਵੱਢ ਦਿਤਾ? ਰਾਵਣ ਨੇ ਸੀਤਾ ਨਾਲ ਕੋਈ ਬਦਸਲੂਕੀ ਨਹੀਂ ਕੀਤੀ, ਪੰਚਬਟੀ ਬਾਗ ਵਿਚ ਰੱਖੀ ਤੇ ਹਰਮ ਵਿਚ ਆਉਣ ਦੀ ਅਰਜ਼ ਕੀਤੀ, ਜਬਰਦਸਤੀ ਨਹੀਂ ਕੀਤੀ।
ਮਹਾਰਾਜਾ ਰਣਜੀਤ ਸਿੰਘ ਬਾਰੇ ਪੰਜਾਬੀ, ਅੰਗਰੇਜ਼ੀ ਅਤੇ ਫਾਰਸੀ ਵਿਚ ਦਰਜਨਾਂ ਕਿਤਾਬਾਂ ਮਿਲਦੀਆਂ ਹਨ, ਦਰਬਾਰ ਦੇ ਖੈਰਖਵਾਹ ਲੋਕਾਂ ਨੇ ਵੀ ਲਿਖੀਆਂ, ਆਲੋਚਕ ਅੰਗਰੇਜ਼ਾਂ ਅਤੇ ਮੁਸਲਮਾਨਾਂ ਨੇ ਵੀ। ਲਿਖਣ-ਪੜ੍ਹਨ ਦਾ ਸਿਲਸਿਲਾ ਹੁਣ ਵੀ ਜਾਰੀ ਹੈ ਤੇ ਜਾਰੀ ਰਹੇਗਾ। ਮਹਾਰਾਜੇ ਉਪਰ ਇਕ ਲੰਮਾ ਲੇਖ ਮੈਂ ਵੀ ਲਿਖਿਆ ਤੇ ਉਸ ਬਾਰੇ ਜਾਣਕਾਰੀ ਹਾਸਲ ਕਰਨ ਦਾ ਸ਼ੌਕ ਅਜੇ ਕਾਇਮ ਹੈ।
ਬਲਦੇਵ ਸਿੰਘ ਦਾ ਛੇ ਸੌ ਪੰਨਿਆਂ ਦਾ ਨਾਵਲ ਆਇਆ। ਏਨਾ ਕੁਝ ਪੜ੍ਹਨ ਦਾ ਵਕਤ ਨਹੀਂ ਹੁੰਦਾ ਪਰ ਇਸ ਨਾਵਲ ਦੇ ਆਗਮਨ ਨਾਲ ਵਿਵਾਦ ਛਿੜ ਗਿਆ। ਫਿਲਮ Ḕਦ ਬਲੈਕ ਪ੍ਰਿੰਸḔ ਬਾਰੇ ਵੀ ਚਰਚਾ ਹੁੰਦੀ ਰਹੀ, ਮੇਰੇ ਪਾਠਕ ਇਸ ਨਾਵਲ ਅਤੇ ਫਿਲਮ ਬਾਰੇ ਮੇਰਾ ਪ੍ਰਤੀਕਰਮ ਜਾਣਨ ਦੇ ਇਛੁਕ ਸਨ। ਫਲਸਰੂਪ ਫਿਲਮ ਵੀ ਦੇਖਣੀ ਪਈ, ਨਾਵਲ ਵੀ ਪੜ੍ਹਨਾ ਪਿਆ। ਇਹ ਦੋਵੇਂ ਕਲਾਕ੍ਰਿਤਾਂ ਮੈਨੂੰ ਹਲਕੀਆਂ ਲੱਗੀਆਂ। ਦੋਵਾਂ ਨੂੰ ਆਪੋ ਆਪਣੀ ਮੰਜ਼ਿਲ ਦਾ ਪਤਾ ਨਹੀ। ਜੋ ਦਿਖਾਉਣਾ ਬਣਦਾ ਸੀ, ਸੋ ਨਹੀਂ ਹੈ। ਜੋ ਦਿਖਾਇਆ ਜਾ ਰਿਹਾ ਹੈ, ਉਸ ਦੀ ਲੋੜ ਨਹੀਂ। ਫਿਲਮ ਉਪਰ ਮੈਂ ਲਿਖਤੀ ਟਿੱਪਣੀ ਕਰ ਚੁਕਾ ਹਾਂ। ਨਾਵਲ ਬਾਰੇ ਦੱਸਣਾ ਜਰੂਰੀ ਹੈ।
ਬਹੁਤ ਸਾਰੇ ਕਲਮਕਾਰ ਆਖਦੇ ਹਨ ਕਿ ਰਣਜੀਤ ਸਿੰਘ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਸਾਰੇ ਪੰਜਾਬੀਆਂ ਦਾ ਨਾਇਕ ਹੈ। ਮੈਂ ਇਸ ਕਥਨ ਨਾਲ ਸਹਿਮਤ ਨਹੀਂ। ਉਹ ਕੇਵਲ ਸਿੱਖਾਂ ਦਾ ਨਾਇਕ ਹੈ। ਹਿੰਦੂ ਅਤੇ ਮੁਸਲਮਾਨ ਉਸ ਉਪਰ ਮਾਣ ਨਹੀਂ ਕਰਦੇ ਕਿਉਂਕਿ ਉਨ੍ਹਾਂ ਪਾਸ ਰਣਜੀਤ ਸਿੰਘ ਤੋਂ ਵੱਡੇ ਨਾਇਕ ਸਿੰਘਾਸਨਾਂ ਉਪਰ ਸੁਸ਼ੋਭਿਤ ਹੁੰਦੇ ਰਹੇ ਹਨ। ਮੋਰੀਆ ਰਾਜੇ, ਗੁਪਤ ਬੰਸੀ ਰਾਜੇ, ਸਮਰਾਟ ਅਸੋæਕ, ਕਨਿਸ਼ਕ, ਹਿੰਦੂਆਂ ਤੇ ਬੋਧੀਆਂ ਦੇ ਪ੍ਰਤਾਪੀ ਰਾਜੇ ਹੋਏ ਅਤੇ ਬਾਬਰ, ਜਹਾਂਗੀਰ, ਅਕਬਰ, ਸ਼ਾਹ ਜਹਾਨ ਆਦਿਕ ਮੁਗਲ ਕਾਲੀ ਬਾਦਸ਼ਾਹ, ਮੁਸਲਮਾਨਾਂ ਦੇ ਨਾਇਕ ਹਨ।
ਮੁਸਲਮਾਨ ਔਰੰਗਜ਼ੇਬ ਨੂੰ ਪਸੰਦ ਕਰਦੇ ਹਨ, ਉਸ ਦੀ ਨਿੰਦਾ ਉਨ੍ਹਾਂ ਨੂੰ ਚੰਗੀ ਨਹੀਂ ਲਗਦੀ ਜਦੋਂ ਕਿ ਹਿੰਦੂਆਂ-ਸਿੱਖਾਂ ਲਈ ਉਹ ਖਲਨਾਇਕ ਹੈ। ਇਹ ਸਾਰੇ ਸਮਰਾਟ ਰਣਜੀਤ ਸਿੰਘ ਤੋਂ ਕਿਤੇ ਵੱਡੇ ਰਾਜਭਾਗ ਦੇ ਮਾਲਕ ਸਨ ਤੇ ਨੀਤੀਆਂ ਘੜਨ ਦੇ ਮਾਹਿਰ। ਸਿੱਖਾਂ ਕੋਲ ਲੈ ਦੇ ਕੇ ਦੋ ਨਾਮ ਬਚਦੇ ਹਨ, ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ। ਬਾਬਾ ਬੰਦਾ ਸਿੰਘ ਉਪਰ ਲਿਖਣ ਵਾਸਤੇ ਜਦੋਂ ਮੈਂ ਸਮੱਗਰੀ ਦੀ ਦੇਖ ਭਾਲ ਕਰ ਰਿਹਾ ਸਾਂ, ਮੈਨੂੰ ਉਹ ਬਾਦਸ਼ਾਹ ਬਹੁਤ ਘੱਟ ਅਤੇ ਫਕੀਰ ਬਹੁਤ ਵੱਡਾ ਲੱਗਾ। ਆਖਰ ਉਸ ਨੇ ਦਸਮ ਪਾਤਸ਼ਾਹ ਦੇ ਚਰਨਾਂ ਦੀ ਛੁਹ ਪ੍ਰਾਪਤ ਕੀਤੀ ਸੀ। ਰਣਜੀਤ ਸਿੰਘ ਬਿਲਕੁਲ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦੇ ਦੁਨੀਆਂਦਾਰ ਹੋਇਆ ਕਰਦੇ ਹਨ।
ਬਲਦੇਵ ਸਿੰਘ ਨੇ ਸ੍ਰੋਤ ਇਕੱਠੇ ਕੀਤੇ, ਪੜ੍ਹੇ, ਮੈਨੂੰ ਇਸ ਵਿਚ ਭੋਰਾ ਸ਼ੱਕ ਨਹੀਂ। ਉਸ ਨੂੰ ਪਤਾ ਨਹੀਂ ਲਗਦਾ, ਇਨ੍ਹਾਂ ਦਾ ਕਰਨਾ ਕੀ ਹੈ? ਪੀਣ ਖਾਣ ਵਾਸਤੇ ਰਸੋਈ ਰਸਦਾਂ ਨਾਲ ਭਰੀ ਪਈ ਹੈ ਪਰ ਮਾਲਕਣ ਨੂੰ ਜੇ ਪਕਾਉਣ ਦੀ ਜਾਚ ਨਹੀਂ, ਸਲੀਕੇ ਨਾਲ ਵਰਤਾਉਣ ਦੀ ਜਾਚ ਨਹੀਂ, ਫਿਰ ਕੀ ਲਾਭ? ਬਲਦੇਵ ਸਿੰਘ ਨੇ ਜੇ ਇਤਿਹਾਸ ਦੀ ਕਿਤਾਬ ਲਿਖਣੀ ਹੁੰਦੀ ਫਿਰ ਉਹ ਇਸ ਵਿਚ ਕਲਪਿਤ ਸੰਵਾਦ ਘੜ ਦੇ ਨਹੀਂ ਸੀ ਪਾ ਸਕਦਾ। ਲਿਖ ਉਹ ਨਾਵਲ ਰਿਹਾ ਹੈ ਫਿਰ ਫੁੱਟਨੋਟ ਕਿਉਂ ਦਿੰਦਾ ਜਾਂਦਾ ਹੈ? ਨਾਵਲਕਾਰੀ ਫੁੱਟਨੋਟਾਂ ਦੀ ਮੁਥਾਜ ਨਹੀਂ ਹੁੰਦੀ। ਨਾਵਲਕਾਰ ਨਿਰਣਾ ਨਹੀਂ ਕਰ ਸਕਿਆ ਕਿ ਹੀਰੋ ਨੂੰ ਚੰਗਾ ਦਿਖਾਉਣਾ ਹੈ ਕਿ ਮਾੜਾ।
ਮੇਰਾ ਰਣਜੀਤ ਸਿੰਘ ਉਤੇ ਲਿਖਿਆ ਲੇਖ ਪੜ੍ਹ ਕੇ ਇਕ ਮਿੱਤਰ ਨੇ ਫੋਨ ਕੀਤਾ, ਤੇਰੀ ਲਿਖਤ ਪੜ੍ਹ ਲਈ ਹੈ। ਇਹ ਦੱਸ, ਰਣਜੀਤ ਸਿੰਘ ਵਿਚ ਕੋਈ ਨੁਕਸ ਨਹੀਂ ਸੀ? ਮੈਂ ਕਿਹਾ, ਤੇਰੀ ਲਿਖਤ ਪੜ੍ਹੀ ਸੀ, ਇਹ ਦੱਸ ਰਣਜੀਤ ਸਿੰਘ ਵਿਚ ਗੁਣ ਨਹੀਂ ਸੀ? ਔਗੁਣ ਹੀ ਔਗੁਣ ਲਿਖੇ ਦੇਖੇ ਤਾਂ ਸਮਤੋਲ ਕਾਇਮ ਕਰਨ ਲਈ ਮੈਂ ਗੁਣ ਹੀ ਗੁਣ ਲਿਖ ਦਿੱਤੇ। ਜੇ ਤੂੰ ਕੋਈ ਗੁਣ ਲਿਖਦਾ, ਮੈਂ ਕੋਈ ਔਗੁਣ ਵੀ ਲਿਖ ਸਕਦਾ ਫਿਰ।
ਰਣਜੀਤ ਸਿੰਘ ਨੂੰ ਲਾਹੌਰ ਵਿਚ ਹੋਲੀ ਖੇਡਦਾ ਦਿਖਾਇਆ ਹੈ, ਸ਼ਰਾਬ ਪੀਤੀ ਹੋਈ ਹੈ, ਹਾਥੀ ਉਪਰ ਮੋਰਾਂ ਆਪਣੇ ਨਾਲ ਬਿਠਾ ਰੱਖੀ ਹੈ, ਰੰਗ ਪਾਉਂਦਿਆਂ ਪਾਉਦਿਆਂ ਸਰਦਾਰ ਇਕ ਦੂਜੇ ਨੂੰ ਪੱਥਰ ਮਾਰਨ ਲਗਦੇ ਹਨ, ਜੁੱਤੀਆਂ ਮਾਰਨ ਲਗਦੇ ਹਨ। ਸਰਕਾਰ ਖਾਲਸਾ ਦਾ ਅਦਬ, ਸਲੀਕਾ ਕਿੰਨਾ ਸ਼ਾਨਦਾਰ ਸੀ, ਇਹ ਤੱਥ ਤਾਂ ਵਿਦੇਸ਼ੀ ਵੀ ਲਿਖ ਗਏ ਹਨ। ਜਿਸ ਤਰ੍ਹਾਂ ਦੀ ਹੋਲੀ ਬਲਦੇਵ ਸਿੰਘ ਨੇ ਦਿਖਾਈ ਹੈ, ਯੂæਪੀæ, ਸੀæਪੀæ ਦੇ ਗਰੀਬ ਲੋਕ ਤਾਂ ਖੇਡਦੇ ਦੇਖੇ ਹਨ, ਇਕ ਦੂਜੇ ਉਪਰ ਗੋਹਾ, ਗਾਰਾ ਵੀ ਸੁੱਟ ਦਿੰਦੇ ਹਨ, ਪੰਜਾਬ ਵਿਚ ਤਾਂ ਹੁਣ ਵੀ ਆਮ ਲੋਕ ਇਸ ਤਰ੍ਹਾਂ ਦਾ ਵਰਤਾਰਾ ਹੋਲੀ ਦੇ ਦਿਨ ਨਹੀਂ ਕਰਦੇ।
ਆਪਣੇ ਵਜ਼ੀਰਾਂ, ਅਫਸਰਾਂ ਨਾਲ ਗਲਾਂ ਕਰਦਿਆਂ ਰਣਜੀਤ ਸਿੰਘ ਤੋਂ ਜਿਹੜੇ ਵਾਕ ਬੁਲਵਾਏ ਗਏ ਹਨ, ਉਹ ਨੀਵੀਂ ਪੱਧਰ ਦੇ ਹਨ। ਚੇਤੇ ਰਹੇ, ਰਣਜੀਤ ਸਿੰਘ ਹਲ ਵਾਹੁੰਦਾ ਵਾਹੁੰਦਾ ਅਚਾਨਕ ਇਕ ਦਿਨ ਮਹਾਰਾਜੇ ਦੀ ਗੱਦੀ ‘ਤੇ ਨਹੀਂ ਬੈਠ ਗਿਆ ਸੀ। ਮਹਾਰਾਜੇ ਦੇ ਬਾਬਾ ਚੜ੍ਹਤ ਸਿੰਘ ਦਾ ਬਾਬਾ, ਬੁੱਢਾ ਸਿੰਘ ਗੁਰੂ ਹਰਿਰਾਇ ਦਾ ਸਿੱਖ ਸਜਿਆ ਜਿਸ ਨੇ ਦਸਮ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਤੇ ਬਾਬਾ ਬੰਦਾ ਸਿੰਘ ਦੀ ਸੈਨਾ ਵਿਚ ਸੂਰਮਗਤੀ ਦੇ ਜੌਹਰ ਦਿਖਾਏ। ਮਿਸਲ ਸ਼ੁਕਰਚੱਕ ਦੀ ਸਥਾਪਨਾ ਬੁੱਢਾ ਸਿੰਘ ਨੇ ਕਰ ਦਿੱਤੀ ਸੀ। ਇਨ੍ਹਾਂ ਸਰਦਾਰਾਂ ਵਿਚ ਬੋਲ ਬਾਣੀ ਦਾ ਸਲੀਕਾ ਪੁਸ਼ਤਾਂ ਤੋ ਤੁਰਿਆ ਆਇਆ ਸੀ। ਵੈਸੇ ਵੀ ਮਝੈਲ, ਰਹਿਣ ਸਹਿਣ, ਬੋਲਣ ਚਲਣ ਵਿਚ ਬਾਕੀ ਦੇ ਪੰਜਾਬੀਆਂ ਤੋਂ ਅੱਗੇ ਸਨ ਤੇ ਹਨ।
ਜੋ ਕੁਝ ਸਾਡੇ ਸਾਹਮਣੇ ਪਏ ਸਰੋਤਾਂ ਵਿਚ ਮੌਜੂਦ ਹੈ, ਉਹ ਉਵੇਂ ਦਾ ਉਵੇਂ ਪਾਠਕਾਂ ਅੱਗੇ ਨਹੀਂ ਰੱਖਣਾ ਹੁੰਦਾ। ਛਾਣਨੀ ਨਹੀਂ ਤਾਂ ਰੋਟੀਆਂ ਵਿਚ ਕੋੜਕੂ, ਕੰਕਰ ਆਉਣਗੇ ਹੀ ਆਉਣਗੇ। ਸਾਲ 1975 ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਤਿੰਨ ਸੌ ਸਾਲਾ ਸ਼ਹੀਦੀ ਸ਼ਤਾਬਤੀ ਮਨਾਈ ਗਈ ਸੀ। ਵਿਦਵਾਨਾਂ ਨੇ ਖੋਜ ਪੱਤਰ ਲਿਖੇ, ਪੜ੍ਹੇ। ਡਾæ ਫੌਜਾ ਸਿੰਘ ਨੇ ਇਕ ਲੇਖ ਵਿਚ ਗੁਲਾਮ ਹੁਸੈਨ ਦਾ ਹਵਾਲਾ ਦੇ ਦਿਤਾ ਜਿਸ ਨੇ ਗੁਰੂ ਜੀ ਬਾਰੇ ਲਿਖਿਆ ਸੀ ਕਿ ਉਹ ਲੁੱਟ ਮਾਰ ਕਰਿਆ ਕਰਦੇ ਸਨ। ਮੂਲ ਫਾਰਸੀ ਵਾਕ ਦਾ ਅੰਗਰੇਜ਼ੀ ਉਲਥਾ ਸੀ, “(ਘੁਰੁ) ਠeਗਹ ਭਅਹਅਦੁਰ ੁਸeਦ ਟੋ ਚੋਮਮਟਿ ਪਲੁਨਦeਰ ਅਨਦ ਰਅਪਨਿe।” ਇਸ ਇਕ ਵਾਕ ਨੇ ਫੌਜਾ ਸਿੰਘ ਦੇ ਸਾਰੇ ਕੈਰੀਅਰ ਨੂੰ ਮਿੱਟੀ ਵਿਚ ਮਿਲਾ ਦਿੱਤਾ। ਥਾਂ ਥਾਂ ਲਿਖਤੀ ਤੇ ਜ਼ਬਾਨੀ ਮਾਫੀਆਂ ਮੰਗਦਾ ਫਿਰਿਆ। ਫੌਜਾ ਸਿੰਘ ਖਿਲਾਫ ਆਖਰੀ ਸਟੀਕ ਲੇਖ ਸ਼ ਕਪੂਰ ਸਿੰਘ ਨੇ ਲਿਖਿਆ, 1977 ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਪੜ੍ਹਿਆ ਜਿਸ ਦਾ ਸਿਰਲੇਖ ਸੀ, ੱਹੋ ਕਲਿਲeਦ ਘੁਰੁ ਠeਗ ਭਅਹਅਦਅਰ, ਗੁਲਾਮ ਹੁਸੈਨ ਦਾ ਹਵਾਲਾ ਫੌਜਾ ਸਿੰਘ ਨੇ ਮਨਘੜਤ ਨਹੀਂ ਸੀ ਦਿੱਤਾ, ਮੌਜੂਦ ਹੈ। ਫੌਜਾ ਸਿੰਘ ਨੇ ਉਸ ਦਾ ਵਾਕ ਲਿਖ ਦਿਤਾ, ਵਾਕ ਦੀ ਵਜ਼ਾਹਤ ਨਹੀਂ ਕੀਤੀ, ਸਮਝਿਆ ਗਿਆ ਕਿ ਫੌਜਾ ਸਿੰਘ, ਗੁਲਾਮ ਹੁਸੈਨ ਨਾਲ ਸਹਿਮਤ ਹੈ।
ਸਦਾ ਕੌਰ ਆਪਣੇ ਜਵਾਈ ਰਣਜੀਤ ਸਿੰਘ ਨੂੰ ਹਰ ਥਾਂ Ḕਕਾਕਾ ਜੀḔ ਕਹਿ ਕੇ ਗੱਲ ਕਰਦੀ ਹੈ। ਉਨ੍ਹਾਂ ਦਿਨਾਂ ਵਿਚ ਕੀ, ਪਿਛਲੀ ਵੀਹਵੀਂ ਸਦੀ ਤੱਕ ਜਵਾਈਆਂ ਨੂੰ ḔਸਾਊḔ ਕਿਹਾ ਜਾਂਦਾ ਸੀ ਕਾਕਾ ਜੀ ਨਹੀਂ। ਕਾਕਾ ਜੀ ਪਿਛਲੇ ਤੀਹ ਕੁ ਸਾਲਾਂ ਦੇ ਸਮੇਂ ਵਿਚ ਵਿਕਸਿਤ ਹੋਇਆ ਹੈ। ਪੰਜਾਬੀ ਦੇ ਇਕ ਉਘੇ ਨਾਵਲਕਾਰ ਨੇ ਤਾਂ ਲਿਖਤ ਵਿਚ ਗੁਰੂ ਜੀ ਦੇ ਸਾਹਿਬਜ਼ਾਦੇ ਨੂੰ ਵੀ ਕਾਕਾ ਜੀ ਲਿਖ ਦਿਤਾ ਸੀ।
ਵਡੇਰੀਆਂ ਔਰਤਾਂ ਨੂੰ ਸ਼ਰਾਬਣਾਂ, ਕਬਾਬਣਾਂ ਤੇ ਦੁਰਾਚਾਰਨੀਆਂ ਦਿਖਾ ਕੇ ਚਟਖਾਰੇ ਲਏ ਹਨ। ਲਿਖਿਆ ਹੈ, ਜਦੋਂ ਮਹਾਰਾਣੀ ਜਿੰਦਾਂ ਨਾਲ ਵਿਆਹ ਹੋਇਆ ਉਦੋਂ ਤਾਂ ਰਣਜੀਤ ਸਿੰਘ ਨਪੁੰਸਕ ਹੋ ਚੁੱਕਾ ਸੀ, ਗੱਲਾਂ ਹੋ ਰਹੀਆਂ ਹਨ ਕਿ ਦਲੀਪ ਸਿੰਘ ਮਹਾਰਾਜੇ ਦਾ ਨਹੀਂ ਮਾਸ਼ਕੀ ਦਾ ਬੀਜ ਹੈ, ਹਰਾਮੀ ਸ਼ਾਹਜ਼ਾਦਾ। ਇਸੇ ਤਰ੍ਹਾਂ ਰਾਣੀ ਮਹਿਤਾਬ ਕੌਰ ਦੇ ਦੋ ਜੌੜੇ ਬੇਟੇ ਜਨਮ ਲੈਂਦੇ ਹਨ ਤਾਂ ਰਣਜੀਤ ਸਿੰਘ ਨੂੰ ਪਤਾ ਸੀ ਕਿ ਇਕ ਲੜਕਾ ਧੋਬੀ ਦਾ ਹੈ, ਦੂਜਾ ਸਦਾ ਕੌਰ ਦੀ ਇਕ ਨੌਕਰਾਣੀ ਦਾ। ਨਮੋਸ਼ੀ ਤੋਂ ਬਚਣ ਲਈ ਰਣਜੀਤ ਸਿੰਘ ਨੇ ਖੁਸ਼ੀ ਮਨਾਉਣ ਦਾ ਹੁਕਮ ਦਿੱਤਾ। (ਪੰਨਾ 209)
ਹਕੀਮ ਮਹਾਰਾਜਾ ਨੂੰ ਦਵਾਈ ਦੇਣ ਆਇਆ ਤਾਂ ਆਪਣੇ ਜੁਆਨ ਬੇਟੇ ਅਜੀਜ਼ਉਦੀਨ ਨੂੰ ਵੀ ਨਾਲ ਲਿਆਇਆ। ਇਸ ਜੁਆਨ ਦੀ ਜ਼ਬਾਨ ਏਨੀ ਬਾਅਦਬ ਸੀ ਕਿ ਮਹਾਰਾਜੇ ਨੇ ਹਕੀਮ ਨੂੰ ਕਿਹਾ, ਇਹ ਬੇਟਾ ਸਾਡੇ ਮਹਿਲਾਂ ਵਿਚ ਰਹੇਗਾ। ਜਿਸ ਸ਼ਖਸ ਵਿਚ ਖੁਦ ਸਲੀਕਾ ਨਾ ਹੋਵੇ, ਉਸ ਨੂੰ ਸਲੀਕੇਦਾਰ ਲੋਕ ਚੰਗੇ ਨਹੀਂ ਲਗਿਆ ਕਰਦੇ। ਮਹਾਰਾਜਾ ਆਪਣੇ ਤੋਂ ਛੋਟਿਆਂ ਨੂੰ ਵੀ ਤੁਸੀਂ ਕਹਿ ਕੇ ਬੁਲਾਉਂਦਾ ਹੁੰਦਾ ਸੀ। ਇਸ ਨਾਵਲ ਵਿਚ ਉਹ ਆਪਣੇ ਵਜ਼ੀਰਾਂ ਨਾਲ ਇਕ ਵਚਨ ਵਿਚ ਤੂੰ ਤੂੰ ਕਹਿ ਕੇ ਗੱਲ ਕਰਦਾ ਹੈ।
ਸਰਕਾਰ ਖਾਲਸਾ ਦੀ ਮਾਇਕ ਹਾਲਤ ਏਨੀ ਮਾੜੀ ਹੋ ਗਈ ਕਿ ਮਹਾਰਾਜੇ ਨੇ ਸਾਰੇ ਮੁਲਾਜ਼ਮਾਂ ਨੂੰ ਦੋ ਦੋ ਮਹੀਨੇ ਦੀ ਤਨਖਾਹ ਜਮ੍ਹਾਂ ਕਰਵਾਉਣ ਲਈ ਕਿਹਾ। ਬਾਕੀ ਤਾਂ ਮੰਨ ਗਏ, ਜਰਨੈਲ ਐਲਾਰਡ ਅਤੇ ਵੈਨਤੂਰਾ ਅੜ ਗਏ, ਤਨਖਾਹ ਜਮ੍ਹਾਂ ਨਹੀਂ ਕਰਵਾਈ। ਮਹਾਰਾਜੇ ਨੇ ਤਲਬ ਕਰ ਲਏ। ਦਰਬਾਰ ਦੀ ਸਾਰੀ ਮਰਿਆਦਾ ਭੁਲਾ ਕੇ ਉਨ੍ਹਾਂ ਨੂੰ ਮਾਂਵਾਂ-ਭੈਣਾਂ ਦੀਆਂ ਗਾਲਾਂ ਕੱਢਣ ਲੱਗਾ। ਖੰਜਰ ਲੈ ਕੇ ਉਨ੍ਹਾਂ ਉਪਰ ਝਪਟਿਆ। (ਪੰਨਾ 409)
ਫਕੀਰ ਅਜੀਜ਼ਉਦੀਨ ਹੈਨਰੀ ਕੁਰਟ ਅਤੇ ਅਵੀਤਾਬੇਲ ਨੂੰ ਮਹਾਰਾਜੇ ਅਗੇ ਪੇਸ਼ ਕਰਦਿਆਂ ਆਖਦਾ ਹੈ, ਮਹਾਰਾਜ ਇਹ ਇਤਾਲਵੀ ਅਵੀਤਾਬੇਲ ਥੋੜਾ ਹਰਾਮੀ ਜਾਪਦਾ ਏ (ਪੰਨਾ 420)। ਇਹ ਦੋਵੇਂ ਸਰਕਾਰ ਖਾਲਸਾ ਦੇ ਜਰਨੈਲ ਹਨ। ਪੰਨਾ 430, 431 ਉਪਰ ਲੈਲੀ ਨੂੰ ਘੋੜਾ ਦਸਦਾ ਹੈ ਪਰ ਪੰਨਾ 594, 595 ਉਪਰ ਲੈਲੀ ਅਚਾਨਕ ਘੋੜੀ ਹੋ ਗਈ। ਘੋੜਿਆਂ ਦੇ ਵਪਾਰੀ ਜੋ ਮੁਲ ਮੰਗਦੇ ਹਨ, ਮਹਾਰਾਜੇ ਨੂੰ ਮਨਜੂਰ ਨਹੀਂ। ਹੁਕਮ ਦਿੰਦਾ ਹੈ, ਵਪਾਰੀਆਂ ਨੂੰ ਕੋੜੇ ਮਾਰੋ। ਕੋੜੇ ਖਾ ਕੇ ਵਪਾਰੀ ਜਿੰਨੇ ਪੈਸੇ ਮਿਲੇ, ਲੈ ਕੇ ਤੁਰਨ ਦੀ ਕਰਦੇ ਹਨ (ਪੰਨਾ 431)। ਨਪੁੰਸਕ ਰਾਜੇ ਦੀਆਂ ਰਾਣੀਆਂ ਪੁੱਤਰ ਜੰਮਦੀਆਂ ਰਹੀਆਂ, ਉਹ ਖੁਸ਼ੀਆਂ ਮਨਾਉਂਦਾ ਰਿਹਾ (444)।
ਦੂਤ ਖੁਸ਼ਖਬਰੀ ਸੁਣਾਉਦਾ ਹੈ, ḔḔਮਹਾਰਾਜ, ਕੁੰਵਰ ਖੜਕ ਸਿੰਘ ਨੇ ਮਿਠਨਕੋਟ ‘ਤੇ ਕਬਜਾ ਕਰ ਲਿਆ ਹੈ। ਹੁਣ ਉਸ ਨੇ ਸ਼ਿਕਾਰਪੁਰ ਉਪਰ ਕਬਜ਼ਾ ਕਰਨ ਦੀ ਆਗਿਆ ਮੰਗੀ ਹੈ।” ਦੂਤ ਨੇ ਕੁੰਵਰ ਵਾਸਤੇ ਉਸ ਨੇ ਸ਼ਬਦ ਵਰਤੇ ਹਨ, ਉਨ੍ਹਾਂ ਨੇ ਨਹੀਂ।
ਸਹੂਲਤ ਲਈ ਅਤੇ ਖੁਦ ਨੂੰ ਖਤਰਨਾਕ ਖਿਆਲਾਂ ਤੋਂ ਨਿਰਲੇਪ ਕਰਨ ਲਈ ਲੇਖਕ ਨੇ ਇਕ ਪਾਤਰ ਘੜ ਲਿਆ ਹੈ, ਪ੍ਰੋਫੈਸਰ ਕੌਤਕੀ। ਕੌਤਕੀ ਲਫਜ਼ ਆਪਣੇ ਆਪ ਵਿਚ ਹਲਕਾ ਹੈ, ਜਿਵੇਂ ਮਦਾਰੀ। ਕੌਤਕ ਕੋਈ ਨਹੀਂ ਦਿਖਾਉਂਦਾ, ਮਹਾਰਾਜੇ ਦਾ ਨਿਘਰਿਆ ਰੂਪ ਪੇਸ਼ ਕਰਦਾ ਹੈ। ਇਹ ਪਾਤਰ ਸੰਜੀਦਾ ਹੋਣ ਦੀ ਥਾਂ ਰਾਮਲੀਲਾ ਦਾ ਮਖੌਲੀਆ ਵਧੀਕ ਲਗਦਾ ਹੈ। ਜਿਸ ਤੋਂ ਵਧੀਕ ਗੰਭੀਰਤਾ ਦੀ ਉਮੀਦ ਸੀ, ਉਹੀ ਵਾਰ ਵਾਰ ਸੰਜੀਦਗੀ ਵਿਚ ਤ੍ਰੇੜਾਂ ਪਾਉਂਦਾ ਹੈ। ਇਸ ਨਾਵਲ ਨਾਲ ਨਾ ਇਤਿਹਾਸ ਵਿਚ ਕੋਈ ਵਾਧਾ ਹੋਇਆ, ਨਾ ਨਾਵਲਕਾਰੀ ਵਿਚ।
ਪਾਠਕਾਂ ਨੂੰ ਤੈਸ਼ ਵਿਚ ਆ ਕੇ ਲੇਖਕ ਵਾਸਤੇ ਅਪਸ਼ਬਦ ਨਹੀਂ ਬੋਲਣੇ ਚਾਹੀਦੇ। ਰਣਜੀਤ ਸਿੰਘ ਸਿੱਖਾਂ ਦਾ ਕੋਈ ਧਾਰਮਿਕ ਨੇਤਾ ਨਹੀਂ ਹੈ। ਸਖਤ ਦਿਲ ਸਖਤ ਜਾਨ ਹੈ, ਚਤਰ ਹੈ, ਸਵਾਰਥੀ ਹੈ, ਲੋਭੀ ਹੈ, ਰੋਮਾਂਟਿਕ ਹੈ-ਰਾਜੇ ਇਸੇ ਤਰ੍ਹਾਂ ਦੇ ਹੋਇਆ ਕਰਦੇ ਹਨ। ਦੇਖਣਾ ਇਹ ਹੈ ਕਿ ਹਜ਼ਾਰ ਔਗੁਣਾਂ ਦੇ ਹੁੰਦਿਆਂ ਉਸ ਨੇ ਅੱਧੀ ਸਦੀ ਤੱਕ 8% ਸਿੱਖਾਂ ਦਾ ਰਾਜ 92% ਪਰਜਾ ਉਪਰ ਕਰਵਾਇਆ ਜਿਸ ਦੇ ਜਿਉਂਦਿਆਂ ਕਿਸੇ ਨੇ ਗੱਦਾਰੀ ਨਹੀਂ ਕੀਤੀ। ਏਸ਼ੀਆ ਵਿਚ ਮੁਸਲਮਾਨਾਂ ਦੇ ਰਾਜ ਸਮੇਂ ਕੇਵਲ ਰਣਜੀਤ ਸਿੰਘ ਇਹ ਜੁਰਅਤ ਕਰ ਸਕਿਆ ਕਿ ਮੁਸਲਮਾਨ ਦੇਸਾਂ ਵਿਚਕਾਰ ਘਿਰਿਆ ਹੋਣ ਦੇ ਬਾਵਜੂਦ ਉਸ ਨੇ ਮੁਸਲਮਾਨ ਵਜ਼ੀਰ ਅਤੇ ਜਰਨੈਲ ਰੱਖੇ। ਕਿਸੇ ਮੁਸਲਮਾਨ ਵਜੀਰ ਜਾਂ ਜਰਨੈਲ ਨੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਜਿਸ਼ਾਂ ਵਿਚ ਹਿੱਸਾ ਨਹੀਂ ਲਿਆ, ਗੱਦਾਰੀ ਨਹੀਂ ਕੀਤੀ। ਮਾਖੇ ਖਾਨ ਅੰਗਰੇਜ਼ਾਂ ਉਪਰ ਤੋਪਾਂ ਦੇ ਗੋਲੇ ਦਾਗਦਾ ਰਿਹਾ। ਅੰਗਰੇਜ਼ਾਂ ਨੂੰ ਤੀਸਰੀ ਜਾਤ ਕਹਿੰਦਿਆਂ ਸ਼ਾਹ ਮੁਹੰਮਦ ਲਿਖਦਾ ਹੈ,
ਸੁਖੀ ਬਹੁਤ ਵੱਸਣ ਮੁਸਲਮਾਨ ਹਿੰਦੂ,
ਸਿਰ ਦੋਹਾਂ ਦੇ ਉਤੇ ਆਫਾਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੇ ਨਹੀਂ ਸੀ ਤੀਸਰੀ ਜਾਤ ਆਈ।