ਘੁੱਗੀ ਦੀ ਉਡਾਰੀ ਪਿੱਛੋਂ ਆਮ ਆਦਮੀ ਪਾਰਟੀ ਵਿਚ ਹਿਲਜੁਲ ਤੇਜ਼

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਹਿਲਜੁਲ ਜਾਰੀ ਹੈ। ਆਪ ਪੰਜਾਬ ਤੋਂ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਨਾਰਾਜ਼ ਹੋ ਕੇ ਪਾਰਟੀ ਤੋਂ ਅਸਤੀਫਾ ਦੇਣ ਦੇ ਐਲਾਨ ਨਾਲ ਇਸ ਨਵੀਂ ਉਭਰੀ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਗੁਰਪ੍ਰੀਤ ਘੁੱਗੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਸਬੰਧੀ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦੋਸ਼ ਵੀ ਲਾਇਆ ਹੈ ਕਿ ਭਗਵੰਤ ਮਾਨ ਨੂੰ ਪ੍ਰਧਾਨ ਨਿਯੁਕਤ ਕਰਨ ਲੱਗਿਆਂ ਉਨ੍ਹਾਂ ਨੂੰ ਪੁੱਛਣਾ ਤਾਂ ਕੀ ਸੀ ਸਗੋਂ ਦੱਸਿਆ ਵੀ ਨਹੀਂ ਗਿਆ।

ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਕਿਹਾ ਕਿ ਉਹ ਸ਼ਰਾਬ ਨਾ ਪੀਣ ਦੀ ਸ਼ਰਤ ਉਤੇ ਪ੍ਰਧਾਨ ਬਣਾਏ ਭਗਵੰਤ ਮਾਨ ਦੀ ਕਮਾਂਡ ਹੇਠ ਕੰਮ ਕਰਨ ਤੋਂ ਅਸਮਰੱਥ ਹਨ। ਸ੍ਰੀ ਵੜੈਚ ਨੇ ਕਿਹਾ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਬਰਖਾਸਤ ਕਰਨ ਮੌਕੇ ਪਾਰਟੀ ਵਿਚ ਵੱਡਾ ਖਲਾਅ ਪੈਦਾ ਹੋਇਆ ਸੀ ਤਾਂ ਉਸ ਵੇਲੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ (ਵੜੈਚ) ਨੂੰ ਕਨਵੀਨਰ ਬਣਾਇਆ ਸੀ, ਜਦੋਂਕਿ ਉਦੋਂ ਵੀ ਭਗਵੰਤ ਮਾਨ ਮੌਜੂਦ ਸਨ, ਫਿਰ ਉਸ ਵੇਲੇ ਮਾਨ ਨੂੰ ਕਨਵੀਨਰ ਕਿਉਂ ਨਹੀਂ ਬਣਾਇਆ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨਾਂ ਵਿਚ ਭਗਵੰਤ ਮਾਨ ਨੇ ਜਿਥੇ ਆਪਣੇ ਘਰ ਲੱਗੇ ਪਾਰਟੀ ਦੇ ਪੋਸਟਰ ਗੁੱਸੇ ਵਿਚ ਪਾੜ ਦਿੱਤੇ ਸਨ, ਉਥੇ ਦਿੱਲੀ ਦੀ ਲੀਡਰਸ਼ਿਪ ਦੀ ਵੀ ਖੂਬ ਝਾੜ-ਝੰਬ ਕੀਤੀ ਸੀ ਅਤੇ ਅਮਰੀਕਾ ਉਡਾਰੀ ਮਾਰਨ ਦਾ ਦਾਬਾ ਮਾਰਿਆ ਸੀ। ਸ਼ਾਇਦ ਇਸੇ ਕਾਰਨ ਹੀ ਹਾਈ ਕਮਾਂਡ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਮਜਬੂਰੀ ਬਣ ਗਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਸ਼ਰਤ ਉਤੇ ਪ੍ਰਧਾਨ ਬਣਾਇਆ ਹੈ ਕਿ ਉਹ ਭਵਿੱਖ ਵਿਚ ਸ਼ਰਾਬ ਨਹੀਂ ਪੀਣਗੇ ਤੇ ਖੁਦ ਸ੍ਰੀ ਮਾਨ ਨੇ ਵੀ ਮੀਟਿੰਗ ਦੌਰਾਨ ਵਾਅਦਾ ਕੀਤਾ ਹੈ ਕਿ ਜੇ ਉਹ ਸ਼ਰਾਬ ਪੀਣ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ, ਵਿਧਾਇਕ ਸੁਖਪਾਲ ਸਿੰਘ ਖਹਿਰਾ ਜਾਂ ਐਚæਐਸ਼ ਫੂਲਕਾ ਨੂੰ ਪ੍ਰਧਾਨ ਬਣਾਉਣ ਵਿਚ ਪਾਰਟੀ ਦਾ ਭਲਾ ਸੀ।
ਸ੍ਰੀ ਵੜੈਚ ਨੇ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਲਈ ਅਪਣਾਈ ਪ੍ਰਕਿਰਿਆ ਨੂੰ ਧੋਖਾ ਦੱਸਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਵਿਚ 20 ਵਿਧਾਇਕਾਂ ਤੋਂ ਬਿਨਾਂ 20 ਦੇ ਕਰੀਬ ਮਨਮਾਨੇ ਢੰਗ ਨਾਲ ਵਿੰਗਾਂ ਦੇ ਆਗੂ ਤੇ ਅਹੁਦੇਦਾਰ ਸੱਦੇ ਗਏ ਸਨ, ਜਿਸ ਤੋਂ ਸਪੱਸ਼ਟ ਸੀ ਕਿ ਪ੍ਰਧਾਨ ਦੀ ਮੋਹਰ ਪਹਿਲਾਂ ਹੀ ਸ੍ਰੀ ਮਾਨ ਦੇ ਨਾਂ ‘ਤੇ ਲਾਈ ਜਾ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਘੱਟੋ-ਘੱਟ ਚੋਣ ਲੜੇ ਸਾਰੇ ਉਮੀਦਵਾਰਾਂ ਅਤੇ ਸਰਗਰਮ ਵਲੰਟੀਅਰਾਂ ਦੀ ਰਾਇ ਨਾਲ ਕਰਨੀ ਚਾਹੀਦੀ ਸੀ। ਸ੍ਰੀ ਵੜੈਚ ਨੇ ਕਿਹਾ ਕਿ ਜੇ ਸ੍ਰੀ ਕੇਜਰੀਵਾਲ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਕੋਈ ਮਜਬੂਰੀ ਸੀ ਤਾਂ ਉਨ੍ਹਾਂ ਨੂੰ ਖੁਦ ਆਪਣੇ ਕੋਲ ਸੱਦ ਕੇ ਅਸਤੀਫਾ ਲੈ ਲੈਂਦੇ। ਸ੍ਰੀ ਵੜੈਚ ਨੇ ਕਿਹਾ ਕਿ ਟਿਕਟਾਂ ਵੰਡਣ ਵੇਲੇ ਉਨ੍ਹਾਂ ਨੂੰ ਕਈ ਆਗੂਆਂ ਖਿਲਾਫ਼ ਪੈਸੇ ਲੈਣ ਸਣੇ ਹੋਰ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ ਤੇ ਉਨ੍ਹਾਂ ਨੇ ਸ਼ਿਕਾਇਤਾਂ ਉਤੇ ਕਾਰਵਾਈ ਕਰਨ ਲਈ ਹਾਈ ਕਮਾਂਡ ਨੂੰ ਲਿਖਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਬਾਰੇ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਖੁਲਾਸਾ ਕੀਤਾ ਕਿ ਪਾਰਟੀ ਨੇ ਸ੍ਰੀ ਛੋਟੇਪੁਰ ਵੱਲੋਂ ਪੈਸੇ ਲੈਣ ਦੀ ਵੀਡੀਓ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਦਿਖਾਈ। ਮੌਜੂਦਾ ਲੀਡਰਸ਼ਿਪ ਸਿਧਾਂਤਾਂ ਤੋਂ ਭਟਕ ਚੁੱਕੀ ਹੈ।
___________________________________________
ਘੁੱਗੀ ਨੂੰ ਸਵਾਲ
ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਬਠਿੰਡਾ ਜ਼ੋਨ ਦੇ ਸਾਬਕਾ ਕਨਵੀਨਰ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਇਹ ਦਾਅਵਾ ਕੀਤਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਦਾ ‘ਸਟਿੰਗ ਓਪਰੇਸ਼ਨ’ ਉਨ੍ਹਾਂ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਕਨਵੀਨਰ ਬਣਨ ਤੋਂ ਪਹਿਲਾਂ ਮੁਹਾਲੀ ‘ਚ ਹਿੰਮਤ ਸਿੰਘ ਸ਼ੇਰਗਿੱਲ ਦੇ ਘਰ ਵਿਖਾਇਆ ਸੀ। ਇਹ ਵੀਡੀਓ ਵਿਖਾਉਣ ਸਮੇਂ ਸ਼ੇਰਗਿੱਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਸਹਿ ਇੰਚਾਰਜ ਦੁਰਗੇਸ਼ ਪਾਠਕ ਵੀ ਮੌਜੂਦ ਸਨ। ਉਧਰ, ਘੁੱਗੀ ਨੇ ‘ਸਟਿੰਗ ਓਪਰੇਸ਼ਨ’ ਨਾ ਵੇਖਣ ਦੀ ਗੱਲ ਕਹੀ ਹੈ।
_______________________________
ਘੁੱਗੀ ਤੋਂ ਇਹ ਆਸ ਨਹੀਂ ਸੀ: ਭਗਵੰਤ ਮਾਨ
ਚੰਡੀਗੜ੍ਹ: ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਵੜੈਚ ਤੋਂ ਅਜਿਹੀ ਆਸ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਨਵੀਨਰ ਚੁਣਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਵੜੈਚ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਈ ਲੀਡਰਾਂ ਵਿਰੁੱਧ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ, ਪਰ ਉਸ ਵੇਲੇ ਉਹ ਚੁੱਪ ਕਿਉਂ ਰਹੇ?