ਵਿਸਾਖੀ ਕਾਨਫਰੰਸਾਂ ਵਿਚ ਧਰਮ ਦੀ ਓਟ ‘ਚ ਚੱਲੇ ਸਿਆਸੀ ਤੀਰ

ਬਾਦਲਾਂ ਨੇ ਅਬਦਾਲੀ ਨੂੰ ਵੀ ਮਾਤ ਪਾਈ
ਤਲਵੰਡੀ ਸਾਬੋ: ਸੱਤਾਧਾਰੀ ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਵਿਚ ਸਿਆਸੀ ਕਾਨਫਰੰਸ ਕੀਤੀ ਗਈ। ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੂਹਰੇ ਹੋ ਸਰਕਾਰ ਦੀ ਨੁਮਾਇੰਦਗੀ ਕੀਤੀ। ਵਿੱਤ ਮੰਤਰੀ ਨੇ ਕਿਸਾਨੀ ਕਰਜ਼ਿਆਂ, ਲੋਕਪਾਲ ਬਿੱਲ ਸਮੇਤ ਕਈ ਅਹਿਮ ਫੈਸਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਦੀ ਜਨਤਾ ਤੋਂ ਤਿੰਨ ਮਹੀਨੇ ਦਾ ਸਮਾਂ ਮੰਗਿਆ।

ਪਿਛਲੀ ਬਾਦਲ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਨੂੰ ਜਿਸ ਤਰ੍ਹਾਂ ਲੁੱਟਿਆ, ਉਨ੍ਹਾਂ ਅਹਿਮਦਸ਼ਾਹ ਅਬਦਾਲੀ ਜਿਹੇ ਲੁਟੇਰੇ ਅਤੇ ਅੰਗਰੇਜ਼ਾਂ ਨੂੰ ਮਾਤ ਪਾ ਦਿੱਤੀ। ਪੰਜਾਬ ਨੂੰ ਨਵੀਂ ਲੀਹਾਂ ‘ਤੇ ਲਿਆਉਣਾ ਵੱਡਾ ਕੰਮ ਹੈ, ਪਰ ਫਿਰ ਵੀ ਸਰਕਾਰ ਪੰਜਾਬ ਦੇ ਵਿਕਾਸ ਲਈ ਆਮਦਨ ਦੇ ਨਵੇਂ ਸਰੋਤ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕਰੇਗੀ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਵੱਡੇ ਉਦਯੋਗ ਇਥੇ ਲਿਆਂਦੇ ਜਾ ਰਹੇ ਹਨ। ਮੁੰਬਈ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਮੰਤਰੀਆਂ ਦੀ ਇਕ ਮੀਟਿੰੰਗ 27 ਵੱਡੇ ਉਦਯੋਗਪਤੀਆਂ ਨਾਲ ਹੋ ਚੁੱਕੀ ਹੈ। ਮੁੱਖ ਮੰਤਰੀ ਜਲਦੀ ਹੀ ਬਠਿੰਡਾ ਨੂੰ ਵੱਡਾ ਤੋਹਫਾ ਦੇਣਗੇ। ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੰਥ ਵਿਰੋਧੀ ਹੋਣ ਦਾ ਕੂੜ ਪ੍ਰਚਾਰ ਕਰਨ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਪਿਛਲੀ ਕੈਪਟਨ ਸਰਕਾਰ ਨੇ 19 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਖੁਸ਼ਹਾਲ ਕੀਤਾ ਸੀ, ਪਰ ਬਾਦਲ ਸਰਕਾਰ ਨੇ 1æ34 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਰਾਜ ਨੂੰ ਬਰਬਾਦ ਕਰ ਦਿੱਤਾ।
______________________________
ਚੋਣ ਵਾਅਦਿਆਂ ਵੱਲ ਧਿਆਨ ਦੇਵੇ ਕੈਪਟਨ
ਤਲਵੰਡੀ ਸਾਬੋ: ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖਤ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਸਿਆਸੀ ਕਾਨਫਰੰਸ ਵਿਚ ਸਿਆਸੀ ਆਗੂਆਂ ਨੇ ਧਰਮ ਦੀ ਓਟ ਵਿਚ ਸਿਆਸੀ ਤੀਰਾਂ ਦੀ ਰਜਵੀਂ ਬੁਛਾੜ ਕੀਤੀ। ਅਕਾਲੀ ਦਲ (ਬਾਦਲ) ਦੀ ਸਟੇਜ ਤੋਂ ਆਗੂਆਂ ਨੇ ਕਾਂਗਰਸ ‘ਤੇ ਝੂਠੇ ਵਾਅਦਿਆਂ, ਨਸ਼ਿਆਂ ਅਤੇ ਬੇਅਦਬੀਆਂ ਬਾਰੇ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਜ਼ਰੀਏ ਸੱਤਾ ਹਥਿਆਉਣ ਦੇ ਦੋਸ਼ ਲਗਾਏ। ਤਖਤ ਸ੍ਰੀ ਦਮਦਮਾ ਸਾਹਿਬ ਨੇੜੇ ਸਥਿਤ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਇਕ ਮਹੀਨੇ ਵਿਚ ਫੜਨ ਲਈ ਗੁਟਕਾ ਸਾਹਿਬ ਹੱਥ ‘ਚ ਫੜ ਚੁੱਕੀ ਸਹੁੰ ਦੇ ਪੂਰਾ ਹੋਣ ਵਿਚ ਸਿਰਫ ਗਿਣਤੀ ਦੇ ਦਿਨ ਬਚੇ ਹਨ, ਪਰ ਸਰਕਾਰ ਦੋਸ਼ੀਆਂ ਨੂੰ ਫੜਨਾ ਤਾਂ ਦੂਰ ਮੁਲਜ਼ਮਾਂ ਦੇ ਨੇੜੇ-ਤੇੜੇ ਵੀ ਨਹੀਂ ਪੁੱਜ ਸਕੀ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਿੰਡ ਤਰਮਾਲਾ ਵਿਖੇ ਪੁਲਿਸ ਛਾਪੇਮਾਰੀ ‘ਚ ਮਰੇ ਅਕਾਲੀ ਵਰਕਰ ਦੀ ਘਟਨਾ ਵਾਂਗ ਇਕਜੁਟ ਰਹਿਣ ਦਾ ਸੱਦਾ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਨੇ ਆਪਣੀ ਜੁਝਾਰੂ ਸੁਭਾਅ ਕਰ ਕੇ ਦੁਨੀਆਂ ਵਿਚ ਨਾਂ ਬਣਾਇਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਮਾਜ ਵਿਚੋਂ ਭਰੂਣ ਹੱਤਿਆ ਅਤੇ ਦਾਜ ਜਿਹੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ।
______________________________
‘ਆਪ’ ਵੱਲੋਂ ਕੇਂਦਰੀ ਲੀਡਰਸ਼ਿਪ ਦੀ ਭੰਡੀ
ਤਲਵੰਡੀ ਸਾਬੋ: ਵਿਸਾਖੀ ਮੌਕੇ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿਚ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਆਲੋਚਨਾ ਅਤੇ ਪਾਰਟੀ ਦੀ ਪੰਜਾਬ ਇਕਾਈ ਨੂੰ ਖੁਦਮੁਖਤਿਆਰੀ ਦਿੱਤੇ ਜਾਣ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿਧਾਨ ਸਭਾ ਵਿਚ ਪਾਰਟੀ ਦੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਦੀ ਪੜਚੋਲ ਕਰ ਕੇ ਪਾਰਟੀ ਨੂੰ ਨਵੇਂ ਸਿਰੇ ਤੋਂ ਲਾਮਬੰਦ ਕੀਤਾ ਜਾਵੇ। ਚੋਣਾਂ ਦੌਰਾਨ ਮੁੱਖ ਮੰਤਰੀ ਦਾ ਚਿਹਰਾ ਨਾ ਦੇਣਾ ਵੱਡੀ ਭੁੱਲ ਸੀ।
ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੁਖਪਾਲ ਸਿੰਘ ਖਹਿਰਾ ਵੱਲੋਂ ਉਠਾਏ ਮੁੱਦੇ ਦੀ ਤਾਈਦ ਕਰਦੇ ਹਨ। ਜੇਕਰ ਅੰਦਰੂਨੀ ਲੋਕਤੰਤਰ ਮੁਤਾਬਕ ਇਸ ਮੁੱਦੇ ਨੂੰ ਉਭਾਰਿਆ ਜਾਂਦਾ ਹੈ ਤਾਂ ਅੰਦਰੂਨੀ ਅਨੁਸ਼ਾਸਨ ਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਪ੍ਰਾਪਤੀ ਖਾਤਰ ਨਹੀਂ ਬਲਕਿ ਰਾਜਸੀ ਸਿਸਟਮ ਬਦਲਣ ਖਾਤਰ ਚੋਣਾਂ ਲੜੀਆਂ ਸਨ। ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਪਹਿਲਾਂ ਅਜਿਹਾ ਮੌਕਾ ਹੈ ਜਦੋਂ ‘ਆਪ’ ਤੀਜੀ ਧਿਰ ਵਜੋਂ ਸਥਾਪਤ ਹੋਈ ਹੈ। ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਖਹਿਰਾ ਵੱਲੋਂ ਖੁਦਮੁਖਤਿਆਰੀ ਦੇ ਉਠਾਏ ਮੁੱਦੇ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਅਜਿਹੇ ਮੁੱਦੇ ਜਨਤਕ ਤੌਰ ‘ਤੇ ਉਠਾਉਣ ਦੀ ਥਾਂ ਪਾਰਟੀ ਅੰਦਰ ਬੈਠ ਕੇ ਹੱਲ ਕੀਤੇ ਜਾਣੇ ਚਾਹੀਦੇ ਹਨ।