ਚੰਡੀਗੜ੍ਹ: ਪੰਜਾਬ ਦੀ ਪਿਛਲੀ ਬਾਦਲ ਸਰਕਾਰ ਵੱਲੋਂ ਚੋਣ ਸਿਆਸਤ ਤਹਿਤ ਸੂਬੇ ਦੇ ਲੋਕਾਂ ਨੂੰ ਕਰਵਾਈ ਤੀਰਥ ਯਾਤਰਾ ਦੇ ਕਰੋੜਾਂ ਰੁਪਏ ਦੇ ਭੁਗਤਾਨ ਹੁਣ ਮੌਜੂਦਾ ਕੈਪਟਨ ਸਰਕਾਰ ਨੂੰ ਕਰਨੇ ਪੈਣਗੇ। ਵਿੱਤੀ ਸੰਕਟ ਵਿਚ ਘਿਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ‘ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ’ ਅਧੀਨ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਕਰਵਾਈ ਮੁਫਤ ਤੀਰਥ ਯਾਤਰਾ ਤਹਿਤ ਰੇਲਵੇ ਵਿਭਾਗ ਨੂੰ ਫੌਰੀ 126 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।
ਜੈਤੋ (ਫਰੀਦਕੋਟ) ਦੇ ਸਮਾਜ ਸੇਵੀ ਡਾਲ ਚੰਦ ਪਵਾਰ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਕੋਲੋਂ ਆਰæਟੀæਆਈæ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਮੁਫਤ ਤੀਰਥ ਯਾਤਰਾ ਸਬੰਧੀ ਪੰਜਾਬ ਸਰਕਾਰ ਸਿਰ ਰੇਲਵੇ ਵਿਭਾਗ ਦੀ ਅੱਜ ਵੀ 1,26,08,45,008 ਰੁਪਏ ਦੀ ਦੇਣਦਾਰੀ ਖੜ੍ਹੀ ਹੈ, ਜਿਸ ਦਾ ਭੁਗਤਾਨ ਹੁਣ ਕੈਪਟਨ ਸਰਕਾਰ ਨੂੰ ਕਰਨਾ ਪਵੇਗਾ। ਟਰਾਂਸਪੋਰਟ ਕਮਿਸ਼ਨਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਹੁਣ ਤੱਕ ਮੁਫਤ ਤੀਰਥ ਯਾਤਰਾ ਸਕੀਮ ਤਹਿਤ ਇੰਡੀਅਨ ਰੇਲਵੇ ਸਮੇਤ ਡਾਇਰੈਕਟਰ ਸਟੇਟ ਟਰਾਂਸਪੋਰਟ ਅਤੇ ਪੀæਆਰæਟੀæਸੀæ ਪਟਿਆਲਾ ਦੇ ਮੈਨੇਜਿੰਗ ਡਾਇਰੈਕਟਰ ਨੂੰ 1,39,39,00,873 ਰੁਪਏ ਦੇ ਬਿੱਲ ਤਾਰ ਚੁੱਕੀ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਨੇ ਘੱਟੋ-ਘੱਟ 266 ਕਰੋੜ ਰੁਪਏ ਖਰਚੇ ਹਨ। ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਦਿੱਤੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਕੀਮ ਅਧੀਨ ਸਾਲ 2015-16 ਦੌਰਾਨ 46æ50 ਕਰੋੜ ਰੁਪਏ ਅਤੇ ਸਾਲ 2016-17 ਦੌਰਾਨ 139æ50 ਕਰੋੜ ਰੁਪਏ ਫੰਡ ਮੁਹੱਈਆ ਕਰਵਾਏ ਸਨ। ਬਾਦਲ ਸਰਕਾਰ ਨੇ ਸਿਰਫ ਰੇਲ ਗੱਡੀਆਂ ਰਾਹੀਂ ਹੀ 1,22,636 ਯਾਤਰੂਆਂ ਨੂੰ ਧਾਰਮਿਕ ਅਸਥਾਨਾਂ ਦੀ ਮੁਫਤ ਯਾਤਰਾ ਕਰਵਾਈ ਹੈ। ਦੂਜੇ ਪਾਸੇ ਰੋਡਵੇਜ਼ ਅਤੇ ਪੀæਆਰæਟੀæਸੀæ ਦੀਆਂ ਬੱਸਾਂ ਰਾਹੀਂ ਤੀਰਥ ਅਸਥਾਨਾਂ ‘ਤੇ ਜਾਣ ਵਾਲੇ ਵਿਅਕਤੀਆਂ ਦੀ ਟਰਾਂਸਪੋਰਟ ਕਮਿਸ਼ਨਰ ਕੋਲ ਜਾਣਕਾਰੀ ਹੀ ਨਹੀਂ ਹੈ। ਉਂਜ ਟਰਾਂਸਪੋਰਟ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਮੁਫਤ ਤੀਰਥ ਯਾਤਰਾ ਸਕੀਮ ਅਧੀਨ 8689 ਸਰਕਾਰੀ ਬੱਸਾਂ ਸਰਕਾਰ ਦੀ ਟਹਿਲ ਸੇਵਾ ਵਿਚ ਲੱਗੀਆਂ ਰਹੀਆਂ।
ਇਨ੍ਹਾਂ ਵਿਚੋਂ 6481 ਬੱਸਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ 1191 ਬੱਸਾਂ ਨੇ ਸਾਲਾਸਰ ਧਾਮ (ਰਾਜਸਥਾਨ) ਦੀ ਯਾਤਰਾ ਕਰਵਾਈ ਹੈ। ਇਸੇ ਤਰ੍ਹਾਂ 413 ਸਰਕਾਰੀ ਬੱਸਾਂ ਨੇ ਮਾਤਾ ਚਿੰਤਪੂਰਨੀ (ਹਿਮਾਚਲ ਪ੍ਰਦੇਸ਼), 337 ਬੱਸਾਂ ਨੇ ਸ੍ਰੀ ਆਨੰਦਪੁਰ ਸਾਹਿਬ, 223 ਬੱਸਾਂ ਨੇ ਸ੍ਰੀ ਪਟਨਾ ਸਾਹਿਬ, 39 ਬੱਸਾਂ ਨੇ ਖੁਰਾਲਗੜ੍ਹ (ਹੁਸ਼ਿਆਰਪੁਰ) ਅਤੇ ਪੰਜ ਸਰਕਾਰੀ ਬੱਸਾਂ ਨੇ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਹਨ। ਪਿਛਲੀ ਸਰਕਾਰ ਨੇ ਇਸ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਚੋਣਵੇਂ ਵਿਅਕਤੀਆਂ ਨੂੰ ਮੁਫਤ ਤੀਰਥ ਯਾਤਰਾ ਕਰਵਾਈ ਸੀ।
ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਯਾਤਰੂਆਂ ਨੂੰ ਜਿਥੇ ਮੁਫਤ ਸਫਰ ਦੀ ਸਹੂਲਤ ਦਿੱਤੀ ਜਾਂਦੀ ਸੀ, ਉਥੇ ਖਾਣ-ਪੀਣ ਅਤੇ ਰਿਹਾਇਸ਼ ਦਾ ਵੀ ਮੁਫਤ ਪ੍ਰਬੰਧ ਕੀਤਾ ਜਾਂਦਾ ਸੀ। ਬਾਦਲ ਸਰਕਾਰ ਨੇ ਇਹ ਮੁਫਤ ਯਾਤਰਾ ਸਕੀਮ ਉਦੋਂ ਸ਼ੁਰੂ ਕੀਤੀ ਸੀ ਜਦੋਂ ਸਰਕਾਰ ਓਵਰ ਡਰਾਫਟਿੰਗ ਅਤੇ ਵਿੱਤੀ ਸੰਕਟ ਵਿਚ ਘਿਰੀ ਪਈ ਸੀ। ਹੁਣ ਇਸ ਸਕੀਮ ਤਹਿਤ ਹੋਏ ਖਰਚਿਆਂ ਦੀ ਰੇਲਵੇ ਵਿਭਾਗ ਦੀ 126 ਕਰੋੜ ਰੁਪਏ ਦੀ ਦੇਣਦਾਰੀ ਮੌਜੂਦਾ ਕੈਪਟਨ ਸਰਕਾਰ ਦੇ ਸਿਰ ਪੈਣ ਕਾਰਨ ਖਜ਼ਾਨੇ ਦੀ ਹਾਲਤ ਹੋਰ ਪਤਲੀ ਹੋਣ ਦੇ ਅਸਾਰ ਬਣ ਗਏ ਹਨ।
_________________________________
ਬਾਦਲਾਂ ਦੇ ਲਾਡਲਿਆਂ ਨੂੰ ਪਾਇਆ ਘੇਰਾ
ਬਠਿੰਡਾ: ਭਾਰਤੀ ਖੁਰਾਕ ਨਿਗਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਦਿਆਲ ਸਿੰਘ ਕੋਲਿਆਂਵਾਲੀ ਦੇ ਓਪਨ ਪਲਿੰਥਾਂ ਨੂੰ ਅਨਾਜ ਭੰਡਾਰਨ ਲਈ ਅਣਫਿੱਟ ਐਲਾਨ ਦਿੱਤਾ ਹੈ। ਖਰੀਦ ਏਜੰਸੀਆਂ ਵਰ੍ਹਿਆਂ ਤੋਂ ਇਨ੍ਹਾਂ ਪਲਿੰਥਾਂ ‘ਤੇ ਕਣਕ ਭੰਡਾਰ ਕਰ ਰਹੀਆਂ ਸਨ। ਕੋਲਿਆਂਵਾਲੀ ਪਰਿਵਾਰ ਦੀਆਂ ਤਿੰਨ ਓਪਨ ਪਲਿੰਥਾਂ ਹਨ, ਜਿਨ੍ਹਾਂ ਦੀ ਸਮਰੱਥਾ ਤਕਰੀਬਨ 5æ50 ਲੱਖ ਬੋਰੀ ਭੰਡਾਰਨ ਦੀ ਹੈ। ਇਨ੍ਹਾਂ ਵਿਚੋਂ ਦੋ ਪਲਿੰਥਾਂ ਦਿਆਲ ਸਿੰਘ ਕੋਲਿਆਂਵਾਲੀ ਦੇ ਨਾਮ ਉਤੇ ਹਨ, ਜਦੋਂ ਕਿ ਇਕ ਪਲਿੰਥ ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਦੇ ਨਾਂ ਉਤੇ ਹੈ। ਭਾਰਤੀ ਖੁਰਾਕ ਨਿਗਮ ਦੇ ਮੈਨੇਜਰ (ਕੁਆਲਟੀ ਕੰਟਰੋਲ) ਅਤੇ ਡਿੱਪੂ ਮੈਨੇਜਰ ਮਲੋਟ ਨੇ ਇਨ੍ਹਾਂ ਪਲਿੰਥਾਂ ਦੀ ਪੜਤਾਲ ਮਗਰੋਂ 12 ਅਪਰੈਲ ਨੂੰ ਉਚ ਅਫਸਰਾਂ ਨੂੰ ਪੱਤਰ ਲਿਖ ਕੇ ਇਨ੍ਹਾਂ ਨੂੰ ਅਨਾਜ ਭੰਡਾਰਨ ਲਈ ਅਣਫਿੱਟ ਐਲਾਨ ਦਿੱਤਾ ਹੈ। ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਦਿਆਲ ਸਿੰਘ ਕੋਲਿਆਂਵਾਲੀ ਖੁਦ ਚੇਅਰਮੈਨ ਰਹੇ ਹਨ ਅਤੇ ਪੰਜਾਬ ਐਗਰੋ ਨੇ ਪਿਛਲੇ ਵਰ੍ਹੇ ਕਰੀਬ ਅੱਠ ਹਜ਼ਾਰ ਟਨ ਕਣਕ ਇਨ੍ਹਾਂ ਓਪਨ ਪਲਿੰਥਾਂ ਉਤੇ ਭੰਡਾਰ ਕੀਤੀ ਹੋਈ ਸੀ।