ਦਸਤਕ ਦੀ ਦਰਵੇਸ਼ੀ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਛਪਦੀਆਂ ਆਪਣੀਆਂ ਲਿਖਤਾਂ ਵਿਚ ਘਰ ਦੀਆਂ ਬਰਕਤਾਂ, ਘਰ ਦੇ ਬੂਹੇ ਅਤੇ ਵਿਹੜੇ ਦੀਆਂ ਸਿਫਤਾਂ ਕਰ ਚੁਕੇ ਹਨ।

ਉਨ੍ਹਾਂ ਕੰਧਾਂ ਦੀ ਵਾਰਤਾ ਸੁਣਾਉਂਦਿਆਂ ਕਿਹਾ ਸੀ ਕਿ ਕੰਧਾਂ ਇਤਿਹਾਸ ਤੇ ਅਕੀਦਤਯੋਗ ਥਾਂਵਾਂ ਬਣਦੀਆਂ ਨੇ। ਕੰਧਾਂ ਹੁੰਗਾਰਾ ਭਰਦੀਆਂ ਨੇ, ਸੰਵਾਦ ਰਚਾਉਂਦੀਆਂ ਨੇ। ਪਿਛਲੇ ਲੇਖ ਵਿਚ ਉਨ੍ਹਾਂ ਦੱਸਿਆ ਸੀ ਕਿ ਕੋਈ ਕਮਰਾ, ਕਿਸੇ ਨੂੰ ਨੈਲਸਨ ਮੰਡੇਲਾ, ਭਗਤ ਸਿੰਘ, ਜੈ ਪ੍ਰਕਾਸ਼ ਨਰਾਇਣ ਜਾਂ ਸੂ ਕੁਈ ਬਣਾ ਕੇ ਲੋਕਾਂ ਦੇ ਸਨਮੁਖ ਕਰਦਾ ਏ ਜੋ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਨੇ। ਹਥਲੇ ਲੇਖ ਵਿਚ ਉਨ੍ਹਾਂ ਨਸੀਹਤ ਕੀਤੀ ਹੈ ਕਿ ਦਸਤਕ ਦੀ ਦਾਸਤਾਨ ਜ਼ਰੂਰ ਸੁਣਿਓ ਤਾਂ ਕਿ ਤੁਸੀਂ ਕਦੇ ਤਾਂ ਦਸਤਕ ਦੇ ਰੂ-ਬ-ਰੂ ਹੋ, ਆਪਣੇ ਸਾਹਾਂ ਉਤੇ ਨਰੋਏ ਨਕਸ਼ਾਂ ਦੀ ਇਬਾਦਤ ਲਿਖ ਸਕੋ। -ਸੰਪਾਦਕ

ਦਸਤਕ ਦੀ ਦਰਵੇਸ਼ੀ

ਡਾæ ਗੁਰਬਖਸ਼ ਸਿੰਘ ਭੰਡਾਲ
ਦਸਤਕ ਸੂਚਕ ਹੈ ਕਿਸੇ ਦੀ ਆਮਦ ਦਾ, ਕਿਸੇ ਦੀ ਆਸ ਨੂੰ ਪਿਆ ਹੋਇਆ ਬੂਰ, ਕਿਸੇ ਦੀ ਉਡੀਕ ਮੁੱਕਣ ‘ਤੇ ਮਨ ਦੇ ਵਿਹੜੇ ‘ਚ ਪੈਂਦੀ ਨਿੱਕੀ ਨਿੱਕੀ ਭੂਰ ਅਤੇ ਸੱਜਣ ਦੇ ਮਿਲਾਪ ਦਾ ਭਵਿੱਖੀ ਸਰੂਰ।
ਬੰਦ ਦਰਵਾਜਾ, ਦਸਤਕ ਨੂੰ ਉਡੀਕਦਾ ਹੈ ਤਾਂ ਕਿ ਉਸ ਦੀਆਂ ਬਰੂਹਾਂ ‘ਤੇ ਕੋਈ ਸ਼ਗਨਾਂ ਦਾ ਤੇਲ ਚੋਵੇ ਅਤੇ ਪਾਣੀ ਨਾਲ ਉਸ ਦੀ ਸਰਦਲ ਨੂੰ ਧੋਵੇ। ਦਰਵਾਜੇ ਨੂੰ ਇਹ ਵੀ ਆਸ ਹੁੰਦੀ ਏ ਕਿ ਦਸਤਕ ਹੀ ਬਣੇਗੀ, ਖੇੜਿਆਂ ਤੇ ਖੁਸ਼ੀਆਂ ਦੀ ਬਰਸਾਤ, ਸੱਜਣ ਦੇ ਸਾਥ ਵਿਚ ਧੜਕੇਗੀ ਜਾਗਦੀ ਹੋਈ ਰਾਤ ਅਤੇ ਮਨ ਦੇ ਅੰਬਰੀਂ ਝੁਕੇਗੀ ਜੁਗਨੂੰਆਂ ਦੀ ਬਰਾਤ।
ਕਈ ਵਾਰ ਦਸਤਕ ਦੀ ਉਡੀਕ ਬੜੀ ਲੰਬੀ ਹੋ ਜਾਂਦੀ ਏ। ਉਮਰਾਂ ਬੀਤ ਜਾਂਦੀਆਂ ਨੇ ਬਿੜਕ ਲਈ, ਪੋਲਾ ਪੋਲਾ ਬੂਹਾ ਠਕੋਰਦੇ ਹੱਥਾਂ ਲਈ ਅਤੇ ਵਿਹੜਿਆਂ ਵਿਚਲੀਆਂ ਸੱਥਾਂ ਲਈ।
ਜੀਵਨ ‘ਚ ਚੰਗੇਰੇ ਮੌਕਿਆਂ ਦੀ ਦਸਤਕ ਨੂੰ ਜੇ ਅਸੀਂ ਧਿਆਨ ਨਾਲ ਸੁਣ, ਸਾਰਥਕ ਹੁੰਗਾਰਾ ਭਰਾਂਗੇ ਤਾਂ ਕਿਸਮਤ ਜ਼ਰੂਰ ਹੀ ਸਾਡੇ ਉਪਰ ਮੁਸਕਰਾਏਗੀ ਕਿਉਂਕਿ ਜ਼ਿੰਦਗੀ ‘ਚ ਹਰ ਇੱਕ ਨੂੰ ‘ਕੇਰਾਂ ਮੌਕਾ ਜ਼ਰੂਰ ਮਿਲਦਾ ਏ ਕੁਝ ਕਰ ਦਿਖਾਉਣ ਦਾ, ਕਿਸਮਤ ਦੀਆਂ ਰੇਖਾਵਾਂ ਨੂੰ ਉਕਰਾਉਣ ਦਾ ਅਤੇ ਇਨ੍ਹਾਂ ਰੇਖਾਵਾਂ ਨੂੰ ਬਦਲਣ ਦੀ ਸਮਰੱਥਾ ਉਪਜਾਉਣ ਦਾ।
ਦਸਤਕ, ਹਰ ਬੀਹੀ ‘ਚ ਗੇੜਾ ਲਾਉਂਦੀ ਰਹੇ, ਹਰ ਦਰ ਦੀ ਝੋਲੀ ‘ਚ ਨਿਆਮਤਾਂ ਪਾਉਂਦੀ ਰਹੇ ਅਤੇ ਵਕਤ ਦੀ ਤਲੀ ‘ਤੇ ਰਾਂਗਲੀ ਮਹਿੰਦੀ ਲਾਉਂਦੀ ਰਹੇ।
ਦਸਤਕ ਧਰਦੀ ਏ ਨਿੱਕੇ ਬਾਲ ਦੀ ਤਲੀ ‘ਤੇ ਖਿਡੌਣਿਆਂ ਦਾ ਸੰਸਾਰ, ਚਹੁੰ ਕੂਟੀਂ ਵਿਗਸਦਾ ਪਿਆਰ ਅਤੇ ਸੁੰਨੀ ਤੇ ਰੁਆਂਸੀ ਜ਼ਿੰਦਗੀ ‘ਚ ਮੌਲਦੀ ਬਹਾਰ।
ਲੰਮੇਰੀ ਕਾਲਖਾਂ ਭਰਪੂਰ ਰਾਤ ਦੇ ਵਿਹੜੇ ਜਦੋਂ ਸਰਘੀ ਦਸਤਕ ਦਿੰਦੀ ਏ ਤਾਂ ਵਣ-ਤਿਣ ਮੌਲਦਾ ਏ। ਬਨਸਪਤੀ ਤ੍ਰੇਲ ਤੁਪਕਿਆਂ ਦਾ ਹਾਰ ਪਹਿਨੀ ਹਰ ਮਸਤਕ ਵਿਚ ਸੁੱਚੀ ਸੋਚ ਉਪਜਾਉਂਦੀ, ਮਨੁੱਖਤਾ ਦੀ ਸਦੀਵਤਾ ਦਾ ਨਗਮਾ ਗੁਣਗਣਾਉਂਦੀ ਏ। ਪੰਛੀਆਂ ਦੇ ਬੋਲਾਂ ਵਿਚ ਰਮੇ ਹੋਏ ਕਰਤਾਰੀ ਬੋਲ ਫਿਜ਼ਾ ਨੂੰ ਜਿਉਣ ਜੋਗਾ ਕਰਦੇ ਨੇ। ਕੁਦਰਤੀ ਪਸਾਰਾ ਅੰਗੜਾਈ ਭਰਦਾ ਏ ਅਤੇ ਸੂਰਜੀ ਕਿਰਨਾਂ ਦਾ ਸੰਧਾਰਾ, ਚਿਹਰਿਆਂ ‘ਤੇ ਸੁਰਖ ਭਾਅ ਧਰਦਾ ਏ।
ਕਈ ਵਾਰ ਕੁਦਰਤੀ ਸੰਤੁਲਨ ਵਿਚ ਪੈਦਾ ਹੋ ਰਿਹਾ ਵਿਗਾੜ ਵੀ ਸਾਡੀ ਮਲੀਨ ਸੋਚ ਦੇ ਦਰੀਂ ਦਸਤਕ ਦਿੰਦਾ ਏ, ਸਾਨੂੰ ਇਹ ਸੁਚੇਤ ਕਰਨ ਲਈ ਕਿ ਜੇ ਮਨੁੱਖ ਇਸ ਤਰ੍ਹਾਂ ਹੀ ਕੁਦਰਤੀ ਰੁਝਾਨਾਂ ਨੂੰ ਉਲੰਘਦਾ ਰਿਹਾ, ਉਸ ਦੀਆਂ ਨਿਆਮਤਾਂ ਦੀ ਬੇਅਦਬੀ ਕਰਦਾ ਰਿਹਾ, ਮਨੁੱਖੀ ਸਾਹ-ਰਗਾਂ ਦੀ ਸੰਘੀ ਨੱਪਦਾ ਰਿਹਾ ਤਾਂ ਮਨੁੱਖੀ ਹੋਂਦ ਉਤੇ ਉਕਰੇ ਹੋਏ ਪ੍ਰਸ਼ਨ ਚਿੰਨ੍ਹ ਦਾ ਉਹ ਖੁਦ ਕਸੂਰਵਾਰ ਹੋਵੇਗਾ। ਫਿਰ ਉਸ ਦਾ ਮਾਤਮ ਮਨਾਉਣ ਵਾਲਾ ਵੀ ਕੋਈ ਨਹੀਂ ਹੋਵੇਗਾ।
ਜਦੋਂ ਘਰ, ਨਿਰਮੋਹੀਆਂ ਕੰਧਾਂ, ਕਮਰਿਆਂ ਤੇ ਕੈਦਖਾਨੇ ਦੀ ਜੂਨ ਹੰਢਾਉਂਦਾ ਏ, ਇਸ ਦੇ ਚੌਗਿਰਦੇ ‘ਚੋਂ ਹਉਮੈ ਦੀ ਬੂਅ ਆਉਂਦੀ ਏ ਤੇ ਘਰ ਇੱਕ ਮਕਾਨ ਜਾਂ ਮਹੱਲ ਦੇ ਅਰਥਾਂ ‘ਚ ਗਵਾਚ ਜਾਂਦਾ ਏ ਤਾਂ ਘਰ ਵਲੋਂ ਤੁਹਾਡੇ ਮਸਤਕ ‘ਤੇ ਦਿੱਤੀ ਹੋਈ ਪੋਲੀ ਜਿਹੀ ਦਸਤਕ ਨੂੰ ਜ਼ਰੂਰ ਸੁਣਿਓ। ਉਹ ਦਸਤਕ, ਜੋ ਕਹਿਣਾ ਚਾਹੁੰਦੀ ਹੈ, “ਵਾਸਤਾ ਈ! ਘਰ ਨੂੰ ਘਰ ਜ਼ਰੂਰ ਰਹਿਣ ਦਿਉ।”
ਕਾਲੇ ਵਕਤਾਂ ਦੀ ਦਸਤਕ ਬਹੁਤੀ ਵਾਰ ਕਹਿਰ ਵਰਤਾਉਂਦੀ, ਸਾਡੇ ਸੁੱਚੇ ਸਾਹਾਂ ਦਾ ਸਿਵਾ ਵੀ ਸੇਕਦੀ ਏ। ਬੀਤੇ ਕਾਲੇ ਦੌਰ ‘ਚ ਵਾਪਰੇ ਦੁਖਾਂਤ, ਚੁੱਲ੍ਹਿਆਂ ਦਾ ਰੁਦਨ, ਵਿਹੜਿਆਂ ਦਾ ਹੰਢਾਇਆ ਸਰਾਪ ਅਤੇ ਸੱਥਾਂ ਦਾ ਹਉਕਾ ਹੁਣ ਵੀ ਯਾਦ ਆਉਣ ‘ਤੇ ਹਵਾ ‘ਚ ਕੰਬਣੀ ਛੇੜ ਦਿੰਦਾ ਏ। ਅਜਿਹੀ ਦਸਤਕ ਨੂੰ ਦਫਨ ਕਰਨ ਵੇਲੇ ਕਫਨ ਵੀ ਨਸੀਬ ਨਹੀਂ ਹੁੰਦਾ।
ਪਾਣੀ ਖੁਣੋਂ ਮੁਰਝਾਏ ਅਤੇ ਮੋਹ ਤੋਂ ਵਿਰਵੇ ਗਮਲੇ ਵਿਚ ਉਗੇ ਬੂਟੇ ਦੀ ਕਦੀ ਹਾਕ ਜ਼ਰੂਰ ਸੁਣਿਓ ਜੋ ਇੱਟਾਂ ਤੇ ਪੱਥਰਾਂ ‘ਚ ਘਿਰਿਆ, ਗਮਲੇ ‘ਚੋਂ ਧਰਤੀ ਦਾ ਭਰਮ ਪਾਲਦਾ, ਆਪਣਾ ਮਰਸੀਆ ਖੁਦ ਪੜ੍ਹ ਰਿਹਾ ਹੁੰਦਾ ਏ। ਉਹ ਸਹਿਕ ਜਾਂਦਾ ਏ, ਹੌਲੀ ਹੌਲੀ ਸਹਿਲਾਉਂਦੇ ਪੋਟਿਆਂ ਲਈ, ਜਿਉਣਾ ਲੋਚਦਾ ਏ ਜ਼ਿੰਦਗੀ ਦੇ ਨਿੱਕੇ ਨਿੱਕੇ ਟੋਟਿਆਂ ਲਈ ਅਤੇ ਮਨ ‘ਚ ਲੱਖ ਦੁਆਵਾਂ ਮੰਗਦਾ ਏ, ਮੰਜ਼ਿਲ ਵੰਨੀ ਵਧ ਰਹੇ ਟਾਹਣ ਦੇ ਗੋਭਲ ਹਰਨੋਟਿਆਂ ਲਈ।
ਖਿੜ੍ਹੇ ਹੋਏ ਫੁੱਲ ਵੰਨੀਂ ਜਦੋਂ ਅਸੀਂ ਦੇਖਦੇ ਹਾਂ ਤਾਂ ਫੁੱਲ ਦੀ ਤੱਕਣੀ ‘ਚੋਂ ਉਭਰਿਆ ਪ੍ਰਸ਼ਨ ਵੀ ਇਕ ਦਸਤਕ ਬਣਦਾ ਹੈ, “ਐ ਮਨੁੱਖ! ਕੀ ਤੂੰ ਕਦੇ ਮੇਰੇ ਮੁੱਖ ‘ਤੇ ਤਿਓੜੀ ਦੇਖੀ ਏ? ਕੀ ਤੂੰ ਮੇਰੇ ਵਾਂਗੂੰ ਹਾਸਿਆਂ ਤੇ ਖੇੜਿਆਂ ਦੀ ਹੱਟ ਨਹੀਂ ਲੁਟਾ ਸਕਦਾ? ਕੀ ਤੇਰੇ ਮਸਤਕ ਵਿਚ ਨਿਜੀ ਮੁਫਾਦ ਦੇ ਰੀਂਘਦੇ ਜੀਵਾਣੂ, ਤੇਰਾ ਆਪਾ ਖਾਣ ਤੋਂ ਸਿਵਾਏ ਵੀ ਕੁਝ ਸੰਵਾਰਦੇ ਨੇ? ਤੈਨੂੰ ਫੁੱਲਾਂ ਦੀ ਵਾਦੀ ‘ਚ ਪਾਰ ਪਾਉਣੇ ਤੋਂ ਕਿਹੜੀ ਬਿਰਤੀ ਹੋੜ ਰਹੀ ਏ ਅਤੇ ਤੇਰੀ ਸੋਚ ਨੂੰ ਸ਼ਹਿਰਾਂ, ਮਾਰੂਥਲਾਂ, ਬੀਆਬਾਨ ਤੇ ਪੱਤਝੜਾਂ ਸੰਗ ਜੋੜ ਰਹੀ ਏ?” ਕਦੇ ਹੋ ਸਕੇ ਤਾਂ ਇਸ ਦਸਤਕ ਦੀ ਪਿੱਠ-ਭੂਮੀ ‘ਤੇ ਉਸਰੇ ਪ੍ਰਸ਼ਨਾਂ ਦਾ ਜਵਾਬ ਆਪਣੇ-ਆਪ ‘ਚੋਂ ਜ਼ਰੂਰ ਤਲਾਸ਼ਿਓ।
ਸਮੇਂ ਦੇ ਹਰ ਦੌਰ ‘ਚ ਹੀ ਦਸਤਕ ਨੇ ਸਾਡਾ ਦਰਵਾਜਾ ਖੜਕਾਇਆ ਏ, ਸਾਥੋਂ ਸੰਸਾਰਕ ਦੁਸ਼ਵਾਰੀਆਂ ਦਾ ਪਤਾ ਲਗਵਾਇਆ ਏ ਅਤੇ ਫਿਰ ਉਨ੍ਹਾਂ ਮੁਸ਼ਕਲਾਂ ਦਾ ਸੰਭਾਵੀ ਹੱਲ ਸੋਚ ਦੇ ਦਰਵਾਜੇ ‘ਤੇ ਲਟਕਾਇਆ ਏ।
ਪਤਝੜਾਂ ਹੰਢਾਉਣ ਤੋਂ ਬਗੈਰ, ਬਹਾਰ ਦੀ ਦਸਤਕ ਕਿਸੇ ਦਾ ਨਸੀਬ ਨਹੀਂ ਬਣਦੀ। ਸੁੱਕੇ ਦਰਿਆਵਾਂ ਨੂੰ ਉਸ ਦਸਤਕ ਦੀ ਸਦਾ ਉਡੀਕ ਰਹਿੰਦੀ ਏ ਜਿਹੜੀ ਵਗਦੇ ਪਾਣੀ ਸੰਗ, ਉਸ ਦੀ ਹਿੱਕੜੀ ਨੂੰ ਧੜਕਾਉਂਦੀ ਏ।
ਦਸਤਕ, ਦਖਸ਼ਣਾ ਨਹੀਂ, ਇਹ ਤਾਂ ਸਾਡੇ ਹੱਥਾਂ ਦੇ ਰੱਟਣਾਂ ਉਤੇ ਟਕੋਰ ਹੁੰਦੀ ਏ, ਮਿੱਠੀ ਜਿਹੀ ਲੋਰ ਹੁੰਦੀ ਏ ਅਤੇ ਜੀਵਨ ਦੇ ਕਾਫਲੇ ਦੀ ਮਟਕਣੀ ਤੋਰ ਹੁੰਦੀ ਏ।
ਮਿਥੇ ਟੀਚੇ ਦੀ ਪ੍ਰਾਪਤੀ ਦੀ ਦਸਤਕ, ਸਾਡੀ ਸਮਰੱਥਾ ਤੇ ਸੰਭਾਵਨਾਵਾਂ ਦੀ ਪ੍ਰਤੱਖ ਪ੍ਰਾਪਤੀ ਹੁੰਦੀ ਏ ਜਿਸ ਨੂੰ ਸੁਣਨ ਲਈ ਅਸੀਂ ਆਪਣੇ ਮਾਪਿਆਂ, ਸਬੰਧੀਆਂ ਤੇ ਸਮਾਜ ਦੀਆਂ ਭਾਵਨਾਵਾਂ ਨੂੰ ਵੀ ਮਨ ‘ਚ ਟਿਕਾਇਆ ਹੁੰਦਾ ਏ। ਅਜਿਹੀ ਦਸਤਕ ਦੀ ਵਿਸਮਾਦੀ ਯਾਦ, ਸਾਡੇ ਜੀਵਨ ਦੀ ਸੁਨਹਿਰੀ ਘੜੀ ਹੁੰਦੀ ਏ ਜਿਸ ਨੂੰ ਪਕੜਨ ਜਾਂ ਚਿਤਵਣ ਦੀ ਆਸਥਾ ਅਕਸਰ ਹੀ ਸਾਡੀ ਸੋਚਣੀ ਦਾ ਅੰਗ ਬਣੀ ਰਹਿੰਦੀ ਏ।
ਦਸਤਕ ਦੂਰ ਤੀਕ ਸਾਡੀਆਂ ਪੈੜਾਂ ਨੱਪਦੀ ਉਹ ਦੁਆ ਹੁੰਦੀ ਏ ਜਦੋਂ ਕੋਈ ਪਰਦੇਸ ਨੂੰ ਤੁਰਿਆ, ਕੰਨਾਂ ‘ਚ ਉਦਾਸ ਦਸਤਕ ਕਿਆਸਦਾ, ਮੁੜ ਮੁੜ ਦਰਾਂ ‘ਤੇ ਖੜੀ ਦੁਪਹਿਰ ਨੂੰ ਨਿਹਾਰਦਾ, ਮਜਬੂਰੀ ‘ਚ ਪੈਰਾਂ ਨੂੰ ਸਫਰ ਦਾ ਸਿਰਨਾਵਾਂ ਦੱਸਦਾ ਏ।
ਕਦੇ ਕਦੇ ਹੱਥੋਂ ਤਿਲਕ ਰਿਹਾ ਵਕਤ ਵੀ ਦਸਤਕ ਦਿੰਦਾ ਏ ਕਿ ਮੇਰੀ ਵੀ ਆਵਾਜ਼ ਸੁਣੋ। ਲੰਘਿਆ ਵਕਤ ਤੇ ਵਗਦਾ ਪਾਣੀ ਕਦੇ ਮੁੜ ਨਹੀਂ ਥਿਆਉਂਦੇ। ਭੂਤ, ਸਾਡੀ ਤਲੀ ‘ਤੇ ਭਵਿੱਖ ਦੇ ਸੁਪਨੇ ਟਿਕਾਉਂਦਾ ਏ। ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਹੀ ਆਪਣੀਆਂ ਪ੍ਰਾਪਤੀਆਂ ਦਾ ਮੁਖੜਾ ਨਿਹਾਰਨਾ ਹੁੰਦਾ ਏ।
ਦਸਤਕ ਦੀ ਦਾਸਤਾਨ ਜ਼ਰੂਰ ਸੁਣਿਓ ਤਾਂ ਕਿ ਤੁਸੀਂ ਕਦੇ ਤਾਂ ਦਸਤਕ ਦੇ ਰੂ-ਬ-ਰੂ ਹੋ, ਆਪਣੇ ਸਾਹਾਂ ਉਤੇ ਨਰੋਏ ਨਕਸ਼ਾਂ ਦੀ ਇਬਾਦਤ ਲਿਖ ਸਕੋ।
ਬੀਤੇ ਸਮੇਂ ‘ਚ ਜਦੋਂ ਵੀ ਸ਼ਾਮ ਪਿੰਡ ਦੀਆਂ ਬਰੂਹਾਂ ‘ਤੇ ਦਸਤਕ ਦਿੰਦੀ ਸੀ ਤਾਂ ਸਾਡੀਆਂ ਮਾਂਵਾਂ ਤੇ ਦਾਦੀਆਂ ਦੀਵਾ ਡੰਗਦੀਆਂ ਵਿਹੜੇ ਅਤੇ ਪਿੰਡ ਲਈ ਸੁੱਖ ਤੇ ਅਮਨ-ਚੈਨ ਲਈ ਅਰਦਾਸ ਕਰਦੀਆਂ ਸਨ। ਅਰਦਾਸ, ਜੋ ਅੰਤਰ-ਆਤਮਾ ਦੀ ਆਵਾਜ਼ ਬਣ ਕਈ ਅਚਰਜ ਵਰਤਾਰਿਆਂ ਦੀ ਰੂਹ ਬਣਦੀ ਅਤੇ ਸ਼ੁਭ-ਕਾਮਨਾਵਾਂ ਦੀ ਜੂਹ ਹੁੰਦੀ ਸੀ।
ਜੀਵਨ ਦੇ ਚਾਰ ਰੰਗਾਂ-ਬਚਪਨ, ਜਵਾਨੀ, ਅਧੇੜ ਉਮਰ ਤੇ ਬੁਢਾਪੇ ਦੀ ਦਸਤਕ, ਮਨੁੱਖੀ ਵਿਹਾਰ ਦੀ ਸਤਰੰਗੀ ਪੀਂਘ ਬਣ ਬਹੁਰੂਪੀ ਸੰਭਾਵਨਾਵਾਂ ਦੀ ਚਿੱਤਰਕਾਰੀ ਕਰਦੀ ਏ। ਉਸ ਦਸਤਕ ‘ਚ ਸਮੋਇਆ ਹੁੰਦਾ ਏ, ਬਹੁਰੰਗੀਆਂ ਪ੍ਰਾਪਤੀਆਂ ਦਾ ਇਤਿਹਾਸ ਅਤੇ ਭਵਿੱਖ ਦੀ ਜੂਹ ‘ਚ ਅੰਗੜਾਈਆਂ ਭਰਦਾ ਮਿਥਿਹਾਸ।
ਦਸਤਕ, ਦਗਦੇ ਅੰਗਿਆਰਾਂ ‘ਤੇ ਰੱਖੇ ਹੋਏ ਕਦਮ ਵੀ ਹੁੰਦੀ ਏ ਜਦੋਂ ਅਗਨ ‘ਚੋਂ ਠੰਡ ਦਾ ਅਹਿਸਾਸ ਉਪਜਾ, ਅਸੀਂ ਮੰਜ਼ਿਲ ਨੂੰ ਅਗਲਵਾਂਢੀ ਹੋ ਟੱਕਰਦੇ ਹਾਂ।
ਚਾਨਣ ਦੀ ਦਸਤਕ ‘ਚ ਹਨੇਰਿਆਂ ਦੇ ਗਲੇਡੂਆਂ ਕਾਰਨ ਗੰਗਾ ‘ਚ ਹੜ੍ਹ ਆਉਂਦਾ ਏ। ਹਾਸਿਆਂ ਦੀ ਦਸਤਕ ‘ਚ ਮੱਥੇ ਦੀਆਂ ਤਿਓੜੀਆਂ ਦਾ ਸੰਘਣਾਪਣ ਅਲੋਪ ਹੁੰਦਾ ਏ। ਚਾਵਾਂ ਦੀ ਦਸਤਕ ਨਾਲ ਸੰਧੂਰੀ ਰੰਗ ਮੁਖੜੇ ‘ਤੇ ਆਲ੍ਹਣਾ ਪਾਉਂਦਾ ਏ।
ਦਸਤਕ, ਅੱਡੇ ਹੋਏ ਹੱਥਾਂ ‘ਚ ਪ੍ਰਾਪਤ ਪਹਿਲੀ ਦੁਆ ਹੁੰਦੀ ਏ ਜਿਸ ਨਾਲ ਅਸੀਂ ਜੀਵਨ ਦੀ ਸੁੱਚੀ ਫੁਲਕਾਰੀ ਕੱਢਣ ਲਈ ਪਹਿਲਾ ਤੋਪਾ ਭਰਦੇ ਹਾਂ।
ਦਸਤਕ, ਹੋਣੀ ਦੀ ਆਰਜਾ ਵੀ ਬਣਦੀ ਏ ਜਦੋਂ ਅਸੀਂ ਜਿਉਣ ਨਾਲੋਂ ਮਰਨ ‘ਚੋਂ ਜ਼ਿੰਦਗੀ ਦੇ ਸੁੱਚੇ ਅਰਥਾਂ ਦੀ ਇਬਾਦਤ ਉਜਾਗਰ ਕਰਦੇ ਹਾਂ ਜਿਵੇਂ ਕਿ ਆਜ਼ਾਦੀ ਅੰਦੋਲਨ ਦੌਰਾਨ ਭਗਤ ਸਿੰਘ ਦੀ ਸ਼ਹੀਦੀ ਜਾਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਮਾਣ-ਮੱਤਾ ਇਤਿਹਾਸ।
ਦਸਤਕ, ਉਦੋਂ ਅਹਿਮੀਅਤ ਦਾ ਅੰਜਾਮ ਗ੍ਰਹਿਣ ਕਰਦੀ ਏ ਜਦੋਂ ਭੁੱਖੇ ਢਿੱਡ ਲਈ ਟੁੱਕਰ, ਕੁੱਲੀ ‘ਚ ਜਗਦਾ ਦੀਵਾ, ਉਡੀਕ ਦੀ ਤਲੀ ‘ਤੇ ਆਸ, ਬੇਉਮੀਦੀ ਦੇ ਵਖਤਾਂ ‘ਚ ਧਰਵਾਸ ਆਦਿ ਦੀ ਹਲਕੀ ਜਿਹੀ ਦਸਤਕ ਸੁੰਗੜੇ ਸਾਹਾਂ ਨੂੰ ਉਮਰੋਂ ਲੰਮੇਰੀ ਧੜਕਣ ਬਖਸ਼ਦੀ ਏ।
ਜਦੋਂ ਜੀਵਨ ਹੁੱਜਰੇ ‘ਤੇ ਕਾਲੇ ਵਸਤਰਾਂ ਵਾਲਾ ਸ਼ਖਸ ਦਸਤਕ ਦੇਵੇਗਾ ਅਤੇ ਜਿੰਦ ਡੂੰਘੀ ਨੀਂਦ ਵਿਚੋਂ ਜਾਗੇਗੀ ਤਾਂ ਜੀਵਨ ਦੇ ਹਿਸਾਬ-ਕਿਤਾਬ ਦੀਆਂ ਵਹੀਆਂ, ਜੀਵਨ ਲਈ ਵਕਫ ਕੀਤੇ ਮੁਨਕਰ ‘ਤੇ ਲਕੀਰ ਵਿਛਾ ਦੇਵੇਗਾ ਤਾਂ ਜਿੰਦ ਦਾ ਲੇਖਾ-ਜੋਖਾ, ਜੀਵਨ ਸ਼ਬਦਾਂ ਦੇ ਵਣਜ ਨਾਲੋਂ ਬੌਣਾ ਹੋਵੇਗਾ। ਜੀਵਨ ਨੂੰ ਭਰੋਸਾ ਹੈ ਕਿ ਜਿੰਦ ਆਪਣੀ ਉਮਰ ਦੇ ਰਕਬੇ ਉਤੇ ਪੂਰੀ ਫੈਲ ਜਾਵੇਗੀ।
ਦਸਤਕ ਜ਼ਰੂਰ ਸੁਣੋ। ਰੋਟੀਓਂ ਆਤੁਰ ਹੋਏ ਲਾਚਾਰ ਦੀ, ਸ਼ੋਰ ‘ਚ ਗੁੰਮ ਰਹੀ ਸੰਗੀਤਕ ਫੁਹਾਰ ਦੀ, ਫੁੱਲਾਂ ‘ਤੇ ਪੈ ਰਹੀ ਕੰਡਿਆਂ ਦੀ ਮਾਰ ਦੀ, ਨਿਰਬਲ ਦੇ ਨੈਣਾਂ ‘ਚ ਤਰਦੀ ਪੁਕਾਰ ਦੀ, ਸਿਸਕ ਰਹੇ ਮਾਨਵੀ ਕਿਰਦਾਰ ਦੀ ਅਤੇ ਹਉਕਿਆਂ ‘ਚ ਭਿੱਜੀ ਹੋਈ ਬਹਾਰ ਦੀ।
ਦੋਸਤੋ! ਉਸ ਦਸਤਕ ਦਾ ਹੁੰਗਾਰਾ ਜ਼ਰੂਰ ਭਰਿਓ, ਜੋ ਤੁਹਾਨੂੰ ਮਾਨਵਤਾ ਦੀ ਮੁਹਾਰਨੀ ਰਟਾਵੇ, ਤੁਹਾਡੇ ਹੱਥਾਂ ‘ਚ ਦੁਖ-ਹਰਨ ਵਾਲੀ ਸਫਾ ਟਿਕਾਵੇ, ਤੁਹਾਡੀ ਸੋਚ ਵਿਚ ਸੁੱਚਮਤਾ ਦੀ ਜੋਤ ਜਗਾਵੇ ਅਤੇ ਤੁਹਾਨੂੰ ਨਿਜ ਤੋਂ ਪਰ ਤੀਕ ਦੀ ਧਰਾਤਲ ਦੀ ਸੈਰ ਕਰਾਵੇ।