ਅੰਮ੍ਰਿਤਸਰ: ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਗੁਰਬਾਣੀ ਦੇ ਕੀਰਤਨ ਤੇ ਕਥਾ ਵਿਖਿਆਨ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਸਤੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ‘ਸ਼੍ਰੋਮਣੀ ਪੰਥਕ ਰਾਗੀ’ ਤੇ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਨੂੰ ‘ਭਾਈ ਸਾਹਿਬ’ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ।ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਨੇਤਰਹੀਣ ਰਾਗੀ ਭਾਈ ਗੁਰਮੇਜ ਸਿੰਘ ਨੂੰ ਨੇਤਰਹੀਣਾਂ ਲਈ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿੱਪੀ ਵਿਚ ਲਿਪੀਆਂਤਰਣ ਕਰਨ ਲਈ ਤੇ ਸਿੱਖ ਇਤਿਹਾਸਕਾਰ ਡਾæ ਕਿਰਪਾਲ ਸਿੰਘ ਨੂੰ ਵੀ ਉਨ੍ਹਾਂ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਬਦਲੇ ਅਕਾਲ ਤਖ਼ਤ ਤੋਂ ਵਿਸ਼ੇਸ਼ ਸਨਮਾਨ ਦੇਣ ਦੀ ਅਪੀਲ ਕੀਤੀ ਗਈ।
ਅਕਾਲ ਤਖ਼ਤ ਵਿਖੇ ਇਨ੍ਹਾਂ ਦੋਵਾਂ ਸਿੱਖ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਪੰਜ ਸਿੰਘ ਸਾਹਿਬਾਨਾਂ ਵਿਚ ਸ਼ਾਮਲ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਕੇਸਗੜ੍ਹ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਤੇ ਤਖ਼ਤ ਪਟਨਾ ਸਾਹਿਬ ਤੋਂ ਗ੍ਰੰਥੀ ਗਿਆਨੀ ਰਾਮ ਸਿੰਘ ਨੇ ਅਕਾਲ ਤਖ਼ਤ ਦੀ ਫਸੀਲ ਤੋਂ ਰਾਗੀ ਭਾਈ ਹਰਬਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ‘ਸ਼੍ਰੋਮਣੀ ਪੰਥਕ ਰਾਗੀ’ ਦੀ ਉਪਾਧੀ ਨਾਲ ਸਨਮਾਨਤ ਕਰਦਿਆਂ ਸਿਰੋਪਾਓ, ਲੋਈ, ਸਨਮਾਨ ਪੱਤਰ, ਚਾਂਦੀ ਦੀ ਤਸ਼ਤਰੀ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਤ ਕੀਤਾ। ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੂੰ ‘ਭਾਈ ਸਾਹਿਬ’ ਦੀ ਉਪਾਧੀ ਦਿੰਦਿਆਂ ਸਿਰੋਪਾਓ, ਲੋਈ, ਸਨਮਾਨ ਪੱਤਰ, ਚਾਂਦੀ ਦੀ ਤਸ਼ਤਰੀ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਵਾਂ ਸਿੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਸਿਰੋਪਾਓ ਭੇਟ ਕੀਤੇ ਗਏ।ਉਨ੍ਹਾਂ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਬਰੇਲ ਲਿੱਪੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਲਿੱਪੀਆਂਤਰਣ ਕਰਨ ਵਾਲੇ ਸੂਰਮੇ ਸਿੰਘ ਭਾਈ ਗੁਰਮੇਜ ਸਿੰਘ ਸਾਬਕਾ ਹਜੂਰੀ ਰਾਗੀ ਤੇ ਪ੍ਰਸਿੱਧ ਇਤਿਹਾਸਕਾਰ ਡਾæ ਕਿਰਪਾਲ ਸਿੰਘ ਨੂੰ ਵੀ ਅਕਾਲ ਤਖ਼ਤ ਤੋਂ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਜਾਵੇ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਨ ਤੋਂ ਬਾਅਦ ਇਸ ਬਾਰੇ ਫੈਸਲਾ ਕੀਤਾ ਜਾਵੇਗਾ।
______________________________________
ਜੀਵਨ ਝਾਤ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ
ਚੰਡੀਗੜ੍ਹ: ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਲੜਵਾੜ ਵਿਚ ਇਕ ਅਪਰੈਲ, 1958 ਨੂੰ ਸ਼ ਬੇਅੰਤ ਸਿੰਘ ਤੇ ਬੀਬੀ ਤੇਜ ਕੌਰ ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਜੀ ਫ਼ੌਜ ਵਿਚ ਨੌਕਰੀ ਕਰਦੇ ਹੋਏ, ਕੀਰਤਨ ਦੀ ਸੇਵਾ ਵੀ ਕਰ ਲੈਂਦੇ ਸਨ। ਉਨ੍ਹਾਂ ਨੂੰ ਕਵਿਤਾਵਾਂ ਲਿਖਣ ਤੇ ਧਾਰਮਿਕ ਗੀਤ ਗਾਉਣ ਦਾ ਸ਼ੌਕ ਸੀ। ਭਾਈ ਹਰਜਿੰਦਰ ਸਿੰਘ ਕੇਵਲ ਢਾਈ ਸਾਲ ਦੇ ਸਨ ਜਦ ਇਨ੍ਹਾਂ ਦੇ ਪਿਤਾ ਜੀ ਇਕ ਦੁਰਘਟਨਾ ਸਮੇਂ ਅਕਾਲ ਪੁਰਖ ਨੂੰ ਪਿਆਰੇ ਹੋ ਗਏ। ਚਾਰ ਭਾਈਆਂ, ਦੋ ਭੈਣਾਂ ਦਾ ਪਾਲਣ-ਪੋਸ਼ਣ ਮਾਂ ਨੇ ਮਿਹਨਤ-ਮੁਸ਼ੱਕਤ ਕਰਕੇ ਕੀਤਾ। 1975 ਵਿਚ ਭਾਈ ਸਾਹਿਬ ਨੇ ਮਾੜੀ ਬੁਚੀਆਂ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਤੇ 1978-80 ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੀ ਸਿੱਖਿਆ ਪਹਿਲੇ ਦਰਜੇ ਵਿਚ ਰਹਿੰਦਿਆਂ ਪ੍ਰਾਪਤ ਕੀਤੀ। 1980 ਵਿਚ ਭਾਈ ਸਾਹਿਬ ਨੇ ਰਾਗੀ ਜਥਾ ਬਣਾ ਲਿਆ। ਇਨ੍ਹਾਂ ਦੇ ਸਾਥੀ ਭਾਈ ਮਨਿੰਦਰ ਸਿੰਘ ਤੇ ਭਾਈ ਹਰਨਾਮ ਸਿੰਘ ਸਨ। 15 ਮਈ, 1980 ਨੂੰ ਇਹ ਸ੍ਰੀਨਗਰ ਚਲੇ ਗਏ ਜਿਥੇ ਗੁਰਦੁਆਰਾ ਮੀਰਾ ਕਤਲ ਵਿਚ ਜੁਲਾਈ, 1983 ਤੱਕ ਕੀਰਤਨ ਦੀ ਸੇਵਾ ਕੀਤੀ ਜਿਸ ਸਦਕਾ ਇਨ੍ਹਾਂ ਦੇ ਨਾਂ ਨਾਲ ਸ੍ਰੀਨਗਰ ਸ਼ਬਦ ਜੁੜ ਗਿਆ। ਫਿਰ ਕੁਝ ਸਮਾਂ ਗੁਰਦੁਆਰਾ ਸਬਜ਼ੀ ਮੰਡੀ, ਗੁਰਦੁਆਰਾ ਕਲਗੀਧਰ ਸਿੰਘ ਸਭਾ, ਲੁਧਿਆਣਾ ਵਿਚ ਕੀਰਤਨ ਦੀ ਹਾਜ਼ਰੀ ਭਰਦੇ ਰਹੇ। 1985 ਵਿਚ ਪਹਿਲੀ ਕੈਸਟ ‘ਸਭ ਦੇਸ ਪਰਾਇਆ’ ਕੱਢੀ।’ਵਾਟਾਂ ਲੰਮੀਆਂ ਤੇ ਰਸਤਾ ਪਹਾੜ’ ਦੇ ਨਾਂ ਹੇਠ ਗੀਤਾਂ ਦੀ ਕੈਸਟ ਬਹੁਤ ਮਕਬੂਲ ਹੋਈ। 120 ਦੇ ਕਰੀਬ ਕੈਸਿਟਾਂ ਤੇ ਸੀæਡੀਆਂæ ਤਿਆਰ ਕੀਤੀਆਂ ਗਈਆਂ। ‘ਗਲੀ ਜੋਗ ਨ ਹੋਈ’, ‘ਬਾਬਰ ਬਾਣੀ’, ‘ਬਿਰਹਾ’, ‘ਜਗ ਕਮਲਾ ਫਿਰੇ’, ‘ਸਾਜਨ’, ‘ਧੰਨ ਧੰਨ ਰਾਮਦਾਸ ਗੁਰੂ’, ‘ਝੂਠੁ ਨ ਬੋਲਿ ਪਾਡੇ’ ਬਹੁਤ ਪ੍ਰਵਾਨ ਚੜ੍ਹੀਆਂ। ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਵੀ ਸ਼੍ਰੋਮਣੀ ਰਾਗੀ ਦਾ ਸਨਮਾਨ ਸਤਿਕਾਰ ਪ੍ਰਾਪਤ ਕਰ ਚੁੱਕੇ ਹਨ।
_______________________________________
ਜੀਵਨ ਝਾਤ ਭਾਈ ਪਿੰਦਰਪਾਲ ਸਿੰਘ
ਚੰਡੀਗੜ੍ਹ: ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਅਕਾਲ ਚਲਾਣੇ ਉਪਰੰਤ ਗੁਰਬਾਣੀ-ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਦੇ ਖੇਤਰ ਵਿਚ ਪੈਦਾ ਹੋਏ ਖਲਾਅ ਨੂੰ ਘਟਾਉਣ ਵਿਚ ਭਾਈ ਪਿੰਦਰਪਾਲ ਸਿੰਘ ਲੁਧਿਆਣਾ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਭਾਈ ਪਿੰਦਰਪਾਲ ਸਿੰਘ ਦਾ ਪਿਛੋਕੜ ਗੁਰਦੁਆਰਾ ਸੱਚਾ ਸੌਦਾ ਚੂੜਕਾਣਾ, ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਨਾਲ ਜੁੜਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਭਾਈ ਸਾਹਿਬ ਸੱਚ-ਧਰਮ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨਾਲ ਜੁੜ ਗਏ। ਸ਼ ਹਰਦਿਆਲ ਸਿੰਘ ਤੇ ਮਾਤਾ ਬਲਬੀਰ ਕੌਰ ਦੀ ਗੋਦੜੀ ਦੇ ਲਾਲ, ਭਾਈ ਸਾਹਿਬ ਦਾ ਜਨਮ ਜੁਲਾਈ, 1966 ਵਿਚ ਕਰਨਾਲ ਜਿਲ੍ਹੇ ਦੇ ਪਿੰਡ ਬਾਰਵਾ ਮਾਜਰਾ ਵਿਚ ਹੋਇਆ। ਮੁਢਲੀ ਵਿੱਦਿਆ ਪਿੰਡ ਤੋਂ ਪ੍ਰਾਪਤ ਕਰ ਗੁਰਮਤਿ ਵਿੱਦਿਆ, ਗੁਰਮਤਿ ਮਿਸ਼ਨਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ। ਗੁਰਮਤਿ ਮਿਸ਼ਨਰੀ ਕਾਲਜ ਤੋਂ ਸਿੱਖ ਸੋਚ ਦੀ ਸਮਝ ਪ੍ਰਾਪਤ ਕਰਕੇ ਇਸ ਦੇ ਪ੍ਰਚਾਰ-ਪ੍ਰਸਾਰ ਹਿੱਤ ਦੇਸ਼-ਵਿਦੇਸ਼ ਦਾ ਖੂਬ ਭਰਮਣ ਕੀਤਾ। ਸ਼ਬਦ ਵੀਚਾਰ ਦੀ ਸੇਵਾ ਗੁਰਦੁਆਰਾ ਕਲਗੀਧਰ ਸਾਹਿਬ ਲੁਧਿਆਣਾ ਤੋਂ ਆਰੰਭ ਕੀਤੀ। ਸ਼ਬਦ-ਵੀਚਾਰ, ਗੁਰਬਾਣੀ ਦੀ ਸਹਿਜ ਵਿਆਖਿਆ ਪ੍ਰਣਾਲੀ ਨੂੰ ਮੁੱਖ ਰੱਖਦੇ ਹੋਏ ਕਰਦੇ ਹਨ। ਗੁਰਬਾਣੀ ਵਿਚਾਰ ਸਮੇਂ, ਗੁਰਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਦੀਆਂ ਪਾਵਨ ਰਚਨਾਵਾਂ ਨੂੰ ਆਧਾਰ ਬਣਾਉਂਦੇ ਹਨ। ਸਮੇਂ-ਸਮੇਂ ਇਤਿਹਾਸਿਕ ਪ੍ਰਕਰਣ ਨੂੰ ਉਜਾਗਰ ਕਰਨ ਲਈ ਇਤਿਹਾਸਕ ਹਵਾਲੇ ਵੀ ਬਾਖੂਬੀ ਵਰਤਦੇ ਹਨ। ਭਾਈ ਪਿੰਦਰਪਾਲ ਸਿੰਘ ਆਪਣੀ ਬੋਲਣ ਸ਼ਕਤੀ ਨੂੰ ਗੁਰੂ ਦੀ ਬਖਸ਼ਿਸ਼ ਮੰਨਦੇ ਹਨ। ਇਨ੍ਹਾਂ ਦੀ ਵਿਚਾਰ ਬਾਹਰੀ ਤਲ ਤੱਕ ਹੀ ਸੀਮਤ ਨਹੀਂ ਸਗੋਂ ਅੰਦਰ ਬੋਲਦਾ ਹੈ, ਜਿਸ ਕਰਕੇ ਸਰੋਤੇ ਦੇ ਮਨ ‘ਤੇ ਸਿੱਧਾ ਅਸਰ ਹੁੰਦਾ ਹੈ। ਉਹ ਵਿਅਕਤੀਵਾਦ ਦੀ ਸਿਫ਼ਤ ਸਲਾਹ, ਪ੍ਰਬੰਧਕਾਂ ਦੇ ਸੋਹਲੇ ਗਾਉਣ ਤੋਂ ਬਚ ਕੇ ਕਥਾ-ਵਿਚਾਰ ਕਰਨ ਦਾ ਯਤਨ ਕਰਦੇ ਹਨ। ਡੇਰੇਦਾਰੀ, ਪਖੰਡਵਾਦ ਤੇ ਸੌੜੀ ਸਿਆਸੀ ਸੋਚ ਤੋਂ ਬਚ ਕੇ ਨਿਰਭੈ ਹੋ ਕੇ ਗੁਰਮਤਿ ਵਿਚਾਰ ਕਰਨੀ ਇਨ੍ਹਾਂ ਦਾ ਸੁਭਾਅ ਹੈ। ਗਿਆਨੀ ਪਿੰਦਰਪਾਲ ਸਿੰਘ ਦੀ ਕਥਾ ਪੰਜਾਬੀ ਚੈਨਲਾਂ, ਰੇਡੀਓ, ਸੀæਡੀæ ਕੈਸਟਾਂ ਰਾਹੀ ਵੀ ਸੁਣਨ ਨੂੰ ਮਿਲਦੀ ਹੈ।
Leave a Reply