ਪ੍ਰਿੰæ ਨਿਰੰਜਣ ਸਿੰਘ ਢੇਸੀ
ਫੋਨ: 317-672-7272
ਪੰਜਾਬ ਅੰਦਰ 20ਵੀਂ ਸਦੀ ਦੇ ਆਖਰੀ ਦਹਾਕਿਆਂ ਦੌਰਾਨ ਸਿੱਖਾਂ ਲਈ ਇਨਸਾਫ ਦੇ ਬੈਨਰ ਹੇਠ ਚਲਦੀ ਬੇਸਿਰ-ਪੈਰ ਹਿੰਸਕ ਲਹਿਰ ਨੇ ਅਵਤਾਰ ਪਾਸ਼, ਜੈਮਲ ਪੱਡਾ, ਰਵਿੰਦਰ ਰਵੀ ਅਤੇ ਦਰਸ਼ਨ ਸਿੰਘ ਕੈਨੇਡੀਅਨ ਵਰਗੇ ਸਾਡੇ ਅਨੇਕਾਂ ਬਹੁਤ ਹੀ ਸੁਹਿਰਦ ਸਾਥੀਆਂ ਅਤੇ ਸਾਹਿਤ ਕਰਮੀਆਂ ਦੀਆਂ ਜਾਨਾਂ ਲੈ ਲਈਆਂ। ਕੁਲਬੀਰ ਹੁੰਦਲ ਵੀ ਸਾਨੂੰ ਇਸੇ ਲੜੀ ਦਾ ਇਕ ਹੋਰ ਮਣਕਾ ਨਜ਼ਰ ਆਉਂਦਾ ਹੈ ਅਤੇ ਪੰਜਾਬ ਅੰਦਰ ਰਾਜਨੀਤਕ ਬੇਚੈਨੀ ਦੀ ਕੋਈ ਵੀ ਚੁਆਤੀ ਮੁੜ ਉਠਦਿਆਂ ਹੀ ਸਾਨੂੰ ਕੁਲਬੀਰ ਜਿਹੇ ਹੋਰਨਾਂ ਦੀ ਯਾਦ ਆ ਜਾਂਦੀ ਹੈ।
ਕੁਲਬੀਰ ਸਾਲ 1968 ਦੇ ਵਿਦਿਆਰਥੀ ਸੰਘਰਸ਼ ਦੌਰਾਨ ਲੋਕ ਪੱਖੀ ਸਿਆਸਤ ਵਿਚ ਸਰਗਰਮ ਹੋਇਆ ਅਤੇ ਪੂਰੇ 20 ਵਰ੍ਹੇ ਟਿਕਾ ਕੇ ਕੰਮ ਕੀਤਾ। ਸਾਲ 1983-84 ਦੌਰਾਨ ਜਦੋਂ ਅੰਦੋਲਨ ਨੇ ਫਿਰਕੂ ਅਤੇ ਪਿਛਾਖੜੀ ਕਰਵਟ ਲਈ ਤਾਂ ਉਹ ਉਦਾਸ ਰਹਿਣ ਲੱਗ ਪਿਆ ਕਿ ਉਨ੍ਹਾਂ ਦੇ ਸੰਗਰਾਮ ਦੇ ਵਰ੍ਹਿਆਂ ਦਾ ਇਹ ਕੀ ਬਣਿਆ ਹੈ? ਇਸ ਮਾਹੌਲ ਵਿਰੁਧ ਆਪਣੇ ਹੀ ਤਰੀਕੇ ਨਾਲ ਵਿਦਰੋਹ ਕਰਦਿਆਂ ਉਸ ਨੇ ਸਾਲ 1988 ‘ਚ ਗਲ ਫਾਹਾ ਪਾ ਕੇ ਆਤਮ ਹੱਤਿਆ ਕਰ ਲਈ
ਅੱਧੀ ਸਦੀ ਬੀਤ ਗਈ। ਮੇਰੀਆਂ ਯਾਦਾਂ ਨਾਲ ਜੁੜੇ ਕੁਝ ਖਾਸ ਚਿਹਰੇ ਮੈਨੂੰ ਵਿਸਰੇ ਨਹੀਂ। 1968-69 ਦਾ ਉਹ ਵਰ੍ਹਾ ਮੇਰੇ ਚੇਤੇ ਵਿਚ ਅੱਜ ਉਕਰਿਆ ਹੋਇਆ ਹੈ, ਜਦੋਂ ਮੇਰੀ ਮੁਲਾਕਾਤ ਕੁਲਬੀਰ ਹੁੰਦਲ ਨਾਲ ਹੋਈ। ਪਹਿਲੀ ਹੀ ਨਜ਼ਰੇ ਮੈਨੂੰ ਉਹ ਵਿਲੱਖਣ ਨਜ਼ਰ ਆਇਆ ਤੇ ਕਾਲਜ ਦੇ ਵਿਦਿਆਰਥੀ ਮਸਲਿਆਂ ਬਾਰੇ ਵਿਚਰਦਿਆਂ ਅਸੀਂ ਹੋਰ ਨੇੜੇ ਹੁੰਦੇ ਗਏ। ਪਤਾ ਲੱਗਾ ਕਿ ਉਹ ਹਰਭਜਨ ਸਿੰਘ ਹੁੰਦਲ, ਜਲੰਧਰ ਦੇ ਸਾਹਿਤਕ ਹਲਕਿਆਂ ਵਿਚ ਸ਼ ਸ਼ ਮੀਸ਼ਾ, ਜਗਤਾਰ, ਚੰਦ, ਹਸਰਤ, ਸੁਰਿੰਦਰ ਗਿੱਲ ਸਮੇਤ ਚਰਚਾ ਵਿਚ ਸੀ। ਕੁਲਬੀਰ ਦੀ ਆਪਣੀ ਠੋਸ ਪਛਾਣ ਸੀ। ਉਹ ਲੋਕ ਲਹਿਰਾਂ ਨੂੰ ਪ੍ਰਣਾਇਆ ਹੋਇਆ ਨੌਜਵਾਨ ਸੀ। ਕਾਲਜ ਵਿਚ ਉਹ ਮੇਰੇ ਤੋਂ ਇਕ ਸਾਲ ਸੀਨੀਅਰ ਸੀ। ਕੁਲਤਾਰ ਸੰਧੂ ਤੇ ਦਲਜੀਤ ਸੇਖੋਂ ਉਸ ਦੇ ਪੱਕੇ ਆੜੀ ਸਨ ਅਤੇ ਸਠਿਆਲਾ ਕਾਲਜ ਤੋਂ ਉਸ ਦਾ ਪੁਰਾਣਾ ਸਾਥੀ ਗੁਰਦਿਆਲ ਬੱਲ ਉਨ੍ਹੀਂ ਦਿਨੀਂ ਜਲੰਧਰ ਉਸ ਦੇ ਕੋਲ ਸੀ। ਅਸੀਂ ਨਿੱਤ ਨਵੇਂ ਪ੍ਰੋਗਰਮ ਉਲੀਕਦੇ ਤੇ ਕੁਲਬੀਰ ਹਮੇਸ਼ਾ ਪਹਿਲੀ ਕਤਾਰ ਵਿਚ ਹੁੰਦਾ। ਦਿੱਖ ਵਜੋਂ ਉਹ ਬੇਹੱਦ ਸੁਡੋਲ ਨੌਜਵਾਨ ਸੀ ਅਤੇ ਅੰਦਰੋਂ ਸੰਘਰਸ਼ਸ਼ੀਲ ਰਹਿਣ ਲਈ ਪ੍ਰਤੀਬੱਧ ਸੀ। ਉਨ੍ਹਾਂ ਦਿਨਾਂ ਵਿਚ ਸੁਰਿੰਦਰ ਗਿੱਲ, ਅਮਰਜੀਤ ਚੰਦਨ, ਬਲਦੇਵ ਦੂਹੜੇ ਤੇ ਚਿਰੰਜੀਵ ਸਿੰਘ ਵੀ ਉਥੇ ਸਨ। ਮਾਹੌਲ ਹਮੇਸ਼ਾ ਵਿਚਾਰ-ਚਰਚਾ ਵਾਲਾ ਤੇ ਜ਼ਿੰਦਗੀ ਦਾ ਰੁਖ ਬਦਲ ਕੇ ਲੋਕ ਹਿਤ ਵਿਚ ਕਰਨ ਲਈ ਯਤਨਸ਼ੀਲ ਰਹਿੰਦਾ। ਕੁਲਬੀਰ ਦੀ ਤਿੱਖੀ ਤੇ ਪ੍ਰਭਾਵਸ਼ਾਲੀ ਤਕਰੀਰ ਵਿਦਿਆਰਥੀਆਂ ਵਿਚ ਜੋਸ਼ ਭਰ ਦਿੰਦੀ। ਸਟੇਜ ਤੋਂ ਵੱਡੇ ਇਕੱਠਾਂ ਨੂੰ ਸੰਬੋਧਨ ਕਰਨ ਦੇ ਪੱਖ ਤੋਂ ਮੈਂ ਕੁਲਬੀਰ ਦੇ ਪਿਛੇ ਪਿਛੇ ਸਾਂ। ਜਦ ਉਹ ਬੋਲਦਾ, ਉਸ ਦੀਆਂ ਅੱਖਾਂ ਜੋਸ਼ ਵਿਚ ਮਘ ਉਠਦੀਆਂ ਅਤੇ ਚਿਹਰਾ ਜਿਵੇਂ ਲੋਹੇ ਦਾ ਬਣ ਜਾਂਦਾ। ਉਸ ਦੇ ਇਰਾਦੇ ਸਪਸ਼ਟ ਤੇ ਮਜ਼ਬੂਤ ਸਨ। ਮੈਨੂੰ ਉਸ ਦੀ ਬੇਬਾਕੀ, ਨਿਸ਼ੰਗਤਾ, ਦਲੇਰੀ ਅਤੇ ਸੁਹਿਰਦਤਾ ਬਹੁਤ ਟੁੰਬਦੀ ਸੀ। ਇਕ ਵੱਡੀ ਖੂਬੀ ਸੀ ਕਿ ਉਹ ਕਦੇ ਛੋਟੀ ਗੱਲ ਨਹੀਂ ਸੀ ਕਰਦਾ। ਨਾ ਹੀ ਵਿਰੋਧੀਆਂ ਨੂੰ ਘਟਾ ਕੇ ਵੇਖਦਾ ਸੀ ਤੇ ਨਾ ਵਧਾ ਕੇ। ਉਹ ਹਮੇਸ਼ਾ ਦਲੀਲ ਨਾਲ ਗੱਲ ਕਰਦਾ ਅਤੇ ਮੈਂ ਉਸ ਨੂੰ ਲੜਦਿਆਂ-ਝਗੜਦਿਆਂ ਨਹੀਂ ਸੀ ਵੇਖਿਆ।
ਬੀæਏæ ਕਰਨ ਤੋਂ ਬਾਅਦ ਉਹ ਡੀæਏæਵੀæ ਕਾਲਜ ਅੰਗਰੇਜ਼ੀ ਦੀ ਐਮæਏæ ਕਰਨ ਚਲਾ ਗਿਆ ਪਰ ਸਾਡਾ ਸੰਪਰਕ ਕਾਇਮ ਰਿਹਾ। ਡੀæਏæਵੀæ ਕਾਲਜ ਵਿਚ ਪ੍ਰਬੰਧਕਾਂ ਦੀਆਂ ਵਧੀਕੀਆਂ ਦੇ ਵਿਰੋਧ ਵਿਚ ਅਸੀਂ ਇਕੱਠੇ ਤੁਰਦੇ ਰਹੇ। ਉਨ੍ਹਾਂ ਦਿਨਾਂ ਵਿਚ ਉਥੇ ਹਰਿੰਦਰ ਸੋਹਲ ਵੀ ਸੀ ਜਿਹੜਾ ਪਿਛੋਂ ਕੈਨੇਡਾ ਆ ਕੇ ਅਸੰਬਲੀ ਮੈਂਬਰ ਬਣਿਆ। ਪਰਖ ਦੇ ਕਈ ਮੌਕੇ ਆਏ, ਕੁਲਬੀਰ ਸਦਾ ਮੂਹਰਲੀਆਂ ਸਫਾਂ ਵਿਚ ਰਿਹਾ। ਉਹ ਵਿਚਾਰਧਾਰਕ ਤੌਰ ‘ਤੇ ਖੱਬੀ ਲਹਿਰ ਨਾਲ ਤਨੋ, ਮਨੋ ਜੁੜਿਆ ਹੋਇਆ ਸੀ। ਉਹ ਮੁਹੱਬਤੀ ਬੰਦਾ ਸੀ ਤੇ ਦੋਸਤੀਆਂ ਪਾਲਣੀਆਂ ਜਾਣਦਾ ਸੀ।
ਅਸੀਂ ਇਕ ਦੂਜੇ ਤੋਂ ਦੂਰ ਚਲੇ ਗਏ ਪਰ ਚੇਤੇ ਦੀਆਂ ਤਾਰਾਂ ਉਸੇ ਤਰ੍ਹਾਂ ਜੁੜੀਆਂ ਰਹੀਆਂ। ਮੈਂ ਕਾਲਜ ਵਿਚ ਪੜ੍ਹਾਉਣ ਲੱਗਾ ਤਾਂ ਉਸ ਦੇ ਭਤੀਜੇ-ਭਤੀਜੀ (ਹਰਭਜਨ ਸਿੰਘ ਹੁੰਦਲ ਦੇ ਬੱਚੇ) ਮੇਰੇ ਕੋਲ ਪੜ੍ਹਨ ਲੱਗੇ। ਸੁੱਖ ਸੁਨੇਹਾ ਮਿਲਦਾ ਰਹਿੰਦਾ। ਫੇਰ ਅਚਾਨਕ ਪਤਾ ਲੱਗਾ ਕਿ ਉਹ ਏਨੀ ਦੂਰ ਚਲਾ ਗਿਆ ਹੈ ਜਿਥੋਂ ਕੋਈ ਵਾਪਸ ਨਹੀਂ ਆਉਂਦਾ। ਕਈ ਸਾਲ ਬਾਅਦ ਉਸ ਦਾ ਪੁੱਤਰ ਰਣਬੀਰ ਹੁੰਦਲ ਮੇਰੇ ਕੋਲ ਐਮæਏæ ਵਿਚ ਦਾਖਲ ਹੋਇਆ। ਦੋ ਵਰ੍ਹੇ ਲਗਾਤਾਰ ਮੈਂ ਉਸ ਦੀ ਦਿੱਖ ਵਿਚ ਕੁਲਬੀਰ ਨੂੰ ਵੇਖਦਾ ਰਿਹਾ। ਉਹ ਤਕਰੀਬਨ ਹਰ ਰੋਜ਼ ਮੇਰੇ ਦਫਤਰ ਆਉਂਦਾ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ, ਜਦ ਉਹ ਮੇਰੇ ਕੋਲ ਨਾ ਆਇਆ ਹੋਵੇ। ਜੇ ਕਦੇ ਉਸ ਨੂੰ ਗੱਲ ਵਿਸਰ ਗਈ ਹੁੰਦੀ ਤਾਂ ਮੈਂ ਆਪ ਉਸ ਨੂੰ ਬੁਲਾ ਲੈਂਦਾ। ਮੈਂ ਉਸ ਵਿਚੋਂ ਆਪਣੇ ਦੋਸਤ ਦਾ ਚਿਹਰਾ ਲੱਭਦਾ ਰਹਿੰਦਾ ਤੇ ਉਹ ਮੇਰੇ ਕੋਲੋਂ ਆਪਣੇ ਪਿਤਾ ਦੀਆਂ ਗੱਲਾਂ ਸੁਣਨ ਵਿਚ ਬੜੀ ਦਿਲਚਸਪੀ ਲੈਂਦਾ।
ਬੰਦੇ ਚਲੇ ਜਾਂਦੇ ਹਨ ਪਰ ਉਹ ਆਪਣੀਆਂ ਪੈੜਾਂ ਛੱਡ ਜਾਂਦੇ ਹਨ। ਕੁਝ ਬੰਦੇ ਐਸੇ ਹੁੰਦੇ ਹਨ ਜੋ ਚਲੇ ਜਾਣ ਬਾਅਦ ਵੀ ਤੁਹਾਡੇ ਅੰਗ-ਸੰਗ ਰਹਿੰਦੇ ਹਨ ਤੇ ਉਨ੍ਹਾਂ ਦੇ ਵਿਛੜ ਜਾਣ ‘ਤੇ ਪੈਦਾ ਹੋਇਆ ਖਲਾਅ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਹ ਆਪਣੇ ਪਰਿਵਾਰ ਵਿਚ ਜਿਉਂਦਾ ਹੈ, ਜੀਵਨ ਜਿਉਂ ਦਾ ਤਿਉਂ ਨਿਰੰਤਰ ਜਾਰੀ ਹੈ। ਬੀਬੀ ਦਾਤਾਰ ਕੌਰ ਨੇ ਉਸ ਤੋਂ ਬਿਨਾ ਗੁਜ਼ਾਰੇ ਵਰ੍ਹੇ ਭਗਤੀ ਤੋਂ ਲਈ ਸ਼ਕਤੀ ਨਾਲ ਗੁਜ਼ਾਰੇ ਹਨ। ਉਸ ਖੂਬਸੂਰਤ ਤੇ ਖੂਬਸੀਰਤ ਇਨਸਾਨ ਨੂੰ ਸਰੀਰਕ ਤੌਰ ‘ਤੇ ਵੇਖਿਆ-ਲੱਭਿਆ ਨਹੀਂ ਜਾ ਸਕਦਾ ਪਰ ਆਪਣੇ ਵਿਚਾਰਾਂ ਕਰਕੇ ਉਹ ਸਾਡੇ ਅੰਗ-ਸੰਗ ਹੈ।
ਨਹੀਂ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।
—
ਵਗਦੇ ਪਾਣੀਆਂ ਨੂੰ ਮੁੱਠਾਂ ਵਿਚ ਫੜ੍ਹਿਆ ਨਾ ਕਰ।
ਐਵੇਂ ਪੌਣਾਂ ਦੇ ਘੋੜਿਆਂ ‘ਤੇ ਚੜ੍ਹਿਆ ਨਾ ਕਰ।