ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅੱਜ ਕੱਲ੍ਹ ਭਖੇ ਹੋਏ ਮਸਲੇ ਦਾ ਅਸਲ ਨਿਸ਼ਾਨਾ ਖੱਬੇ ਪੱਖੀ ਹਨ ਜੋ ਚਿਰਾਂ ਤੋਂ ਇਸ ਯੂਨੀਵਰਸਿਟੀ ਵਿਚ ਛਾਏ ਹੋਏ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਹੁਣ ਸੰਸਦਵਾਦੀ ਅਤੇ ਗੈਰ-ਸੰਸਦਵਾਦੀ ਖੱਬੇ ਪੱਖੀਆਂ ਵਿਚਕਾਰ ਲਕੀਰ ਖਿੱਚ ਕੇ ਇਨ੍ਹਾਂ ਨੂੰ ਇਕੱਲੇ-ਇਕੱਲੇ ਨਿਖੇੜ ਕੇ ਖਦੇੜਨ ਦੇ ਰਾਹ ਪਈ ਹੋਈ ਹੈ।
ਇਸ ਸਮੁੱਚੇ ਹਾਲਾਤ ਬਾਰੇ ਤਬਸਰਾ ਕਰ ਰਹੇ ਹਨ ਸਾਡੇ ਕਾਲਮਨਵੀਸ ਦਲਜੀਤ ਅਮੀ ਜੋ ਅੱਜ ਕੱਲ੍ਹ ਇਸੇ ਯੂਨੀਵਰਸਿਟੀ ਵਿਚ ਪੀæਐੱਚਡੀæ ਕਰ ਰਹੇ ਹਨ। -ਸੰਪਾਦਕ
ਦਲਜੀਤ ਅਮੀ
ਫੋਨ: +91-97811-21873
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇæਐੱਨæਯੂæ) ਦੇ ਹਵਾਲੇ ਨਾਲ ਖੱਬੇ ਪੱਖੀ ਸਿਆਸਤ ਦੀ ਵੰਨ-ਸੁਵੰਨਤਾ ਉਨ੍ਹਾਂ ਦੇ ਪਾਰਟੀ ਪਰਚਿਆਂ ਅਤੇ ਕਾਲਜਾਂ-ਯੂਨੀਵਰਸਿਟੀਆਂ ਤੋਂ ਬਾਹਰ ਆਈ ਹੈ। ਬਹੁਤ ਸਾਲਾਂ ਤੱਕ ਜੇæਐੱਨæਯੂæ ਖੱਬੇ ਪੱਖੀਆਂ ਅੰਦਰਲੀ ਸਖ਼ਤ ਮੁਕਾਬਲੇ ਵਾਲੀ ਸਿਆਸਤ ਦਾ ਅਖਾੜਾ ਰਹੀ ਹੈ। ਇਹੋ ਮੁਕਾਬਲਾ ਨਾਅਰਿਆਂ ਤੋਂ ਲੈ ਕੇ ਕੰਧ ਪੋਸਟਰਾਂ ਵਿਚ ਝਲਕਦਾ ਰਿਹਾ ਹੈ। ਹਰ ਸਮਝ ਨਾਲ ਜੁੜੇ ਸਰਗਰਮ ਕਾਰਕੁਨ, ਹਮਾਇਤੀ ਅਤੇ ਹਮਦਰਦ ਆਪਣੀ ਦਲੀਲ ਪੇਸ਼ ਕਰਦੇ ਰਹੇ ਹਨ ਅਤੇ ਦੂਜਿਆਂ ਦੀਆਂ ਦਲੀਲਾਂ ਰੱਦ ਕਰਦੇ ਰਹੇ ਹਨ।
ਪੂੰਜੀਵਾਦੀ ਨੀਤੀਆਂ ਅਤੇ ਫ਼ਿਰਕੂ ਸਿਆਸਤ ਖ਼ਿਲਾਫ਼ ਸਾਂਝੀ ਸਰਗਰਮੀ ਹੁੰਦੀ ਰਹੀ ਹੈ, ਪਰ ਸਰਗਰਮੀ ਦੇ ਰੂਪ ਅਤੇ ਮਸਲਿਆਂ ਦੀ ਸਮਝ ਬਾਬਤ ਇਤਫ਼ਰਕੇ ਰਹੇ ਹਨ। ਨਤੀਜੇ ਵਜੋਂ ਸੰਸਦਵਾਦੀ ਖੱਬੇ ਪੱਖੀਆਂ ਧਿਰਾਂ ਨੂੰ ਪੂੰਜੀਵਾਦੀ ਦੇ ਖੱਬੇ ਦਲਾਲ ਕਰਾਰ ਦਿੱਤਾ ਜਾਂਦਾ ਰਿਹਾ ਹੈ ਅਤੇ ਹਥਿਆਰਬੰਦ ਨਕਸਲਵਾਦੀ ਧਿਰਾਂ ਨੂੰ ਅਰਾਜਕਤਾਵਾਦੀ ਜਾਂ ਅਤਿਵਾਦੀ ਗਰਦਾਨਿਆ ਜਾਂਦਾ ਰਿਹਾ ਹੈ। ਨਕਸਲਵਾਦੀ ਧਾਰਾ ਤੋਂ ਸੰਸਦੀ ਧਾਰਾ ਵਿਚ ਆਉਣ ਵਾਲੇ ਆਪਣੇ-ਆਪ ਨੂੰ ਦੋਵਾਂ ਤੋਂ ਬਿਹਤਰ ਕਰਾਰ ਦਿੰਦੇ ਰਹੇ ਹਨ ਅਤੇ ਦੋਵਾਂ ਦੀ ਤਿੱਖੀ ਆਲੋਚਨਾ ਦਾ ਸ਼ਿਕਾਰ ਹੋਏ ਹਨ। ਸਿਧਾਂਤਕ ਇਤਫ਼ਰਕੇ ਇਨ੍ਹਾਂ ਮੋਟੀਆਂ ਧਾਰਾਵਾਂ ਤੋਂ ਜ਼ਿਆਦਾ ਰਹੇ ਹਨ।
ਸਾਰੀਆਂ ਧਿਰਾਂ ਦੀ ਪੂੰਜੀਵਾਦ ਦੀ ਵਿਆਖਿਆ ਦੇ ਨਾਲ ਜਾਤ-ਸਮਾਜ ਦੀ ਸਮਝ ਉਤੇ ਸੁਆਲ ਹੁੰਦੇ ਰਹੇ ਹਨ। ਇਸ ਦੇ ਨਤੀਜੇ ਵਜੋਂ ਖੱਬੀਆਂ ਪਾਰਟੀਆਂ ਅੰਦਰਲੇ ਬ੍ਰਾਹਮਣਵਾਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਤ-ਜਮਾਤ ਦੇ ਤਵਾਜ਼ਨ ਨੂੰ ਅਹਿਮ ਮੰਨਿਆ ਗਿਆ ਹੈ। ਇਸੇ ਤਰ੍ਹਾਂ ਦੀ ਬਹਿਸ ਨਾਰੀਵਾਦੀ ਸੁਆਲਾਂ ਅਤੇ ਸੋਚ ਬਾਬਤ ਰਹੀ ਹੈ। ਇਨ੍ਹਾਂ ਸੁਆਲਾਂ ਨਾਲ ਜੋੜ ਖੱਬੇ ਪੱਖੀ ਧਿਰਾਂ ਵਿਚ ਪਿਤਾ ਪੁਰਖ਼ੀ ਰੁਝਾਨ ਦੀ ਸ਼ਨਾਖ਼ਤ ਕਰਨ ਅਤੇ ਮਰਦਾਵੇਂ ਖ਼ਾਸੇ ਨੂੰ ਮੁਖ਼ਾਤਬ ਹੋਣ ਦੀ ਬਹਿਸ ਚੱਲੀ ਹੈ। ਕੌਮੀਅਤਾਂ ਦੇ ਮਸਲਿਆਂ ਅਤੇ ਉਨ੍ਹਾਂ ਦੀ ਲਹਿਰਾਂ ਬਾਬਤ ਲਗਾਤਾਰ ਬਹਿਸ ਹੁੰਦੀ ਰਹੀ ਹੈ। ਇਹ ਸੁਆਲ ਅਹਿਮ ਰਹੇ ਹਨ ਕਿ ਕਿਹੜੀ ਲਹਿਰ ਦਾ ਖ਼ਾਸਾ ਕੀ ਹੈ ਅਤੇ ਉਸ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ ਹੈ? ਕੁਝ ਧਿਰਾਂ ਲਈ ਮੁਲਕ ਦੀ Ḕਏਕਤਾ ਅਤੇ ਅਖੰਡਤਾ’ ਦਾ ਮੁੱਦਾ ਅੰਤਿਮ ਸੱਚ ਹੋ ਗਿਆ ਹੈ, ਪਰ ਕੁਝ ਧਿਰਾਂ ਮੁਲਕ ਨੂੰ ਸਭਿਆਚਾਰ ਅਤੇ ਕੌਮੀਅਤ ਨਾਲ ਜੋੜ ਕੇ ਇਤਿਹਾਸ ਦੀ ਉਪਜ ਮੰਨਦੀਆਂ ਹਨ ਜੋ ਹਰ ਹਾਲਾਤ ਵਿਚ ਪੜਚੋਲ ਅਤੇ ਵਿਆਖਿਆ ਦੀ ਮੰਗ ਕਰਦਾ ਹੈ। ਇਸੇ ਸਮਝ ਤਹਿਤ ਵੱਖ-ਵੱਖ ਲਹਿਰਾਂ ਨਾਲ ਖੱਬੇ ਪੱਖੀਆਂ ਦਾ ਰਿਸ਼ਤਾ ਬਹੁਤ ਸੂਖ਼ਮ ਤਵਾਜ਼ਨ ਦੀ ਮੰਗ ਕਰਦਾ ਰਿਹਾ ਹੈ ਜਿਸ ਦੇ ਹਾਲਾਤ ਮੁਤਾਬਕ ਕਿਸੇ ਪਾਸੇ ਵੀ ਉਲਾਰ ਹੋਣ ਦਾ ਖ਼ਦਸ਼ਾ ਕਾਇਮ ਰਿਹਾ ਹੈ।
ਇਹ ਬਹਿਸ ਦੀ ਅਹਿਮੀਅਤ ਹੈ, ਕਿਉਂਕਿ ਕੋਈ ਸੋਚ ਜਾਂ ਸਿਧਾਂਤ ਖੜੋਤ ਵਿਚ ਨਹੀਂ ਰਹਿ ਸਕਦਾ। ਇਸੇ ਬਹਿਸ ਦੇ ਸਿੱਟੇ ਤਿੱਖੇ ਸੰਵਾਦ ਅਤੇ ਸਿਧਾਂਤਕ ਹਮਲਿਆਂ ਤੋਂ ਅੱਗੇ ਜਾ ਕੇ ਹਿੰਸਕ ਰੂਪ ਧਾਰਦੇ ਰਹੇ ਹਨ। ਸਿਆਸੀ ਧਿਰਾਂ ਅੰਦਰ ਖਰੇ ਇਨਕਲਾਬੀ ਕਹਾਉਣ ਅਤੇ ਦੂਜੀਆਂ ਧਿਰਾਂ ਨੂੰ ਸੋਧਵਾਦੀ ਜਾਂ ਪੂੰਜੀਵਾਦੀਆਂ ਦੇ ਦਲਾਲ ਜਾਂ ਤਰ੍ਹਾਂ-ਤਰ੍ਹਾਂ ਦੇ ਵਿਸ਼ੇਸ਼ਣ ਨਾਲ ਨਿਵਾਜਣ ਦੀ ਲੰਮੀ ਰਵਾਇਤ ਹੈ। ਇਨ੍ਹਾਂ ਰਵਾਇਤਾਂ ਦੇ ਨਤੀਜੇ ਵਜੋਂ ਕਈ ਪਹਾੜਾਨੁਮਾ ਧਾਰਨਾਵਾਂ ਬਣੀਆਂ ਹੋਈਆਂ ਹਨ ਜੋ ਹਰ ਫੁੱਟ ਜਾਂ ਕਿਸੇ ਸਾਥੀ ਦੇ ਨਿਖੇੜਾ ਕਰਨ ਮੌਕੇ ਪੜ੍ਹੀਆਂ ਜਾਂਦੀਆਂ ਹਨ। ਕੁਝ ਧਿਰਾਂ ਨੇ ਇੱਕ-ਦੂਜੇ ਨੂੰ ਅਛੂਤ ਕਰਾਰ ਦਿੱਤਾ ਹੋਇਆ ਹੈ ਅਤੇ ਇਨ੍ਹਾਂ ਦੀ ਇੱਕ-ਦੂਜੇ ਬਾਰੇ ਦਲੀਲ ਤਕਰੀਬਨ ਹਰ ਮੌਕੇ ਸਲੀਕੇ ਜਾਂ ਸ਼ਬਦਾਂ ਦੇ ਸੰਜਮ ਤੋਂ ਬਾਹਰ ਜਾਣ ਦੀ ਕਾਹਲ ਵਿਚ ਰਹਿੰਦੀ ਹੈ। ਨਤੀਜੇ ਵਜੋਂ ਮੁਕਾਬਲੇ ਵਾਲਾ ਰਿਸ਼ਤਾ ਖ਼ੋਰੀ ਸ਼ਰੀਕਾਂ ਜਾਂ ਮੂੰਹ-ਜ਼ੋਰ ਦੁਸ਼ਮਣਾਂ ਵਾਲਾ ਹੋ ਗਿਆ ਹੈ।
ਇਨ੍ਹਾਂ ਬਹਿਸਾਂ, ਦਲੀਲਾਂ ਅਤੇ ਮੁੱਦਿਆਂ ਦੀ ਬਹੁਤ ਅਹਿਮੀਅਤ ਹੈ। ਇਨ੍ਹਾਂ ਦਾ ਕੋਈ ਅੰਤਿਮ ਸੱਚ ਵਰਗਾ ਹੱਲ ਨਹੀਂ ਨਿਕਲ ਸਕਦਾ, ਪਰ ਬਿਹਤਰ ਹੱਲ ਹੋ ਸਕਦਾ ਹੈ ਜੋ ਸਦਾ ਹੋਰ ਬਿਹਤਰ ਹੋਣ ਦੀ ਮੰਗ ਕਰੇਗਾ। ਜਦੋਂ ਹਰ ਮੁੱਦੇ ਉਤੇ ਹਰ ਵੇਲੇ ਅਤੇ ਹਰ ਹਾਲਾਤ ਵਿਚ ਵਿਚਾਰ ਕਰਨ ਵਿਚ ਕੋਈ ਸਿਧਾਂਤਕ ਰੁਕਾਵਟ ਨਹੀਂ ਹੈ, ਤਾਂ ਸੰਵਾਦ ਦੀ ਗੁੰਜ਼ਾਇਸ਼ ਬਣ ਜਾਂਦੀ ਹੈ। ਸੱਜੇ ਪੱਖੀ ਸਿਆਸਤ ਲਈ ਬਹੁਤ ਸਾਰੇ ਮੁੱਦੇ ਸ਼ਰਧਾ ਜਾਂ ਅੰਤਿਮ ਸੱਚ ਦੇ ਘੇਰੇ ਵਿਚ ਆਏ ਹੋ ਸਕਦੇ ਹਨ ਜਿਨ੍ਹਾਂ ਨੂੰ ਉਹ ਚਰਚਾ ਦੇ ਘੇਰੇ ਤੋਂ ਬਾਹਰ ਮੰਨਦੇ ਹਨ। ਇਹ ਬੰਦਿਸ਼ ਖੱਬੇ ਪੱਖੀਆਂ ਉਤੇ ਲਾਗੂ ਨਹੀਂ ਹੁੰਦੀ, ਪਰ ਕਦੇ-ਕਦੇ ਉਹ ਆਪ ਹੀ ਇਸ ਘੇਰੇ ਵਿਚ ਆ ਜਾਂਦੇ ਹਨ। ਮੌਜੂਦਾ ਹਾਲਾਤ ਵਿਚ ਸੰਸਦੀ ਸਿਆਸਤ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੋ ਸਕਦੀਆਂ ਹਨ। ਇਹ ਸੁਆਲ ਤਾਂ ਕੀਤਾ ਜਾ ਸਕਦਾ ਹੈ ਕਿ ਇਨ੍ਹਾਂ ਮਜਬੂਰੀਆਂ ਦੇ ਘੇਰੇ ਵਿਚ ਰਹਿਣ ਨਾਲ ਸਿਆਸੀ ਜ਼ਮੀਨ ਵਿਚ ਵਾਧਾ ਹੁੰਦਾ ਹੈ ਜਾਂ ਜਿਉਂ ਦੀ ਤਿਉਂ ਹਾਲਤ ਰਹਿੰਦੀ ਹੈ? ਜੇ ਜ਼ਮੀਨ ਖੁੱਸ ਜਾਣ ਦਾ ਖ਼ਦਸ਼ਾ ਕਾਇਮ ਹੈ ਤਾਂ ਮਜਬੂਰੀਆਂ ਵਿਚ ਰਹਿਣ ਦਾ ਮਤਲਬ ਤਾਂ ਡੰਗ ਟਪਾਉਣਾ ਹੀ ਹੋ ਜਾਂਦਾ ਹੈ।
ਇਨ੍ਹਾਂ ਹਾਲਾਤ ਵਿਚ ਜੇæਐੱਨæਯੂæ ਦੇ ਹਵਾਲੇ ਨਾਲ ਕੁਝ ਚਰਚਾ ਕਰਨੀ ਬਣਦੀ ਹੈ। ਜੇæਐੱਨæਯੂæ ਕੈਂਪਸ ਵਿਚ ਲੱਗੇ ਨਾਅਰਿਆਂ ਦੇ ਹਵਾਲੇ ਨਾਲ ਕਈ ਦਲੀਲਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨਾਅਰਿਆਂ ਦੇ ਸਬੂਤ ਅਤੇ ਗਵਾਹਾਂ ਦਾ ਮਾਮਲਾ ਆਪਣੀ ਥਾਂ ਹੈ, ਪਰ ਸਿਆਸੀ ਦਲੀਲਾਂ ਆਪਣੀ ਥਾਂ ਹਨ। ਇਸ ਵੇਲੇ ਸੰਸਦੀ ਖੱਬੇ ਪੱਖੀ ਧਿਰਾਂ ਨੇ ਦਲੀਲ ਦਿੱਤੀ ਹੈ ਕਿ Ḕਨਿਰਦੋਸ਼’ ਕਨ੍ਹੱਈਆ ਕੁਮਾਰ ਨੂੰ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਨਿਰਦੋਸ਼ ਨੂੰ ਉਲਝਾਉਣ ਦੀ ਥਾਂ Ḕਅਸਲ’ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿਚ ਕਾਨੂੰਨ ਮੁਤਾਬਕ ਦੇਸ਼ ਧਰੋਹ ਦਾ ਮਾਮਲਾ ਨਹੀਂ ਬਣਦਾ ਅਤੇ ਇਸ ਹਵਾਲੇ ਨਾਲ ਕਈ ਅਦਾਲਤੀ ਫ਼ੈਸਲਿਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸੰਸਦੀ ਖੱਬੇ ਪੱਖੀ ਧਿਰਾਂ ਇਹ ਪੈਂਤੜਾ ਲੈਣ ਤੋਂ ਗੁਰੇਜ਼ ਕਰਦੀਆਂ ਜਾਪਦੀਆਂ ਹਨ ਕਿ ਨਾਅਰਿਆਂ ਨਾਲ ਅਸਹਿਮਤੀ ਦੇ ਬਾਵਜੂਦ ਇਹ ਦੇਸ਼ ਧਰੋਹ ਦਾ ਮਾਮਲਾ ਨਹੀਂ ਬਣਦਾ।
ਦੂਜਾ ਸਿਧਾਂਤਕ ਮਸਲਾ ਹੈ ਜੋ ਖੱਬੇ ਪੱਖੀਆਂ ਦੀ ਰਵਾਇਤ ਦਾ ਹਿੱਸਾ ਹੈ। ਜੇ ਕਿਸੇ ਨਾਲ ਨਾਅਰੇ ਦੀ ਅਸਹਿਮਤੀ ਹੋਵੇ, ਤਾਂ ਇਸ ਨਾਲ ਨਾਅਰੇ ਲਗਾਉਣ ਵਾਲੇ ਦਾ ਹੱਕ ਰੱਦ ਨਹੀਂ ਹੋ ਜਾਂਦਾ। ਸੰਸਦੀ ਖੱਬੇ ਪੱਖੀ ਧਿਰਾਂ ਇਸ ਸਿਧਾਂਤਕ ਪੱਖ ਨੂੰ ਨਜ਼ਰਅੰਦਾਜ਼ ਕਰਦੀਆਂ ਜਾਪਦੀਆਂ ਹਨ। ਕਾਨੂੰਨੀ ਅਤੇ ਸਿਧਾਂਤਕ ਪੱਖ ਨੂੰ ਨਜ਼ਰਅੰਦਾਜ਼ ਕਰਨ ਦਾ ਪਿਛੋਕੜ ਉਨ੍ਹਾਂ ਦੀ ਮੁਲਕ ਦੀ ਸਮਝ ਨਾਲ ਜੁੜਿਆ ਜਾਪਦਾ ਹੈ। ਇਸ ਤੋਂ ਬਾਅਦ ਉਨ੍ਹਾਂ ਲਈ ਮੁਲਕ ਦੀ Ḕਏਕਤਾ ਅਤੇ ਅਖੰਡਤਾ’ ਦਾ ਸੁਆਲ Ḕਅੰਤਿਮ ਸੱਚ’ ਵਾਂਗ ਪਾਕ ਹੋ ਗਿਆ ਜਾਪਦਾ ਹੈ। ਉਨ੍ਹਾਂ ਨੂੰ ਭਾਜਪਾ ਦੀ ਬਹੁ-ਗਿਣਤੀ ਵਾਲੀ ਸੰਸਦ ਅਤੇ ਮੌਜੂਦਾ ਹਾਲਾਤ ਵਿਚ ਇਨ੍ਹਾਂ ਪੱਖਾਂ ਉਤੇ ਬੋਚ ਕੇ ਚੱਲਣਾ ਅਹਿਮ ਲੱਗਦਾ ਹੈ।
ਇਸ ਹਾਲਤ ਦਾ ਦੂਜਾ ਪੱਖ ਭਾਜਪਾ ਦੀ ਸਿਆਸਤ ਹੈ। ਭਾਜਪਾ ਲਈ ਸਿਰਫ਼ ਜੇæਐੱਨæਯੂæ ਦਾ ਸੁਆਲ ਨਹੀਂ ਹੈ। ਉਨ੍ਹਾਂ ਦੀ ਸਮਝ ਵਿਚ ਪੂਰਾ ਖੱਬੀ ਪੱਖੀ ਖੇਮਾ ਦੁਸ਼ਮਣ ਜਮਾਤ ਦਾ ਹਿੱਸਾ ਹੈ। ਇਸ ਦੀ ਗਵਾਹੀਆਂ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰæਐੱਸ਼ਐੱਸ਼) ਦੀਆਂ ਪੁਰਾਣੀਆਂ ਅਤੇ ਸੱਜਰੀਆਂ ਲਿਖਤਾਂ ਵਿਚੋਂ ਮਿਲਦੀਆਂ ਹਨ। ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ਦੇ ਬਿਆਨਾਂ ਤੋਂ ਇਹ ਸਮਝਣ ਲਈ ਵਿਦਵਾਨ ਹੋਣ ਦੀ ਜ਼ਰੂਰਤ ਨਹੀਂ ਹੈ। ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਦੀ ਜੇæਐੱਨæਯੂæ ਵਿਚ ਸਮਝ ਕੁਝ ਵੀ ਹੋਵੇ, ਪਰ ਉਸ ਤੋਂ ਬਾਹਰ ਉਨ੍ਹਾਂ ਦੀ ਸਮਝ ਬਿਲਕੁਲ ਸਾਫ਼ ਹੈ। ਇਸ ਵੇਲੇ ਦਿੱਲੀ ਦੀਆਂ ਸੜਕਾਂ ਉਤੇ ਲੱਗੇ ਇਸ਼ਤਿਹਾਰਾਂ ਵਿਚ ਉਹ ਖੱਬੇ ਪੱਖੀਆਂ, ਅਤਿਵਾਦੀਆਂ, ਜਹਾਦੀਆਂ ਅਤੇ ਦੇਸ਼ ਧਰੋਹੀਆਂ ਨੂੰ ਇੱਕੋ ਅਰਥ ਨਾਲ ਜੋੜਦੇ ਹਨ।
ਭਾਜਪਾ ਅਤੇ ਸੰਘ ਦੀ ਸਿਆਸਤ ਇੱਕ ਪਾਸੇ ਸੰਸਦਵਾਦੀ ਖੱਬੇ ਪੱਖੀਆਂ ਨੂੰ ਦੂਜੀਆਂ ਖੱਬੇ ਪੱਖੀਆਂ ਨਾਲੋਂ ਨਿਖੇੜਨਾ ਚਾਹੁੰਦੀ ਹੈ, ਦੂਜੇ ਪਾਸੇ ਸਿਆਸੀ ਪ੍ਰਚਾਰ ਵਿਚ ਉਨ੍ਹਾਂ ਨੂੰ ਇੱਕ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਹ ਕਿਹੜੀ ਖੱਬੇ ਪੱਖੀ ਧਿਰ ਨਾਲ ਕੀ ਗੱਲ ਕਰ ਰਹੇ ਹਨ ਅਤੇ ਕਿਸ ਤਬਕੇ ਨੂੰ ਸੁਣਾ ਰਹੇ ਹਨ। ਖੱਬੇ ਪੱਖੀ ਧਿਰਾਂ ਇਸ ਜਾਲ ਵਿਚ ਫਸਦੀਆਂ ਜਾਪਦੀਆਂ ਹਨ। ਸੰਸਦਵਾਦੀ ਖੱਬੇ ਪੱਖੀ ਧਿਰਾਂ ਨੂੰ ਜਾਪਦਾ ਹੈ ਕਿ ਉਹ ਬਾਕੀ ਖੱਬੇ ਪੱਖੀ ਧਿਰਾਂ ਨਾਲੋਂ ਨਿਖੇੜਾ ਕਰ ਕੇ ਆਪਣੀ ਸਿਆਸੀ ਜ਼ਮੀਨ ਬਚਾ ਲੈਣਗੇ। ਭਾਜਪਾ ਅਤੇ ਇਸ ਦੇ ਬੁਲਾਰਿਆਂ ਦੀਆਂ ਲਿਖਤਾਂ ਅਤੇ ਬਿਆਨ ਸਾਫ਼ ਕਰਦੇ ਹਨ ਕਿ ਸੰਸਦਵਾਦੀ ਖੱਬੇ ਪੱਖੀ ਧਿਰਾਂ ਪਹਿਲਾਂ ਬਾਕੀ ਖੱਬੇ ਪੱਖੀ ਧਿਰਾਂ ਦੇ ਨਿਖੇੜੇ ਦਾ ਸੰਦ ਬਣ ਸਕਦੀਆਂ ਹਨ, ਪਰ ਬਾਅਦ ਵਿਚ ਇਨ੍ਹਾਂ ਦੀ ਵਾਰੀ ਹੈ। ਹੁਣ ਸੰਸਦਵਾਦੀ ਖੱਬੇ ਪੱਖੀ ਧਿਰਾਂ ਨੇ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਆਪਣੀ ਵਾਰੀ ਦੀ ਉਡੀਕ ਕਰਨੀ ਹੈ, ਜਾਂ ਡੰਗ ਟਪਾਉਣ ਦੀ ਥਾਂ ਸਿਧਾਂਤਕ ਪੈਂਤੜਾ ਅਖ਼ਤਿਆਰ ਕਰਨਾ ਹੈ। ਇਸ ਦਲੀਲ ਦੇ ਦੋਵੇਂ ਸਿਰੇ ਹੋ ਸਕਦੇ ਹਨ ਕਿ Ḕਦੂਜੀਆਂ ਖੱਬੇ ਪੱਖੀ ਧਿਰਾਂ ਦਾ ਕੀਤਾ ਸੰਸਦਵਾਦੀ ਖੱਬੇ ਪੱਖੀਆਂ ਨੂੰ ਭੁਗਤਣਾ’ ਪੈ ਰਿਹਾ ਹੈ ਜਾਂ ਸੰਸਦਵਾਦੀ ਖੱਬੇ ਪੱਖੀਆਂ ਤੋਂ ਪਹਿਲਾਂ ਬਾਕੀ ਖੱਬੇ ਪੱਖੀਆਂ ਦੀ ਵਾਰੀ ਆਈ ਹੈ। ਇਨ੍ਹਾਂ ਹਾਲਾਤ ਵਿਚ ਗ਼ੈਰ-ਸੰਸਦਵਾਦੀ ਖੱਬੇ ਪੱਖੀ ਧਿਰਾਂ ਦਾ ਇਹ ਸੋਚ ਬਣਦੀ ਜਾਪਦੀ ਹੈ ਕਿ ਸੰਸਦਵਾਦੀ ਖੱਬੇ ਪੱਖੀ ਧਿਰਾਂ Ḕਆਪਣੇ ਨਿਘਾਰ ਦੀ ਸਿਖ਼ਰ ਉਤੇ’ ਪਹੁੰਚ ਗਈਆਂ ਹਨ। ਉਨ੍ਹਾਂ ਨੂੰ ਆਪਣੀ ਸੋਚ ਇਨਕਲਾਬ ਦਾ Ḕਅੰਤਿਮ ਰਾਹ’ ਜਾਪਦੀ ਹੈ।
ਜਦੋਂ ਭਾਜਪਾ ਚੋਣ ਪ੍ਰਚਾਰ ਕਰੇਗੀ ਜਾਂ ਆਪਣੇ ਹਮਾਇਤੀਆਂ ਜਾਂ ਹਮਦਰਦਾਂ ਨੂੰ ਮੁਖ਼ਾਤਬ ਹੋਵੇਗੀ ਤਾਂ ਉਹ ਖੱਬੇ ਪੱਖੀਆਂ ਦੀਆਂ ਵੱਖ-ਵੱਖ ਧਿਰਾਂ ਵਿਚ ਨਿਖੇੜਾ ਨਹੀਂ ਕਰੇਗੀ। ਉਨ੍ਹਾਂ ਦੀ ਦਲੀਲ ਸੰਸਦਵਾਦੀ ਖੱਬੇ ਪੱਖੀਆਂ ਦੇ ਚੋਣ ਹਲਕਿਆਂ ਵਿਚ ਚੋਣ ਪ੍ਰਚਾਰ ਵਜੋਂ ਸੁਆਲ ਬਣ ਕੇ ਗੂੰਜੇਗੀ। ਖੱਬੇ ਪੱਖੀਆਂ ਦੇ ਮਾਮਲੇ ਵਿਚ ਭਾਜਪਾ Ḕਦਿੱਲੀ ਤੋਂ ਪਾੜੋ ਅਤੇ ਸਮੁੱਚੇ ਮੁਲਕ ਵਿਚ ਮਾਰੋ’ ਦੀ ਸਿਆਸੀ ਖੇਡ ਖੇਡਣ ਲੱਗੀ ਹੈ। ਸਮੁੱਚੀਆਂ ਖੱਬੇ ਪੱਖੀ ਧਿਰਾਂ ਵਿਚ ਏਕੇ ਦੀ ਗੱਲ ਤਾਂ ਨਿਰੀ ਖ਼ਾਮ-ਖ਼ਿਆਲੀ ਹੋਵੇਗੀ, ਪਰ Ḕਘੱਟੋ-ਘੱਟ ਸਾਂਝੇ ਉਪਰਾਲੇ’ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਸ ਮਾਹੌਲ ਵਿਚ ਬਹੁਤ ਸਾਰੇ ਖ਼ਦਸ਼ੇ ਠੋਸ ਖ਼ਤਰਿਆਂ ਵਜੋਂ ਦਰਵਾਜ਼ੇ ਉਤੇ ਦਸਤਕ ਦੇ ਰਹੇ ਹਨ ਤਾਂ ਸੰਭਾਵਨਾਵਾਂ ਫਰੋਲਣ ਦੀ ਗੁੰਜਾਇਸ਼ ਵੀ ਕਾਇਮ ਹੈ। ਕਬੀਰ ਵਾਲੇ ਪ੍ਰੇਮ ਦੇ ਢਾਈ ਅੱਖਰਾਂ ਵਾਂਗ ਸਿਧਾਂਤਕ ਮੰਤਰ ਤਾਂ ਸੁਖਾਲਾ ਹੀ ਹੈ ਕਿ ਕੁਝ ਵੀ Ḕਅੰਤਿਮ ਸੱਚ’ ਨਹੀਂ ਹੁੰਦਾ ਅਤੇ ਨਾ ਹੀ ਮਨੁੱਖੀ ਉਪਰਾਲਾ Ḕਅੰਤਿਮ ਸੱਚ’ ਤੱਕ ਪਹੁੰਚਦਾ ਹੈ। ਬਿਹਤਰ ਸੱਚ ਦੀ ਭਾਲ ਹੀ ਮਨੁੱਖ ਨੂੰ ਮਨੁੱਖ ਬਣਾਉਂਦੀ ਹੈ ਜੋ ਹਰ ਰੋਜ਼ ਨਵਾਂ ਹੋ ਜਾਂਦਾ ਹੈ। ਜੇ ਖੱਬੇ ਪੱਖੀ ਬਿਹਤਰ ਸੱਚ ਦੀ ਭਾਲ ਵਿਚ ਹਨ ਤਾਂ ਉਨ੍ਹਾਂ ਨੂੰ ਆਪਣੇ Ḕਅੰਤਿਮ ਸੱਚ’ ਉਤੇ ਸਿਧਾਂਤਮੁਖੀ ਜਾਂ ਘੱਟੋ-ਘੱਟ ਪੈਂਤੜਾ-ਮੁਖੀ ਵਿਚਾਰ ਤਾਂ ਕਰ ਹੀ ਲੈਣਾ ਚਾਹੀਦਾ ਹੈ। 000