ਜ਼ੀਰਵੀ ਇਕੋ ਵੇਲੇ ਅਕਬਰ ਵੀ ਤੇ ਬੀਰਬਲ ਵੀ

ਸੁਰਜਨ ਜ਼ੀਰਵੀ ਪਿਛਲੇ ਢਾਈ ਦਹਾਕਿਆਂ ਤੋਂ ਕੈਨੇਡਾ ਰਹਿੰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਕਈ ਦਹਾਕੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਰਹੇ। ਇਸ ਅਰਸੇ ਦੌਰਾਨ ਉੁਨ੍ਹਾਂ ਬਹੁਤ ਸਾਰੇ ਪੰਜਾਬੀ ਪੱਤਰਕਾਰਾਂ ਨੂੰ ਗੁੜਤੀ ਵੀ ਦਿੱਤੀ। ਉਹ ਹਮੇਸਾਂ ਚਰਚਾ ਵਿਚ ਰਹੇ ਹਨ।

ਅਜਕਲ੍ਹ ਉਨ੍ਹਾਂ ਦੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਪਰ ਫਿਰ ਵੀ ਪੂਰੇ ਸਰਗਰਮ ਹਨ। ਗੁਰਦੇਵ ਚੌਹਾਨ ਦਾ ਇਹ ਲੇਖ ਸੁਰਜਨ ਜ਼ੀਰਵੀ ਦੀ ਸ਼ਖਸੀਅਤ ਦੀ ਭਰਵੀਂ ਤਸਵੀਰ ਪੇਸ਼ ਕਰਦਾ ਹੈ। -ਸੰਪਾਦਕ

ਗੁਰਦੇਵ ਚੌਹਾਨ
ਸਾਲ 2003 ਦੀ ਗੱਲ ਹੈ, ਮੈਂ ਕੈਨੇਡਾ ਵਿਜ਼ਿਟਰ ਵਜੋਂ ਆਇਆ ਸਾਂ ਅਤੇ ਆਪਣੀ ਬੇਟੀ ਕੋਲ ਟਰਿੰਟਨ ਰਹਿੰਦਾ ਸਾਂ। ਮੈਨੂੰ ਮਿਸੀਸਾਗਾ ਤੋਂ ਫੋਨ ਆਇਆ। ਬੋਲਣ ਵਾਲੇ ਦੀ ਆਵਾਜ਼ ਤੋਂ ਮੈਂ ਵਾਕਿਫ ਨਹੀਂ ਸਾਂ ਪਰ ਉਸ ਇਹ ਕਹਿ ਕੇ ਫੋਨ ਕਿਸੇ ਹੋਰ ਨੂੰ ਫੜਾ ਦਿੱਤਾ, “ਲਓ ਗੁਰਬਚਨ ਨਾਲ ਗੱਲ ਕਰੋ।” ਗੁਰਬਚਨ ਚੰਡੀਗੜ੍ਹ ਰਹਿੰਦਾ ਹੈ, ਕਈ ਦਹਾਕਿਆਂ ਤੋਂ ਮੇਰਾ ਮਿੱਤਰ ਹੈ। ਉਹ ਅਜਿਹਾ ਸਾਹਿਤਕਾਰ ਹੈ, ਜਿਸ ਦੀ ਲਿਖਤ ਜਿੰਨੀ ਤਿੱਖੀ ਅਤੇ ਜ਼ਾਇਕੇਦਾਰ ਹੁੰਦੀ ਹੈ, ਉਨੀ ਹੀ ਇਹ ਉਸ ਬੰਦੇ ਦੇ ਮੂੰਹ ਦਾ ਜ਼ਾਇਕਾ ਕਈ ਕਈ ਸਾਲ ਖਰਾਬ ਕਰ ਸਕਣ ਦੀ ਸ਼ਕਤੀ ਵੀ ਰਖਦੀ ਹੈ, ਜਿਸ ਬਾਰੇ ਉਹ ਲਿਖਤ ਹੋਵੇ, ਭਾਵੇਂ ਉਸ ਦਾ ਮਿੱਤਰ ਹੀ ਹੋਵੇ ਜਾਂ ਕਦੇ ਰਿਹਾ ਹੋਵੇ। ਗੁਰਬਚਨ ਨੂੰ ਫੋਨ ਦੇਣ ਵਾਲਾ ਸੁਰਜਨ ਜ਼ੀਰਵੀ ਸੀ ਜਿਸ ਪਾਸ ਉਹ ਰੁਕਿਆ ਹੋਇਆ ਸੀ। ਮੈਂ ਸੋਚਿਆ, ਰੱਬ ਖੈਰ ਕਰੇ।
ਜ਼ੀਰਵੀ ਅਤੇ ਉਸ ਨਾਲ ਦੋਸਤੀ ਦਾ ਜ਼ਿਕਰ ਗੁਰਬਚਨ ਨੇ ਪਹਿਲਾਂ ਵੀ ਕਈ ਵਾਰ ਕੀਤਾ ਸੀ। ਮੈਂ 35 ਸੈਕਟਰ ਵਿਚ ਸਾਂ ਅਤੇ ਗੁਰਬਚਨ ਦੋ ਸੈਕਟਰ ਛਡ ਕੇ 33 ਸੈਕਟਰ ਵਿਚ ਅਤੇ ਫਿਰ ਕੁਝ ਕੁ ਸਾਲਾਂ ਦੇ ਵਕਫੇ ਨਾਲ 45 ਵਿਚ ਰਹਿੰਦਾ ਸੀ। ਅਸੀਂ ਅਕਸਰ ਇਕੱਠਿਆਂ ਸੈਰ ਕਰਦੇ। ਮੈਂ ਸੋਚਦਾ, ਇਹ ਜ਼ੀਰਵੀ ਨਾਂ ਦਾ ਸਖਸ਼ ਕੋਈ ਖਾਸ ਹੀ ਹੋਵੇਗਾ। ਨਹੀਂ ਤਾਂ ਅਕਸਰ ਉਹ ਜਿਸ ਦਾ ਵੀ ਜ਼ਿਕਰ ਕਰਦਾ, ਉਹ ਮਾੜੇ ਪਾਸੇ ਵਲ ਵੱਧ ਝੁੱਕਿਆ ਹੁੰਦਾ। ਪਰ ਜ਼ੀਰਵੀ ਬਾਰੇ ਜ਼ਿਕਰ ਹਮੇਸ਼ਾ ਹੀ ਪ੍ਰਸੰਸਾ ਭਰਿਆ ਹੁੰਦਾ। ਪਹਿਲੀ ਵੇਰ ਉਸੇ ਤੋਂ ਮੈਨੂੰ ਪਤਾ ਲਗਾ ਕਿ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨਿਤ ਪ੍ਰਸਿੱਧ ਕਵੀ ਅਤੇ ਮਨੋਵਿਗਿਆਨੀ ਜਸਵੰਤ ਸਿੰਘ ਨੇਕੀ ਜਿਹੜੇ ਪੀ ਜੀ ਆਈ ਚੰਡੀਗੜ੍ਹ ਦੇ ਡਾਇਰੈਕਟਰ ਵੀ ਰਹੇ ਹਨ, ਦੀ ਭੈਣ ਅੰਮ੍ਰਿਤ, ਸੁਰਜਨ ਜ਼ੀਰਵੀ ਦੀ ਧਰਮ ਪਤਨੀ ਹੈ। ਉਨ੍ਹਾਂ ਦੀ ਇਕੋ ਇਕ ਬੇਟੀ ਸੀਰਤ ਨਵਤੇਜ ਨੂੰ ਵਿਆਹੀ ਹੋਈ ਹੈ। ਸੁਰਜਨ ਜ਼ੀਰਵੀ ਨੇ ਆਪਣਾ ਨਾਂ ਆਪਣੀ ਜਨਮ ਭੂਮੀ ਕਸਬਾ ਜ਼ੀਰਾ, ਤੋਂ ਪ੍ਰਭਾਵਿਤ ਹੋ ਕੇ ਰਖਿਆ ਹੈ। ਉਸ ਦਾ ਛੋਟਾ ਭਰਾ ਜਗਜੀਤ ਜ਼ੀਰਵੀ ਪ੍ਰਸਿੱਧ ਗ਼ਜ਼ਲ ਗਾਇਕ ਹੈ।
ਇਸ ਵਾਰ ਜਦੋਂ ਮੈਂ ਕੈਨੇਡਾ ਆਇਆ ਤਾਂ ਤਾਂਘ ਸੀ ਕਿ ਉਦੋਂ ਤਾਂ ਭਾਵੇਂ ਮੈਂ ਜ਼ੀਰਵੀ ਦੇ ਦਰਸ਼ਨ ਨਾ ਕਰ ਸਕਿਆ ਪਰ ਹੁਣ ਤਾਂ ਕਦੇ ਨਾ ਕਦੇ ਇਸ ਸਖਸ਼ ਨਾਲ ਦੇਰ-ਸਵੇਰ ਮੇਲ ਹੋ ਹੀ ਜਾਵੇਗਾ। ਛੇਤੀ ਹੀ ਅਜਿਹਾ ਮੌਕਾ ਬਣ ਗਿਆ। ਫਿਰ ਅਸੀਂ ਅਕਸਰ ਮਿਲਣ ਲੱਗੇ। ਮੇਰਾ ਮਿੱਤਰ ਬਲਰਾਜ ਚੀਮਾ ਵੀ ਅਗੋਂ ਉਸ ਦਾ ਮਿੱਤਰ ਸੀ ਅਤੇ ਇਸ ਮਿੱਤਰਤਾ ਦਾ ਇਕ ਖਾਸ ਰਾਜ਼ ਅਤੇ ਕਾਰਣ ਬਲਰਾਜ ਚੀਮਾ ਦੀ ਮਿਲਣਸਾਰ ਸੁਭਾਅ ਵਾਲੀ ਕਾਰ ਸੀ ਜਿਹੜੀ ਉਨ੍ਹਾਂ ਦੋਨਾਂ ਨੂੰ ਜਿੱਥੇ ਉਹ ਚਾਹੁੰਦੇ, ਲੈ ਜਾਂਦੀ। ਜ਼ੀਰਵੀ ਨੂੰ ਕਾਰ ਤਾਂ ਇਕ ਪਾਸੇ ਰਹੀ, ਸਾਈਕਲ ਵੀ ਚੱਜ ਨਾਲ ਨਹੀਂ ਸੀ ਚਲਾਉਣਾ ਆਉਂਦਾ।
ਜ਼ੀਰਵੀ ਕਈ ਦਹਾਕੇ ‘ਨਵਾਂ ਜ਼ਮਾਨਾ’ ਅਖਬਾਰ ਦਾ ਸੰਪਾਦਕ ਰਿਹਾ ਹੈ ਜਿਹੜੀ ਪੰਜਾਬੀ ਵਿਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਉਰਦੂ ਵਿਚ ਨਿਕਲਦੀ ਸੀ। ਜ਼ੀਰਵੀ ਨੇ ਉਸ ਦੇ ਦੋਵੇਂ ਰੂਪ ਸੰਪਾਦਿਤ ਕੀਤੇ ਹਨ। ਇਹ ਉਸ ਦੀ ਦੇਖ-ਰੇਖ ਵਾਲੇ ਸਮੇਂ ਵਿਚ ਹੀ ਹੋਇਆ ਸੀ ਕਿ ਇਹ ਅਖਬਾਰ ਵੱਡੀ ਸੰਖਿਆ ਵਿਚ ਆਪਣੇ ਪੰਜਾਬੀ ਪਾਠਕ ਬਣਾ ਸਕੀ। ਇਹ ਉਹੀ ਦਿਨ ਸਨ, ਜਦ ਇਸ ਵਿਚ ਫਿਕਰ ਤੌਂਸਵੀ ਦਾ ਪ੍ਰਸਿੱਧ ਹਾਸਰਸ ਵਿਅੰਗ ‘ਪਿਆਜ ਦੇ ਛਿਲਕੇ’ ਛਪਦਾ ਹੁੰਦਾ ਸੀ ਅਤੇ ਅਸੀਂ ਸਕੂਲ ਤੋਂ ਪਰਤਦੇ ਕਿੱਕਰਾਂ ਦੀ ਛਿੱਦੀ ਛਾਵੇਂ ਰੁਕ ਕੇ ਪੜਦ੍ਹੇ। ਸਾਡੇ ਪਿੰਡ ਵਿਚ ਡਾਕਖਾਨਾ ਨਾ ਹੋਣ ਕਰਕੇ ਕਾਮਰੇਡ ਮਾਸਟਰ ਈਸ਼ਰ ਸਿੰਘ ਦੀ ਅਖਬਾਰ ਡਾਕੀਆ ਸਕੂਲ ਵਿਚ ਹੀ ਸਾਨੂੰ ਦੇ ਜਾਂਦਾ ਸੀ। ਪੰਜਾਬ ਵਿਚ ਖੱਬੇ ਪੱਖੀ ਲਹਿਰ ਕਾਇਮ ਕਰਨ ਵਲ ਜ਼ੀਰਵੀ ਅਤੇ ਉਸ ਦੀ ਅਖਬਾਰ ‘ਨਵਾਂ ਜ਼ਮਾਨਾ’ ਦਾ ਅਹਿਮ ਰੋਲ ਰਿਹਾ ਹੈ। ਇਨ੍ਹਾਂ ਸਾਲਾਂ ਵਿਚ ਪੰਜਾਬ ਵਿਚ ਹਰਾ ਅਤੇ ਚਿੱਟਾ ਇਨਕਲਾਬ ਆ ਰਿਹਾ ਸੀ।
ਜ਼ੀਰਵੀ ਦੇ ਨਜ਼ਰ ਵਾਲੇ ਚਸ਼ਮੇ ਵਿਚੋਂ ਉਸ ਦੀ ਪੈਨੀ ਦ੍ਰਿਸ਼ਟੀ ਸਭ ਉਨ੍ਹਾਂ ਚੀਜ਼ਾਂ ‘ਤੇ ਪੈਂਦੀ ਸੀ ਜੋ ਮੀਡੀਆ ਦੇ ਰਹਿਮੋ ਕਰਮ ‘ਤੇ ਸਨ। ਉਨ੍ਹਾਂ ਦਿਨਾਂ ਵਿਚ ਪ੍ਰਿੰਟ ਮੀਡੀਆ ਹੀ ਪ੍ਰਮੁੱਖ ਸੀ। ਇਹ ਖਬਰਾਂ ਦੇ ਦਿਨ ਸਨ ਅਤੇ ਇਸ ਲਈ ਅਖਬਾਰਾਂ ਦੇ। ਉਨ੍ਹੀਂ ਦਿਨੀਂ ਅਖਬਾਰ ਵੱਧ ਕਾਰਾਗਾਰ ਸਨ।
ਹੁਣ ਉਸ ਦੇ ਅਖਬਾਰ ਤੋਂ ਸੇਵਾ ਮੁਕਤ ਹੋਇਆਂ ਕਈ ਸਾਲ ਹੋ ਚੁੱਕੇ ਹਨ ਅਤੇ ਕੈਨੇਡਾ ਵਿਚ ਰਹਿੰਦਿਆਂ ਵੀ ਕਈ ਸਾਲ। ਇਨ੍ਹਾਂ ਵਰ੍ਹਿਆਂ ਵਿਚ ਬਹੁਤ ਕੁਝ ਬੀਤ ਗਿਆ ਅਤੇ ਤਬਦੀਲ ਹੋ ਚੁੱਕਾ ਹੈ। ਇਕ ਹੋਰ ਤਬਦੀਲੀ ਉਸ ਦੀ ਦਾਹੜੀ ਵਿਚ ਚਿੱਟੇ ਵਾਲਾਂ ਦੀ ਗਿਣਤੀ ਦੇ ਸਿਆਣਪੀ ਵਾਧੇ ਦੀ ਹੋਈ ਹੈ ਅਤੇ ਦੂਜੀ ਉਸ ਦੇ ਕਾਲੇ ਵਾਲਾਂ ਦੇ ਸੰਜਮੀ ਘਾਟੇ ਦੀ। ਪਰ ਉਸ ‘ਤੇ ਇਹ ਵਾਧੇ-ਘਾਟੇ ਅਕਸਰ ਘਟ ਵੱਧ ਹੀ ਅਸਰ ਕਰਦੇ ਹਨ। ਉਸ ਦੀ ਜਿੰæਦਗੀ ‘ਤੇ ਕੇਵਲ ਇਕ ਚੀਜ਼ ਨੇ ਹੀ ਅਸਰ ਕੀਤਾ ਹੈ, ਇਹ ਹੈ, ਸੋਵੀਅਤ ਯੂਨੀਅਨ ਦਾ ਵਿਗੰਠਨ। ਇਸ ਨੇ ਉਸ ਦੀ ਜ਼ਿੰਦਗੀ ਭਰ ਦੀ ਆਸਥਾ ਨੂੰ ਤੋੜ ਦਿੱਤਾ।
ਜ਼ੀਰਵੀ ਨੇ ਆਪਣੀਆਂ ਸੰਪਾਦਕੀਆਂ ਨੂੰ ਕਦੇ ਨਹੀਂ ਸੰਭਾਲਿਆ, ਭਾਵੇਂ ਇਨ੍ਹਾਂ ਨੂੰ ਬਹੁਤ ਸਾਰੇ ਪਾਠਕ ਅਜੇ ਤੀਕ ਆਪਣੀ ਸਿਮਰਤੀ ਵਿਚ ਸਾਂਭੀ ਬੈਠੇ ਹਨ। ਪਰ ਹੁਣ ਉਸ ਆਪਣੀ ਅਖਬਾਰੀ ਜ਼ਿੰਦਗੀ ਤੋਂ ਵਿਹਲਾ ਹੋ ਕੇ ਲਿਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਲੇਖਾਂ ਨੂੰ ਸਾਂਭਣਾ ਵੀ। ਉਸ ਦੇ ਲੇਖਾਂ ਦੀ ਪੁਸਤਕ ‘ਇਹ ਹੈ ਬਾਰਬੀ ਸੰਸਾਰ’ ਦੋ ਕੁ ਸਾਲ ਪਹਿਲਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਸ਼ਾਮਲ ਲੇਖ ਉਸ ਵਿਚਲੇ ਵਿਅੰਗਕਾਰ ਨੂੰ ਵੀ ਉਘਾੜਦੇ ਹਨ। ਉਹ ਆਪਣੀ ਚੁਸਤ ਬਿਆਨੀ ਲਈ ਮਸ਼ਹੂਰ ਹੈ। ਲਤੀਫੇ ਤਾਂ ਉਸ ਦੇ ਮੂੰਹ ਤੋਂ ਬਾਹਰ ਨਿਕਲਣ ਲਈ ਹਮੇਸ਼ਾਂ ਹੀ ਕਾਹਲੇ ਰਹਿੰਦੇ ਹਨ। ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਤਨੇ ਲਤੀਫਿਆਂ ਦੇ ਬਾਵਜੂਦ ਉਸ ਦਾ ਆਪਣਾ ਪੇਟ ਹਾਸੇ ਨਾਲ ਫਟਣੋਂ ਕਿਵੇਂ ਬਚਿਆ ਰਿਹਾ।
‘ਇਹ ਹੈ ਬਾਰਬੀ ਸੰਸਾਰ’ ਵਿਚ ਕੁਝ ਅਜਿਹੇ ਮਸਲੇ ਹਨ ਜਿਹੜੇ ਪੰਜਾਬੀ ਵਿਚ ਪਹਿਲੀ ਵੇਰ ਛੋਹੇ ਗਏ ਹਨ। ਇਹ ਉਹ ਮਸਲੇ ਹਨ ਜਿਹੜੇ ਕੈਨੇਡਾ ਅਤੇ ਅਮਰੀਕੀ ਰਾਜਨੀਤੀ ਅਤੇ ਅਰਥਚਾਰੇ ਨਾਲ ਸਬੰਧਤ ਹੀ ਨਹੀਂ ਹਨ ਸਗੋਂ ਇਨ੍ਹਾਂ ਉਤੇ ਕਰਾਰੀ ਚੋਟ ਵੀ ਕਰਦੇ ਹਨ, ਜਾਂ ਫਿਰ ਭਾਰਤ ਦੀ ਰਾਜਨੀਤੀ ਅਤੇ ਭਾਰਤ ਬਾਰੇ ਅਮਰੀਕੀ ਸਾਮਰਾਜੀ ਨੀਤੀ ਦਾ ਤਿੱਖਾ ਲੇਖਾ-ਜੋਖਾ। ਅਸਲ ਵਿਚ ਭਾਰਤ ਨੂੰ ਪਹਿਲਾਂ ਪੂਰਬੀਅਤ ਦਾ ਨਾਂ ਦੇ ਕੇ ਭਾਰਤੀ ਚਿੰਤਨ ਦੀ ਅਮੀਰੀ ਦੀ ਥਾਂ ਇਸ ਦੇ ਪਛੜੇਪਣ ਨੂੰ ਹੀ ਮਨੋਰੰਜਨ ਦਾ ਸਾਧਨ ਬਣਾਇਆ ਜਾਂਦਾ ਰਿਹਾ ਹੈ। ਮਿਸਾਲ ਲਈ ਇਥੋਂ ਦੀ ਗਰੀਬੀ ਦੇ ਕਿੱਸੇ, ਹਾਥੀ ਸਵਾਰ, ਬੀਨ ਨਾਲ ਸੱਪ ਕਢਣ ਵਾਲੇ ਸਪੇਰੇ, ਜਾਦੂਗਰ ਖਾਸ ਕਰ ਕੇ ਰੱਸੀ ਨੂੰ ਅਸਮਾਨ ਵਿਚ ਟੰਗ ਕੇ ਉਸ ਨੂੰ ਫੜ ਕੇ ਅਸਮਾਨ ਵਿਚ ਚੜ੍ਹਨ ਵਾਲੇ ਅਤੇ ਫਿਰ ਗੁੰਮ ਹੋ ਜਾਣ ਵਾਲੇ ਜਾਦੂਗਰਾਂ ਆਦਿ ਨੂੰ ਹੀ ਪੂਰਬੀਅਤ ਦਾ ਨਾਂ ਦਿਤਾ ਜਾਂਦਾ ਰਿਹਾ ਹੈ। ਇਸ ਤੋਂ ਵੀ ਹਲਕੇ ਮੰਨੋਰੰਜਨੀ ਰੌਂਅ ਵਿਚ ਭਾਰਤ ਦੀ ਪ੍ਰਸੰਸਾ ਕੀਤੀ ਜਾਂਦੀ ਰਹੀ ਹੈ ਜਿਸ ਦਾ ਜ਼ਿਕਰ ਐਲਬਰਤ ਸਈਅਦ ਨੇ ਆਪਣੀ ਇਸੇ ਨਾਂ ਦੀ ਪੁਸਤਕ ਵਿਚ ਕੀਤਾ ਹੈ। ਜ਼ੀਰਵੀ ਅਨੁਸਾਰ ਇਸੇ ਤਰ੍ਹਾਂ ਹੀ ਪਛਮ ਨੇ ਭਾਰਤ ਦੇ ਸਭ ਤੋਂ ਵੱਡੇ ਲੋਕਰਾਜ ਹੋਣ ਅਤੇ ਜਾਂ ਹੋਰਨਾਂ ਖੇਤਰਾਂ ਨੂੰ ਮਜ਼ਾਕੀਆ ਹੱਦ ਤੀਕ ਆਪਣੇ ਹਿੱਤਾਂ ਲਈ ਵਰਤਿਆ ਹੈ ਜਿਸ ਦਾ ਸ਼ਾਨਦਾਰ ਜ਼ਿਕਰ ਉਸ ‘ਐ ਵਤਨæææਸਲਾਮਤ ਦੇਖੂੰ’ ਆਦਿ ਲੇਖਾਂ ਵਿਚ ਕੀਤਾ ਹੈ। ਉਸ ਦੇ ਹੋਰ ਲੇਖ ਕਾਰਪੋਰੇਟ ਸੈਕਟਰ ਜਿਹੜਾ ਹੁਣ ਸਾਮਰਾਜ ਦਾ ਹੀ ਦੂਜਾ ਰੂਪ ਹੈ, ਵਲੋਂ ‘ਖੁੱਲੇ ਵਣਜ’ ਦੀ ਵਕਾਲਤ ਅਤੇ ਵਡਿਆਈ ਦੇ ਕੁਥਾਵੇਂ ਅਤੇ ਭੁਲੇਖਾਕਾਰੀ ਅਰਥਾਂ ਦਾ ਪਾਜ ਖੋਲਦੇ ਹਨ। ਸਮਲਿੰਗੀ ਵਿਆਹਾਂ ਦੇ ਬਿਲ ਬਾਰੇ ਉਸ ਦੇ ਲੇਖ ਨੂੰ ਪੜ੍ਹ ਕੇ ਤੁਸੀਂ ਸਹਿਜੇ ਹੀ ਇਸ ਤੱਥ ‘ਤੇ ਪਹੁੰਚ ਸਕਦੇ ਹੋ ਕਿ ਉਹ ਪਿਛਲੀ ਸਦੀ ਦੀ ਦਿੱਖ ਵਾਲਾ ਇੱਕੀਵੀਂ ਸਦੀ ਦਾ ਸ਼ਾਹਸਵਾਰ ਹੈ।
‘ਇਹ ਹੈ ਬਾਰਬੀ ਸੰਸਾਰ’ ਲੇਖ ਵਿਚ ਉਸ ਨੇ ਅਮਰੀਕੀ ਬਹੁ-ਕੌਮੀ ਕੰਪਨੀਆਂ ਵਲੋਂ ਬੱਚਿਆਂ ਲਈ ਮਾਪਿਆਂ ਦੇ ਮੋਹ ਨੂੰ ਕੁਸ਼ਲਤਾ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਵਿਚ ਬਾਰਬੀ ਦਾ ਸਿਲਸਿਲਾ ਸ਼ੁਰੂ ਕਰਨ ਦੀ ਪਰੋਖ ਸਾਜਿਸ਼ ਦਾ ਪਰਦਾ ਫਾਸ਼ ਕੀਤਾ ਹੈ। ਹਰ ਸਾਲ ਕਿਸੇ ਸੱਚੀਂ-ਮੁਚੀਂ ਦੀ ਕੁੜੀ ਨੂੰ ‘ਬਾਰਬੀ’ ਬਣਾਉਣ ਲਈ ਚੁਣਿਆ ਜਾਂਦਾ ਹੈ ਫਿਰ ਉਸ ਦੀ ਸ਼ਕਲ ਦੀਆਂ ਗੁਡੀਆਂ ਤਿਆਰ ਕੀਤੀਆਂ ਅਤੇ ਵੇਚੀਆਂ ਜਾਂਦੀਆਂ ਹਨ। ਫਿਰ ਇਨ੍ਹਾਂ ਦੇ ਡਰੈਸਾਂ ਨੂੰ ਬਾਜਾਰ ਵਿਚ ਲਿਆ ਕੇ ਹੋਰ ਪੈਸੇ ਵਸੂਲ ਕੀਤੇ ਜਾਂਦੇ ਹਨ ਅਤੇ ਫਿਰ ਬਾਰਬੀ ਲਈ ਫਰਨੀਚਰ, ਭਾਂਡੇ, ਦਿਲ ਲਾਉਣ ਲਈ ਸੁਹਣਾ ਮੁੰਡਾ ਅਤੇ ਫਿਰ ਉਨ੍ਹਾਂ ਦਾ ਘਰ, ਕਾਰਾਂ-ਗਲ ਕੀ ਨਿੱਤ ਨਵੀਂ ਮੰਗ ਪੈਦਾ ਕਰਨ ਲਈ ਪਹਿਲਾਂ ਇਨ੍ਹਾਂ ਵਸਤਾਂ ਨੂੰ ਬਾਜ਼ਾਰ ਵਿਚ ਸੁਟਿਆ ਜਾਂਦਾ ਹੈ। ਇਸ ਕਹਾਣੀ ਨੂੰ ਜਿੰਨਾ ਵੀ ਵਧਾ ਲਵੋ ਇਹ ਸਿਲਸਿਲਾ ਖਤਮ ਹੋਣ ਵਾਲਾ ਨਹੀਂ। ਅਸਲ ਵਿਚ ਬਾਰਬੀ ਆਪਣੇ ਆਪ ਵਿਚ ਵੀ ਪ੍ਰਤੀਕ ਹੈ ਅਜਿਹੀ ਲੁਟ ਖਸੁਟ ਦਾ।
‘ਹੋਰ ਅਤੇ ਹੋਰ’ ਲੇਖ ਵਿਚ ਅਮਰੀਕਾ ਰਾਹੀਂ ਪ੍ਰਚਾਰੀ ਗਈ ਜ਼ਿੰਦਗੀ ਦਾ ਬਿਆਨ ਹੈ ਜੋ ਇਕੋ ਇਕ ਜਨੂੰਨ ਬਣ ਗਿਆ ਹੈ ਜਿਸ ਦਾ ਜ਼ਿਕਰ ਇਤਾਲਵੀ ਚਿੰਤਕ ਅਤੇ ਨਾਵਲਿਸਟ ਇੰਬਾਰਤੋ ਈਕੋ ਨੇ ਵੀ ਆਪਣੀ ਪੁਸਤਕ ‘ਟਰੈਵਲਜ਼ ਇਨ ਹਾਈਪਰ ਰਿਐਲਿਟੀ’ ਵਿਚ ਕੀਤਾ ਹੈ ਜਿਹੜੀ ਅਚੇਤ ਹੀ ਜ਼ੀਰਵੀ ਦੀ ਇਸ ਪੁਸਤਕ ਦੀ ਯਾਦ ਤਾਜ਼ਾ ਕਰ ਦਿੰਦੀ ਹੈ। ਇਸ ਕਥਨ ਦਾ ਉਲਟਾ ਰੂਪ ਵੀ ਉਤਨਾ ਹੀ ਸੱਚ ਹੈ।
ਇਰਾਕ ਉਤੇ ਅਮਰੀਕੀ ਜੰਗ ਦੇ ਅਗੇ-ਪਿੱਛੇ ਕੀ ਸੀ? ਇਸੇ ਤਰ੍ਹਾਂ ਨੈਟੋ ਦੇ ਸੰਗਠਨ ਪਿੱਛੇ ਵੀ। ਮਹਾਂ ਸ਼ਕਤੀ ਕਿਵੇਂ ਉਲਾਰ ਹੋ ਜਾਂਦੀ ਹੈ? ਇਹ ਪੁਸਤਕ ਇਨ੍ਹਾਂ ਪ੍ਰਸ਼ਨਾਂ ਅਤੇ ਅਜਿਹੇ ਸੰਦੇਹਾਂ ਉਤੋਂ ਗਰਦ ਝਾੜਦੀ ਹੈ। ਪਿਕਾਸੋ ਦਾ ਚਿਤਰ ਗੁਇਰਨਿਕਾ ਸਪੇਨੀ ਖਾਨਾਜੰਗੀ ਵੇਲੇ ਇਸ ਨਾਂ ਦੇ ਪਿੰਡ ਵਿਚ ਹੋਏ ਭਿਆਨਕ ਕਤਲੇਆਮ ਅਤੇ ਤਬਾਹੀ ਨੂੰ ਮੂਰਤੀਮਾਨ ਕਰਦਾ ਹੈ। ਜਦ ਅਮਰੀਕਾ ਇਰਾਕ ਉਤੇ ਹਮਲਾ ਕਰਨ ਜਾ ਰਿਹਾ ਸੀ, ਤਦ ਯੂ ਐਨ ਓ ਦੀ ਸੁਰੱਖਿਆ ਕੌਂਸਲ ਵਿਚ ਅਮਰੀਕੀ ਵਿਦੇਸ਼ ਸਕੱਤਰ ਕੋਲਿਨ ਪਾਵਲ ਵਲੋਂ ਇਰਾਕ ਖਿਲਾਫ ਦੋਸ਼ ਪਤਰ ਪੇਸ਼ ਕਰਨ ਸਮੇਂ ਉਸ ਦਫਤਰ ਵਿਚ ਟੰਗੀ ਪਿਕਾਸੋ ਦੀ ਤਸਵੀਰ ਉਤੇ ਪਰਦਾ ਦੇ ਦਿੱਤਾ ਗਿਆ ਸੀ ਕਿਉਂਕਿ ਇਸ ਤਸਵੀਰ ਦੀ ਹਾਜ਼ਰੀ ਵਿਚ ਕੋਲਿਨ ਕਿਵੇਂ ਝੂਠ ਬੋਲ ਕੇ ਹਮਲਾ ਕਰਨ ਦੀ ਤਜਵੀਜ਼ ਰਖ ਸਕਦਾ ਸੀ। ਕਲਾ ਅਤੇ ਸਾਹਿਤ ਦੀ ਤਾਕਤ ਨੂੰ ਉਘਾੜਨ ਲਈ ਅਜਿਹੀਆਂ ਮਿਸਾਲਾਂ ਨੂੰ ਆਧਾਰ ਬਣਾ ਕੇ ਲਿਖਣਾ, ਇਹ ਕੇਵਲ ਸੁਰਜਨ ਜ਼ੀਰਵੀ ਹੀ ਕਰ ਸਕਦਾ ਹੈ।
‘ਮਾਮਲਾ ਉਮਰਾਂ ਦਾ’ ਵਿਚ ਉਹ ਜਵਾਨੀ ਨੂੰ ਰੋਕਣ ਵਾਲੀਆਂ ਦਵਾਵਾਂ ਉਤੇ ਵਿਅੰਗ ਕੱਸਦਾ ਹੈ। ‘ਰੈਚਲ ਕੋਰੀ ਦੇ ਲਹੂ ਦੀ ਪੁਕਾਰ’ ਵਿਚ 23 ਸਾਲਾ ਅਮਰੀਕਨ ਅਮਨ ਵਾਲੰਟੀਅਰ ਕੁੜੀ ਦਾ ਜ਼ਿਕਰ ਹੈ, ਜਿਸ ਨੂੰ ਗਾਜ਼ਾ ਪੱਟੀ ਵਿਚ ਇਕ ਇਸਰਾਈਲੀ ਨੇ ਆਪਣੇ ਬੁਲਡੋਜ਼ਰ ਹੇਠ ਦੇ ਕੇ ਮਾਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਲੱਖਾਂ ਦਿਲ ਹਿਲਾ ਕੇ ਰੱਖ ਦਿੱਤੇ ਸਨ। ਸੋ ਇਹ ਪੁਸਤਕ ਨਵੀਂ ਸਦੀ ਵਿਚ ਮਨੁੱਖ ਨੂੰ ਦਰਪੇਸ਼ ਮਸਲਿਆਂ ਨੂੰ ਇਸੇ ਸਦੀ ਦੀ ਸ਼ਬਦਾਵਲੀ ਅਤੇ ਅੰਦਾਜ਼ੇ ਬਿਆਨ ਵਿਚ ਅਗਰਭੂਮਿਤ ਕਰਦੀ ਹੈ।
ਦੋ ਕੁ ਮਹੀਨੇ ਪਹਿਲਾਂ ਇਕ ਸ਼ਾਮ ਅਸੀਂ ਜ਼ੀਰਵੀ ਦੇ ਘਰ ਬੈਠੇ ਸਾਂ ਕਿ ਉਸ ਨੇ ਪੁੱਛਿਆ, ਕੀ ਪੀਣਾ ਹੈ। ਮੈਂ ਸੁਭਾਵਕ ਕਿਹਾ, ਕੁਝ ਨਹੀਂ। ਜ਼ੀਰਵੀ ਕਹਿਣ ਲਗਾ, ਵੇਖੋ ਸ਼ਰਾਬ ਪੀਣੀ ਮਾੜੀ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਪਰ ਨਾ ਪੀਣੀ ਹੋਰ ਵੀ ਮਾੜੀ ਹੈ।
ਨਿਰਸੰਦੇਹ ਸੁਰਜਨ ਜ਼ੀਰਵੀ ਪੰਜਾਬੀ ਸਾਹਿਤ ਦੇ ਦਰਬਾਰ ਦਾ ਇਕੋ ਵੇਲੇ ਅਕਬਰ ਵੀ ਹੈ ਤੇ ਬੀਰਬਲ ਵੀ।