ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ‘ਡੋਬਣ’ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰੋਜੈਕਟ ਨੂੰ ਪੱਕੇ ਤੌਰ ਉਤੇ ਠੱਪ ਕਰਦਿਆਂ Ḕਪਾਣੀ ਵਾਲੀ ਬੱਸ’ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕੰਪਟਰੋਲਰ ਜਨਰਲ (ਕੈਗ) ਦੀ ਤਾਜ਼ਾ ਰਿਪੋਰਟ ਮੁਤਾਬਕ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਘਾਟੇ ਦਾ ਸੌਦਾ ਹੈ ਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਮਹਿਜ਼ ਸੁਖਬੀਰ ਸਿੰਘ ਬਾਦਲ ਦੀ ਜ਼ਿੱਦ ਪੁਗਾਉਣ ਲਈ 8.62 ਕਰੋੜ ਰੁਪਏ ਪਾਣੀ ਵਿਚ ਰੋੜ੍ਹ ਦਿੱਤੇ।

ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਨਹੀਂ ਲਈ ਗਈ, ਅਧਿਐਨ ਨਹੀਂ ਕੀਤਾ ਗਿਆ ਤੇ ਘਾਟੇ ਵਾਧੇ ਦਾ ਵੀ ਹਿਸਾਬ ਨਹੀਂ ਲਾਇਆ ਗਿਆ। ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਦਰਅਸਲ ਸਾਲ 2015 ਦੇ ਆਰੰਭ ਵਿਚ ਜਦੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਬਠਿੰਡਾ ਵਿਖੇ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਂ ਰੈਲੀ ਕੀਤੀ ਗਈ, ਇਸ ਮੌਕੇ ਕੇਂਦਰੀ ਮੰਤਰੀ ਨੇ ਪਾਣੀ ਰਾਹੀਂ ਟਰਾਂਸਪੋਰਟ ਸੇਵਾਵਾਂ ਦੀ ਗੱਲ ਕੀਤੀ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਿਨ੍ਹਾਂ ਸੋਚੇ ਸਮਝੇ ਹੀ ਐਲਾਨ ਕਰ ਦਿੱਤਾ ਕਿ ਪੰਜਾਬ ਵਿਚ ਵੀ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਲੋਟ ਤੋਂ ਬੱਸ ਪਾਣੀ ਰਾਹੀਂ ਕੋਟਕਪੂਰੇ ਆਵੇਗੀ ਅਤੇ ਇਥੋਂ ਸੜਕ ਉਤੇ ਚੱਲ ਪਵੇਗੀ।
ਸੁਖਬੀਰ ਬਾਦਲ ਦੇ ਇਸ ਐਲਾਨ ਨੂੰ ਪੂਰਾ ਕਰਨ ਲਈ ਦੋ ਸਾਲ ਬਾਅਦ ਹਰੀਕੇ ਪੱਤਣ ਵਿਚ ਪਾਣੀ ਵਾਲੀ ਬੱਸ ਚਲਾਉਣ ਦਾ ਫੈਸਲਾ ਕੀਤਾ ਗਿਆ। ਕੈਗ ਦੇ ਸੀਨੀਅਰ ਆਡੀਟਰ ਜਨਰਲ ਦੀ ਰਿਪੋਰਟ ਅਨੁਸਾਰ ਹਰੀਕੇ ਪੱਤਣ ਵਿਖੇ ਪ੍ਰੋਜੈਕਟ ਸ਼ੁਰੂ ਕਰਨ ਲਈ ਨਾ ਤਾਂ ਅਮਲੀ ਤੌਰ ਉਤੇ ਇਸ ਨੂੰ ਚਲਾਉਣ ਬਾਰੇ ਪੜਤਾਲ ਕੀਤੀ ਅਤੇ ਨਾ ਹੀ ਡਿਟੇਲ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕੀਤੀ ਅਤੇ ਨਾ ਹੀ ਲੋਕਾਂ ਦੇ ਹਿੱਤ ਦੇਖੇ ਗਏ। ਉਨ੍ਹਾਂ ਕਿਹਾ ਕਿ ਮਹਿਜ਼ ਸਿਆਸੀ ਲਾਹਾ ਲੈਣ ਲਈ ਸਰਕਾਰੀ ਖਜ਼ਾਨੇ ਨੂੰ ਬੇਦਰਦੀ ਨਾਲ ਚੂਨਾ ਲਾਇਆ ਗਿਆ ਤੇ ਯੂਰਪ ਤੋਂ ਬੱਸ ਖਰੀਦ ਕੇ ਹਰੀਕੇ ਪੱਤਣ ਲਿਆਂਦੀ। ਮੰਤਰੀ ਨੇ ਦੱਸਿਆ ਕਿ ਦਸੰਬਰ 2016 ਦੇ ਦੂਜੇ ਹਫਤੇ ਜਦੋਂ ਬੱਸ ਦਾ ਟਰਾਇਲ ਹੋਇਆ ਤਾਂ ਪਾਣੀ ਘੱਟ ਹੋਣ ਕਾਰਨ ਬੱਸ ਫਸ ਗਈ। ਫਿਰ ਬੱਸ ਚਲਾਉਣ ਲਈ ਭਾਖੜਾ ਡੈਮ ਤੋਂ ਸਤਲੁਜ ਨਹਿਰ ਵਿਚ ਪਾਣੀ ਛੱਡਿਆ ਗਿਆ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਤਲੁਜ ਵਿਚ ਪਾਣੀ ਛੱਡਣ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦੀ ਦਰਿਆ ਨਾਲ ਲੱਗਦੀ ਸੈਂਕੜੇ ਏਕੜ ਫਸਲ ਪਾਣੀ ਵਿਚ ਡੁੱਬ ਗਈ। ਹਰੀਕੇ ਵਿਚ ਪਾਣੀ ਵਾਲੀ ਬੱਸ ਚਲਾਉਣ ਨਾਲ ਹਰੀਕੇ ਵੈਟਲੈਂਡ ਵਿਚ ਆਉਣ ਵਾਲੇ ਪਰਵਾਸੀ ਪੰਛੀਆਂ ਨੂੰ ਵੀ ਨੁਕਸਾਨ ਪੁੱਜਾ। ਇਥੋਂ ਤੱਕ ਕਿ ਬੱਸ ਚਲਾਉਣ ਦੇ ਡਰਾਈਵਰ ਕੋਲ Ḕਇਨਲੈਂਡ ਵਾਟਰਵੇਅਜ਼ ਅਥਾਰਟੀ ਆਫ ਇੰਡੀਆ’ ਦਾ ਬੱਸ ਚਲਾਉਣ ਦਾ ਲਾਇਸੈਂਸ ਵੀ ਨਹੀਂ ਸੀ। ਇਸ ਪ੍ਰੋਜੈਕਟ ਉਪਰ ਸਰਕਾਰ ਵੱਲੋਂ 8.62 ਕਰੋੜ ਰੁਪਏ ਖਰਚੇ ਗਏ ਅਤੇ ਕਮਾਈ ਸਿਰਫ 70 ਹਜ਼ਾਰ ਰੁਪਏ ਹੋਈ। ਉਨ੍ਹਾਂ ਕਿਹਾ ਕਿ ਤੱਥਾਂ ਨੂੰ ਘੋਖਣ ਤੋਂ ਬਾਅਦ ਵਿਭਾਗ ਨੇ ਇਸ ਘਾਟੇ ਦੇ ਪ੍ਰੋਜੈਕਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਬੱਸ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਉਸਾਰੇ ਗਏ ਇਨਫਰਾਸਟੱਕਚਰ ਨੂੰ ਇਥੇ ਪੈਡਲ ਬੋਟ ਅਤੇ ਸ਼ਿਕਾਰੇ ਚਲਾਉਣ ਲਈ ਵਰਤਿਆ ਜਾਵੇਗਾ।
______________________
ਸੁਖਬੀਰ ਤੋਂ ਘਾਟੇ ਦੀ ਭਰਪਾਈ ਹੋਵੇ: ਆਪ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਰੀਕੇ ਪੱਤਣ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕਰਵਾਈ ਗਈ ਜਲ ਬੱਸ ਨੂੰ ਘਾਟੇ ਦਾ ਸੌਦਾ ਦੱਸਣ ਅਤੇ ਨਿਲਾਮ ਕਰਨ ਦੇ ਫੈਸਲੇ ਨੂੰ ਦਰੁਸਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ (ਅਮਨ ਅਰੋੜਾ) ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ ਕਿ ਜਲ ਬੱਸ ਦਾ ਪ੍ਰਾਜੈਕਟ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਨਿਕਲੇ ਇਕ Ḕਜੁਮਲੇ’ ਨੂੰ ਪੁਗਾਉਣ ਦੀ ਜ਼ਿੱਦ ਵਾਲਾ ਪ੍ਰੋਜੈਕਟ ਹੈ। ਇਸ ਲਈ ਪੰਜਾਬ ਦੇ ਖ਼ਜ਼ਾਨੇ ‘ਤੇ ਕਰੋੜਾਂ ਰੁਪਏ ਦਾ ਬੇਵਜ੍ਹਾ ਬੋਝ ਪਾਉਣ ਲਈ ਇਸ ਨੁਕਸਾਨ ਦੀ ਭਰਪਾਈ ਸੁਖਬੀਰ ਕੋਲੋਂ ਕੀਤੀ ਜਾਵੇ।