ਸ਼ੇਕਸਪੀਅਰ ਦੀ ਕਵਿਤਾ ਦੇ ਉਤਰਾ-ਚੜ੍ਹਾ

ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤਕਾਰਾਂ ਵਿਚ ਸੁਰਜੀਤ ਹਾਂਸ ਅਜਿਹਾ ਬੁੱਧੀਜੀਵੀ ਹੈ, ਜੋ ਹਰ ਵਿਧਾ ਵਿਚ ਸਾਹਿਤ ਰਚਦਾ ਹੈ ਅਤੇ ਔਖੇ ਤੋਂ ਔਖੇ ਅੰਗਰੇਜ਼ੀ ਸਾਹਿਤ ਨੂੰ ਪੰਜਾਬੀ ਵਿਚ ਉਲਥਾਉਣ ਦਾ ਮਾਹਿਰ ਹੈ। ਉਸ ਨੇ ਸ਼ੇਕਸਪੀਅਰ ਦੇ ਕੁੱਲ ਨਾਟਕ, ਸੌਨੇਟ ਤੇ ਕਵਿਤਾਵਾਂ ਪੰਜਾਬੀ ਵਿਚ ਉਲਥਾ ਕੇ ਭਾਰਤੀ ਭਾਸ਼ਾਵਾਂ ਦੇ ਸਾਹਿਤ ਰਸੀਆਂ ਨੂੰ ਹੈਰਾਨ ਕਰ ਛੱਡਿਆ ਹੈ। ਕੇਂਦਰੀ ਸਾਹਿਤ ਅਕਾਦਮੀ ਦੇ ਕਲਕੱਤਾ ਵਾਲੇ ਸਮਾਗਮ ਵਿਚ ਇਹ ਤੱਥ ਸਰੋਤਿਆਂ ਦੇ ਸਾਹਮਣੇ ਆਇਆ ਤਾਂ ਉਹ ਇੱਕ-ਦੂਜੇ ਦੇ ਮੂੰਹਾਂ ਵਲ ਵੇਖਣ ਲੱਗੇ।

ਦੋ ਦਹਾਕੇ ਤੋਂ ਵਧ ਸਮਾਂ ਲਾ ਕੇ ਨੇਪਰੇ ਚਾੜ੍ਹੇ ਇਸ ਕਾਰਜ ਨੂੰ ਹੁਣ ਉਸ ਨੇ ‘ਸ਼ੇਕਸਪੀਅਰ ਦੀ ਚੋਣਵੀਂ ਸ਼ਾਇਰੀ’ (ਟਵੰਟੀ ਫਰਸਟ ਸੈਂਚੁਰੀ ਪਬਲੀਕੇਸ਼ਨ, ਪਟਿਆਲਾ; ਪੰਨੇ 432, ਮੁੱਲ 400 ਰੁਪਏ) ਵਿਚ ਸਮੇਟਣ ਦਾ ਕੰਮ ਕੀਤਾ ਹੈ। ਇਸ ਵਿਚ ਸ਼ੇਕਸਪੀਅਰ ਦੀਆਂ ਰਚਨਾਵਾਂ ਵਿਚ ਆਈ ਵਧੀਆ ਕਵਿਤਾ ਇੱਕ ਜਿਲਦ ਵਿਚ ਇਕੱਠੀ ਕੀਤੀ ਗਈ ਹੈ।
ਸ਼ੇਕਸਪੀਅਰ ਤੋਂ ਅਣਜਾਣ ਲੋਕਾਂ ਲਈ ਤਾਂ ਇਹ ਗੱਲ ਵੀ ਨਵੀਂ ਹੋਵੇਗੀ ਕਿ ਉਸ ਦੇ ਜੀਵਨ ਕਾਲ ਵਿਚ ਉਸ ਦੀਆਂ ਕੇਵਲ ਦੋ ਕਵਿਤਾਵਾਂ ਛਾਪੇਖਾਨੇ ਦੀ ਚੱਕੀ ਵਿਚੋਂ ਲੰਘੀਆਂ। ਨਾਟਕ ਤਾਂ ਇੱਕ ਵੀ ਨਹੀਂ। ਉਂਜ ਉਸ ਦੀ ਕਵਿਤਾ ਨੇ ਜਿੰਨੀ ਵੀ ਉਤਮਤਾਈ ਪ੍ਰਾਪਤ ਕੀਤੀ, ਉਸ ਦੀ ਨਾਟਕੀ ਵਾਰਤਾਲਾਪ ਵਿਚ ਹੀ ਹੈ। ਪੇਸ਼ ਹੈ, ਇੱਕ ਨ੍ਰਿਤ ਗਾਇਨ ਜਿਸ ਵਿਚ ਮਰਦਾਂ ਦੀ ਧੋਖੇਬਾਜ਼ੀ ਤੇ ਬੇਵਫਾਈ ਦਾ ਜ਼ਿਕਰ ਹੈ:
ਹਉਕੇ ਭਰ ਨਾ, ਹਉਕੇ ਨੱਢੀਏ
ਧੋਖੇਬਾਜ਼ ਰਹੇ ਨੇ ਬੰਦੇ।
ਇੱਕ ਪੈਰ ਹੁੰਦਾ ਸਾਗਰ ਵਿਚ
ਦੂਜਾ ਹੁੰਦਾ ਕੰਢੇ।
ਜੋ ਗੱਲ ਦੇ, ਨਹੀਂ ਪੱਕੇ ਅੜੀਏ
ਛੱਡ ਉਨ੍ਹਾਂ ਨੂੰ ਛੱਡ ਪਰੇ ਤੂੰ,
ਕੀ ਰੋਣਾ ਤੇ ਧੋਣਾ ਹੋਇਆ
ਸੋਗ ਦੋਖ ਦਾ ਦੇਣਾ ਕੀ ਹੈ।
ਮਰਦ ਰਿਹਾ ਇੱਕ ਝੂਠ ਸਮੋਇਆ
ਅੰਤ ਕਿਸੇ ਦਾ ਲੈਣਾ ਕੀ ਹੈ?
‘ਹੈਨਰੀ ਛੇਵਾਂ’ ਵਿਚ ਇਕ ਅਜਿਹੇ ਸਰਕਾਰੀ ਕਰਮਚਾਰੀ ਦੀ ਮਿਸਾਲ ਹੈ, ਜੋ ਕੰਮ ਤੋਂ ਹਟਾਏ ਜਾਣ ਉਤੇ ਬਾਦਸ਼ਾਹ ਨਾਲ ਗਿਲਾ ਨਹੀਂ ਕਰਦਾ:
ਖੈਰਬਾਦ ਹੈ ਭੱਦਰ ਬਾਦਸ਼ਾਹ!
ਮੈਂ ਗਤ ਹੋਣਾ ਜਦੋਂ ਪਲਤ ਨੂੰ।
ਮਾਣੀ ਅਮਨ ਚੈਨ ਦੀ ਆਸ਼ਿਖ,
ਦੇਵੇ ਅੱਲਾ, ਦੇਵੇ ਤੇਰੇ ਤਖਤ ਨੂੰ।
ਹਾਂਸ ਉਕਤ ਨੁਕਤਾ ਸਮਝਾਉਣ ਲਈ ਪੰਜਾਬ ਦੇ ਰਹਿ ਚੁਕੇ ਰਾਜਪਾਲ ਧਰਮਵੀਰ ਦੀ ਮਿਸਾਲ ਦਿੰਦਾ ਹੈ, ਜਿਸ ਨੇ ਇਸ ਅਹੁਦੇ ਤੋਂ ਅਚਾਨਕ ਹਟਾਏ ਜਾਣ ਦਾ ਉਕਾ ਗਮ ਨਹੀਂ ਸੀ ਕੀਤਾ।
ਸ਼ੇਕਸਪੀਅਰ ਆਪਣੇ ਸਾਹਿਤਕ ਪਾਤਰਾਂ ਨੂੰ ਸਿਆਸੀ ਪਾਤਰਾਂ ਵਾਲਾ ਸਥਾਨ ਨਹੀਂ ਦਿੰਦਾ ਕਿਉਂਕਿ ਸਾਹਿਤਕ ਪਾਤਰ ਸਾਹਿਤਕਾਰ ਦੀ ਕਲਪਨਾ ਨੇ ਸਿਰਜੇ ਹੁੰਦੇ ਹਨ ਪਰ ਰਾਜਸੀ ਪਾਤਰ ਯਥਾਰਥ ਦੇ ਨੇੜੇ ਹੁੰਦੇ ਹਨ। ਕਾਲਪਨਿਕ ਪਾਤਰਾਂ ਵਿਚ ਕਾਵਿਕ ਚਮਕ-ਦਮਕ ਵਧੇਰੇ ਹੁੰਦੀ ਹੈ। ਇਥੋਂ ਤਕ ਕਿ ਆਸ਼ਿਕਾਂ, ਪਾਗਲਾਂ ਤੇ ਕਵੀਆਂ ਨੂੰ ਇੱਕੋ ਰੱਸੇ ਬੰਨ੍ਹਦਾ ਹੈ:
ਕੀ ਆਸ਼ਿਕ ਤੇ ਪਾਗਲ ਬੰਦੇ
ਮਗਜ਼ ਜਿਵੇਂ ਕੀ ਉਬਲਦੇ ਹਨ
ਬਿੰਬ ਬਲਿ ਜੋ ਰਹਿਣ ਬਣਾਉਂਦੇ
ਜਿਸ ਦਾ ਸਤਿ-ਗ੍ਰਹਿਣ ਰਿਹਾ ਹੈ
ਜਿਹੜਾ ਇਹਨੂੰ ਬਹੁਤਾ ਸਮਝਣ
ਠੰਢੀ ਮਤਿ ਦੀ ਕਰਨੀ ਨਾਲੋਂ
ਇੱਕ ਪਾਗਲ ਤੇ ਦੂਜਾ ਆਸ਼ਿਕ
ਤੀਜਾ ਰਲਿਆ ਆਪ ਕਵੀ ਹੈ
ਇਨ੍ਹਾਂ ਦੀ ਉਤਪੱਤੀ ਸੰਭਵ
ਸ਼ੁਧ ਕਲਪਨਾ ਵਾਲੇ ਘਰ ਤੋਂ।
ਸ਼ੇਕਸਪੀਅਰ ਦਾ ਇੱਕ ਹੋਰ ਰੰਗ ਦੇਖੋ। ‘ਜਿਵੇਂ ਚਾਹੋ’ ਨਾਟਕ ਵਿਚ ਜਦੋਂ ਔਰਲੈਂਡੋ ਦੇ ਭਰਾ ਔਲੀਵਰ ਨੂੰ ਕਤਲ ਦੇ ਦੋਸ਼ ਵਿਚ ਦਰ-ਬਦਰ ਕਰਕੇ ਮਾਰਡਨ ਦੇ ਜੰਗਲ ਵਿਚ ਭੇਜ ਦਿੱਤਾ ਜਾਂਦਾ ਹੈ, ਤਾਂ ਵੀ ਔਰਲੈਂਡੋ ਉਸ ਦੀ ਖਬਰ ਲੈਣ ਲਈ ਉਥੇ ਜਾਂਦਾ ਹੈ। ਕੀ ਵੇਖਦਾ ਹੈ ਕਿ ਔਲੀਵਰ ਸੁੱਤਾ ਪਿਆ ਹੈ ਤੇ ਇੱਕ ਸੱਪ ਉਸ ਨੂੰ ਡੱਸਣਾ ਚਾਹੁੰਦਾ ਹੈ। ਉਧਰ ਇੱਕ ਸ਼ੇਰਨੀ ਵੀ ਘਾਤ ਲਾਈ ਬੈਠੀ ਹੈ ਕਿ ਸੱਪ ਪਾਸੇ ਹੋਵੇ ਤਾਂ ਉਹ ਖੁਦ ਉਸ ਨੂੰ ਖਾਵੇ। ਨਾਟਕੀ ਸਿਖਰ ਇਹ ਹੈ ਕਿ ਔਰਲੈਂਡੋ ‘ਕਾਤਲ’ ਭਾਈ ਨੂੰ ਬਚਾਉਣ ਖਾਤਰ ਜਗਾਉਣ ਦੀ ਦੁਬਿਧਾ ਵਿਚ ਹੈ:
ਦੋ ਵਾਰੀ ਉਹ ਪਿੱਛੇ ਮੁੜਿਆ
ਅੰਸਾ ਰਿਹਾ ਇਰਾਦਾ ਉਸ ਦਾ
ਪਰ ਜੋ ਕਰੁਣਾ, ਬਦਲੇ ਨਾਲੋਂ
ਬਹੁਤੀ ਆਰਯ ਸਾਬਤ ਹੋ
ਜਿਸ ਨੇ ਉਹਨੂੰ ਸ਼ੇਰਨੀ ਨਾਲ
ਲੜਦੇ ਘੁਲਦੇ ਕੀਤਾ।
ਇਸ ਰੱਫੜ ਨੇ ਕਾਤਲ ਭਰਾ ਨੂੰ
ਆਪਣੀ ਨਿੰਦਰਾ ਤੋਂ ਉਠਵਾ ਦਿੱਤਾ।
ਪੰਜਾਬੀ ਬੰਦਾ ਰਿਜ਼ਕ ਦੀ ਖਾਤਰ ਦੇਸ-ਵਿਦੇਸ਼ ਧੱਕੇ ਖਾਂਦਾ ਹੈ, ਜਿਸ ਦਾ ਅਜੋਕੇ ਪੰਜਾਬੀ ਕਵੀਆਂ ਨੇ ਬੜਾ ਕਰੁਣਾਮਈ ਵਰਣਨ ਕੀਤਾ ਹੈ। ਸ਼ੇਕਸਪੀਅਰ ਦੇ ਸਮਿਆਂ ਵਿਚ ਵੀ ਯੁਵਕ ਲੋਕ ਧੱਕੇ ਖਾਂਦੇ ਸਨ। ਪੇਸ਼ ਹਨ, ਉਸ ਦੇ ਇੱਕ ਪਾਤਰ ਦੇ ਬੋਲ:
ਜਗ ਜਹਾਨੀ ਅੰਦਰ ਪੌਣ
ਵਕੀਰਨ ਕਰਦੀ ਯੁਵਕਾਂ ਨੂੰ ਹੈ
ਕਿਸਮਤ ਨੂੰ ਹਨ ਲਭਦੇ ਫਿਰਦੇ
ਦੂਰ ਦੁਰਾਡੇ ਵਤਨਾਂ ਤੋਂ ਕੀ?
ਜਿੱਥੇ ਨੀਮ ਤਜਰਬਾ ਹੁੰਦਾ ਜਗ-ਬੀਤੀ ਦਾ!
ਭਾਵ ਦੀ ਗਹਿਰਾਈ ਦੀ ਇੱਕ ਹੋਰ ਮਿਸਾਲ ਇਹ ਕਿ ‘ਰੋਮੀਓ ਜੂਲੀਅਟ’ ਵਿਚ ਇੱਕ ਕਥਨ ਹੈ ਕਿ ਲੋੜਵੰਦ ਪੁਰਸ਼ ਦੂਜਿਆਂ ਦੇ ਕੰਨ ਅਤੇ ਆਪਣਾ ਢਿੱਡ ਗੱਲਾਂ ਨਾਲ ਭਰ ਲੈਂਦਾ ਹੈ। ਪਰ ਸਮਰਥ ਵਿਅਕਤੀ ਅਜਿਹੇ ਰਾਹ ਤੁਰਨ ਨਾਲੋਂ ਉਦਾਰ ਹੁੰਦਾ ਹੈ। ਜੂਲੀਅਟ ਕਹਿੰਦੀ ਹੈ ਕਿ ਉਹ ਕਾਹਦਾ ਅਮੀਰ ਹੈ, ਜੀਹਨੂੰ ਪਤਾ ਹੈ ਕਿ ਉਹ ਅਮੀਰ ਹੈ:
ਜਿਸ ਦਾ ਮਾਣ ਮਹੱਤ ਹੈ ਉਸ ਨੂੰ
ਲੋੜ ਨਹੀਂ ਭੂਸ਼ਨ ਦੀ ਹੁੰਦੀ
ਉਹ ਤਾਂ ਯਾਚਕ ਹੈ ਮਿੱਟੀ ਦਾ
ਹੈ ਜੋ ਆਪਣੀ ਸੰਪੱਤੀ ਗਿਣਦਾ।
ਇੱਕ ਹੋਰ ਨਾਟਕ ਦਾ ਇੱਕ ਪਾਤਰ ਡੱਬਿਆਂ ਦੇ ਜੂਏ ਵਿਚ ਪਰੋਸ਼ਾ ਨਾਂ ਦੀ ਪਾਤਰ ਨੂੰ ਜਿੱਤ ਲੈਂਦਾ ਹੈ ਤਾਂ ਪਰੋਸ਼ਾ ਸੁਤੰਤਰ ਵਿਅਕਤੀ ਦੀ ਥਾਂ ਨਿਰਭ-ਘਰੀਣੀ ਹੋ ਜਾਂਦੀ ਹੈ। ਘਰੀਣੀ ਹੁੰਦੇ ਸਾਰ ਜੇਤੂ ਨੂੰ ਇਹ ਕਹਿਣ ਵਿਚ ਫੋਰਾ ਨਹੀਂ ਲਾਉਂਦੀ:
ਹੁਣੇ ਹੁਣੇ ਮੈਂ ਆਪੇ ਪਤਿਕਾ ਸੀ
ਇਸ ਰੂਪ ਮਹਿਲ ਦੀ ਜਿਹੜੀ
ਆਕਾ ਆਪਣੇ ਨਫਰਾਂ ਵਾਲੀ
ਬੇਗਮ ਆਪਣੇ ਆਪ ਦੀ ਮੈਂ
ਹੁਣੇ ਹੁਣੇ ਤੋਂ ਹੁਣ ਕੀ ਇਹ ਜੋ
ਇਹ ਘਰ, ਇਹ ਚਾਕਰ ਵੀ ਸਾਰੇ
ਨਾਲੇ ਮੇਰਾ ਆਪਣਾ ਆਪਾ
ਸਣੇ ਉਂਗਲ ਦੀ ਮੁੰਦਰੀ ਦੇ ਮੈਂ
ਤੁਧ ਦੇ, ਮੇਰੇ ਆਕਾ! ਕਰਾਂ ਹਵਾਲੇ।
ਭਾਰਤੀ ਮਿਥਿਹਾਸ ਵਿਚ ਵੀ ਦਾਓ ਵਿਚ ਲਾਏ ਜਾਣ ਸਦਕਾ ਦ੍ਰੋਪਦੀ ਜਿੱਤੀ ਗਈ ਸੀ ਤਾਂ ਦੁਰਯੋਧਨ ਵਲੋਂ ਭਰੀ ਸਭਾ ਵਿਚ ਨੰਗੀ ਕੀਤੇ ਜਾਣ ਦੀ ਮੰਗ ਤੋਂ ਬਚਣ ਲਈ ਉਸ ਨੇ ਕ੍ਰਿਸ਼ਨ ਦਾ ਅਰਾਧਨ ਕਰਕੇ ਆਪਣੇ ਆਪ ਨੂੰ ਇਸ ਭਾਣੇ ਤੋਂ ਬਚਾ ਲਿਆ ਸੀ। ਹੋ ਸਕਦਾ ਹੈ ਸ਼ੇਕਸਪੀਅਰ ਵਲੋਂ ਦਰਸਾਏ ਵਰਤਾਰੇ ਦਾ ਸੋਮਾ ਵੀ ਉਨ੍ਹਾਂ ਦਾ ਪੁਰਾਤਨ ਮਿਥਿਹਾਸ ਹੀ ਹੋਵੇ।
ਸ਼ੇਕਸਪੀਅਰ ਦੀ ਧਾਰਨਾ ਇਹ ਵੀ ਹੈ ਕਿ ਔਰਤ-ਮਰਦ ਵਾਸਨਾ ਸਬੰਧਾਂ ਦਾ ਵਰਤਾਰਾ ਕਦੀਮੀ ਹੈ, ਜੇ ਫਰਕ ਹੈ ਤਾਂ ਕੇਵਲ ਏਨਾ ਕਿ ਪੱਛਮ ਦੀ ਔਰਤ ਆਪਣੇ ਆਪ ਨੂੰ ਮਰਦ ਦੇ ਬਰਾਬਰ ਹੁੰਦੀ, ਧੱਕੇ ਨਾਲ ਆਪਣਾ ਹੱਕ ਮੰਗਦੀ ਹੈ, ਜਿਸ ਵਿਚ ਵਾਸਨਾ ਦਾ ਹੱਕ ਵੀ ਸ਼ਾਮਲ ਹੈ। ਇਸ ਦੇ ਉਲਟ ਭਾਰਤੀ ਪਤਨੀ ਲਈ ਪਤੀ ਪਰਮੇਸ਼ਰ ਹੈ। ਨਿਸ਼ਚੇ ਹੀ ਉਸ ਭਾਵਨਾ ਨੂੰ ਪੱਛਮ ਵਿਚ ਸਮਾਜਕ ਸਮਰਥਨ ਪ੍ਰਾਪਤ ਸੀ। ਸ਼ਾਇਦ ਅੱਜ ਵੀ ਹੈ।
ਜਿਥੋਂ ਤੱਕ ਭਾਰਤੀ ਧਾਰਨਾ ਤੇ ਭਾਵਨਾ ਦਾ ਸਬੰਧ ਹੈ, ਸੁਰਜੀਤ ਹਾਂਸ ਨੇ ਇਸ ਨੂੰ ਭਾਈ ਗੁਰਦਾਸ ਦੇ ਹੇਠ ਲਿਖੇ ਸ਼ਬਦ ਤੱਕ ਹੀ ਸੀਮਤ ਰਖਿਆ ਹੈ:
ਜੇ ਮਾਂ ਹੋਵੇ ਯਾਰਨੀ ਕਿਉਂ ਪੁੱਤ ਪਤਾਰੇ।
ਉਂਜ ਵੀ ਸ਼ੇਕਸਪੀਅਰ ਦੀ ਸਿਆਣਪ ਦਾ ਕੋਈ ਜਵਾਬ ਨਹੀਂ। ਉਹ ਇਸ ਵਰਤਾਰੇ ਦਾ ਭਾਂਡਾ ਸਮੇਂ ਦੇ ਸਿਰ ‘ਤੇ ਭੰਨਦਾ ਹੈ। ਉਸ ਨੇ ਆਪਣੇ ਨਾਟਕ ‘ਟਰਾਲੱਸ ਤੇ ਕਰਸੀਡਾ’ ਵਿਚ ਸਮੇਂ ਨੂੰ ਅਜਿਹਾ ਚਾਬਕ-ਦਸਤ ਮਹਿਮਾਨ-ਨਵਾਜ਼ ਦੱਸਿਆ ਹੈ, ਜੋ ਬੀਤੇ ਨੂੰ ਤਾਂ ਹਲਕੀ ਜਿਹੀ ਹੱਥ-ਘੁੱਟਣੀ ਨਾਲ ਤੋਰ ਦਿੰਦਾ ਹੈ ਤੇ ਆਉਣ ਵਾਲੇ ਨੂੰ ਏਦਾਂ ਗਲਵੱਕੜੀ ਪਾ ਕੇ ਮਿਲਦਾ ਹੈ, ਜਿਵੇਂ ਉਸ ਨੇ ਅਸਮਾਨੀਂ ਉਡਣਾ ਹੋਵੇ:
ਇਹ ਤਾਂ ਵਕਤ ਜਿਵੇਂ ਕਿ ਹੁੰਦਾ
ਚਾਬਕ ਮਹਿਮਾਂਦਾਰ ਕੋਈ ਜੋ
ਕਿਵੇਂ ਪ੍ਰਾਹੁਣੇ ਜਾਂਦੇ ਨਾਲ ਤਾਂ
ਕੁਝ ਹੌਲਾ ਜਿਹਾ ਹੱਥ ਮਲਾਉਂਦਾ
ਐਪਰ ਕੀ ਬਾਹਾਂ ਫੈਲਾਉਂਦਾ
ਜਿਕਣ ਉਹਨੇ ਉਡ ਜਾਣਾ ਹੋਵੇ।
ਨਵ-ਆਵਤ ਨੂੰ ਗਲਵੱਕੜੀ ਪਾ ਕੇ
ਜੀ ਆਇਆ ਤਾਂ ਸਦਾ ਸਮਿਤ ਹੈ,
ਇਹ ਤਾਂ ਖੈਰਬਾਦ ਹੈ,
ਹਉਕੇ ਲੈਂਦਾ ਜਾਂਦਾ।
ਉਕਤ ਤੁੱਕ ਨਾਲ ਸੁਰਜੀਤ ਹਾਂਸ ਦੀਆਂ ਦੋ ਧਾਰਨਾਵਾਂ ਉਤੇ ਵੀ ਮੋਹਰ ਲਗਦੀ ਹੈ। ਪਹਿਲੀ, ਤੁਕਾਂਤ-ਬੱਧ ਕਵਿਤਾ ਨਾਲੋਂ ਨਾਟਕੀ ਕਵਿਤਾ ਸੱਚ ਉਤੇ ਵਧੇਰੇ ਪਹਿਰਾ ਦੇਣ ਦੇ ਸਮਰਥ ਹੁੰਦੀ ਹੈ ਕਿਉਂਕਿ ਇਥੇ ਕਵੀ ਨੇ, ਜੇ ਕੋਈ ਗੱਲ ਮੁੱਕਦੀ ਹੈ ਤਾਂ ਮੁਕਾ ਦੇਣੀ ਹੈ, ਜੇ ਵਧਦੀ ਹੈ ਤਾਂ ਅਗਲੀ ਪੰਕਤੀ ਵਿਚ ਲੈ ਜਾਣੀ ਹੈ। ਇਹ ਵੀ ਕਿ ਸ਼ੇਕਸਪੀਅਰ ਦੇ ਮਹਾਨਤਮ ਨਾਟਕਕਾਰ ਹੋਣ ‘ਤੇ ਤਾਂ ਸ਼ੱਕ ਹੋ ਸਕਦਾ ਹੈ ਪਰ ਉਹਦੀ ਨਾਟ-ਕਵਿਤਾ ਨੇ ਉਹਨੂੰ ਮਹਾਨ ਕਵੀ ਜ਼ਰੂਰ ਬਣਾ ਦਿੱਤਾ ਹੈ। ਹਾਂਸ ਨੇ ਕਈ ਥਾਂਵਾਂ ‘ਤੇ ਭਾਰਤੀ, ਖਾਸ ਤੌਰ ‘ਤੇ ਪੰਜਾਬੀ ਮਿਸਾਲਾਂ ਦਾ ਛੱਟਾ ਦਿੱਤਾ ਹੈ, ਜਿਸ ਤੋਂ ਬਿਨਾ ਗੱਲ ਨਹੀਂ ਸੀ ਬਣਨੀ।
ਨਿਸਚੇ ਹੀ ਅਜਿਹੇ ਵਿਦਵਾਨਾਂ ਦਾ ਕੋਈ ਘਾਟਾ ਨਹੀਂ ਜੋ ਸ਼ੇਕਸਪੀਅਰ ਨੂੰ ਹਾਂਸ ਨਾਲੋਂ ਵਧ ਸਮਝਦੇ ਹਨ ਪਰ ਸ਼ੇਕਸਪੀਅਰ ਜਿਹਾ ਵਿਦਵਾਨ ਕਿਧਰੇ ਨਹੀਂ ਮਿਲੇਗਾ ਜੋ ਭਾਰਤ ਜਾਂ ਪੰਜਾਬ ਨੂੰ ਹਾਂਸ ਨਾਲੋਂ ਵਧ ਜਾਣਦਾ ਹੋਵੇ।
ਅੰਤਿਕਾ: ਜਗਤਾਰ
ਕੁਝ ਬੇਹੀ ਰੋਟੀ ਦੇ ਟੁਕੜੇ
ਕੁਝ ਫਟੀਆਂ ਪੁਸਤਕਾਂ,
ਕਤਲ ਹੋਈ ਬਾਲਿਕਾ ਦੇ
ਪਾਟੇ ਹੋਏ ਬਸਤੇ ‘ਚ ਸਨ।