ਬੱਬੂ ਤੀਰ ਦੇ ਗੁਆਚੇ ਵਰਕ

ਗੁਲਜ਼ਾਰ ਸਿੰਘ ਸੰਧੂ
ਜਦੋਂ ਮੈਂ ਅੱਧੀ ਸਦੀ ਦਿੱਲੀ ਦਖਣ ਰਹਿ ਕੇ ਚੰਡੀਗੜ੍ਹ ਆਇਆ ਤਾਂ ਇਥੇ ਮੈਨੂੰ ਜਾਨਣ ਵਾਲੇ ਤਿੰਨ ਹੀ ਲੇਖਕ ਸਨ-ਕੁਲਵੰਤ ਸਿੰਘ ਵਿਰਕ, ਗੁਰਨਾਮ ਸਿੰਘ ਤੀਰ ਤੇ ਅਤਰ ਸਿੰਘ। ਸਭ ਤੁਰ ਗਏ ਹਨ। ਅਤਰ ਸਿੰਘ ਤੇ ਵਿਰਕ ਦੇ ਬੱਚਿਆਂ ਨੇ ਕਲਮ ਨਹੀਂ ਫੜੀ। ਤੀਰ ਦੀ ਨਿਸ਼ਾਨੀ ਕਾਇਮ ਹੈ ਬੱਬੂ ਤੀਰ ਦੇ ਰੂਪ ਵਿਚ। ਹੈ ਵੀ ਮੇਰੀ ਗੁਵਾਂਢਣ ਤੇ ਕਲਮੀ ਪਹੁੰਚ ਵਾਲੀ। ਕਵਿਤਾ ਲਿਖਦੀ ਹੈ, ਗਜ਼ਲ ਦੇ ਸ਼ਿਅਰਾਂ ਵਰਗੀ। ਸ਼ਬਦ ਥੋੜ੍ਹੇ, ਅਰਥ ਬਹੁਤੇ।
ਕੁਝ ਵਾਸਤੇ ਬੇਵਜਾਹ ਹੀ ਪੈ ਜਾਂਦੇ ਹਨ
ਤੇ ਕਈਆਂ ਦੀ ਵਜਾਹ
ਯੁਗਾਂ ਮਗਰੋਂ ਵੀ ਨਹੀਂ ਲਭਦੀ।
ਇਹ ਤੇ ਇਹੋ ਜਿਹੇ ਅਨੇਕਾਂ ਤੱਥ ਉਸ ਦੇ ਨਵੇਂ ਕਾਵਿ ਸੰਗ੍ਰਹਿ ‘ਗੁਆਚੇ ਵਰਕ’ ਵਿਚ ਸਮੋਏ ਮਿਲਦੇ ਹਨ।
ਅਜ ਬੱਸ ਏਨਾ ਹੀ ਅੰਦਾਜ਼ਾ ਹੈ
ਇਸ ਰਾਹ ਤੋਂ ਹੋ ਕੇ ਖੁਸ਼ੀ ਲੰਘੀ ਸੀ ਕਦੀ
ਸੂਖਮ ਜ਼ਿਹਨ ਦੀ ਸਭ ਤੋਂ ਵੱਡੀ ਖੁਰਾਕ
ਤੇ ਸਭ ਤੋਂ ਵੱਡੀ ਸਜ਼ਾ ਵੀ
ਕਿਉਂਕਿ ਇਹਦੀ ਇੱਕ ਛਿੱਟ ਪੈਂਦਿਆਂæææ।
ਬੱਬੂ ਜਦੋਂ ਵੀ ਮਿਲਦੀ ਹੈ ਤਾਂ ਮੈਨੂੰ ਆਪਣੇ ਮਿੱਤਰ ਤੀਰ ਦਾ ਹਸੂੰ-ਹਸੂੰ ਕਰਦਾ ਚਿਹਰਾ ਚੇਤੇ ਆ ਜਾਂਦਾ ਹੈ। ਚੋਂਦੀ ਚੋਂਦੀ ਟਿੱਪਣੀ ਵਾਲਾ। ਤੇ ਇਹ ਸਾਂਝ ਨਵੀਂ ਦਿੱਲੀ ਦੇ ਪੰਡਾਰਾ ਰੋਡ ਤੋਂ ਚਲੀ ਆ ਰਹੀ ਸੀ ਜਿੱਥੇ ਉਸ ਦੀ ਸਰਕਾਰੀ ਰਿਹਾਇਸ਼ ਮੇਰੇ ਲਈ ਇੱਦਾਂ ਹੀ ਸੀ ਜਿੱਦਾਂ ਅੱਜ ਉਸ ਦੀ ਬੇਟੀ ਬੱਬੂ ਦਾ ਸਹੁਰਾ ਘਰ। ਮੈਂ ਬੱਬੂ ਵੱਲ ਤਕਦਾ ਹਾਂ ਤਾਂ ਉਸ ਦੀ ਕਵਿਤਾ ਬੋਲ ਪੈਂਦੀ ਹੈ,
ਮੇਰੀ ਅਣਹੋਂਦ ਤੋਂ ਹੋਂਦ ਦਾ ਅਹਿਸਾਸ
ਇੱਕ ਸੁੰਨੀ ਜਿਹੀ ਗਲੀ ਤੋਂ
ਤੁਰ ਕੇ ਹੈ ਆਉਂਦਾ
ਮੈਂ ਜ਼ਿੰਦਗੀ ਦੀ ਬਹੁਮੁਖੀ
ਸੁਗਾਤ ਤਲੀ ਤੇ ਧਰ
ਗਮ ਦੇ ਪਰਿੰਦਿਆਂ ਦੀ
ਨਜ਼ਰ ਕੀਤੀ ਹੈ
ਤੇ ਰੱਜ ਕੇ ਹੱਸੀ ਹਾਂ
ਆਪਣੀ ਫਕੀਰੀ ‘ਤੇ।
ਇਸ ਨੂੰ ਸ਼ਾਇਰੀ ਦੀ ਮਜਬੂਰੀ ਕਹੀਏ ਜਾਂ ਜ਼ਿੰਦਗੀ ਦੇ ਗਮਾਂ ਦੀ ਸ਼ਹਿਨਸ਼ਾਹੀ, ਉਸ ਦੀ ਕਵਿਤਾ ਵਿਚ ਇਹ ਦੋਵੇਂ ਰੰਗ ਰਲ-ਗੱਡ ਹਨ ਤੇ ਮਾਨਣ ਵਾਲੇ ਹਨ। ਫੈਜ਼ ਅਹਿਮਦ ਫੈਜ਼ ਦੇ ਕਹਿਣ ਵਾਂਗ, ਦਿਲ ਨਾ-ਉਮੀਦ ਤੋ ਨਹੀਂ ਨਾਕਾਮ ਹੀ ਤੋ ਹੈ। ਗਹਿਰੀ ਹੈ ਗਮ ਕੀ ਸ਼ਾਮ ਮਗਰ ਸ਼ਾਮ ਹੀ ਤੋ ਹੈ।
ਇਹ ਸਾਂਝ ਕਾਫੀ ਦੇ ਪਿਆਲੇ ਨੇ ਪਾਈ ਸੀ
ਖਬਰਾਂ, ਸ਼ਾਇਰੀ, ਫਲਸਫਾ
ਚਿਰਾਂ ਮਗਰੋਂ ਸ਼ਾਮਲ ਹੋਏ ਸਨ
ਤੇ ਸ਼ਾਇਦ ਇਕ ਰਸਮੀ ਜਿਹੇ/ਲਿਹਾਜ਼ ਨੇ
ਨਿਛੋਹ ਦੋਸਤੀ ਨੂੰ/ਬਹਿਣ ਜੋਗੀ ਥਾਂ ਵੀ
ਵਰ੍ਹਿਆਂ ਮਗਰੋਂ ਦਿੱਤੀ!!
ਤੇ ਸ਼ਾਇਦ ਇਹ ਵੀ ਇਸ ਬਹਿਣ ਜੋਗੀ ਥਾਂ ਦਾ ਹੀ ਕ੍ਰਿਸ਼ਮਾ ਹੈ ਕਿ ਉਸ ਦੀ ਕਵਿਤਾ ਵਿਚ ਸ਼ਿਅਰਾਂ ਵਰਗੇ ਵਾਕ ਢਲਦੇ ਚਲੇ ਆਏ ਹਨ,
1æ ਕਮਾਲ ਦੀ ਖੇਡ ਹੈ ਜ਼ਿੰਦਗੀ
ਜਿੱਤ ਉਨ੍ਹਾਂ ਨੂੰ ਹੀ ਬਖ਼ਸ਼ਦੀ ਹੈ
ਜਿਨ੍ਹਾਂ ਨੂੰ ਖੇਡ ਦੇ ਅਸੂਲ ਹੀ ਨਹੀਂ ਪਤਾ।
2æ ਅਪਣੇ ਦਰਮਿਆਨ ਕਦੇ ਸੀæææ
ਇਤਬਾਰ ਜਿਹਾ ਕੁਝ
ਐਵੇਂ ਨਹੀਂ ਉਧੜਦੇ ਰਹੇ/ਤਹਿ ਤਹਿ
ਦੂਰ ਤੱਕ ਫੈਲੀ ਰਹੀ ਆਪਣੀ
ਦੋਸਤੀ ਦੀ ਦੁਨੀਆਂ।
3æ ਕਿੰਨੇ ਹੀ ਰੇਗਿਸਤਾਨ
ਅਪਣੀ ਹੋਂਦ ਵਿਚ ਜਜ਼ਬ ਕਰ,
ਇਹ ਸਮੁੰਦਰ ਜਿਹੀ ਸ਼ਖਸੀਅਤ
ਦੁਨੀਆਂ ਦੀ ਨਜ਼ਰ ਕੀਤੀ ਹੈ।
ਕੌਣ ਨਹੀਂ ਜਾਣਦਾ ਕਿ ਸ਼ਾਇਰੀ ਕਾਮਯਾਬੀ ਦੀ ਮੁਹਤਾਜ ਨਹੀਂ ਹੁੰਦੀ। ਬੱਬੂ ਦੀ ਕਲਮ ਦੀ ਇਹ ਖੂਬੀ ਹੈ ਕਿ ਉਮੀਦ ਬਣਾਈ ਰੱਖਣ ਲਈ ਅਨੇਕਾਂ ਰਸਤੇ ਲੱਭ ਲੈਂਦੀ ਹੈ,
ਬੱਬੂ ਤੀਰ ਨੇ ਵੀ
ਉਹ ਉਮਰ ਸਾਂਭੀ ਰੱਖੀ ਹੈ
ਵਿਹਲ ਮਿਲੀ ਤਾਂ ਜਿਉਂ ਕੇ ਵੇਖਾਂਗੇ
ਉਹਲਿਆਂ ਨਾਲ ਕੱਜੇ ਚਾਕਾਂ ਨੂੰ
ਹੱਥੀਂ ਸਿਉਂ ਕੇ ਵੇਖਾਂਗੇ।
ਕਵਿਤਾ ਦੇ ਰਸੀਏ ਜਾਣਦੇ ਹਨ ਕਿ  ਕਵਿਤਾ ਨੂੰ ਪਹਿਚਾਨਣ ਤੇ ਮਾਨਣ ਲਈ ਕਵੀ ਦੇ ਅੰਗ-ਸੰਗ ਤੁਰਨਾ ਪੈਂਦਾ ਹੈ। ਕਿਉਂ ਨਾ ਤੁਰੀਏ!!
‘ਗਵਾਚੇ ਵਰਕ’ ਪੜ੍ਹਨ ਵਾਲੇ ਵੀ ਹਨ ਤੇ ਮਾਨਣ ਵਾਲੇ ਵੀ।
ਚੜ੍ਹਦੇ ਵਰ੍ਹੇ ਦੇ ਸ਼ੋਕ ਸਮਾਚਾਰ: ਨਵੇਂ ਵਰ੍ਹੇ ਦਾ ਤੀਜਾ ਸਪਤਾਹ ਮੇਰੇ ਲਈ ਨਿੱਜੀ ਸਦਮਿਆਂ ਦੇ ਸਮਾਚਾਰ ਲੈ ਕੇ ਆਇਆ ਹੈ। ਮੈਡੀਕਲ ਕਾਲਜ ਫਰੀਦਕੋਟ ਦੇ ਹਰਮਨ ਪਿਆਰੇ ਸਰਜਨ ਹਰਿੰਦਰਪਾਲ ਸਿੰਘ ਸੰਧੂ ਦੀ ਜੀਵਨ ਸਾਥਣ ਤੇ ਰੋਗ ਵਿਗਿਆਨ ਦੀ ਉਘੀ ਮਾਹਰ ਸਮਰਜੀਤ ਕੌਰ ਦੇ ਫੁੱਲ ਚੁਗੇ ਜਾਣ ਤੋਂ ਪਹਿਲਾਂ ਹੀ ਅਖਬਾਰ ‘ਦੇਸ਼ ਸੇਵਕ’ ਦੀ ਮੇਰੀ ਸੰਪਾਦਕੀ ਦੇ ਦਿਨਾਂ ਵਿਚ ਇਸ ਪਰਚੇ ਨੂੰ ਖੱਬੀ ਸੋਚ ਨਾਲ ਬੰਨ੍ਹੀ ਰੱਖਣ ਵਾਲੇ ਡਾæ ਪ੍ਰੇਮ ਸਿੰਘ ਦੇ ਤੁਰ ਜਾਣ ਦੀ ਖਬਰ ਆ ਗਈ। ਹਰ ਰੋਜ਼ ਦਰਜਨਾਂ ਰੋਗੀਆਂ ਦੀਆਂ ਸਲਾਈਡਾਂ ਵੇਖ ਕੇ ਰੋਗ ਦਸਣ ਵਾਲੀ ਸਮਰਜੀਤ ਕੌਰ ਦਾ ਆਪਣੇ ਰੋਗ ਵਲ ਧਿਆਨ ਹੀ ਨਹੀਂ ਗਿਆ ਤੇ ਉਹ ਇਕ ਦਿਨ ਹਸਪਤਾਲ ਰਹਿਣ ਉਪਰੰਤ ਕੂਚ ਕਰ ਗਈ। ਉਸ ਨੇ ਘਰੋਂ ਤੁਰਨ ਸਮੇਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਇਹ ਕਹਿ ਕੇ ਵੇਖਿਆ ਸੀ, ‘ਹੋ ਸਕਦਾ ਹੈ ਮੈਨੂੰ ਇਹ ਵਸਤਾਂ ਮੁੜ ਦੇਖਣ ਦਾ ਮੌਕਾ ਨਾ ਮਿਲੇ।’ ਤੇ ਇਹੀਓ ਹੋਇਆ।
ਮੈਂ ਚਿੰਤਕ ਤੇ ਸੈਮੀਨੇਰੀਅਨ ਪ੍ਰੇਮ ਸਿੰਘ ਨੂੰ ਉਸ ਦੀ ਭੈਣ ਸੁਰਜੀਤ ਕੌਰ ਰਾਹੀਂ ਜਾਣਦਾ ਸਾਂ ਤੇ ਸੁਰਜੀਤ ਕੌਰ ਨੂੰ ਉਸ ਦੇ ਪਤੀ ਤੇ ਲੇਖਕ ਸ਼ਿਵਦੇਵ ਸੰਧਾਵਾਲੀਆ ਰਾਹੀਂ। ਉਸ ਦਾ ਤੁਰ ਜਾਣਾ ਵੀ ਅਚੰਭੇ ਮਾਤਰ ਸੀ। ਜੀਵਨ ਸਾਥਣ ਦਲਬੀਰ ਕੌਰ ਥੋੜ੍ਹੀ ਢਿੱਲੀ ਰਹਿੰਦੀ ਸੀ। ਇੱਕ ਸ਼ਾਮ ਉਸ ਦੀ ਤਕਲੀਫ ਏਨੀ ਵਧੀ ਕਿ ਉਸ ਨੂੰ ਮੋਹਾਲੀ ਦੇ ਫੋਰਟੀਸ ਹਸਪਤਾਲ ਲਿਜਾਣਾ ਪੈ ਗਿਆ। ਅਸਲੀ ਮਰੀਜ਼ ਮਾਹਿਰਾਂ ਦੇ ਹੱਥਾਂ ਵਿਚ ਸੀ ਕਿ ਲਿਜਾਣ ਵਾਲਾ ਚੱਲ ਵੱਸਿਆ। ਸਦਮਾ ਇਹ ਵੀ ਪਹਿਲੇ ਨਾਲੋਂ ਛੋਟਾ ਨਹੀਂ। ਜੇ ਫ਼ਰਕ ਹੈ ਤਾਂ ਕੇਵਲ ਏਨਾ ਕਿ ਡਾæ ਸਮਰਜੀਤ ਨਾਲੋਂ ਪ੍ਰੇਮ ਸਿੰਘ 18-20 ਸਾਲ ਵੱਡਾ ਸੀ।
ਦੋਵੇਂ ਸਦਮੇ ਸਿਰ ਤੋਂ ਪੈਰਾਂ ਤੱਕ ਕੰਬਾ ਦੇਣ ਵਾਲੇ ਹਨ। ਪਰ ਮੇਰੇ ਮਨ ਉਤੇ ਦੂਜੇ ਦੀ ਛਾਪ ਇਸ ਲਈ ਡੂੰਘੀ ਹੈ ਕਿ ਇਸ ਦੀ ਬੁਕਲ ਵਿਚ ਸ਼ਿਵਦੇਵ ਦਾ ਦੁਖ ਵੀ ਸਮਾਇਆ ਹੋਇਆ ਹੈ। ਉਹ ਤਿੰਨ ਪੁਸਤਕਾਂ ਦਾ ਰਚੈਤਾ ਹੋਣ ਤੋਂ ਬਿਨਾ ਚਾਰ ਧੀਆਂ ਤੇ ਤਿੰਨ ਪੁੱਤਰਾਂ ਦਾ ਬਾਪ ਸੀ। ਉਨ੍ਹਾਂ ਵਿਚੋਂ ਅੱਧੇ ਚਲ ਵੱਸੇ ਹਨ ਤੇ ਅੱਧੇ ਦੇਸ਼ ਤੋਂ ਬਾਹਰ ਹਨ। ਭਾਰਤੀ ਸੈਨਾ ਦੀ ਨੌਕਰੀ (1937-46) ਕਰਦਿਆਂ ਤਿੰਨ ਵਰ੍ਹੇ ਜਪਾਨੀਆਂ ਦੀ ਕੈਦ ਭੋਗਣ ਵਾਲੇ ਸ਼ਿਵਦੇਵ ਦੇ ਸੁਲਤਾਨਪੁਰ ਲੋਧੀ ਵਾਲੇ ਘਰ ਅੱਜ ਕੋਈ ਵੀ ਨਹੀਂ। ਪ੍ਰੇਮ ਸਿੰਘ ਦੀ ਭੈਣ ਸੁਰਜੀਤ ਕੌਰ ਵੀ ਨਹੀਂ। ਤੇ ਇਧਰ ਪ੍ਰੇਮ ਸਿੰਘ ਦੇ ਚੰਡੀਗੜ੍ਹ ਵਾਲੇ ਘਰ ਦਲਬੀਰ ਕੌਰ ਇਕੱਲੀ ਰਹਿ ਗਈ ਹੈ ਤੇ ਪਿੰਡ ਵਿਚ ਜੱਦੀ ਘਰ ਦੀ ਰਾਖੀ ਕਰਨ ਵਾਲਾ ਪ੍ਰੇਮ ਸਿੰਘ ਤੋਂ ਛੋਟਾ ਦਲਜੀਤ ਸਿੰਘ ਚੀਮਾ।
ਕਹਿੰਦੇ ਹਨ ਕਿ ਉਪਰ ਵਾਲਾ ਜੋ ਕੁਝ ਵੀ ਕਰਦਾ ਹੈ ਠੀਕ ਹੀ ਕਰਦਾ ਹੈ। ਹੈ ਕੋਈ ਇਸ ਕਥਨ ‘ਤੇ ਮੋਹਰ ਲਾਉਣ ਵਾਲਾ? ਸ਼ਾਇਦ ਨਹੀਂ!
ਅੰਤਿਕਾ: (ਸੁਰਿੰਦਰ ਜੀਤ ਕੌਰ)
ਚੁੱਪ ਰਹਿ ਕੇ ਬੋਲਣਾ ਸਿੱਖ ਜਾਏਂਗਾ
ਪਰਬਤਾਂ ਦੀ ਚੁੱਪ ਨੂੰ ਅਪਨਾ ਕੇ ਦੇਖ।
ਸਾਰੇ ਦੀਵੇ ਸਾਥ ਤੇਰਾ ਦੇਣਗੇ
ਚਾਨਣਾਂ ਦਾ ਗੀਤ ਕੋਈ ਗਾ ਕੇ ਦੇਖ।

Be the first to comment

Leave a Reply

Your email address will not be published.