ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਚੜ੍ਹਿਆ ਪੁਲਿਸ ਦੇ ਧੱਕੇ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਖਤਰਨਾਕ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਢਾਹਾਂ ਨੂੰ ਸੈਕਟਰ 43 ਦੇ ਬੱਸ ਅੱਡੇ ਨੇੜਿਉਂ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਦਾੜ੍ਹੀ ਅਤੇ ਕੇਸ ਕਟਾ ਕੇ ਆਪਣਾ ਰੂਪ ਬਦਲਿਆ ਹੋਇਆ ਸੀ ਪਰ ਪੱਕੀ ਸੂਹ ਲੱਗਣ ਕਾਰਨ ਉਹ ਪੁਲਿਸ ਦੀ ਅੱਖ ਤੋਂ ਨਹੀਂ ਬੱਚ ਸਕਿਆ।
ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਦੇ ਪੱਟ ਉਪਰ ਗੋਲੀ ਲੱਗੀ ਹੈ।

ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸੈਕਟਰ 38 ਵੈਸਟ ਦੇ ਗੁਰਦੁਆਰੇ ਦੇ ਬਾਹਰ ਹੁਸ਼ਿਆਰਪੁਰ ਦੇ ਇਕ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਸ਼ਰੇਆਮ ਕਤਲ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਲੋੜੀਂਦਾ ਸੀ। ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਵੀ ਮਾਰੀ ਸੀ ਅਤੇ ਕੁਝ ਦਿਨ ਪਹਿਲਾਂ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ। ਦਿਲਪ੍ਰੀਤ ਫੇਸਬੁੱਕ ਰਾਹੀਂ ਕਈ ਹਸਤੀਆਂ ਨੂੰ ਧਮਕੀਆਂ ਦੇ ਚੁੱਕਾ ਹੈ ਅਤੇ ਪੰਜਾਬ ਵਿਚ ਉਸ ਖਿਲਾਫ਼ 25 ਦੇ ਕਰੀਬ ਕੇਸ ਦਰਜ ਹਨ।
ਸੂਤਰਾਂ ਅਨੁਸਾਰ ਪੰਜਾਬ ਪੁਲਿਸ ਨੂੰ ਦਿਲਪ੍ਰੀਤ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਨੇੜੇ ਪਹੁੰਚਣ ਦੀ ਸੂਹ ਮਿਲੀ ਸੀ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਤੇ ਜਲੰਧਰ ਦਿਹਾਤੀ ਪੁਲਿਸ ਦੀਆਂ ਟੀਮ ਚੰਡੀਗੜ੍ਹ ਵਿਚ ਸਰਗਰਮ ਸੀ। ਇਸ ਦੌਰਾਨ ਪੰਜਾਬ ਪੁਲਿਸ ਟੀਮ ਦੀ ਬੱਸ ਅੱਡੇ ਦੇ ਬਾਹਰ ਪਾਰਕਿੰਗ ਨੇੜੇ ਦੁਪਹਿਰ 12:25 ਵਜੇ ਦਿਲਪ੍ਰੀਤ ਦੀ ਕਾਰ ਉਪਰ ਨਜ਼ਰ ਪਈ। ਪੁਲਿਸ ਦੇ ਇਕ ਅਧਿਕਾਰੀ ਨੇ ਕਾਰ ਦੇ ਅਗਲੇ ਸ਼ੀਸ਼ੇ ‘ਤੇ ਇੱਟ ਮਾਰੀ ਤਾਂ ਦਿਲਪ੍ਰੀਤ ਨੇ ਕਾਰ ਪਿੱਛੇ ਵੱਲ ਭਜਾ ਲਈ। ਉਥੇ ਪਹਿਲਾਂ ਹੀ ਚੰਡੀਗੜ੍ਹ ਦੀ ਅਪਰਾਧ ਸ਼ਾਖਾ ਦਾ ਇੰਸਪੈਕਟਰ ਅਮਨਜੋਤ ਸਿੰਘ ਨਿੱਜੀ ਫੌਰਚੂਨਰ ਗੱਡੀ ਵਿਚ ਟੀਮ ਸਮੇਤ ਤਾਇਨਾਤ ਸੀ ਅਤੇ ਉਸ ਨੇ ਗੱਡੀ ਦਿਲਪ੍ਰੀਤ ਦੀ ਬੈਕ ਆ ਰਹੀ ਕਾਰ ਵਿਚ ਮਾਰ ਦਿੱਤੀ।
ਪੁਲਿਸ ਅਨੁਸਾਰ ਫਿਰ ਦਿਲਪ੍ਰੀਤ ਨੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਇਸ ਦੇ ਜਵਾਬ ‘ਚ ਪੰਜਾਬ ਪੁਲਿਸ ਨੇ ਵੀ ਗੋਲੀ ਚਲਾਈ ਜੋ ਦਿਲਪ੍ਰੀਤ ਦੇ ਪੱਟ ਉਪਰ ਲੱਗੀ ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਦਿਲਪ੍ਰੀਤ ਦੀ ਕਾਰ ਕੋਲ ਉਸ ਦਾ ਕਾਲੇ ਰੰਗ ਦਾ ਰਿਵਾਲਵਰ ਡਿੱਗਾ ਪਿਆ ਸੀ ਅਤੇ ਕਾਰ ਵਿਚ ਫੌਇਲ ਪੇਪਰ ਤੇ ਲਾਈਟਰ ਮਿਲਿਆ ਹੈ। ਕਾਰ ਦੀ ਡਿੱਕੀ ਵਿਚੋਂ 310 ਬੋਰ ਦੀ ਬੰਦੂਕ, 59 ਕਾਰਤੂਸ, 2 ਹਾਕੀਆਂ ਅਤੇ ਨਕਲੀ ਦਾੜ੍ਹੀ ਬਰਾਮਦ ਹੋਈ ਹੈ।
___________________
ਆਤਮ ਸਮਰਪਣ ਕਰਨਾ ਚਾਹੁੰਦਾ ਸੀ ਦਿਲਪ੍ਰੀਤ ਸਿੰਘ
ਕੀਰਤਪੁਰ ਸਾਹਿਬ: ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀ ਮਾਤਾ ਸੁਰਿੰਦਰ ਕੌਰ ਅਤੇ ਭੈਣ ਰਮਨਪ੍ਰੀਤ ਕੌਰ ਨੇ ਕਿਹਾ ਕਿ ਦਿਲਪ੍ਰੀਤ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਪਰਿਵਾਰ ਵੱਲੋਂ ਮੀਡੀਆ ਜ਼ਰੀਏ ਦਿਲਪ੍ਰੀਤ ਨੂੰ ਆਤਮ ਸਮਰਪਣ ਕਰਨ ਦੀ ਵਾਰ-ਵਾਰ ਕੀਤੀ ਗਈ ਅਪੀਲ ਦਾ ਉਸ ਉਤੇ ਕਾਫੀ ਅਸਰ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਿਲਪ੍ਰੀਤ ਦੇ ਅਪਰਾਧ ਦੀ ਦੁਨੀਆਂ ‘ਚ ਦਾਖਲ ਹੋਣ ਪਿੱਛੇ ਪਿੰਡ ਦੇ ਹੀ ਕੁਝ ਵਿਅਕਤੀਆਂ ਦੀ ਭੂਮਿਕਾ ਰਹੀ ਹੈ।
_____________________________
ਇੰਜੀਨੀਅਰ ਬਣਨ ਦਾ ਸੁਪਨਾ ਵੇਖਣ ਵਾਲਾ ਦਿਲਪ੍ਰੀਤ ਇੰਜ ਪਿਆ ਜੁਰਮ ਦੇ ਰਾਹ
ਚੰਡੀਗੜ੍ਹ: ਇੰਜੀਨੀਅਰ ਬਣਨ ਦਾ ਸੁਪਨਾ ਵੇਖਣ ਵਾਲਾ ਦਿਲਪ੍ਰੀਤ ਬਾਬਾ ਕਿਵੇਂ ਨਾਮੀ ਗੈਂਗਸਟਰ ਬਣ ਗਿਆ, ਇਹ ਕਹਾਣੀ ਕਾਫੀ ਦਿਲਚਸਪ ਹੈ। ਦਿਲਪ੍ਰੀਤ ਨੂਰਪੁਰ ਬੇਦੀ ਦੇ ਧਾਹਾਂ ਪਿੰਡ ਦਾ ਵਸਨੀਕ ਹੈ। ਇਹ ਮਕੈਨੀਕਲ ਦਾ ਡਿਪਲੋਮਾ ਕਰ ਰਿਹਾ ਸੀ। ਪਿੰਡ ‘ਚ ਗੈਂਗਸਟਰ ਪਰਮਿੰਦਰ ਪਿੰਦਰੀ ਨਾਲ ਉਸ ਦੀ ਪਹਿਲੀ ਲੜਾਈ ਹੋਈ।
ਇਹ ਝਗੜਾ ਖੇਤਾਂ ਨੂੰ ਪਾਣੀ ਲਾਉਣ ਦੇ ਮਸਲੇ ਉਤੇ ਸ਼ੁਰੂ ਹੋਇਆ। ਦੱਸਿਆ ਜਾਂਦਾ ਹੈ ਕਿ ਪਿੰਦਰੀ ਨੇ ਹੀ ਬਾਬਾ ਨੂੰ ਉਹ ਸੱਟਾਂ ਮਾਰੀਆਂ ਜਿਸ ਨੇ ਉਸ ਦੀ ਸ਼ੁਰੂਆਤੀ ਜ਼ਿੰਦਗੀ ਹਲਾ ਕੇ ਰੱਖ ਦਿੱਤੀ। ਬਾਬਾ ਨੂੰ ਮੋਟਰਸਾਈਕਲ ਉਤੇ ਘੜੀਸ ਕੇ ਲਹੂ ਲੁਹਾਨ ਵੀ ਕੀਤਾ ਗਿਆ ਅਤੇ ਗਰਲਜ਼ ਸਕੂਲ ਦੇ ਅੰਦਰ ਬੰਨ੍ਹ ਕੇ ਦਿਲਪ੍ਰੀਤ ਦੀਆਂ ਹੱਡੀਆਂ ਵੀ ਤੋੜੀਆਂ ਗਈਆਂ। ਇਸੇ ਦਾ ਬਦਲਾ ਲੈਣ ਲਈ ਦਿਲਪ੍ਰੀਤ ਨੇ ਹਥਿਆਰਾਂ ਨਾਲ ਯਾਰੀ ਪਾ ਲਈ।
ਅੱਜ ਦਿਲਪ੍ਰੀਤ ਪੰਜਾਬ ਸਮੇਤ ਕਈ ਸੂਬਿਆਂ ਦੀ ਪੁਲਿਸ ਲਈ ਵੱਡੀ ਸਿਰਦਰਦ ਬਣ ਚੁੱਕਿਆ ਸੀ। ਮਸ਼ਹੂਰ ਰਿੰਡਾ ਗੈਂਗ ਦੇ ਮੈਂਬਰ ਦਿਲਪ੍ਰੀਤ ਨੇ ਜੁਰਮ ਦੀਆਂ ਦੁਨੀਆਂ ਵਿਚ ਕਈ ਪੰਗੇ ਲਏ। 2016 ਵਿਚ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਮਗਰੋਂ 2 ਸਾਲ ਤੱਕ ਪੁਲਿਸ ਨੂੰ ਭਾਜੜਾਂ ਪਾਈ ਰੱਖੀਆਂ। ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਗੋਲੀਆਂ ਚਲਾਉਣ ਦੇ ਅਜਿਹੇ ਸ਼ੌਕੀਨ ਸਨ ਕਿ ਪਹਿਲਾਂ 2016 ਵਿਚ ਉਨ੍ਹਾਂ ਇਕ ਗੈਂਗਸਟਰ ਵਿਵੇਕ ਸ਼ਰਮਾ ਉਤੇ ਗੋਲੀਆਂ ਚਲਾਈਆਂ। ਉਸ ਤੋਂ ਬਾਅਦ ਅਪਰੈਲ 2017 ਵਿਚ ਬਾਹਮਣ ਮਾਜਰਾ ਪਿੰਡ ਦੇ ਇਕ ਸ਼ਖ਼ਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਤੇ ਫਿਰ ਜੱਦ 2017 ਵਿਚ ਦਿਲਪ੍ਰੀਤ ਵੱਲੋਂ ਖੁਰਦ ਪਿੰਡ ਦੇ ਸਰਪੰਚ ਨੂੰ ਗੋਲੀਆਂ ਮਾਰ ਕੇ ਹਲਾਕ ਕੀਤਾ ਤਾਂ ਉਸ ਦੀਆਂ ਤਸਵੀਰਾਂ ਮੋਬਾਈਲ ਕੈਮਰੇ ਵਿਚ ਵੀ ਕੈਦ ਹੋ ਗਈਆਂ ਸਨ।
2018 ਵਿਚ ਪਰਮੀਸ਼ ਵਰਮਾ ਉਤੇ ਹਮਲਾ ਕਰਨ ਤੋਂ ਬਾਅਦ ਦਿਲਪ੍ਰੀਤ ਨੇ ਬਕਾਇਦਾ ਫੇਸਬੁੱਕ ਪੋਸਟ ਪਾ ਕੇ ਪੁਲਿਸ ਨੂੰ ਵੰਗਾਰਿਆ। ਸਿਲਸਿਲਾ ਇਥੇ ਹੀ ਨਹੀਂ ਰੁਕਿਆ, ਸਗੋਂ ਸਿੰਗਰ ਗਿੱਪੀ ਗਰੇਵਾਲ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਅੱਜ ਦਿਲਪ੍ਰੀਤ ਬਾਬਾ ਉਤੇ ਕਤਲ ਅਤੇ ਲੁੱਟਾਂ-ਖੋਹਾਂ ਦੇ ਕਰੀਬ 16 ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਦਿਲਪ੍ਰੀਤ ਦੀ ਮਾਂ ਨੇ ਵੀ ਉਸ ਨੂੰ ਪੁਲਿਸ ਅੱਗੇ ਸਰੰਡਰ ਕਰਨ ਦੀ ਅਪੀਲ ਕੀਤੀ ਸੀ।