ਟੁੱਟੇ ਰਿਸ਼ਤਿਆਂ ਦੀ ਟੁੱਟ-ਭੱਜ

31 ਅਗਸਤ 1919 ਨੂੰ ਗੁਜਰਾਂਵਾਲਾ ਵਿਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਪੰਜਾਬੀ ਭਾਸ਼ਾ ਵਿਚ ਲਿਖਣ ਵਾਲੀ ਪਹਿਲੀ ਕਵਿਤਰੀ ਸੀ। ਜੇ ਅੱਜ ਅੰਮ੍ਰਿਤਾ ਜ਼ਿੰਦਾ ਹੁੰਦੀ ਤਾਂ ਉਸ ਨੂੰ 100ਵਾਂ ਸਾਲ ਲੱਗ ਜਾਂਦਾ (31 ਅਕਤੂਬਰ 2005 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਆਖ ਗਈ)। ਉਸ ਨੂੰ ਸਮਰਪਿਤ ਸਾਹਿਤਕ ਸਮਾਰੋਹ ਪੂਰਾ ਸਾਲ ਚੱਲਦੇ ਰਹਿਣਗੇ। ਅੰਮ੍ਰਿਤਾ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ। 1956 ਵਿਚ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਉਸ ਨੂੰ ਭਾਰਤ ਸਰਕਾਰ ਨੇ ਵੀ ਪਦਮਸ਼੍ਰੀ ਤੇ ਪਦਮ ਵਿਭੂਸ਼ਣ ਜਿਹੇ ਸਨਮਾਨਾਂ ਨਾਲ ਨਵਾਜਿਆ।

ਅੰਮ੍ਰਿਤਾ ਪ੍ਰੀਤਮ ਦੇ ਜਨਮ ਦਿਨ ਮੌਕੇ ਅਸੀਂ ਪ੍ਰਸਿਧ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ, ਜਿਨ੍ਹਾਂ ਅੰਮ੍ਰਿਤਾ ਪ੍ਰੀਤਮ ਦਾ ਸੰਗ ਵੀ ਮਾਣਿਆ, ਦੇ ਦੋ ਲੇਖ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਗੁਲਜ਼ਾਰ ਸਿੰਘ ਸੰਧੂ
ਮੁਫਲਸੀ, ਬੇਰੋਜ਼ਗਾਰੀ, ਰੇਪ, ਰਿਸ਼ਵਤ, ਕਤਲ ਸਭ
ਵਕਤੇ ਆਖਿਰ ਨਾਮ ਤੇਰੇ ਐ ਵਤਨ ਕਰ ਜਾਏਂਗੇ।
ਉਰਦੂ ਕਵਿਤਾ ਵਿਚ ਲਿਖੇ ਵਿਅੰਗ ਕਸਣ ਵਾਲੇ ਟੀæ ਐਨæ ਰਾਜ਼ ਦੇ ਇਸ ਸ਼ਿਅਰ ਦਾ ਕੋਈ ਜਵਾਬ ਨਹੀਂ। ਇਸ ਵਿਚ ਅਜੋਕੇ ਸਮਿਆਂ ਦੀ ਦੁਰਦਸ਼ਾ ਉਤੇ ਡੂੰਘੀ ਚੋਟ ਹੈ। ਗਰੀਬੀ ਤੇ ਬੇਰੋਜ਼ਗਾਰੀ ਤਾਂ ਪਹਿਲੇ ਸਮਿਆਂ ਵਿਚ ਵੀ ਘਟ ਨਹੀਂ ਸੀ ਪਰ ਰੇਪ, ਰਿਸ਼ਵਤ ਤੇ ਕਤਲਾਂ ਦਾ ਵਾਰਾ ਪਹਿਰਾ ਨੇੜਲੇ ਵਰਤਮਾਨ ਦੀ ਦੇਣ ਹੈ। ਇਨ੍ਹਾਂ ਵਿਚ ਨਸ਼ੇੜੀਆਂ ਦੀਆਂ ਕਰਤੂਤਾਂ ਤੇ ਨਸ਼ਾ ਤਸਕਰਾਂ ਦਾ ਯੋਗਦਾਨ ਵੀ ਜੋੜ ਲਈਏ ਤਾਂ ਅਜੋਕੇ ਮੀਡੀਆਂ ਵਿਚ ਇਨ੍ਹਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਲਭਦਾ। ਸਵੇਰ ਦੀ ਅਖਬਾਰ ਨੂੰ ਹੱਥ ਲਾਇਆਂ ਮਨ ਤ੍ਰਹਿੰਦਾ ਹੈ। ਬਾਪ-ਬੇਟੇ ਦੀ ਤੂੰ-ਤੂੰ, ਮੈਂ-ਮੈਂ ਦਾ ਕਤਲ ਤੱਕ ਚਲੇ ਜਾਣਾ ਹੀ ਨਹੀਂ, ਨੰਨ੍ਹੀਆਂ ਜਿੰਦਾਂ ਦੇ ਆਂਢੀਆਂ-ਗੁਆਂਢੀਆਂ ਤੇ ਨੇੜਲੇ ਸਾਕਾਂ-ਸਬੰਧੀਆਂ ਵਲੋਂ ਬਲਾਤਕਾਰ ਦੀਆਂ ਖਬਰਾਂ ਪੜ੍ਹ ਕੇ ਮਨ ਘ੍ਰਿਣਾ ਨਾਲ ਭਰ ਜਾਂਦਾ ਹੈ।
ਇਹ ਵਰਤਾਰਾ ਪਿਛਲੇ ਦੋ ਕੁ ਸਾਲਾਂ ਤੋਂ ਹਰ ਤਰ੍ਹਾਂ ਦੇ ਹੱਦਾਂ ਬੰਨੇ ਟੱਪ ਗਿਆ ਹੈ, ਸੂਰਮਗਤੀ ਲਈ ਜਾਣੇ ਜਾਂਦੇ ਹਰਿਆਣਾ ਵਿਚ ਸਭ ਤੋਂ ਵਧ। ਘੜੀ-ਮੁੜੀ ਇਸ ਦਾ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ। ਇਸ ਵਾਰ ਦਾ ਸਬੱਬ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ Ḕਅੱਜ ਆਖਾਂ ਵਾਰਿਸ ਸ਼ਾਹ ਨੂੰḔ ਬਣੀ, ਜੋ ਉਸ ਦੀ ਜਨਮ ਸ਼ਤਾਬਦੀ ਦੀ ਗੱਲ ਕਰਦਿਆਂ ਚੇਤੇ ਆ ਗਈ। ਉਸ ਨੇ 31 ਅਗਸਤ ਵਾਲੇ ਦਿਨ ਆਪਣੀ ਉਪਮਾ ਦੇ 100ਵੇਂ ਸਾਲ ਵਿਚ ਪਰਵੇਸ਼ ਕਰ ਜਾਣਾ ਸੀ। ਭਾਵੇਂ ਇਹ ਕਵਿਤਾ ਕਾਵਿਕ ਉਤਮਤਾ ਤੋਂ ਕੋਰੀ ਹੈ, ਪਰ ਅੱਜ ਦੇ ਸਮੇਂ ਵਿਚ ਇਸ ਨੂੰ ਚੇਤੇ ਕਰਨ ਦਾ ਮੂਲ ਕਾਰਨ ਇਹਦੇ ਵਿਚਲਾ ਸੰਦੇਸ਼ ਹੈ। ਇਹ ਦੇਸ਼ ਵੰਡ ਦੇ ਖੂਨ ਖਰਾਬੇ, ਕਤਲੇਆਮ ਤੇ ਜਬਰਜਨਾਹ ਨੂੰ ਯਾਦ ਕਰਾਉਂਦਾ ਹੈ।
ਕੁਝ ਇਸ ਤਰ੍ਹਾਂ ਜਿਵੇਂ ਕਿਸੇ ਮਾੜੀ ਘਟਨਾ ਤੋਂ ਕਾਵਿਕ ਉਤਮਤਾ ਵੀ ਤ੍ਰਹਿੰਦੀ ਹੋਵੇ। ਖੈਰ! ਇਸ ਕਵਿਤਾ ਦੇ ਹਰਮਨ ਪਿਆਰੀ ਹੋਣ ਦਾ ਭੇਤ ਹੀ ਇਸ ਵਿਚ ਸੀ ਕਿ ਇਹ ਪੰਜਾਬੀ ਸਮਾਂ ਪਾ ਕੇ ਵੀ ਵੰਡ ਉਤੇ ਹੰਝੂ ਕੇਰਦੀ ਸੀ, ਜਿਸ ਨੇ ਸਮਾਂ ਏਧਰਲੇ ਪੰਜਾਬ ਨੂੰ ਹਰਿਆਣਾ ਤੇ ਪੰਜਾਬ ਰਾਜਾਂ ਵਿਚ ਹੀ ਨਹੀਂ ਵੰਡਿਆ, ਇਸ ਵਿਚੋਂ ਹਿਮਾਚਲ ਦੇ ਮਨਮੋਹਣੇ ਖੇਤਰ ਵੀ ਕਢਵਾ ਦਿੱਤੇ। ਇਸ ਦੀਆਂ ਅੱਗੋਂ ਵੰਡੀਆਂ ਪਾਉਣ ਵਾਲੇ ਵੀ ਮੂੰਹ ਅੱਡੀ ਫਿਰਦੇ ਹਨ।
ਖੈਰ ਸਾਨੂੰ ਦੇਸ਼ਾਂ-ਦੇਸ਼ਾਂਤਰਾਂ ਦੀ ਟੁੱਟ ਭੱਜ ਵਿਚੋਂ ਨਿਕਲ ਕੇ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਤੇ ਰਚਨਾਕਾਰੀ ਦੀ ਗੱਲ ਕਰਨੀ ਚਾਹੀਦੀ ਹੈ, ਰਚਨਾਵਾਂ ਦੀ ਪਹਿਲਾਂ। ਉਹ ਡੇਢ ਦਰਜਨ ਕਾਵਿ ਪੁਸਤਕਾਂ, ਇਸ ਤੋਂ ਵੱਧ ਨਾਵਲਾਂ ਤੇ ਅੱਧੀ ਦਰਜਨ ਕਹਾਣੀ ਸੰਗ੍ਰਿਹਾਂ ਦੀ ਰਚੈਤਾ ਸੀ। ਉਸ ਦੀਆਂ ਰਚਨਾਵਾਂ ਦਾ ਅਨੁਵਾਦ ਭਾਰਤ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿਚ ਹੋ ਕੇ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਿਆ, ਇਥੋਂ ਤੱਕ ਕਿ ਦੇਸ਼ ਤੋਂ ਬਾਹਰ ਰੂਸ, ਬੁਲਗਾਰੀਆ, ਸਪੇਨ, ਅਲਬੇਨੀਆ, ਅਰਬ, ਚੀਨ, ਜਪਾਨ, ਚੈਕੋਸਲੋਵਾਕੀਆ, ਹੰਗਰੀ, ਰੋਮਾਨੀਆ, ਉਜ਼ਬੇਕਿਸਤਾਨ, ਯੂਕਰੇਨ, ਮੈਕੇਡੋਨੀਆ ਤੇ ਜਰਮਨੀ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਵੀ। ਉਹ ਦੇਸ਼-ਵਿਦੇਸ਼ ਦੇ 18-20 ਪੁਰਸਕਾਰਾਂ ਦੀ ਵਿਜੇਤਾ ਵੀ ਹੋ ਨਿਬੜੀ।
ਜਿੱਥੇ ਰਚਨਾਕਾਰੀ ਪੱਖੋਂ ਉਹ ਆਪਣੇ ਪੰਜਾਬ ਦੀ ਪਸੰਦੀਦਾ ਸਾਹਿਤਕਾਰਾ ਵਜੋਂ ਸਥਾਪਤ ਹੋਈ, ਉਸ ਦਾ ਨਿੱਜੀ ਜੀਵਨ ਟੁੱਟ-ਭੱਜ ਨਾਲ ਭਰਿਆ ਹੋਇਆ ਸੀ। ਛੋਟੀ ਉਮਰੇ ਵਿਆਹੇ ਜਾਣ ਪਿੱਛੋਂ ਦੋ ਬੱਚਿਆਂ ਦੀ ਮਾਂ ਤਾਂ ਬਣੀ ਪਰ ਸਾਰੀ ਉਮਰ ਪਤੀ ਤੋਂ ਦੂਰ ਰਹੀ। ਪਤੀ ਦਾ ਨਾਂ ਪ੍ਰੀਤਮ ਸਿੰਘ ਸੀ ਤੇ ਇਹ ਨਾਂ ਅੰਮ੍ਰਿਤਾ ਦੇ ਨਾਂ ਨਾਲ ਕੇਵਲ Ḕਅੰਮ੍ਰਿਤਾ ਪ੍ਰੀਤਮḔ ਵਜੋਂ ਜੁੜਿਆ ਰਿਹਾ। ਦੇਸ਼ ਵੰਡ ਤੋਂ ਪਿੱਛੋਂ ਉਹ ਕਾਫੀ ਸਮਾਂ ਵੈਸਟ ਪਟੇਲ ਨਗਰ ਰਹੀ ਪਰ ਮਹਿੰਦਰ ਸਿੰਘ ਰੰਧਾਵਾ ਵਲੋਂ ਦਿਵਾਏ ਗਏ ਸਸਤੇ ਪਲਾਟ ਉਤੇ ਕੋਠੀ ਬਣ ਜਾਣ ਪਿਛੋਂ ਉਹ ਹੌਜ਼ ਖਾਸ ਐਨਕਲੇਵ ਚਲੀ ਗਈ, ਜਿਥੇ ਕਰਤਾਰ ਸਿੰਘ ਦੁੱਗਲ ਤੇ ਭਾਪਾ ਪ੍ਰੀਤਮ ਸਿੰਘ ਤੋਂ ਬਿਨਾ ਉਸ ਦੇ ਕਈ ਕਲਾਕਾਰ ਗਵਾਂਢੀ ਬਣੇ, ਰੰਧਾਵਾ ਸਾਹਿਬ ਦੀ ਬਦੌਲਤ। ਇਥੇ ਜਾ ਕੇ ਉਹ ਭੰਗੂ ਗੋਤ ਦੇ ਆਰਟਿਸਟ ਇੰਦਰਜੀਤ ਦੇ ਸੰਪਰਕ ਵਿਚ ਆ ਗਈ, ਜੋ ਇਮਰੋਜ਼ ਨਾਂ ਧਾਰ ਕੇ ਉਸ ਦੇ ਅੰਤਲੇ ਸਾਹਾਂ ਤੱਕ ਉਸ ਦਾ ਸਾਥੀ ਰਿਹਾ। ਇਸ ਘਰ ਦੇ ਦਰ-ਦੀਵਾਰਾਂ ਉਤੇ ਇੰਦਰਜੀਤ ਉਰਫ ਇਮਰੋਜ਼ ਨੇ ਅੰਮ੍ਰਿਤਾ ਪ੍ਰੀਤਮ ਦੇ ਸ਼ਿਅਰ ਅਤੇ ਕਵਿਤਾਵਾਂ ਬੜੇ ਹੀ ਸੁੰਦਰ ਅੱਖਰਾਂ ਵਿਚ ਇਕ ਵਧੀਆ ਕਾਤਬ ਵਜੋਂ ਲਿਖੇ। ਇਹ ਗੱਲ ਵੱਖਰੀ ਹੈ ਕਿ ਉਸ ਦੀ ਕੁੱਖ ਤੋਂ ਜਨਮੇ ਉਸ ਦੇ ਪੱਤਰ ਨਵਰਾਜ ਨੇ ਉਹ ਕੋਠੀ ਵੇਚ ਕੇ ਇਸ ਦਾ ਕਾਲਾ ਧਨ ਤਾਂ ਆਪਣੀ ਜੇਬ ਵਿਚ ਪਾ ਲਿਆ ਤੇ ਚਿੱਟੇ ਧਨ ਵਿਚੋਂ ਗਰੇਟਰ ਕੈਲਾਸ਼, ਨਵੀਂ ਦਿੱਲੀ ਦੀ ਬਹੁਮੰਜ਼ਲੀ ਇਮਾਰਤ ਵਿਚੋਂ ਇੱਕ ਨਿੱਕਾ ਜਿਹਾ ਫਲੈਟ ਖਰੀਦ ਕੇ ਆਪਣੀ ਭੈਣ ਕੰਦਲਾ ਨੂੰ ਉਥੇ ਭੇਜ ਦਿੱਤਾ ਤੇ ਇੱਕ ਏਡਾ ਹੀ ਫਲੈਟ ਉਸ ਦੇ ਸਾਹਮਣੇ ਲੈ ਕੇ ਇਮਰੋਜ਼ ਨੂੰ ਵਸਦਾ ਕਰ ਦਿੱਤਾ।
ਇਮਰੋਜ਼ ਦੇ ਚਿੱਤਰਕਾਰੀ ਹੱਥਾਂ ਨਾਲ ਲਿਖੀਆਂ ਅੰਮ੍ਰਿਤਾ ਦੀਆਂ ਕਵਿਤਾਵਾਂ ਵੀ ਨਾਲ ਹੀ ਵਿਕ ਵਿਕਾ ਗਈਆਂ। ਹਾਲਾਤ ਦੀ ਸਿਤਮਜ਼ਰੀਫੀ ਇਹ ਕਿ ਨਵਰਾਜ ਨੇ ਆਪਣੇ ਨਾਲ ਆਰਕੀਟੈਕਟ ਵਜੋਂ ਕੰਮ ਕਰਦੀ ਇੱਕ ਗੁਜਰਾਤੀ ਮਹਿਲਾ ਨਾਲ ਸ਼ਾਦੀ ਕੀਤੀ, ਜੋ ਬਹੁਤ ਛੇਤੀ ਟੁੱਟ ਗਈ। ਉਸ ਤੋਂ ਪਿੱਛੋਂ ਉਹ ਕਾਲੇ ਧਨ ਸਦਕਾ ਆਪਣੇ ਇਕ ਮਾਤਹਿਤ ਦੀ ਅਲਕਾ ਨਾਮੀ ਬੇਟੀ ਨੂੰ ਵਿਆਹ ਕੇ ਮੁੰਬਈ ਜਾ ਵੱਸਿਆ, ਜਿੱਥੇ ਜਾ ਕੇ ਕਥਿਤ ਤੌਰ ‘ਤੇ ਅਜਿਹੇ ਧੰਦੇ ਵਿਚ ਪੈ ਗਿਆ ਕਿ ਉਸ ਨੂੰ ਧੰਦੇ ਦੇ ਭਾਈਵਾਲ ਨੇ ਕਤਲ ਕਰਾ ਦਿੱਤਾ। ਉਧਰ ਕੰਦਲਾ ਦੇ ਪਤੀ ਨੇ ਵੀ ਦੋ ਬੱਚਿਆਂ ਦਾ ਬਾਪ ਹੋ ਕੇ ਉਸ ਨੂੰ ਤਲਾਕ ਦੇ ਦਿੱਤਾ। ਅੰਮ੍ਰਿਤਾ ਪ੍ਰੀਤਮ ਦੇ ਆਪਣੇ ਰਿਸ਼ਤੇ ਦੀ ਟੁੱਟ-ਭੱਜ ਉਸ ਦੇ ਆਪਣੇ ਹੱਥੀਂ ਪਾਲੇ ਨਵਰਾਜ ਤੇ ਕੰਦਲਾ ਉਤੇ ਵੀ ਭਾਰੂ ਹੋਈ। ਅੱਜ ਕੱਲ੍ਹ ਕੰਦਲਾ ਅਮਰੀਕਾ ਦੀ ਵਰਜੀਨੀਆ ਸਟੇਟ ਵਿਚ ਆਪਣੇ ਬੱਚਿਆਂ ਕੋਲ ਬੁਢਾਪਾ ਕੱਟ ਰਹੀ ਹੈ ਤੇ ਨਵਰਾਜ ਦੀ ਵਿਧਵਾ ਅਲਕਾ ਆਪਣੇ ਬੱਚਿਆਂ ਕੋਲ ਮੁੰਬਈ ਵਿਖੇ।
ਚੰਗੀ ਗੱਲ ਇਹ ਕਿ ਅੰਮ੍ਰਿਤਾ ਵਾਲਾ ਇਮਰੋਜ਼ ਅਲਕਾ ਤੇ ਉਸ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਹੈ। ਪਿੱਛੇ ਜਿਹੇ ਮੁੰਬਈ ਉਨ੍ਹਾਂ ਕੋਲ ਰਹਿਣ ਗਿਆ ਸੀ ਤਾਂ ਅਲਕਾ ਨੂੰ ਆਪਣੇ ਨਾਲ ਨਵੀਂ ਦਿੱਲੀ ਲੈ ਆਇਆ। ਇਨ੍ਹਾਂ ਸਤਰਾਂ ਦੇ ਲਿਖਣ ਤੱਕ ਅਲਕਾ ਆਪਣੇ ਪਿਤਾ ਰੂਪੀ ਇਮਰੋਜ਼ ਕੋਲ ਰਹਿ ਰਹੀ ਹੈ ਤੇ ਇਨ੍ਹਾਂ ਸਤਰਾਂ ਦੇ ਛਪਣ ਤੱਕ ਉਹ ਇਮਰੋਜ਼ ਦੀ ਸੰਗਤ ਵਿਚ ਉਸ ਸਮਾਗਮ ਵਿਚ ਭਾਗ ਲੈ ਚੁਕੀ ਹੋਵੇਗੀ ਜੋ ਅੰਮ੍ਰਿਤਾ ਦੀ ਜਨਮ ਸ਼ਤਾਬਦੀ ਦੇ ਸਬੰਧ ਵਿਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵਲੋਂ ਰਚਾਇਆ ਜਾ ਰਿਹਾ ਹੈ। ਅੰਮ੍ਰਿਤਾ ਪ੍ਰੀਤਮ ਦੇ ਰਹਿ ਚੁਕੇ ਗਵਾਂਢੀ ਭਾਪਾ ਪ੍ਰੀਤਮ ਸਿੰਘ ਦੀ ਬੇਟੀ ਰੇਣੁਕਾ ਸਿੰਘ ਇਸ ਸਭਾ ਦੀ ਰੂਹੇ ਰਵਾਂ ਹੈ। ਸੱਚੇ ਸੁੱਚੇ ਪੰਜਾਬੀ ਰਿਸ਼ਤਿਆਂ ਦੀ ਟੁੱਟ-ਭੱਜ ਨਾਲ ਨਿਪਟਣ ਦੇ ਆਦੀ ਹੋ ਚੁਕੇ ਹਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ।
ਅੰਤਿਕਾ: ਅੰਮ੍ਰਿਤਾ ਪ੍ਰੀਤਮ
ਜਦ ਕਦੀ ਵੀ ਗੀਤ ਮੇਰਾ ਕੋਈ ਕਿਧਰੇ ਗਾਏਗਾ
ਜ਼ਿਕਰ ਤੇਰਾ ਆਏਗਾ, ਤੂੰ ਨਹੀਂ ਆਇਆ।
ਇਸ਼ਕ ਦੀ ਦਹਿਲੀਜ਼ ‘ਤੇ ਸਿਜਦਾ ਕਰੇਗਾ ਜਦ ਕੋਈ
ਯਾਦ ਫਿਰ ਦਹਿਲੀਜ਼ ਨੂੰ ਮੇਰਾ ਜ਼ਮਾਨਾ ਆਏਗਾ
ਤੂੰ ਨਹੀਂ ਆਇਆ।
_______________________________
ਮੇਰੇ ਚੇਤਿਆਂ ਦੀ ਅੰਮ੍ਰਿਤਾ ਪ੍ਰੀਤਮ
ਗੁਲਜ਼ਾਰ ਸਿੰਘ ਸੰਧੂ
ਲਾਹੌਰ ਬੁੱਕ ਸ਼ਾਪ ਵਾਲਿਆਂ ‘ਸਾਹਿਤ ਸਮਾਚਾਰ’ ਦਾ ਅੰਮ੍ਰਿਤਾ ਪ੍ਰੀਤਮ ਅੰਕ ਕੱਢਣਾ ਸੀ। ਮੈਂ ਹਾਲੇ ਕਹਾਣੀਆਂ ਨਹੀਂ ਸੀ ਲਿਖਦਾ। ਮੇਰਾ ਲੇਖਕ ਬਣਨ ਨੂੰ ਜੀਅ ਕਰਦਾ ਸੀ, ਪਰ ਵਿਧੀ ਨਹੀਂ ਸੀ ਆਉਂਦੀ। Ḕਸਾਹਿਤ ਸਮਾਚਾਰḔ ਲਈ ਲੇਖ ਲਿਖਣਾ ਚੰਗਾ ਲੱਗਦਾ ਸੀ। ਇਮਤਿਹਾਨਾਂ ਵਿਚ ਅੱਵਲ ਆਉਂਦਾ ਰਿਹਾ ਸਾਂ। ਅਜਿਹੀਆਂ ਟਿੱਪਣੀਆਂ ਦੇ ਸਿਰ ‘ਤੇ ਗਿਆਨੀ ਦੇ ਇਮਤਿਹਾਨ ਵਿਚ ਯੂਨੀਵਰਸਿਟੀ ‘ਚ ਸਭ ਤੋਂ ਵੱਧ ਨੰਬਰ ਲੈ ਚੁਕਾ ਸਾਂ।
Ḕਸਾਹਿਤ ਸਮਾਚਾਰ’ ਦਾ ਅੰਕ ਛਪਣ ਦੇ ਦਿਨਾਂ ਵਿਚ ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲ ਗਿਆ। ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਪਿੱਛੋਂ ਇਸ ਵੱਡੇ ਇਨਾਮ ਦੀ ਜੇਤੂ ਅੰਮ੍ਰਿਤਾ ਪ੍ਰੀਤਮ ਹੀ ਸੀ। ਮੈਂ ਉਸ ਨੂੰ ਪਟੇਲ ਨਗਰ ਦੇ ਪਤੇ ਉਤੇ ਚਿੱਠੀ ਲਿਖੀ, ਇਹ ਵੀ ਕਿ ਮੈਂ ਉਸ ਬਾਰੇ Ḕਸਾਹਿਤ ਸਮਾਚਾਰḔ ਵਿਚ ਲੇਖ ਲਿਖਣ ਵਾਲਾ ਗੁਲਜ਼ਾਰ ਸਿੰਘ ਸੰਧੂ ਹਾਂ।
ਅੰਮ੍ਰਿਤਾ ਪ੍ਰੀਤਮ ਦਾ ਬਹੁਤ ਹੀ ਖੂਬਸੂਰਤ ਲਿਖਤ ਵਾਲਾ ਪੋਸਟ ਕਾਰਡ ਮਿਲਿਆ, “ਜੇ ਦਿੱਲੀ ਵਿਚ ਹੀ ਰਹਿੰਦਾ ਏਂ ਤੇ ਮਿਲਦਾ ਕਿਉਂ ਨਹੀਂ?” ਏਨੀ ਵੱਡੀ ਲੇਖਿਕਾ ਦਾ ਆਪਣੇ ਸਾਧਾਰਨ ਪਾਠਕ ਨੂੰ ਏਨਾ ਮਿੱਠਾ ਸੱਦਾ, ਮੈਂ ਸੋਚਿਆ ਤਕ ਨਹੀਂ ਸੀ। ਮੈਂ ਜਵਾਹਰ ਨਗਰ ਰਹਿੰਦਾ ਸਾਂ ਤੇ ਉਹ ਈਸਟ ਪਟੇਲ ਨਗਰ। ਮੈਂ ਸਾਫ-ਸੁਥਰੇ ਕੱਪੜੇ ਪਾ ਕੇ ਸਾਈਕਲ ਨੂੰ ਲਿਸ਼ਕਾ ਕੇ ਪੈਡਲ ਘੁਮਾਉਂਦਾ ਉਹਦੇ ਘਰ ਜਾ ਵੜਿਆ। ਅੱਗੇ ਬਜੁਰਗ ਹਿੰਦੀ ਲੇਖਕ ਜੈਨਿੰਦਰ ਕੁਮਾਰ ਬੈਠਾ ਸੀ। ਦੋਵੇਂ ਬਹੁਤ ਖੁਸ਼ ਸਨ ਜਿਵੇਂ ਮਸਾਂ ਮਸਾਂ ਮਿਲੇ ਹੋਣ। ਮੈਨੂੰ ਲੱਗਾ, ਮੈਂ ਵਿਘਨ ਪਾ ਰਿਹਾ ਹਾਂ। ਕਦੇ ਫੇਰ ਮਿਲਣ ਦੀ ਗੱਲ ਕਰ ਕੇ ਉਠਣ ਲੱਗਾ ਤਾਂ ਅੰਮ੍ਰਿਤਾ ਪ੍ਰੀਤਮ ਨੇ ਪਿਆਰ ਨਾਲ ਘੂਰਿਆ। ਮੇਰੇ ਵਿਚ ਅੱਗੋਂ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਰਹੀ। ਜੈਨਿੰਦਰ ਕੁਮਾਰ ਦਾ ਅੰਦਾਜ਼ ਉਹਦੇ ਨਾਲੋਂ ਪਿਆਰਾ ਸੀ, ‘ਅਸੀਂ ਤਾਂ ਨੌਜਵਾਨਾਂ ਨੂੰ ਮਿਲਣ ਲਈ ਤਰਸਦੇ ਰਹਿੰਦੇ ਹਾਂ।’ ਕੁਝ ਇਸ ਤਰ੍ਹਾਂ ਦਾ।
ਜੈਨਿੰਦਰ ਕੁਮਾਰ ਦੇ ਪੁੱਛਣ ‘ਤੇ ਮੈਂ ਦੱਸਿਆ ਕਿ ਮੈਂ ਕਹਾਣੀ ਲਿਖਦਾ ਹਾਂ। ਉਦੋਂ ਤੀਕ ਮੇਰੀਆਂ ਦੋ ਕਹਾਣੀਆਂ ‘ਪ੍ਰੀਤਮ’ ਤੇ ‘ਪੰਜ ਦਰਿਆ’ ਵਿਚ ਛਪ ਚੁਕੀਆਂ ਸਨ। ਇੱਕ ਕਹਾਣੀ ਦੇ ਕਿੰਨੇ ਪੈਸੇ ਮਿਲਦੇ ਹਨ, ਦੇ ਉਤਰ ਵਿਚ ਮੈਂ ਦੱਸਿਆ ਕਿ ਅਸੀਂ ਪੰਜਾਬੀ ਵਾਲੇ ਲਿਖਦੇ ਆਪਣੀ ਭਾਸ਼ਾ ਵਿਚ ਹਾਂ ਤੇ ਪੈਸੇ ਰਾਸ਼ਟਰੀ ਭਾਸ਼ਾ ਤੋਂ ਲੈਂਦੇ ਹਾਂ। ‘ਪੰਜ ਦਰਿਆ’ ਵਾਲੀ ਕਹਾਣੀ ਨਵੇਂ ਨਿਕਲੇ ਹਿੰਦੀ ਰਸਾਲੇ ‘ਨਵ ਆਲੋਕ’ ਵਿਚ ਛਪ ਚੁਕੀ ਸੀ ਤੇ ਉਸ ਦੇ ਮੈਨੂੰ ਦਸ ਰੁਪਏ ਮਿਲੇ ਸਨ।
ਪੰਜਾਬੀ ਤੇ ਹਿੰਦੀ ਵਿਚ ਲਿਖਣ-ਲਿਖਾਉਣ ਵਾਲੀ ਗੱਲ ਇੱਕ ਤਰ੍ਹਾਂ ਦੇ ਰੇਡੀਓ ਪ੍ਰੋਗਰਾਮ ਵਾਲਾ ਪ੍ਰਭਾਵ ਛੱਡ ਗਈ। ਕੁਝ ਇਸ ਤਰ੍ਹਾਂ ਜਿਵੇਂ ਮੇਰਾ ਤੇ ਜੈਨਿੰਦਰ ਕੁਮਾਰ ਦਾ ਪ੍ਰੋਗਰਾਮ ਹੋਵੇ ਅਤੇ ਅੰਮ੍ਰਿਤਾ ਪ੍ਰੀਤਮ ਉਸ ਦੀ ਸੰਚਾਲਕ। ਅੰਮ੍ਰਿਤਾ ਪ੍ਰੀਤਮ ਕਿਸੇ ਗੱਲ ਨੂੰ ਭੁੰਜੇ ਨਹੀਂ ਸੀ ਡਿੱਗਣ ਦਿੰਦੀ। ਉਦੋਂ ਉਹ ਰੇਡੀਓ ਪ੍ਰੋਗਰਾਮ ਕਰਦੀ ਹੁੰਦੀ ਸੀ। ਰੌਚਕ ਤੇ ਪ੍ਰਭਾਵੀ। ਅੰਮ੍ਰਿਤਾ ਪ੍ਰੀਤਮ ਨੇ ਜੈਨਿੰਦਰ ਕੁਮਾਰ ਦੀਆਂ ਕਹਾਣੀਆਂ ਦੀ ਗੱਲ ਛੇੜ ਲਈ, ਉਨ੍ਹਾਂ ਵਿਚ ਆਈਆਂ ਔਰਤਾਂ ਦੀ। ਉਹ ਜਾਣਨਾ ਚਾਹੁੰਦੀ ਸੀ ਕਿ ਇੰਨੇ ਸੇਕ ਤੇ ਇੰਨੀ ਦਲੇਰੀ ਵਾਲੀਆਂ ਔਰਤਾਂ ਦਾ ਸੰਕਲਪ ਜੈਨਿੰਦਰ ਨੂੰ ਕਿੱਥੋਂ ਮਿਲਿਆ? ਜੈਨਿੰਦਰ ਨੇ ਦੱਸਿਆ ਕਿ ਜਦੋਂ ਉਹ ਜਵਾਨ ਹੋ ਰਿਹਾ ਸੀ ਤਾਂ ਉਸ ਨੂੰ ਗੁਆਂਢ ਵਿਚ ਰਹਿਣ ਵਾਲੀ ਕੁੜੀ ਦਾ ਲਿਬਾਸ ਬੜਾ ਚੰਗਾ ਲੱਗਦਾ ਸੀ। ਕੁਝ ਇਸ ਤਰ੍ਹਾਂ ਜਿਵੇਂ ਉਸ ਨੇ ਸ਼ਬਨਮ ਦੇ ਵਸਤਰ ਪਹਿਨੇ ਹੋਣ।
“ਸ਼ਬਨਮ ਦੇ?” ਅੰਮ੍ਰਿਤਾ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਜੈਨਿੰਦਰ ਕੁਮਾਰ ਨੇ ਸਹਿਜੇ ਸਹਿਜੇ ਸਮਝਾਇਆ ਕਿ ਸੂਤੀ ਸਨ ਜਾਂ ਰੇਸ਼ਮੀ, ਉਸ ਨੂੰ ਸ਼ਬਨਮ ਦੇ ਲੱਗਦੇ ਸਨ। ਜੈਨਿੰਦਰ ਨੇ ਉਹ ਕੁੜੀ ਨੇੜਿਓਂ ਨਹੀਂ ਸੀ ਤੱਕੀ। ਜੇ ਤੱਕੀ ਸੀ ਤਾਂ ਗੌਲੀ ਨਹੀਂ ਸੀ। ਉਹ ਸ਼ਬਨਮ ਦੇ ਵਸਤਰਾਂ ਵਾਲੀ ਕੁੜੀ ਦਾ ਤੱਸਵਰ ਲੈ ਕੇ ਦੂਰ ਸ਼ਹਿਰ ਵਿਚ ਪੜ੍ਹਨ ਚਲਾ ਗਿਆ। ਜਦੋਂ ਉਹ ਮੁੜ ਕੇ ਆਇਆ ਤਾਂ ਇਹ ਕੁੜੀ ਉਸ ਦਾ ਗੁਆਂਢ ਛੱਡ ਕੇ ਕਿਧਰੇ ਦੂਰ ਜਾ ਚੁਕੀ ਸੀ। ਪਰ ਉਸ ਦਾ ਤੱਸਵਰ ਨਾ ਟੁੱਟਾ। “ਮੇਰੀਆਂ ਪਾਤਰ ਔਰਤਾਂ ਵਿਚ ਉਸ ਕੁੜੀ ਦੀ ਲਿਸ਼ਕ ਆ ਵੜਦੀ ਹੈ। ਕਿਸੇ ਨਾ ਕਿਸੇ ਸ਼ਕਲ ਵਿਚ ਉਸ ਦੀ ਉਹ ਲਿਸ਼ਕ।”
ਅੰਮ੍ਰਿਤਾ ਪ੍ਰੀਤਮ ਨੂੰ ਏਦਾਂ ਦੀਆਂ ਗੱਲਾਂ ਸੁਣਨ ਦਾ ਬੜਾ ਸ਼ੌਕ ਸੀ। ਉਸ ਨੇ ਗੱਲਬਾਤ ਦੀ ਅੰਗੀਠੀ ਮਘਾਈ ਰੱਖਣ ਲਈ ਰੋਮਾਨੀਆ ਦੇ ਕਿਸੇ ਨਾਵਲਕਾਰ ਦੀ ਗੱਲ ਛੋਹ ਲਈ, ਜਿਸ ਨਾਲ ਉਸ ਦੀ ਜਵਾਨੀ ਵਿਚ ਇੱਕ ਨੰਗੇ ਪੈਰਾਂ ਵਾਲੀ ਕੁੜੀ ਖੇਡਦੀ ਰਹੀ ਸੀ। ਇਹ ਨੰਗੇ ਪੈਰ ਉਸ ਦੇ ਚੇਤੇ ਵਿਚ ਇੰਨੇ ਸਮਾਏ ਕਿ ਉਸ ਨੇ ਆਪਣੇ ਪਹਿਲੇ ਨਾਵਲ ਦਾ ਨਾਂ ‘ਨੰਗੇ ਪੈਰ’ ਰੱਖਿਆ। ਪਿੱਛੋਂ ਜਾ ਕੇ ਪਤਾ ਲੱਗਾ ਕਿ ਉਹ ਕੁੜੀ ਕਿਸੇ ਬਹੁਤ ਵੱਡੇ ਘਰ ਵਿਆਹੀ ਗਈ। ਸਮਾਂ ਪਾ ਕੇ ਲੇਖਕ ਮਿਲਣ ਗਿਆ ਤਾਂ ਪਹਿਰੇਦਾਰਾਂ ਦਾ ਅੰਤ ਨਹੀਂ ਸੀ। ਪਹਿਰੇਦਾਰ ਹੀ ਉਸ ਨੂੰ ਉਸ ਦੀ ਬੈਠਕ ਵਿਚ ਛੱਡ ਕੇ ਆਏ। ਕੁੜੀ ਵੀ ਲੇਖਕ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਜਿੰਨਾ ਚਿਰ ਮੁਲਾਕਾਤ ਚੱਲੀ, ਨਿੱਘ ਵਰਤਦਾ ਰਿਹਾ। ਚੰਗਾ ਵੀ ਲੱਗਿਆ, ਪਰ ਇਸ ਮੁਲਾਕਾਤ ਨੇ ਲੇਖਕ ਦੇ ਤੱਸਵਰ ਵਾਲੀ ਕੁੜੀ ਮਾਰ ਛੱਡੀ। ਮਿਲ ਕੇ ਘਰ ਪਰਤਣ ਤਕ ਏਨਾ ਉਦਾਸ ਹੋ ਗਿਆ ਕਿ ਅਗਲੀ ਸ਼ਾਮ ਉਸ ਦੇ ਘਰ ਖਾਣੇ ‘ਤੇ ਵੀ ਨਾ ਪੁੱਜਾ, ਜਿਸ ਦਾ ਸੱਦਾ ਉਸ ਨੇ ਪ੍ਰਵਾਨ ਕੀਤਾ ਹੋਇਆ ਸੀ।
ਇਹ ਗੱਲ ਦੱਸ ਕੇ ਅੰਮ੍ਰਿਤਾ ਪ੍ਰੀਤਮ ਨੇ ਮੇਰੇ ਕੋਲੋਂ ਵੀ ਕਿਸੇ ਅਜਿਹੀ ਕੁੜੀ ਦੀ ਗੱਲ ਸੁਣਨੀ ਚਾਹੀ। ਮੇਰੇ ਵਾਲੀ ਕੁੜੀ ਮਾਹੌਲ ਨਾਲ ਹੀ ਮੇਰੇ ਗਲੇ ਵਿਚ ਆਣ ਬੈਠੀ ਸੀ। ਕਿਉਂ ਨਾ ਦੱਸਦਾ? ਮੈਂ ਵੀ ਬੋਲ ਪਿਆ। ਕੀ ਬੋਲਿਆ ਸੀ, ਉਸ ਦਾ ਹੁਣ ਚੇਤਾ ਨਹੀਂ। ਉਹ ਦਿਨ ਤੇ ਇਹ ਦਿਨ, ਅੰਮ੍ਰਿਤਾ ਨੇ ਕੋਈ ਗੱਲ ਭੁੰਜੇ ਨਹੀਂ ਡਿੱਗਣ ਦਿੱਤੀ। ਸਿਵਾਏ ਉਹਦੇ ਨਾਲ ਹੋਈ ਅੰਤਲੀ ਮਿਲਣੀ ਦੇ, ਜਿਸ ਦੀ ਗੱਲ ਫੇਰ ਕਰਦੇ ਹਾਂ।

1960 ਵਿਚ ਮੈਂ ਜਵਾਹਰ ਨਗਰ ਛੱਡ ਕੇ ਯੂਨੀਵਰਸਿਟੀ ਤੋਂ ਵੀ ਦੂਰ ਮਾਡਲ ਟਾਊਨ ਰਹਿਣ ਲੱਗ ਪਿਆ ਤੇ ਅੰਮ੍ਰਿਤਾ ਪ੍ਰੀਤਮ ਈਸਟ ਪਟੇਲ ਨਗਰ ਛੱਡ ਕੇ ਕੁਤਬ ਮੀਨਾਰ ਦੇ ਰਾਹ ਵਿਚ ਹੌਜ਼ ਖਾਸ। ਮਾਡਲ ਟਾਊਨ ਵਿਚ ਵੀਰਾਨੀ ਤਾਂ ਸੀ, ਪਰ ਸਾਹਿਤਕ ਵੀਰਾਨੀ ਨਹੀਂ। ਮੇਰੇ ਰਹਿਣ ਵਾਲੀ ਥਾਂ ਤੋਂ ਦੋ-ਚਾਰ ਸੌ ਗਜ ਦੀ ਦੂਰੀ ਉਤੇ ਉਰਦੂ ਅਫਸਾਨਾਨਿਗਾਰ ਕ੍ਰਿਸ਼ਨ ਚੰਦਰ, ਹਿੰਦੀ ਲੇਖਕ ਕਮਲੇਸ਼ਵਰ ਤੇ ਪੰਜਾਬੀ ਗਾਇਕੀ ਦੀ ਮਲਿਕਾ ਸੁਰਿੰਦਰ ਕੌਰ ਤੋਂ ਬਿਨਾ ਮੇਰਾ ਜਮਾਤੀ ਅਰਵਿੰਦ ਕੁਮਾਰ ਵੀ ਸੀ, ਜੋ ḔਕੈਰਾਵਾਨḔ (ਅੰਗਰੇਜ਼ੀ) ਤੇ ḔਸਰਿਤਾḔ (ਹਿੰਦੀ) ਵਿਚ ਸੰਪਾਦਕੀ ਪੜ੍ਹਤ ਵਾਲਾ ਉਪ ਸੰਪਾਦਕ ਸੀ। ਮੇਰੀਆਂ ਕਹਾਣੀਆਂ ਪੰਜਾਬੀ ਜਗਤ ਤੋਂ ਬਾਹਰ ਹਿੰਦੀ ਤੇ ਅੰਗਰੇਜ਼ੀ ਵਿਚ ਛਪਣ ਲੱਗ ਪਈਆਂ ਸਨ। ਮੈਂ ਮਹਿੰਦਰ ਸਿੰਘ ਰੰਧਾਵਾ ਦੇ ਦਫਤਰ ਵਿਚ ਪੰਜਾਬੀ ਦਾ ਉਪ ਸੰਪਾਦਕ ਲੱਗ ਚੁਕਾ ਸਾਂ, ਜਿੱਥੇ ਸਾਹਿਤ ਅਕਾਦਮੀ ਵਾਲਾ ਗੋਪੀ ਚੰਦ ਨਾਰੰਗ ਉਰਦੂ ਦਾ ਉਪ ਸੰਪਾਦਕ ਸੀ।
ਮੈਂ ਅੰਮ੍ਰਿਤਾ ਪ੍ਰੀਤਮ ਤੋਂ ਹਰ ਪੱਖੋਂ ਦੂਰ ਹੋ ਗਿਆ, ਪਰ ਇੰਨਾ ਦੂਰ ਵੀ ਨਹੀਂ ਕਿ ਨਿੱਘ ਵਿਚ ਕਿਸੇ ਤਰ੍ਹਾਂ ਦਾ ਫਰਕ ਆਵੇ। ਮੇਰੇ ਕੋਲ ਮੋਟਰਸਾਈਕਲ ਵੀ ਸੀ ਤੇ ਬਹੁਤ ਵਾਰੀ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਵਾਲੇ ਪੰਜਾਬ ਦੇ ਪੰਜਾਬੀ ਲੇਖਕ ਮੇਰੇ ਕੋਲ ਹੀ ਆ ਕੇ ਠਹਿਰਦੇ ਸਨ। ਝਾਕ ਬਣੀ ਰਹਿੰਦੀ ਕਿਉਂਕਿ ਇਕੱਲਿਆਂ ਨਾਲੋਂ ਤਿੰਨ ਬੰਦਿਆਂ ਵਿਚ ਗੁਫਤਗੂ ਵਧੇਰੇ ਮਘਦੀ ਸੀ। ਈਸਟ ਪਟੇਲ ਨਗਰ ਵਿਚ ਹੋਈ ਪਹਿਲੇ ਦਿਨ ਦੀ ਗੁਫਤਗੂ ਵਾਂਗ।
ਇੱਕ ਦਿਨ ਨਿਚਲੇ ਘਰ ਵਾਲਿਆਂ ਦੀ ਬੱਚੀ ਭੱਜੀ ਭੱਜੀ ਆਈ: “ਕੋਈ ਅੰਕਲ-ਆਂਟੀ ਆਏ ਨੇ।” ਉਸ ਨੂੰ ਸਾਹ ਚੜ੍ਹਿਆ ਹੋਇਆ ਸੀ।
“ਆਂਟੀ ਕਿਹੋ ਜਿਹੀ ਏ? ਸੁਹਣੀ ਏ?” ਮੈਂ ਮਜ਼ਾਕ ‘ਚ ਪੁੱਛਿਆ।
“ਦੋਵੇਂ ਬਹੁਤ ਸੋਹਣੇ ਨੇ।” ਕਹਿ ਕੇ ਉਹ ਮੇਰੇ ਪਿੱਛੇ ਪਿੱਛੇ ਪੌੜੀਆਂ ਉਤਰ ਆਈ ਜਿਵੇਂ ਥੱਲੇ ਆਏ ਅੰਕਲ-ਆਂਟੀ ਨੂੰ ਦੁਬਾਰਾ ਦੇਖਣਾ ਚਾਹੁੰਦੀ ਹੋਵੇ। ਇੱਕ ਪੁਰਾਣੀ ਕਾਰ ਕੋਲ ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਖੜ੍ਹੇ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਉਨ੍ਹਾਂ ਨੂੰ ਜਾਣਦਾ ਤਾਂ ਸਾਂ, ਪਰ ਇੰਨਾ ਨਹੀਂ ਕਿ ਉਹ ਮੈਨੂੰ ਬਿਨਾ ਦੱਸੇ ਲੱਭ ਲਭਾ ਕੇ ਮੇਰੇ ਘਰ ਆਉਂਦੇ।
ਮੇਰੇ ਘਰ ਦਾ ਨੰਬਰ 14214 ਐਫ ਸੀ। ਮੇਰੇ ਨਾਲ ਮਨਮੋਹਨ ਸਿੰਘ ਰਹਿੰਦੇ ਸਨ। ਅਸੀਂ ਦੋਵੇਂ ਅਣਵਿਆਹੇ ਸਾਂ ਤੇ ਮਨਮੋਹਨ ਦੇ ਬੇਜੀ ਸਾਡੀ ਰੋਟੀ ਬਣਾਉਂਦੇ ਸਨ। ਮੈਂ ਅੰਮ੍ਰਿਤਾ ਪ੍ਰੀਤਮ ਤੋਂ ਸੋਲਾਂ ਸਾਲ ਛੋਟਾ ਸਾਂ। ਸਦਾ ਹੀ ਸਾਂ, ਪਰ 1960 ਵਿਚ ਇਹ ਫਰਕ ਬਹੁਤ ਵੱਡਾ ਲੱਗਦਾ ਸੀ ਤੇ ਹੈ ਵੀ ਸੀ। ਮੈਨੂੰ ਜਾਪਿਆ ਜਿਵੇਂ ਕਿਸੇ ਦੇ ਘਰ ਦਾ ਰਾਹ ਪੁੱਛਣ ਆਏ ਹੋਣ। ਮੈਂ ਡੌਰ-ਭੌਰ ਜਿਹਾ ਉਨ੍ਹਾਂ ਦੇ ਮੂੰਹ ਵੱਲ ਤੱਕਣ ਲੱਗ ਪਿਆ। “ਤੈਨੂੰ ਮਿਲਣ ਆਏ ਹਾਂ।” ਕਹਿ ਕੇ ਉਹ ਪੌੜੀਆਂ ਚੜ੍ਹ ਆਏ। ਆਪਣੇ ਘਰ ਅੰਮ੍ਰਿਤਾ ਪ੍ਰੀਤਮ ਨੂੰ ਵੇਖ ਕੇ ਬੇਜੀ ਮੇਰੇ ਨਾਲੋਂ ਵੀ ਵੱਧ ਹੈਰਾਨ। ਮਨਮੋਹਨ ਸਿੰਘ ਵੀ।
“ਕ੍ਰਿਸ਼ਨ ਘਰ ਨਹੀਂ ਸੀ। ਅਸੀਂ ਸੋਚਿਆ ਗੁਲਜ਼ਾਰ ਨੂੰ ਮਿਲਦੇ ਜਾਈਏ।” ਅੰਮ੍ਰਿਤਾ ਪ੍ਰੀਤਮ ਦੇ ਇਸ ਵਾਕ ਨੇ ਗੁੰਝਲ ਖੋਲ੍ਹੀ ਕਿ ਉਹ ਕ੍ਰਿਸ਼ਨ ਚੰਦਰ ਦੀ ਸਾਰ ਲੈਣ ਆਏ ਸਨ। ਸ਼ਾਇਦ ਡਾਕਟਰ ਵੱਲ ਗਿਆ ਹੋਇਆ ਸੀ। ਗੁਰਦਾ ਰੋਗ ਤੋਂ ਪੀੜਤ ਸੀ। ਤੀਮਾਰਦਾਰੀ ਨਾਲੋਂ ਤਫਰੀਹ ਦੇ ਮੂਡ ਵਿਚ ਸਨ, ਜਿਵੇਂ ਆਸ਼ਕ ਹੁੰਦੇ ਹਨ। ਆਪਣੇ ਘਰ ਤੋਂ ਬਾਹਰ ਕਿਸੇ ਓਪਰੀ ਥਾਂ ਦੀ ਭਾਲ ਵਿਚ ਜਿੱਥੇ ਇੱਕ ਅੱਧ ਓਪਰਾ ਵੀ ਹਾਜ਼ਰ ਹੋਵੇ। ਕ੍ਰਿਸ਼ਨ ਨਹੀਂ ਤਾਂ ਗੁਲਜ਼ਾਰ ਹੀ ਸੀ। ਇਸ ਨਾਲ ਬੇਜੀ ‘ਤੇ ਮੇਰਾ ਬਹੁਤ ਪ੍ਰਭਾਵ ਪਿਆ। ਉਨ੍ਹਾਂ ਨੂੰ ਮੇਰੇ ਖਾਣ-ਪੀਣ ਦਾ ਮਨਮੋਹਨ ਜਿੰਨਾ ਹੀ ਫਿਕਰ ਰਹਿਣ ਲੱਗਾ ਤੇ ਵਿਆਹ ਦਾ ਵੀ। ਸਾਡੇ ਦੋਵਾਂ ਦੇ ਵਿਆਹ ਦਾ। ਅੰਮ੍ਰਿਤਾ ਦੀ ਸਾਡੇ ਘਰ ਫੇਰੀ ਨਾਲ ਮਨਮੋਹਨ ਦਾ ਘਰ ਵੀ ਮੇਰਾ ਘਰ ਹੋ ਗਿਆ, ਜੋ ਅੱਜ ਤਕ ਹੈ।

ਅੰਮ੍ਰਿਤਾ ਪ੍ਰੀਤਮ ਨਾਲ ਮੇਰੀ ਆਖਰੀ ਮੁਲਾਕਾਤ ਰਵਿੰਦਰ ਰਵੀ ਨਾਲ ਹੋਈ। ਉਹ ਕੈਨੇਡਾ ਤੋਂ ਆਇਆ ਸੀ। ਅੰਮ੍ਰਿਤਾ ਕਾਫੀ ਬੀਮਾਰ ਸੀ। ਉਸ ਦੇ ਖੂਨ ਦੀਆਂ ਨਾਲੀਆਂ ਤਿੜਕਣ ਲੱਗ ਪਈਆਂ ਸਨ। ਰਵਿੰਦਰ ਰਵੀ ਖੁਦ ਦਿਲ ਦਾ ਮਰੀਜ਼ ਸੀ। ਇਹ ਮਿਲਣੀ ਦੋਹਾਂ ਲਈ ਆਖਰੀ ਹੋ ਸਕਦੀ ਸੀ।
ਮੈਂ ਟੈਲੀਫੋਨ ਕਰਕੇ ਅੰਮ੍ਰਿਤਾ ਪ੍ਰੀਤਮ ਤੋਂ ਸਮਾਂ ਮੰਗਿਆ। ਉਹਦੇ ਪੁੱਛਣ ਉਤੇ ਮੈਂ ਆਪਣਾ ਨਾਂ ਦੱਸਿਆ ਤਾਂ ਉਸ ਦੇ ਮੂੰਹੋਂ ‘ਕਿਹੜਾ ਗੁਲਜ਼ਾਰ’ ਸੁਣ ਕੇ ਭੁਚੱਕਾ ਰਹਿ ਗਿਆ। ਮੇਰੀ ਆਵਾਜ਼ ਸੁਣਦੇ ਸਾਰ ‘ਗੁਲਜ਼ਾਰ ਮੀਆਂ!’ ਕਹਿਣ ਵਾਲੀ ਅੰਮ੍ਰਿਤਾ ਨੂੰ ਕੀ ਹੋ ਗਿਆ ਸੀ? ਇੰਦਰਜੀਤ ਦੇ ਕਹਿਣ ‘ਤੇ ਅਸੀਂ ਅੰਮ੍ਰਿਤਾ ਨੂੰ ਜਾ ਮਿਲੇ।
ਬੜੀਆਂ ਉਦਾਸ ਗੱਲਾਂ ਹੋਈਆਂ। “ਅੱਡੀਆਂ ਰਗੜ ਕੇ ਮਰਨ ਨਾਲੋਂ ਤਾਂ ਬੰਦਾ ਸਾਈਨਾਈਡ ਦੀ ਗੋਲੀ ਖਾ ਕੇ ਮਰ ਜਾਵੇ।” ਰਵੀ ਦੇ ਇਹ ਵਾਕ ਬੋਲਣ ਉਤੇ ਅੰਮ੍ਰਿਤਾ ਨੇ ਹਉਕਾ ਲੈ ਕੇ ਕਿਹਾ, “ਜੇ ਕਿਧਰੇ ਮਿਲਦੀ ਹੈ ਤਾਂ ਮੇਰੇ ਲਈ ਵੀ ਲੈ ਰੱਖੀਂ।”
ਮੈਂ ਤੇ ਰਵੀ ਵਾਪਸੀ ਵੇਲੇ ਅੰਮ੍ਰਿਤਾ ਦੇ ਸੁੱਜੇ ਹੋਏ ਪੈਰਾਂ ਤੇ ਖੂਨ ਦੀਆਂ ਫੁੱਲੀਆਂ ਨਾੜੀਆਂ ਦੀ ਗੱਲ ਕਰਕੇ ਉਦਾਸ ਹੋ ਗਏ। ਇਹ ਉਦਾਸੀ ਉਸ ਦਿਨ ਦੂਰ ਹੋਈ ਜਦੋਂ ਰੇਡੀਓ ਤੇ ਦੂਰਦਰਸ਼ਨ ਉਤੇ ਅੰਮ੍ਰਿਤਾ ਪ੍ਰੀਤਮ ਦੇ ਤੁਰ ਜਾਣ ਦੀ ਖਬਰ ਆਈ। ਮੈਂ ਅੰਮ੍ਰਿਤਾ ਦੀ ਜਵਾਨੀ ਵਿਚ ਲਿਖੀ ਤੁਕ ਵਿਚੋਂ ‘ਮੇਰਾ’ ਸ਼ਬਦ ਦੀ ਥਾਂ ‘ਤੇਰਾ’ ਭਰ ਕੇ ਮਨ ਹੀ ਮਨ ਵਿਚ ਉਸ ਨੂੰ ਆਖਰੀ ਸਲਾਮ ਕਹੀ:
ਇਸ਼ਕ ਦੀ ਦਹਿਲੀਜ਼ ‘ਤੇ ਸਿਜਦਾ ਕਰੇਗਾ ਜਦ ਕੋਈ
ਯਾਦ ਫਿਰ ਦਹਿਲੀਜ਼ ਨੂੰ Ḕਤੇਰਾ’ ਜ਼ਮਾਨਾ ਆਏਗਾ।