ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਹਮਲੇ ਪਿੱਛੇ ਭੂ-ਮਾਫੀਆ ਦਾ ਹੱਥ ਹੋਣ ਦਾ ਖਦਸ਼ਾ

ਚੰਡੀਗੜ੍ਹ: ਅਫਗਾਨਿਸਤਾਨ ਵਿਚ ਸਿੱਖ ਤੇ ਹਿੰਦੂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਪਹਿਲੀ ਜੁਲਾਈ ਨੂੰ ਕੀਤੇ ਗਏ ਹਮਲੇ ਪਿੱਛੇ ਮੁਲਕ ਦੇ ਭੂ-ਮਾਫੀਆ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ, ਦੇਸ਼ ਵਿਚ ਵੱਖ-ਵੱਖ ਜਗ੍ਹਾ ਸਥਿਤ ਗੁਰਦੁਆਰਿਆਂ ਅਧੀਨ ਸੈਂਕੜੇ ਏਕੜ ਜ਼ਮੀਨ ਆਉਂਦੀ ਹੈ ਤੇ ਅਫਗਾਨ ਸਿੱਖਾਂ ਦਾ ਕਹਿਣਾ ਹੈ ਕਿ ਮਾਫੀਆ ਇਸ ਜ਼ਮੀਨ ਉਤੇ ਕਬਜ਼ਾ ਜਮਾਉਣ ਦੇ ਰੌਂਅ ਵਿਚ ਹੈ।

ਮਹੱਤਵਪੂਰਣ ਤੱਥ ਇਹ ਹੈ ਕਿ ਦੋਵਾਂ ਕੱਟੜਵਾਦੀ ਇਸਲਾਮਿਕ ਗਰੁੱਪਾਂ ਤਾਲਿਬਾਨ ਤੇ ਇਸਲਾਮਿਕ ਸਟੇਟ (ਦਇਸ਼) ਨੇ ਸਿੱਖ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਫਗਾਨ ਭੂ-ਮਾਫੀਆ ਕਾਬੁਲ, ਜਲਾਲਾਬਾਦ, ਗਜ਼ਨੀ, ਹੇਰਾਤ ਤੇ ਕੰਧਾਰ ਲਾਗਲੇ ਪੇਂਡੂ ਇਲਾਕੇ ਦੇ ਗੁਰਦੁਆਰਿਆਂ ਤੇ ਉਨ੍ਹਾਂ ਨਾਲ ਸਬੰਧਤ ਸੰਪਤੀ ਉਤੇ ਕਬਜ਼ਾ ਕਰ ਚੁੱਕਾ ਹੈ। ਹਾਲ ਹੀ ਵਿਚ ਅਫਗਾਨ ਪ੍ਰਧਾਨ ਮੰਤਰੀ ਅਸ਼ਰਫ ਗ਼ਨੀ ਵੱਲੋਂ ਸਿੱਖ ਭਾਈਚਾਰੇ ਨੂੰ ਜਲਾਲਾਬਾਦ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਨਾਂ ਲਗਭਗ 500 ਮੁਰੱਬਾ ਜ਼ਮੀਨ ਮੁਫਤ ਮੁਹੱਈਆ ਕਰਵਾਈ ਗਈ ਹੈ। ਇਸ ਜ਼ਮੀਨ ਦੀ ਕੀਮਤ ਕਰੀਬ 7 ਲੱਖ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਸ ਗੁਰਦੁਆਰੇ ਦਾ ਪ੍ਰਬੰਧਨ ਹਮਲੇ ਵਿਚ ਹਲਾਕ ਹੋਏ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਤੇ ਹੋਰ ਸਿੱਖ ਆਗੂ ਦੇਖ ਰਹੇ ਸਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਜਨਾ ਇਥੇ ਸਿੱਖ ਬੱਚਿਆਂ ਲਈ ਸਕੂਲ ਸਥਾਪਤ ਕਰਨ ਦੀ ਸੀ। ਸਿੱਖ ਆਗੂ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਮੁਤਾਬਕ ਭੂ-ਮਾਫੀਆ ਨੇ ਵੀ ਇਸੇ ਜ਼ਮੀਨ ਦਾ ਕਬਜ਼ਾ ਲੈਣ ਲਈ ਅਧਿਕਾਰੀਆਂ ਨੂੰ 4 ਤੋਂ 5 ਲੱਖ ਡਾਲਰ ਤੱਕ ਦੀ ਰਿਸ਼ਵਤ ਦਿੱਤੀ ਸੀ। ਪਰ ਜਦੋਂ ਕਬਜ਼ਾ ਨਹੀਂ ਮਿਲਿਆ ਤਾਂ ਉਨ੍ਹਾਂ ਇਸ ਹਮਲੇ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਤਾਲਿਬਾਨ ਤੇ ਦਾਇਸ਼ ਨੇ ਆਪਣੇ ਸੰਪਰਕਾਂ ਰਾਹੀਂ ਉਨ੍ਹਾਂ ਤੱਕ ਇਹ ਗੱਲ ਪੁੱਜਦੀ ਕੀਤੀ ਹੈ ਕਿ ਇਸ ਹਮਲੇ ਪਿੱਛੇ ਉਨ੍ਹਾਂ ਦਾ ਹੱਥ ਨਹੀਂ ਸੀ।
_______________________
ਅਫਗਾਨ ਸਿੱਖ ਆਗੂ ਦੇ ਪੁੱਤਰ ਨੂੰ ਮਿਲੀ ਚੋਣ ਲੜਨ ਦੀ ਆਗਿਆ
ਜਲੰਧਰ: ਅਫਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਪਿਛਲੇ ਦਿਨੀਂ ਧਮਾਕੇ ‘ਚ ਮਾਰੇ ਗਏ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ (38) ਨੂੰ ਅਕਤੂਬਰ ਮਹੀਨੇ ‘ਚ ਹੋਣ ਵਾਲੀਆਂ ਸੰਸਦੀ ਚੋਣਾਂ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਖਾਲਸਾ ਨੇ ਦੱਸਿਆ ਕਿ ਉਸ ਨੂੰ 21 ਜੁਲਾਈ ਤੱਕ ਨਾਮਜ਼ਦਗੀ ਭਰਨ ਲਈ ਕਿਹਾ ਗਿਆ ਹੈ। ਉਸ ਨੂੰ ਵੋਟਰਾਂ ਦੇ 200 ਪਛਾਣ ਪੱਤਰ ਜਮ੍ਹਾਂ ਕਰਾਉਣ ਦੀ ਸ਼ਰਤ ਤੋਂ ਛੋਟ ਦੇ ਦਿੱਤੀ ਗਈ ਹੈ ਕਿਉਂਕਿ ਉਸ ਦੇ ਪਿਤਾ ਦੇ ਸਮਰਥਕਾਂ ਨੇ ਪਹਿਲਾਂ ਹੀ ਇਕ ਹਜ਼ਾਰ ਪਛਾਣ ਪੱਤਰ ਜਮ੍ਹਾਂ ਕਰਾਏ ਸਨ। ਉਨ੍ਹਾਂ ਨੇ ਦੇਸ਼ ਵਿਦੇਸ਼ ਵਿਚੋਂ ਜਲਾਲਾਬਾਦ ਧਮਾਕੇ ਦੇ ਮ੍ਰਿਤਕਾਂ ਨਾਲ ਪ੍ਰਗਟਾਈ ਹਮਦਰਦੀ ਲਈ ਧੰਨਵਾਦ ਕੀਤਾ ਅਤੇ ਚਿੰਤਾ ਪ੍ਰਗਟਾਈ ਕਿ ਅਫਗਾਨਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਦੇ ਪਰਿਵਾਰਾਂ ਅਤੇ ਧਰਮ ਸਥਾਨਾਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਾਈ ਜਾ ਰਹੀ।
__________________________
ਅਫਗਾਨ ਹਮਲੇ ਦੇ ਪੀੜਤਾਂ ਦੀ ਮਦਦ ਲਈ ਵਿਦੇਸ਼ੀ ਸਿੱਖਾਂ ਨੂੰ ਅੱਗੇ ਆਉਣ ਦਾ ਸੱਦਾ
ਅੰਮ੍ਰਿਤਸਰ: ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਫਗਾਨਿਸਤਾਨ ਵਿਚ ਅਤਿਵਾਦੀ ਹਮਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਦੀ ਮਦਦ ਲਈ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਵਿਦੇਸ਼ ਵਸਦੇ ਸਿੱਖਾਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਵਾਸਤੇ ਆਖਿਆ ਹੈ। ਉਹ ਮਾਰੇ ਗਏ ਸਿੱਖਾਂ ਦੀ ਯਾਦ ‘ਚ ਸ਼੍ਰੋਮਣੀ ਕਮੇਟੀ ਵੱਲੋਂ ਰਖਵਾਏ ਗਏ ਅਖੰਡ ਪਾਠ ਦੇ ਭੋਗ ਵਿਚ ਸ਼ਾਮਲ ਹੋਏ ਹਨ।
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਮਗਰੋਂ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਫਗਾਨਿਸਤਾਨ ਵਿਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤਿਵਾਦੀ ਹਮਲੇ ਨੂੰ ਮਨੁੱਖਤਾ ਲਈ ਮੰਦਭਾਗਾ ਕਰਾਰ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਸਾਰ ਲੈਣਾ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈ ਅਤੇ ਉਹ ਇਸ ਤੋਂ ਪਿੱਛੇ ਨਹੀਂ ਹਟੇਗੀ। ਮਾਰੇ ਗਏ ਸਿੱਖਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਫਤ ਵਿਦਿਆ ਦਾ ਪ੍ਰਬੰਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਲਈ ਐਲਾਨ ਕੀਤੀ ਗਈ ਸਹਾਇਤਾ ਰਾਸ਼ੀ ਜਲਦੀ ਹੀ ਪੀੜਤਾਂ ਤੱਕ ਪਹੁੰਚਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਉਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸ ਦੌਰਾਨ ਅਫਗਾਨਿਸਤਾਨ ਤੋਂ ਦਿੱਲੀ ਆ ਕੇ ਵਸੇ ਭਾਈ ਹੀਰਾ ਸਿੰਘ, ਆਪਣੇ ਸਾਥੀਆਂ ਸਮੇਤ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੀੜਤਾਂ ਦੀ ਮਦਦ ਲਈ ਜੋ ਫਰਜ਼ ਨਿਭਾਇਆ ਹੈ, ਉਹ ਅਫਗਾਨਿਸਤਾਨ ਦੇ ਸਿੱਖਾਂ ਲਈ ਸਦਮੇ ਵਿਚ ਬਾਹਰ ਨਿਕਲਣ ਲਈ ਢਾਰਸ ਬਣੇਗਾ।
ਅਫਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਮੁਲਕ ਦੇ ਪੂਰਬੀ ਸ਼ਹਿਰ ਜਲਾਲਾਬਾਦ ਵਿਚ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਥੋਂ ਦੇ ਗੁਰਦੁਆਰੇ ਵਿਚ ਪੁੱਜ ਕੇ ਘਟਨਾ ਲਈ ਘੱਟ ਗਿਣਤੀ ਭਾਈਚਾਰੇ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਹਰਗਿਜ਼ ਬਖ਼ਸ਼ਿਆ ਨਹੀਂ ਜਾਵੇਗਾ। ਇਸ ਹਮਲੇ ਵਿਚ 17 ਸਿੱਖਾਂ ਸਮੇਤ 20 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿਚ ਸਿੱਖ ਭਾਈਚਾਰੇ ਦੇ ਸੀਨੀਅਰ ਆਗੂ ਅਵਤਾਰ ਸਿੰਘ ਖ਼ਾਲਸਾ ਵੀ ਸ਼ਾਮਲ ਸਨ।