ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖੁੱਲ੍ਹੀ ਚਿੱਠੀ

ਇਸ ਖੁਲ੍ਹੀ-ਚਿੱਠੀ ਦੁਆਰਾ ਕੀਤੀ ਜਾ ਰਹੀ ਕੋਸ਼ਿਸ਼ ਨਾ ਮੇਰੀ ਪਹਿਲੀ ਅਤੇ ਨਾ ਹੀ ਆਖਰੀ ਹੈ ਕਿਉਂਕਿ ਮੇਰੀ ਅਕਾਲ ਤਖਤ ਸਾਹਿਬ ਪ੍ਰਤੀ ਆਸਥਾ ਮੈਨੂੰ ਸੰਸਥਾ ਨਾਲ ਸੰਸਥਾ-ਮੁਖੀ ਦੁਆਰਾ ਜੁੜੇ ਰਹਿਣ ਲਈ ਉਤਸ਼ਾਹਤ ਕਰਦੀ ਰਹਿੰਦੀ ਹੈ। ਇਸ ਵੇਲੇ ਮੇਰੇ ਸਾਹਮਣੇ ਪੰਜਾਬ ਸਰਕਾਰ ਦੇ ਇਕ ਮਨਿਸਟਰ ਸ਼ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਾਣੀ ਠੀਕ ਨਾ ਬੋਲਣ ਬਾਰੇ ਸਪਸ਼ਟੀਕਰਣ ਨਾਲ ਜੁੜੀ ਹੋਈ ਮੀਡੀਆ ਦੀ ਖਬਰ ਹੈ।

ਸਿੰਘ ਸਾਹਿਬ ਜਥੇਦਾਰ ਗੁਰਬਚਨ ਸਿੰਘ ਜੀ,
ਅਕਾਲ ਤਖਤ ਸਾਹਿਬ,
ਸ੍ਰੀ ਅੰਮ੍ਰਿਤਸਰ।
ਵਿਸ਼ਾ- ਖੁਲ੍ਹੀ ਚਿੱਠੀ
ਜਥੇਦਾਰ ਸਾਹਿਬ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
ਇਸ ਖੁਲ੍ਹੀ-ਚਿੱਠੀ ਦੁਆਰਾ ਕੀਤੀ ਜਾ ਰਹੀ ਕੋਸ਼ਿਸ਼ ਨਾ ਮੇਰੀ ਪਹਿਲੀ ਅਤੇ ਨਾ ਹੀ ਆਖਰੀ ਹੈ ਕਿਉਂਕਿ ਮੇਰੀ ਅਕਾਲ ਤਖਤ ਸਾਹਿਬ ਪ੍ਰਤੀ ਆਸਥਾ ਮੈਨੂੰ ਸੰਸਥਾ ਨਾਲ ਸੰਸਥਾ-ਮੁਖੀ ਦੁਆਰਾ ਜੁੜੇ ਰਹਿਣ ਲਈ ਉਤਸ਼ਾਹਤ ਕਰਦੀ ਰਹਿੰਦੀ ਹੈ। ਇਸ ਵੇਲੇ ਮੇਰੇ ਸਾਹਮਣੇ ਪੰਜਾਬ ਸਰਕਾਰ ਦੇ ਇਕ ਮਨਿਸਟਰ ਸ਼ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਾਣੀ ਠੀਕ ਨਾ ਬੋਲਣ ਬਾਰੇ ਸਪਸ਼ਟੀਕਰਣ ਨਾਲ ਜੁੜੀ ਹੋਈ ਮੀਡੀਆ ਦੀ ਖਬਰ ਹੈ। ਮੈਨੂੰ ਪਤਾ ਹੈ ਕਿ ਅਜਿਹਾ ਸਿਆਸੀ ਹਵਾਲੇ ਨਾਲ ਵਾਪਰਿਆ ਸੀ ਕਿਉਂਕਿ “ਹਉ ਪਾਪੀ ਤੂੰ ਬਖਸ਼ਣਹਾਰੁ…” ਵਿਚ “ਤੂੰ” ਦੀ ਥਾਂ ਇਕ ਸਿਆਸਤਦਾਨ ਦਾ ਨਾਮ ਵਰਤਿਆ ਗਿਆ ਸੀ। ਮੀਡੀਆ ਮੁਤਾਬਿਕ ਮਨਿਸਟਰ ਨੇ “ਮੈਂ ਪਾਪੀ ਬਾਦਲ ਤੂੰ ਬਖਸ਼ਣਹਾਰ” ਭਾਈ ਗੁਰਮੁਖ ਸਿੰਘ (ਵਰਤਮਾਨ ਹੈਡ ਗ੍ਰੰਥੀ ਅਕਾਲ ਤਖਤ ਸਾਹਿਬ) ਦੇ ਹਵਾਲੇ ਨਾਲ ਬੋਲਿਆ ਸੀ ਅਤੇ ਇਸ ਦਾ ਸਬੰਧ ਉਨ੍ਹਾਂ ਤੁਕਾਂ ਨਾਲ ਉਸ ਤਰ੍ਹਾਂ ਨਹੀਂ ਜੁੜਦਾ ਜਿਵੇਂ ਜੋੜ ਦਿੱਤਾ ਗਿਆ ਹੈ ਕਿਉਂ ਤੁਕ ਇਸ ਪ੍ਰਕਾਰ ਹੈ:
ਆਸਾ ਮਹਲਾ ੧॥
ਆਪਿ ਕਰੇ ਸਚੁ ਅਲਖ ਅਪਾਰੁ॥
ਹਉ ਪਾਪੀ ਤੂੰ ਬਖਸ਼ਣਹਾਰੁ॥੧॥ (ਪੰਨਾ ੩੫੬)
ਮੈਂ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਹਵਾਲੇ ਦੀ ਅਹਿਮੀਅਤ ਪ੍ਰਸੰਗ ਨਾਲ ਜੁੜੀ ਹੋਈ ਹੁੰਦੀ ਹੈ। ਬੋਲੇ ਹੋਏ ਦਾ ਪ੍ਰਸੰਗ ਜੇ ਸਿਆਸੀ ਹੋਵੇਗਾ ਤਾਂ ਉਸ ਨੂੰ ਧਾਰਮਿਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ੰਕਿਆਂ ਦੇ ਘੇਰੇ ਵਿਚੋਂ ਨਹੀਂ ਨਿਕਲ ਸਕਾਂਗੇ। ਇਹੋ ਜਿਹੀ ਸਥਿਤੀ ਨੂੰ ਇਕ ਮਜ਼ਾਹੀਆ ਕਵੀ ਨੇ ਧਾਰਮਿਕਤਾ ਨੂੰ ਠੇਸ ਪਹੁੰਚਣ ਦੇ ਹਵਾਲੇ ਨਾਲ ਇਸ ਤਰ੍ਹਾਂ ਕਹਿਣ ਦੀ ਕੋਸ਼ਿਸ਼ ਕੀਤੀ ਹੋਈ ਹੈ:
ਕਿਸੇ ਬੱਧੀ ਦਾਹੜੀ ਤਾਂ ਮਜ਼ਹਬ ਨੂੰ ਖਤਰਾ।
ਕਿਸੇ ਬੱਧੀ ਸਾਹੜੀ ਤਾਂ ਮਜ਼ਹਬ ਨੂੰ ਖਤਰਾ।
ਮਜ਼ਹਬ ਨ ਹੋਇਆ ਹੋਈ ਮੋਮਬੱਤੀ।
ਪਿਘਲ ਗਈ ਫੌਰਨ ਲੱਗੀ ਧੁੱਪ ਤੱਤੀ।
ਸੰਸਥਾਵਾਂ ਜੇ ਸਿਆਸੀ ਤਿਲਕਣਬਾਜ਼ੀਆਂ ਨਾਲ ਤਿਲਕਣ ਵਾਲੇ ਰਾਹ ਪੈ ਜਾਣਗੀਆਂ ਤਾਂ ਬੇਲੋੜੇ ਨੁਕਸਾਨ ਝੱਲਣ ਵਾਸਤੇ ਤਿਆਰ ਰਹਿਣਾ ਪਵੇਗਾ। ਮਜੀਠੀਆ ਸਾਹਿਬ ਨੂੰ ਸੱਦ ਕੇ ਜੋ ਹੋਇਆ ਸੀ, ਉਹੀ ਮਨਿਸਟਰ ਸਾਹਿਬ ਨੂੰ ਸੱਦ ਕੇ ਹੋ ਵੀ ਜਾਵੇ ਤਾਂ ਇਸ ਨਾਲ ਪੰਥਕਤਾ ਦਾ ਕੀ ਸੰਵਰਿਆ ਸੀ ਜਾਂ ਸੰਵਰੇਗਾ, ਕਦੇ ਤਾਂ ਸੋਚ ਹੀ ਲੈਣਾ ਚਾਹੀਦਾ ਹੈ। ਸਿੱਖ ਸੰਸਥਾਵਾਂ, ਤੋੜਨ ਵਾਸਤੇ ਨਹੀਂ, ਜੋੜਨ ਵਾਸਤੇ ਚਿਤਵੀਆਂ ਗਈਆਂ ਸਨ। ਲੋੜ ਇਹ ਸੋਚਣ ਦੀ ਹੈ ਕਿ ਟੁੱਟਣ ਵੱਲ ਭੱਜੇ ਜਾਂਦਿਆਂ ਨੂੰ ਕਿਵੇਂ ਜੋੜ ਕੇ ਰੱਖਣਾ ਹੈ?
ਜਿਹੋ ਜਿਹੀ ਗਲਤੀ ਵਾਸਤੇ ਮਨਿਸਟਰ ਨੂੰ ਸੱਦਿਆ ਜਾ ਰਿਹਾ ਹੈ, ਇਹੋ ਜਿਹੀਆਂ ਗਲਤੀਆਂ ਸਿਆਸਤਦਾਨ ਸਿਆਸੀ ਲੋਰ ਵਿਚ ਆਮ ਹੀ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਜਾਗਿਆਂ ਨੂੰ ਜਗਾਉਣ ਵਾਂਗ ਹੋਵੇਗੀ। ਇਹ ਮਾਮਲਾ ਬਾਣੀ ਦੀ ਭਾਸ਼ਾ ਨੂੰ ਗਲਤ ਪ੍ਰਸੰਗ ਵਿਚ ਵਰਤੇ ਜਾਣ ਦਾ ਹੈ ਅਤੇ ਅਜਿਹਾ ਉਨ੍ਹਾਂ ਵੱਲੋਂ ਵੀ ਆਮ ਹੋ ਰਿਹਾ ਹੈ, ਜਿਨ੍ਹਾਂ ਨੂੰ ਸਿੱਖਾਂ ਦੇ ਸਿਆਣਿਆਂ ਵਿਚੋਂ ਗਿਣਿਆ ਜਾਂਦਾ ਹੈ। ਮਿਸਾਲ ਦੇ ਤੌਰ ‘ਤੇ “ਜੇ ਜੀਵੈ ਪਤਿ ਲਥੀ ਜਾਇ…” ਨੂੰ ਲੈ ਕੇ ਪ੍ਰਸੰਗ ਵਿਗਾੜ ਲਗਾਤਾਰ ਹੋ ਰਿਹਾ ਹੈ। ਇਸ ਸ਼ਬਦ ਦਾ ਬਾਣੀ ਪ੍ਰਸੰਗ ਅਧਿਆਤਮਕ ਹੈ, ਪਰ ਇਸ ਦਾ ਪ੍ਰਾਪਤ ਪ੍ਰਸੰਗ ਕਦੇ ਕਦੇ ਸਮਾਜਿਕ ਅਤੇ ਬਹੁਤੀ ਵਾਰ ਰਾਜਨੀਤਕ ਹੁੰਦਾ ਹੈ। ਇਸ ਤਰ੍ਹਾਂ ਦੀਆਂ ਉਦਾਹਰਣਾਂ ਆਮ ਮਿਲ ਜਾਂਦੀਆਂ ਹਨ। ਬਾਣੀ ਦੀ ਮਰਯਾਦਾ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸਥਾਪਤ ਹੈ, ਉਸ ਤਰ੍ਹਾਂ ਦੀ ਮਰਯਾਦਾ ਬਾਣੀ ਨੂੰ ਆਮ ਬੋਲ ਚਾਲ ਵਿਚ ਵਰਤੇ ਜਾਣ ਬਾਰੇ ਸਥਾਪਤ ਨਹੀਂ ਹੈ। ਮਰਯਾਦਾ ਬਾਰੇ ਜਾਣਕਾਰੀ ਵੈਸੇ ਹੀ ਆਮ ਸਿੱਖਾਂ ਵਿਚ ਬਹੁਤ ਘੱਟ ਹੈ। ਖਾਸ ਸਿੱਖਾਂ ਨੂੰ ਵੀ ਓਦੋਂ ਹੀ ਮਰਯਾਦਾ ਦਾ ਪਤਾ ਲੱਗਦਾ ਹੈ, ਜਦੋਂ ਉਨ੍ਹਾਂ ਨੂੰ ਤਲਬ ਕਰ ਲਿਆ ਜਾਂਦਾ ਹੈ। ਇਸ ਹਾਲਤ ਵਿਚ ਸੱਦਣ ਤੇ ਛੇਕਣ ਨਾਲ ਬਹੁਤੇ ਸਿਹਤਮੰਦ ਨਤੀਜੇ ਸਾਹਮਣੇ ਨਹੀਂ ਆ ਸਕੇ। ਤਾਂ ਤੇ ਫੈਸਲਿਆਂ ਵਿਚ ਪਦਵੀ ਦਾ ਅਧਿਕਾਰ ਵਰਤਣ ਦੀ ਥਾਂ, ਜੇ ਪਦਵੀ ਦੀ ਨੈਤਿਕਤਾ ਵਰਤੀ ਜਾਵੇ ਤਾਂ ਨਤੀਜੇ ਸਿਹਤਮੰਦ ਨਿਕਲ ਸਕਦੇ ਹਨ।
ਜਿਹੋ ਜਿਹੇ ਹਾਲਾਤ ਵਿਚੋਂ ਸਿੱਖ ਭਾਈਚਾਰਾ ਲੰਘ ਰਿਹਾ ਹੈ, ਉਸ ਵਿਚ ਸਿਆਸਤਦਾਨਾਂ ਦੀਆਂ ਕੀਤੀਆਂ ਦੇ ਨਤੀਜੇ ਆਮ ਬੰਦੇ ਨੂੰ ਭੁਗਤਣੇ ਪੈ ਰਹੇ ਹਨ। ਅਮਰੀਕਾ ਵਿਚ ਜੋ ਦਿੱਲੀ ਕਮੇਟੀ ਦੇ ਪ੍ਰਧਾਨ ਨਾਲ ਵਾਪਰਿਆ, ਪੰਜਾਬ ਵਿਧਾਨ ਸਭਾ ਵਿਚ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਰੇ ਪਾਸ ਹੋਇਆ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਜੋ ਭਾਈ ਗੁਰਮੁਖ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ, ਉਹ ਅਕਾਲੀ ਦਲ ਦੀ ਸਿਆਸਤ ਨਾਲ ਪੈਦਾ ਹੋਏ ਹਾਲਾਤ ਕਰਕੇ ਹੋਇਆ ਹੈ। ਸੰਸਥਾ ਮੁਖੀਆਂ ਨਾਲ ਸੰਸਥਾਵਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਬਾਰੇ ਨਿੱਠ ਕੇ ਸੋਚੇ ਜਾਣ ਦੀ ਲੋੜ ਹੈ। ਅਜਿਹਾ, ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਬਚ ਕੇ ਹੀ ਕੀਤਾ ਜਾਣਾ ਚਾਹੀਦਾ ਹੈ। ਸੰਸਥਾਵਾਂ, ਕੌਮ ਦੀਆਂ ਹਨ ਅਤੇ ਇਨ੍ਹਾਂ ਨੂੰ ਧੜਿਆਂ ਦੀ ਸਿਆਸਤ ਵਾਸਤੇ ਵਰਤੇ ਜਾਣ ਤੋਂ ਬਚਾ ਕੇ ਰੱਖੇ ਜਾਣ ਦੀ ਜੁੰਮੇਵਾਰੀ ਸੰਸਥਾ ਮੁਖੀਆਂ ਨੂੰ ਹੀ ਨਿਭਾਉਣੀ ਪੈਣੀ ਹੈ। ਕਾਫੀ ਸਮੇਂ ਤੋਂ ਸਿੱਖ ਸੰਸਥਾਵਾਂ ਧਿਰ ਹੋ ਜਾਣ ਦੀਆਂ ਸਿਆਸੀ ਮਜਬੂਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਵਿਚੋਂ ਨਿਕਲਣ ਲਈ ਨਹੀਂ ਸੋਚਾਂਗੇ ਤਾਂ ਸਿਧਾਂਤ ਤੇ ਪਰੰਪਰਾ ਵਿਚਕਾਰ, ਬਾਣੀ ਤੇ ਰਹਿਤ ਮਰਯਾਦਾ ਵਿਚਕਾਰ ਅਤੇ ਬਾਣੀ ਤੇ ਇਤਿਹਾਸ ਵਿਚਕਾਰ ਤਣਾਓ ਪੈਦਾ ਕਰਨ ਵਿਚ ਭਾਈਵਾਲ ਹੁੰਦੇ ਜਾਵਾਂਗੇ।
ਕੋਸ਼ਿਸ਼ ਇਹ ਕਹਿਣ ਦੀ ਕੀਤੀ ਜਾ ਰਹੀ ਹੈ ਕਿ ਜਦੋਂ ਸੰਸਥਾਵਾਂ ਵੱਲੋਂ ਫੈਸਲਾ ਲੈਣ ਲੱਗਿਆਂ ਮੁਸ਼ਕਿਲ ਪੇਸ਼ ਆਉਂਦੀ ਰਹੀ ਹੈ ਤਾਂ ਰਾਗਮਾਲਾ ਵਾਸਤੇ ਲਏ ਹੋਏ ਫੈਸਲੇ ਵਾਂਗ ਫੈਸਲੇ ਖੁਲ੍ਹੇ ਵੀ ਛੱਡੇ ਜਾਂਦੇ ਰਹੇ ਹਨ। ਬਾਣੀ ਦੇ ਉਚਾਰਨ ਨੂੰ ਲੈ ਕੇ ਬਹੁਤ ਸਾਰੇ ਕਾਰਨਾਂ ਕਰਕੇ ਇਕਸਾਰਤਾ ਦੀ ਮੁਸ਼ਕਿਲ ਨਾਲ ਲਗਾਤਾਰ ਨਿਭਿਆ ਜਾ ਰਿਹਾ ਹੈ। ਅਹੁਦਿਆਂ ਨੂੰ ਸਿੱਖ ਸੁਰ ਵਿਚ ਸਰਬ ਕਲਾ ਸੰਪੰਨ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਕਰਨਾ ਵੀ ਨਹੀਂ ਚਾਹੀਦਾ। ਏਸੇ ਕਰਕੇ ਜਥੇਦਾਰੀ ਦੇ ਅਹੁਦੇ ਨੂੰ ਨੈਤਿਕ ਘੇਰੇ ਵਿਚ ਚਿਤਵਿਆ ਗਿਆ ਹੈ। ਸਿਆਸਤਦਾਨਾਂ ਨੂੰ ਅਕਾਲ ਤਖਤ ‘ਤੇ ਸੱਦਣ ਦੇ ਭੈਅ ਦੀ ਥਾਂ ਬਿਨਾ ਸੱਦਿਆਂ ਤਾੜਨਾ ਕਰਨ ਦਾ ਨਿਰਮਲ ਭਉ ਵਧੇਰੇ ਲਾਹੇਵੰਦਾ ਹੋ ਸਕਦਾ ਹੈ। ਇਸ ਬਾਰੇ ਵਿਉਂਤਬੰਦੀ ਸਿੱਖ ਸੁਜੱਗਤਾ ਨੂੰ ਨਾਲ ਲੈ ਕੇ ਕੀਤੀ ਜਾ ਸਕਦੀ ਹੈ। ਇਹ ਇਸ ਆਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ 1925 ਦੇ ਐਕਟ, ਭਾਰਤ ਦੇ ਵਿਧਾਨ ਅਤੇ ਸਿੱਖ ਚਿੰਤਨ ਨੂੰ ਇਕੱਠਿਆਂ ਤੋਰ ਸਕਣ ਦੀ ਕੰਮ ਚਲਾਊ ਵਿਧੀਆਂ ਲੱਭੀਆਂ ਜਾ ਸਕਦੀਆਂ ਹਨ। ਜੋ ਕੁਝ ਪੰਥਕ ਸੁਰ ਵਿਚ ਸੰਭਵ ਨਾ ਲੱਗਦਾ ਹੋਵੇ, ਉਸ ਨੂੰ ਸਿੱਖ ਸੁਰ ਵਿਚ ਕਰ ਸਕਣ ਦੀਆਂ ਸੰਭਾਵਨਾਵਾਂ ਤਲਾਸ਼ ਲੈਣੀਆਂ ਚਾਹੀਦੀਆਂ ਹਨ।
ਸਿੱਖਾਂ ਦੀਆਂ ਸੁੱਚੀਆਂ ਰੀਝਾਂ ਸਿਆਸੀਆਂ ਵੱਲੋਂ ਪੈਦਾ ਕੀਤੀਆਂ ਘੁੰਮਣਘੇਰੀਆਂ ਵਿਚ ਫਸੀਆਂ ਹੋਈਆਂ ਹਨ। ਇਸ ਵਿਚੋਂ ਨਿਕਲਣ ਲਈ ਸਿੱਖ ਸੰਸਥਾਵਾਂ ਨੂੰ ਸਿਆਸਤ ਤੋਂ ਬਚ ਕੇ ਚੱਲਣ ਦਾ ਰਾਹ ਕੱਢ ਲੈਣਾ ਚਾਹੀਦਾ ਹੈ। ਅਜਿਹਾ ਅਕਾਦਮਿਕ ਸੁਰ ਵਿਚ ਹੀ ਸੰਭਵ ਹੋ ਸਕਦਾ ਹੈ। ਇਹ ਕੰਮ ਭਾਈ ਗੁਰਦਾਸ ਜੀ ਤੋਂ ਲੈ ਕੇ ਭਾਈ ਵੀਰ ਸਿੰਘ ਤੱਕ ਹੁੰਦਾ ਰਿਹਾ ਹੈ। ਹਾਲਾਤ ਸਾਰਿਆਂ ਵਾਸਤੇ ਹੀ ਬਦਲ ਗਏ ਹਨ ਅਤੇ ਬਦਲੇ ਹੋਏ ਨਾਲ ਕਦਮ ਮਿਲਾ ਕੇ ਚੱਲਣ ਲਈ ਹਾਲਾਤ ਮੁਤਾਬਿਕ ਵਿਧੀਆਂ ਬਣਾਉਣੀਆਂ ਪੈਣੀਆਂ ਹਨ। ਨਹੀਂ ਸਮਝਾਂਗੇ ਤਾਂ ਸਿੱਖ ਸੰਸਥਾਵਾਂ ਸਿਆਸੀ ਅਖਾੜੇ ਬਣ ਜਾਣ ਵਾਲੇ ਰਾਹ ਪੈ ਸਕਦੀਆਂ ਹਨ। ਇਸ ਬਾਰੇ ਏਜੰਡਾ ਬਣਾਏ ਜਾਣ ਦੀ ਕੋਸ਼ਿਸ਼ ਅਕਾਲ ਤਖਤ ਸਾਹਿਬ ਰਾਹੀਂ ਹੋਣੀ ਚਾਹੀਦੀ ਹੈ। ਇਸ ਪਾਸੇ ਤੁਰਨ ਵਾਸਤੇ ਸੰਸਥਾ ਮੁਖੀਆਂ ਨੂੰ ਸਿੱਖ ਸਿਆਸਤ ਦੇ ਮੋਹਰੇ ਲੱਗ ਸਕਣ ਦੇ ਪ੍ਰਭਾਵ ਤੋਂ ਤਾਂ ਬਚਣਾ ਹੀ ਪਵੇਗਾ।
ਇਸ ਆਧਾਰ ‘ਤੇ ਮੇਰੀ ਸੋਚੀ ਸਮਝੀ ਰਾਏ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਆ ਰਹੀ ਮੀਟਿੰਗ ਵਿਚ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਸਿਆਸਤ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਹੋਏ ਮਸਲਿਆਂ ਨੂੰ ਅਕਾਲ ਤਖਤ ਸਾਹਿਬ ਤੋਂ ਨਹੀਂ ਵਿਚਾਰਿਆ ਜਾਏਗਾ। ਪੰਜਾਬ ਤੋਂ ਬਾਹਰਲੇ ਤਖਤ ਸਾਹਿਬ ਬਿਨਾ ਫੈਸਲਾ ਲਿਆਂ, ਇਹੋ ਕਰ ਰਹੇ ਹਨ। ਇਹੀ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ? ਕਿਸੇ ਵੀ ਟੀਚੇ ਤੱਕ ਪਹੁੰਚਣ ਲਈ ਪਹਿਲਾ ਪੈਰ ਤਾਂ ਪੁੱਟਣਾ ਹੀ ਪਵੇਗਾ। ਕਹੀ ਹੋਈ ਕਿਸੇ ਗੱਲ ਦਾ ਵਿਸਥਾਰ ਜਾਂ ਪ੍ਰਸੰਗ ਲੋੜੀਂਦਾ ਹੋਵੇ ਤਾਂ ਹਾਜ਼ਰ ਹੋ ਕੇ ਬਿਆਨ ਕਰਨ ਦੀ ਪੇਸ਼ਕਸ਼ ਕਰਦਾ ਹਾਂ। ਅੱਗੋਂ ਜੋ ਗੁਰੂ ਜੀ ਨੂੰ ਭਾਵੇ।
ਸਤਿਕਾਰ ਸਹਿਤ,
ਗੁਰੂ ਪੰਥ ਦਾ ਦਾਸ,
ਬਲਕਾਰ ਸਿੰਘ ਪ੍ਰੋਫੈਸਰ
34 ਅਰਬਨ ਐਸਟੇਟ, ਫੇਜ਼ 1, ਪਟਿਆਲਾ
ਫੋਨ: 91-93163-01328