ਜਗਤਾਰ ਸਿੰਘ ਜਾਚਕ
(ਨਿਊਯਾਰਕ)
ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਪੋ-ਆਪਣੇ ਢੰਗ ਨਾਲ ਵੋਟਰਾਂ ਤਕ ਪਹੁੰਚਣ ਅਤੇ ਉਨ੍ਹਾਂ ਨੂੰ ਪ੍ਰਭਾਵਤ ਕਰਨ ਲਈ ਯਤਨਸ਼ੀਲ ਹਨ। ਆਪ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਲਈ ‘ਯੁੱਧ, ਨਸ਼ਿਆਂ ਵਿਰੁਧ’, ‘ਹਮਾਰੇ ਰਾਮ’ ਤੇ ‘ਇੱਕ ਸ਼ਾਮ, ਸ਼ਿਵ ਭਗਵਾਨ ਦੇ ਨਾਮ’ ਵਰਗੇ ਪ੍ਰੋਗਰਾਮ ਅਤੇ ਭਾਜਪਾ ਵੱਲੋਂ ‘ਉਭਰਦਾ ਪੰਜਾਬ’ ਉਸਾਰਨ ਤੇ ‘ਪੰਜਾਬ ਨਸ਼ਾ-ਮੁਕਤ’ ਕਰਨ ਵਰਗੀਆਂ ਯਾਤ੍ਰਾਵਾਂ ਆਦਿਕ, ਸਭ ਉਪਰੋਕਤ ਕਿਸਮ ਦੇ ਯਤਨਾਂ ਵਾਲੀਆਂ ਨਾਟਕੀ ਕਿਰਿਆਵਾਂ ਹਨ।
ਰਾਸ਼ਟਰੀ ਪਾਰਟੀਆਂ ਵਿਚੋਂ ‘ਭਾਜਪਾ’ ਕੇਂਦਰੀ-ਸੱਤਾ ਦੀ ਦੁਰਵਰਤੋਂ ਕਰ ਰਹੀ ਹੈ ਅਤੇ ‘ਆਪ’ ਪੰਜਾਬ ਦੇ ਸਰਕਾਰੀ ਤੰਤਰ ਦਾ ਸਹਾਰਾ ਲੈ ਰਹੀ ਹੈ। ਸੱਤਾ-ਹੀਣ ਹੋਈ ਕਾਂਗਰਸ ਵੀ ਤਰਲੋ-ਮੱਛੀ ਹੋ ਰਹੀ ਹੈ, ਭਾਵੇਂ ਕਿ ਉਸ ਦੇ ਪੰਜਾਬੀ ਆਗੂਆਂ ਦੀ ਧੜੇਬੰਦੀ ਉਹਦੇ ਪ੍ਰਚਾਰ ਨੂੰ ਲਹਿਰ ਬਣਨ ਤੋਂ ਰੋਕ ਰਹੀ ਹੈ। ਪ੍ਰੰਤੂ, ਇਹ ਤਿੰਨੇ ਪਾਰਟੀਆਂ ਪੰਥਕ ਖੇਤਰ ਦੀ ਧੜੇਬੰਦੀ ਤੇ ਫੁੱਟ ਉੱਤੇ ਗਿਰਝਾਂ ਵਾਲੀ ਨੀਝ ਲਾਈ ਬੈਠੀਆਂ ਹਨ। ਪਰ, ਅਫ਼ਸੋਸ ਕਿ ਖੇਤਰੀ ਪਾਰਟੀਆਂ ਅਖਵਾਉਣ ਵਾਲੇ ਸਾਰੇ ਅਕਾਲੀ ਧੜੇ ਇਸ ਪੱਖੋਂ ਜਾਣ-ਬੁਝ ਕੇ ਅੱਖਾਂ ਮੀਟ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਕਮੇਟੀ ਰਾਹੀਂ ਧਾਰਮਿਕ-ਸੱਤਾ ਤੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੁਬਿਧਾ-ਜਨਕ ਸਥਿਤੀ ਵਿਚ ਵਿਚਰਦਾ ਹੋਇਆ ਅਜੇ ‘ਸੰਵਾਦ ਯਾਤਰਾ’ ਸ਼ੁਰੂ ਕਰਨ ਲਈ ਸੋਚ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ) ਸਿੱਖ ਜਗਤ ਦੇ ਜਜ਼ਬਾਤਾਂ ਨਾਲ ਖੇਲ ਕੇ ਜਿੱਤਣ ਦੀ ਆਸ ਲਗਾਈ ਬੈਠਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਖ਼ਾਲਿਸਤਾਨ ਦੇ ਪਰਦੇ ਹੇਠ ਆਪਣੀ ਹੋਂਦ ਪ੍ਰਗਟਾਊ ਚਾਲੇ ਚੱਲ ਰਿਹਾ ਹੈ। ਪੰਥ-ਦਰਦੀ ਪੁਕਾਰ ਰਹੇ ਹਨ ਕਿ ਸਾਡੇ ਗੁਰੂ ਸਾਹਿਬਾਨ ਨੇ “ਝੂਠੁ ਧੜੇ ਕਰਿ, ਪਛੋਤਾਹਿ” ਦੀ ਗੁਹਾਰ ਲਾ ਕੇ “ਹਮਾਰਾ ਧੜਾ, ਹਰਿ ਰਹਿਆ ਸਮਾਈ” {ਗੁਰੂ ਗ੍ਰੰਥ ਸਾਹਿਬ-ਪੰ. ੩੬੬} ਦਾ ਐਲਾਨ ਕੀਤਾ ਹੈ। ਜੇ ਤੁਸੀਂ ਸੱਤਾ ਦੇ ਲਾਲਚ ਵਿਚ ਗੁਰੂ ਦੀ ਗੱਲ ਮੰਨ ਕੇ ਧੜੇਬੰਦੀ ਨਹੀਂ ਵੀ ਛੱਡਣੀ, ਨਾ ਛੱਡੋ। ਪਰ, ਗੁਰੂ ਦਾ ਵਾਸਤਾ ਜੇ ਘੱਟ ਤੋਂ ਘੱਟ ਸੀਟਾਂ ਦੀ ਵੰਡ ਤਾਂ ਕਰ ਲਵੋ। ਪਰ, ਜਾਪਦਾ ਹੈ ਕਿ ਉਨ੍ਹਾਂ ਦੀ ਇਸ ਨੇਕ ਸਲਾਹ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ।
ਕਾਰਣ ਹੈ ਕਿ ਸੱਤਾ ਦੀ ਲਾਲਸਾ ਵਿਚ ਅੰਨ੍ਹੇ ਹੋਏ ਅਕਾਲੀ-ਧੜੇ ਗੁਰਬਾਣੀ ਦੇ ਗੁਰਮਤੀ ਚਾਨਣ ਵਿਚ ਵੀ ‘ਹਮਾਰੇ ਰਾਮ’ ਨਾਟਕ ਬਾਰੇ ਬੋਲਣ ਦੀ ਹਿੰਮਤ ਨਹੀਂ ਰੱਖਦੇ, ਜਿਹੜੀ ਵੈਦਿਕ ਦਰਸ਼ਨ ਦੀਆਂ ਪੌਰਾਣਿਕ ਪੁਸਤਕਾਂ ’ਤੇ ਅਧਾਰਿਤ ਆਖਦੀ ਹੈ “ਰੋਵੈ ਰਾਮੁ, ਨਿਕਾਲਾ ਭਇਆ॥ ਸੀਤਾ, ਲਖਮਣੁ, ਵਿਛੁੜਿ ਗਇਆ॥” {ਗੁਰੂ ਗ੍ਰੰਥ ਸਾਹਿਬ-ਪੰ. ੯੫੪} ‘ਇੱਕ ਸ਼ਾਮ, ਸ਼ਿਵ ਭਗਵਾਨ ਦੇ ਨਾਮ’ ਪ੍ਰੋਗਰਾਮ ਬਾਰੇ ਵੀ ਉਨ੍ਹਾਂ ਆਗੂਆਂ ਨੇ ਕੀ ਬੋਲਣਾ? ਜਿਹੜੇ ਅਗਿਆਨਤਾ ਵੱਸ ‘ਬਚਿਤ੍ਰ ਨਾਟਕ’ ਅੰਦਰਲੇ ‘ਚੰਡੀ ਚਰਿਤ੍ਰ ਉਕਤਿ ਬਿਲਾਸ ਦੇ ਅੱਠਵੇਂ ਅਧਿਆਇ ਵਿਚਲੇ ੨੩੧ਵੇਂ ਸਵੈਈਏ “ਦੇਹ ਸਿਵਾ! ਬਰੁ ਮੋਹਿ ਇਹੈ; ਸੁਭ ਕਰਮਨ ਤੇ ਕਬਹੂੰ ਨ ਟਰੋ॥੨੩੧॥” ਨੂੰ ਸਿੱਖਾਂ ਦਾ ‘ਰਾਸ਼ਟਰੀ ਗੀਤ’ ਐਲਾਨ ਚੁੱਕੇ ਹੋਣ। ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਵਿਚ ‘ਯੁੱਧ, ਨਸ਼ਿਆਂ ਵਿਰੁਧ’ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਅਜਿਹੇ ਧਾਰਮਕ ਸਥਾਨਾਂ ’ਤੇ ਸਰਕਾਰੀ ਖ਼ਜ਼ਾਨੇ ’ਚੋਂ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਜਿਥੇ ਨਸ਼ਿਆਂ ਦੀ ਮਾਂ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਤੇ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਉਸ ਸ਼ਿਵ ਭਗਵਾਨ ਦੇ ਨਾਮ, ਸ਼ਾਮ ਦੇ ਰੰਗਲੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਸ ਬਾਰੇ ‘ਭਾਸ਼ਾ ਵਿਭਾਗ ਪੰਜਾਬ’ ਦਾ ਛਪਿਆ ‘ਹਿੰਦੂ ਮਿਥਿਹਾਸ ਕੋਸ਼ ਕਹਿੰਦਾ ਹੈ ਕਿ ਉਹ ‘ਕਈ ਵਾਰੀ ਮਦ (ਸ਼ਰਾਬ) ਪਾਨ ਵਿਚ ਰੁਝ ਜਾਂਦਾ ਹੈ ਅਤੇ ਮਸਤ ਹੋ ਕੇ ਆਪਣੀ ਪਤਨੀ ਦੇਵੀ ਨਾਲ ਬੜੇ ਉੱਗਰ ਰੂਪ ਵਿਚ ਤਾਂਡਵ ਨਾਚ ਕਰਦਾ ਹੈ।’ {ਐਡੀਸ਼ਨ ਦੂਜੀ ੧੯੭੩, ਪੰਨਾ ੧੨੩}
ਇਹ ਠੀਕ ਹੈ ਕਿ ਪੰਜਾਬ, ਸਰਹੱਦੀ ਇਲਾਕਾ ਹੋਣ ਤੋਂ ਇਲਾਵਾ ਸੱਤਾਧਾਰੀ ਆਗੂਆਂ ਦੀ ਮਾਇਕ ਭੁੱਖ ਤੇ ਬੇਰੁਜ਼ਗਾਰੀ ਕਾਰਣ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਇਥੇ ਨਸ਼ਾਖੋਰੀ ਇੱਕ ਬੇਹੱਦ ਸੰਵੇਦਨਸ਼ੀਲ ਤੇ ਚਿੰਤਾਜਨਕ ਸਿਆਸੀ ਮੁੱਦਾ ਬਣ ਚੁੱਕਾ ਹੈ। ਪਰ ਰਾਸ਼ਟਰੀ ਰਾਜਨੀਤਕ ਪਾਰਟੀਆਂ ਵੱਲੋਂ ਭਾਰਤ ਭਰ ਵਿਚੋਂ ਕੇਵਲ ਪੰਜਾਬ ਵਿਚ ਹੀ ਨਸ਼ਿਆਂ ਦਾ ਰੌਲਾ ਕਿਉਂ? ਪ੍ਰਸਿੱਧ ਪੱਤਰਕਾਰ ‘ਜੇਤਿੰਦਰ ਪਨੂੰ’ ਨੇ ਵੀ ਇੱਕ ਵੀਡੀਓ ਰਾਹੀਂ ਸੁਆਲ ਖੜ੍ਹਾ ਕੀਤਾ ਹੈ ਕਿ ‘ਨਸ਼ਿਆਂ ਵਿਰੁੱਧ ਮੁਹਿੰਮ ਤੇ ਯਾਤਰਾ ਦੌਰਾਨ ਨੁਕਤਾਚੀਨੀ ਸਿਰਫ ਪੰਜਾਬ ਦੀ ਹੀ ਕਿਉਂ? ਕੀ ਬਾਕੀ ਦੇ ਭਾਜਪਾਈ ਰਾਜਾਂ ਵਿਚੋਂ ਨਸ਼ਾ ਖ਼ਤਮ ਹੋ ਚੁੱਕਾ ਹੈ? ਮਹਾਂਰਾਸ਼ਟਰ ਵਿਚ ਭਾਜਪਾ ਤੇ ਕੇਰਲਾ ਵਿਚ ਕਾਂਗਰਸ ਦੀ ਸਰਕਾਰ ਹੈ, ਜਿਥੇ ਦੇਸ਼ ਦੇ ਤਾਜ਼ੇ ਅੰਕੜਿਆਂ ਅਨੁਸਾਰ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਵਿਰੁੱਧ ਸਭ ਤੋਂ ਵਧੇਰੇ ਕੇਸ ਦਰਜ ਕੀਤੇ ਜਾ ਚੁੱਕੇ ਹਨ। ਗੁਜਰਾਤ ਦੀ ਪੁਲੀਸ ਤੇ ਗ੍ਰਹਿ ਵਿਭਾਗ ਦੇ ਅਧਿਕਾਰਤ ਬਿਆਨਾਂ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ 13600 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। 3700 ਤੋਂ ਵੱਧ ਕੇਸ ਦਰਜ ਹੋਏ ਹਨ ਅਤੇ 5346 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੰਨ 2021 ਤੋਂ 2024 ਤਕ ਗੁਗਰਾਤ ਦੀਆਂ ਬੰਦਰਗਾਹਾਂ ਤੋਂ 3407 ਕਿਲੋਗ੍ਰਾਮ ਨਸ਼ੀਲੇ ਪਦਾਰਥ ਫੜੇ ਗਏ ਹਨ, ਜਿਨ੍ਹਾਂ ਦੀ ਬਜ਼ਾਰ ਵਿਚ ਕੀਮਤ 7350 ਕਰੋੜ ਦੱਸੀ ਗਈ ਹੈ। ਇਨ੍ਹਾਂ ਬੰਦਰਗਾਹਾਂ ਤੋਂ 94.19 ਲੱਖ ਨਸ਼ੀਲੀਆਂ ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇੰਟਰਨੈਟ ਰਾਹੀਂ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਭਾਰਤ ਵਿਚ ਨਸ਼ਿਆਂ ਦੀ ਬਲੈਕ ਦਾ 65% ਹਿੱਸਾ ਗੁਜਰਾਤ ਦੇ ਰਸਤੇ ਹੀ ਆਉਂਦਾ ਹੈ।
ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਮੁਤਾਬਿਕ ਕੇਵਲ ਸੰਨ 2021 ਵਿਚ ਗੁਜਰਾਤੀ ਬੰਦਰਗਾਹਾਂ ਤੋਂ 3 ਟਨ ਦੇ ਲਗਭਗ ਹੈਰੋਇਨ ਫੜੀ ਗਈ ਸੀ। ਅੰਕੜਿਆਂ ਸਹਿਤ ਇਹ ਸਭ ਕੁਝ ਲਿਖਣ ਦਾ ਭਾਵਾਰਥ ਹੈ ਕਿ ਭਾਜਪਾ ਕੋਲ ਅਜਿਹਾ ਕਿਹੜਾ ਜਾਦੂ ਹੈ ਕਿ ਉਹ ਪੰਜਾਬ ਵਿਚੋਂ ਨਸ਼ਿਆਂ ਦੇ ਪਰਕੋਪ ਤੇ ਵਰਤਾਰੇ ਨੂੰ ਖ਼ਤਮ ਕਰ ਦੇਵੇਗੀ। ਮੈਨੂੰ ਤਾਂ ਇਉਂ ਜਾਪਦਾ ਹੈ ਕਿ ਰਾਸ਼ਟਰੀ ਪਧਰ ਦੀਆਂ ਰਾਜਨੀਤਕ ਪਾਰਟੀਆਂ ਚੋਣਾਂ ਮੌਕੇ ਨਸ਼ਿਆਂ ਦਾ ਸ਼ੋਰ ਮਚਾ ਕੇ ਅਤੇ ਪੰਜਾਬ ਨੂੰ ਇਉਂ ਬਦਨਾਮ ਕਰਕੇ, ਇਸ ਸੂਬੇ ਅੰਦਰਲੇ ਗੁਰਮਤੀ ਪ੍ਰਭਾਵ ਦੇ ਪ੍ਰਕਾਸ਼ ਨੂੰ ਧੁੰਧਲਾ ਕਰਨਾ ਚਾਹੁੰਦੀਆਂ ਹਨ। ਕਾਰਨ ਹੈ ਕਿ ਵਿਚਾਰਧਾਰਕ ਪੱਖੋਂ ਇਹ ਤੱਥ ਸੂਰਜਵਤ ਪ੍ਰਗਟ ਹੈ ਕਿ ਭਾਵੇਂ ਸੰਸਾਰ ਭਰ ਦੇ ਮਜ਼ਹਬੀ ਗ੍ਰੰਥਾਂ ਨੇ ਨਸ਼ਿਆਂ ਨੂੰ ਮਨੁੱਖਤਾ ਲਈ ਹਾਨੀਕਾਰਕ ਦੱਸਿਆ ਹੈ ਪਰ, ਇਸ ਦੇ ਬਾਵਜੂਦ ਵੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਹੀ ਮਾਨਵੀ ਸਮਾਜ ਨੂੰ ਨਸ਼ਿਆਂ ਦੀ ਮਾਰੂ ਲਤ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਕਾਰਣ ਹੈ ਕਿ ਅਨਮਤੀਆਂ ਦੇ ਕਲਪਤ ਸੁਰਗ ਅਤੇ ਬਹਿਸ਼ਤ, ਉਨ੍ਹਾਂ ਦੇ ਅਨੁਆਈਆਂ ਅੰਦਰ ਨਸ਼ੇ ਦੀ ਆਸ ਬਣਾਈ ਰੱਖਦੇ ਹਨ। ਭਾਈ ਪਰਵਿੰਦਰ ਸਿੰਘ ਮਾਨਸਾ ਇਸ ਹਕੀਕਤ ਨੂੰ ਸਮਝ ਚੁੱਕਾ ਸੀ। ਇਸ ਲਈ ਉਸ ਨੇ ਆਪਣੀ ਕੁਰਬਾਨੀ ਤਾਂ ਦੇ ਦਿੱਤੀ, ਪਰ ਉਹ ਯੋਧਾ ਪਿੱਛੇ ਨਹੀਂ ਹਟਿਆ। ਭੁੱਲ-ਚੁਕ ਮੁਆਫ਼ ਕਰਨੀ ਜੀ।
