(ਸੁਪਰੀਮ ਕੋਰਟ ਨੇ ਸਰਕਾਰ ਨੂੰ ਓਰਵੈਲੀਅਨ ਡਿਸਟੋਪੀਆ ਕਿਹਾ)
ਹਰਜੀਤ ਸਿੰਘ ਗਿੱਲ
ਸੰਪਰਕ +1647 542 0007 (ਕਨੇਡਾ) +91 98889 45127 (ਭਾਰਤ
2 ਸਤੰਬਰ 2026 ਦੇ ਆਪਣੇ ਫ਼ੈਸਲੇ ਵਿਚ ਇਲਾਹਾਬਾਦ ਹਾਈ ਕੋਰਟ ਦੀ ਡਿਵੀਜ਼ਨ ਬੈਂਚ, ਜਸਟਿਸ ਅਤੁੱਲ ਸ੍ਰੀ ਧਰਨ ਅਤੇ ਅਚੱਲ ਸਚਦੇਵ, ਨੇ ਆਕ੍ਰਿਤੀ ਚੌਧਰੀ ਦੀ ਨੈਸ਼ਨਲ ਸਕਿਉਰਿਟੀ ਐਕਟ ਅਧੀਨ ਨਜ਼ਰਬੰਦੀ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਨਜ਼ਰਬੰਦੀ ਦੇ ਆਧਾਰ ਠੋਸ ਕਾਰਨਾਂ ਤੋਂ ਖਾਲੀ,
ਅਟਕਲਾਂ ਭਰੀ ਰਾਏ ਉੱਤੇ ਆਧਾਰਿਤ ਸਨ ਅਤੇ ਇਸ ਝੂਠੇ ਕੇਸ ਨੂੰ ਘੜਨ ਲਈ ਦਿਮਾਗ਼ ਦੀ ਸਹੀ ਵਰਤੋਂ ਨਹੀਂ ਹੋਈ। ਅਦਾਲਤ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਕ੍ਰਿਤੀ ਨੂੰ ਇੱਕ ਉਦਾਰ੍ਹਨ ਬਣਾਉਣ ਅਤੇ ਹੋਰਨਾਂ ਨਾਗਰਿਕਾਂ ਨੂੰ ਜਨਤਕ ਥਾਵਾਂ ’ਤੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਡਰਾਉਣ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ। ਅਦਾਲਤ ਨੇ ਆਪਣੀਆਂ ਸਖ਼ਤ ਟਿੱਪਣੀਆਂ ਵਿਚ ਕਿਹਾ ਕਿ ਅਧਿਕਾਰੀਆਂ ਦੀ ਵਫ਼ਾਦਾਰੀ ਰਾਜਨੀਤਿਕ ਨੇਤਾਵਾਂ ਪ੍ਰਤੀ ਨਹੀਂ ਹੋਣੀ ਚਾਹੀਦੀ, ਉਨ੍ਹਾਂ ਦੀ ਪ੍ਰਤੀਬੱਧਤਾ ਸੰਵਿਧਾਨ ਪ੍ਰਤੀ ਹੁੰਦੀ ਹੈ। ਹਾਈ ਕੋਰਟ ਨੇ ਆਕ੍ਰਿਤੀ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਅਤੇ ਇਹ ਰਕਮ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਿਚੋਂ ਵਸੂਲਣ ਲਈ ਕਿਹਾ, ਇੱਥੋਂ ਤੱਕ ਕਿ ਉਸ ਐੱਸ.ਐੱਚ.ਓ. ਤੱਕ ਜਿਸ ਨੇ ਸ਼ੁਰੂਆਤੀ ਰਿਪੋਰਟ ਤਿਆਰ ਕੀਤੀ ਸੀ। ਅਦਾਲਤ ਨੇ ਸੰਬੰਧਿਤ ਅਧਿਕਾਰੀਆਂ ਦੀ ਸਰਵਿਸ ਬੁੱਕ ਦੇ ਰਿਕਾਰਡ ਵਿਚ ਵੀ ਆਪਣੀ ਨਾਰਾਜ਼ਗੀ ਦਰਜ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ 11 ਅਪ੍ਰੈਲ ਦੀ ਗ੍ਰਿਫ਼ਤਾਰੀ ਅਤੇ 12 ਅਪ੍ਰੈਲ ਨੂੰ ਦਿਖਾਈ ਗਈ ਰਸਮੀ ਗ੍ਰਿਫ਼ਤਾਰੀ ਬਾਰੇ ਪੁਲਿਸ ਦੇ ਰਿਕਾਰਡ ਵਿਚ ਗੰਭੀਰ ਵਿਰੋਧਾਭਾਸ ਨੋਟ ਕੀਤੇ। ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਜਨਤਕ ਥਾਵਾਂ ਵਿਚ ਇਕੱਠੇ ਹੋਣ ਜਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਤੋਂ ਸਿਰਫ਼ ਸ਼ਾਂਤੀ ਭੰਗ ਹੋਣ ਦੇ ਅਨੁਮਾਨ ਦੇ ਆਧਾਰ ’ਤੇ ਰੋਕਣਾ ਠੀਕ ਨਹੀਂ। ਅਦਾਲਤ ਨੇ ਇਸ ਸੰਦਰਭ ਵਿਚ ਕਿਹਾ ਕਿ ਅਜਿਹਾ ਕਰਨਾ ਸੰਵਿਧਾਨ ਵਿਚ ਦਿੱਤੇ ਹੋਏ ਨਾਗਰਿਕ ਅਧਿਕਾਰ ਨੂੰ ਸੱਤਾ ‘ਤੇ ਬੈਠੇ ਰਾਜਨੀਤੀਵਾਨਾਂ ਦੇ ਇਸ਼ਾਰੇ ਤੇ ਗੁਆ ਦੇਣ ਦੇ ਤੁੱਲ ਹੋਵੇਗਾ।
1984 ਵਿਚ ਲਿਖੇ ਜਾਰਜ ਓਰਵੇਲ ਦੇ ਨਾਵਲ ਵਿਚ ਦੱਸੀ ਗਈ ਓਰਵੈਲੀਅਨ ਡਿਸਟੋਪੀਆ ਕਿਸਮ ਦੀ ਸੱਤਾ, ਜਿੱਥੇ ਨਿਗਰਾਨੀ, ਡਰ, ਪ੍ਰਾਪੇਗੰਡਾ, ਭਾਸ਼ਾ ਅਤੇ ਸ਼ਬਦਾਂ ਦੀ ਹੇਰਾ-ਫੇਰੀ ਨਾਲ ਸੱਚ ਨੂੰ ਬਦਲ ਕੇ ਲੋਕਾਂ ਦੀ ਸੋਚ ਅਤੇ ਵਿਹਾਰ ਨੂੰ ਕਾਬੂ ਕੀਤਾ ਜਾਂਦਾ ਹੈ। ਜਿੱਥੇ ਸੱਤਾ ਕਹਿੰਦੀ ਹੈ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਸਗੋਂ ਇਸ ਤੋਂ ਵੀ ਅੱਗੇ ਕਿ ਤੁਸੀਂ ਇਹ ਸੋਚ ਵੀ ਨਹੀਂ ਸਕਦੇ। ਵਿਅਕਤੀ ਦੇ ਕੰਮ ‘ਤੇ ਹੀ ਨਹੀਂ, ਉਸ ਦੀ ਸੋਚ, ਭਾਵਨਾ ਅਤੇ ਵਫ਼ਾਦਾਰੀ ਤੱਕ ਉੱਤੇ ਨਿਗਰਾਨੀ ਕਰਨ ਦੀ ਜਿਦ ਹੁੰਦੀ ਹੈ। ਇਹ ਲੋਕਾਂ ਦੇ ਮਨ ਵਿਚ ਇਹ ਡਰ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਕਿ ਕੋਈ ਤੁਹਾਨੂੰ ਹਰ ਵੇਲੇ ਦੇਖ ਰਿਹਾ ਹੈ, ਤੁਹਾਡੀ ਨਿਗਰਾਨੀ ਕਰ ਰਿਹਾ ਹੈ। ਇੱਕ ਓਰਵੇਲੀਅਨ ਰਾਜ ਇੱਕ ਤਾਨਾਸ਼ਾਹੀ ਸ਼ਾਸਨ ਹੁੰਦਾ ਹੈ ਜਿਸ ਦੀ ਵਿਸ਼ੇਸ਼ਤਾ ਬੇਰਹਿਮ ਅਤੇ ਬੇਕਿਰਕ ਸਰਕਾਰੀ ਨਿਗਰਾਨੀ, ਗ਼ਲਤ ਪ੍ਰਣਾਲੀਗਤ ਜਾਣਕਾਰੀਆਂ, ਬੇਵਕੂਫ਼ੀ ਭਰੀ ਤਾਕਤ ਅਤੇ ਵਿਅਕਤੀਗਤ ਆਜ਼ਾਦੀ ਦੇ ਉੱਤੇ ਸੰਪੂਰਨ ਦਮਨ ਦੁਆਰਾ ਹੁੰਦੀ ਹੈ। ਇੱਕ ‘ਓਰਵੈਲੀਅਨ’ ਰਾਜ ਵਿਚ, ਸੱਤਾਧਾਰੀ ਸ਼ਾਸਨ ਕਈ ਵੱਖ-ਵੱਖ ਤਰੀਕਿਆਂ ਰਾਹੀਂ ਜਨਤਕ ਵਿਹਾਰ ਅਤੇ ਨਿੱਜੀ ਵਿਚਾਰਾਂ ਦੋਵਾਂ ‘ਤੇ ਪੂਰਨ ਨਿਯੰਤਰਨ ਬਣਾਈ ਰੱਖਦਾ ਹੈ। ਜੇ ਤੁਹਾਡੀ ਸੋਚ ਸੱਤਾ ਦੀ ਅਧਿਕਾਰਤ ਵਿਚਾਰਧਾਰਾ ਦੇ ਵਿਰੁੱਧ ਹੈ ਤਾਂ ਉਹ ਵਿਚਾਰ ਇੱਕ ਅਪਰਾਧ ਬਣ ਜਾਂਦਾ ਹੈ। ਸੱਤਾ ਲੋਕਾਂ ਨੂੰ ਸਿਰਫ਼ ਸੈਂਸਰਸ਼ਿਪ ਰਾਹੀਂ ਹੀ ਨਹੀਂ ਰੋਕਦੀ ਉਹ ਭਾਸ਼ਾ ਹੀ ਬਦਲ ਦਿੰਦੀ ਹੈ। ਜੇਕਰ ਵਿਚਾਰ ਕਰਨ ਵਾਲੇ ਸ਼ਬਦ ਹੀ ਖੋਹ ਲਏ ਜਾਣ ਤਾਂ ਕਿਸੇ ਵੀ ਵਿਚਾਰ ਨੂੰ ਸਪਸ਼ਟ ਕਰਨਾ ਅਸੰਭਵ ਹੋ ਸਕਦਾ ਹੈ। ਸੱਤਾ ਇੱਕ ਗੱਲ ਅੱਜ ਕਹਿੰਦੀ ਹੈ ਅਤੇ ਜੇਕਰ ਕੱਲ੍ਹ ਉਸ ਦਾ ਉਲਟ ਵੀ ਕਹਿੰਦੀ ਹੈ ਤਾਂ ਵੀ ਲੋਕਾਂ ਨੂੰ ਦੋਵੇਂ ਗੱਲਾਂ ਸੱਚ ਮੰਨਣ ਲਈ ਤਿਆਰ ਕਰ ਦਿੰਦੀ ਹੈ। ਇਹ ਓਰਵੈਲੀਅਨ ਡਿਸਟੋਪੀਆ ਦੀ ਅਸਲੀ ਜਿੱਤ ਹੁੰਦੀ ਹੈ ਕਿ ਨਾਗਰਿਕ ਆਪਣੇ-ਆਪ ਨੂੰ ਇਸ ਲਈ ਆਪ ਹੀ ਸੈਂਸਰ ਕਰਨ ਲੱਗ ਪੈਂਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਸਰਕਾਰ ਨੂੰ ਤੁਹਾਡੀ ਗੱਲ ਪਸੰਦ ਨਾ ਹੋਵੇ। ਸਰਕਾਰ ਤੁਹਾਨੂੰ ਡਰਾਉਂਦੀ ਹੈ ਅਤੇ ਡਰ ਦੇ ਸਾਏ ਹੇਠ ਤੁਸੀਂ ਸੋਚਦੇ ਹੋ ਕਿ ਸਰਕਾਰ ਤੁਹਾਨੂੰ ਦੇਖ ਰਹੀ ਹੈ। ਇਸ ਤਰ੍ਹਾਂ ਲੋਕਤੰਤਰਿਕ ਸ਼ਾਸਨ ਦੀ ਬਜਾਏ ਡਰ-ਅਧਾਰਿਤ ਸਮਾਜਿਕ ਨਿਯੰਤਰਨ ਦੇ ਖਿਸਕ ਜਾਣ ਦਾ ਖ਼ਤਰਾ ਉਤਪੰਨ ਹੋ ਜਾਂਦਾ ਹੈ।
ਕੌਣ ਹੈ ਇਹ ਜ਼ਿਲ੍ਹਾ ਜੱਜ ਮੇਘਾ ਰੂਪਨ? ਜਿਸ ਦੇ ਖ਼ਿਲਾਫ਼ ਅਦਾਲਤ ਨੂੰ ਏਨੀਆਂ ਸਖ਼ਤ ਟਿੱਪਣੀਆਂ ਕਰਨੀਆਂ ਪਈਆਂ। 2014 ਬੈਂਚ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਅਧਿਕਾਰੀ, ਗਿਆਨੇਸ਼ ਕੁਮਾਰ ਨਾਂ ਦੇ ਸੇਵਾ ਮੁਕਤ ਆਈ.ਏ.ਐੱਸ. ਅਧਿਕਾਰੀ, ਜੋ ਹੁਣ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਹੈ ਦੀ ਬੇਟੀ ਹੈ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਉਸ ਵਰਗੇ ਹੋਰ ਕਈ ਸ਼ਕਤੀਸ਼ਾਲੀ ਕੁਰਸੀਆਂ ‘ਤੇ ਬੈਠੇ ਲੋਕ ਆਪਣੇ ਸਿਆਸੀ ਆਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਸੰਵਿਧਾਨ ਦੀ ਕੋਈ ਪ੍ਰਵਾਹ ਨਹੀਂ ਕਰਦੇ। ਮੇਘਾ ਰੂਪਨ ਡੀ.ਐੱਮ. ਗੌਤਮ ਬੁੱਧ ਨਗਰ ਵਜੋਂ ਆਪਣੀ ਪੋਸਟਿੰਗ ‘ਤੋਂ ਪਹਿਲਾਂ ਡੀ.ਐੱਮ. ਕਾਸਗੰਜ ਵਜੋਂ ਸੇਵਾ ਨਿਭਾ ਚੁੱਕੀ ਹੈ। ਇਸ ਤੋਂ ਪਹਿਲਾਂ ਅਪ੍ਰੈਲ 2022 ਵਿਚ, ਉਹ ਹਾਪੁੜ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ ਤਾਇਨਾਤ ਰਹੀ। ਇਸ ਤੋਂ ਬਾਅਦ ਉਸਨੇ ਗ੍ਰੇਟਰ ਨੋਇਡਾ ਅਥਾਰਿਟੀ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ (ਏਸੀਈਓ) ਦਾ ਅਹੁਦਾ ਸੰਭਾਲਿਆ। ਆਕ੍ਰਿਤੀ ਚੌਧਰੀ ਦੀ ਐਨ.ਐੱਸ.ਏ. ਅਧੀਨ ਨਜ਼ਰਬੰਦੀ ਵਾਲੇ ਮਾਮਲੇ ਵਿਚ ਇਲਾਹਾਬਾਦ ਹਾਈਕੋਰਟ ਨੇ ਜ਼ਿਲ੍ਹਾ ਮੈਜਿਸਟ੍ਰੇਟ ਮੇਘਾ ਰੂਪਨ ਵੱਲੋਂ ਜਾਰੀ ਕੀਤੇ ਨਜ਼ਰਬੰਦੀ ਦੇ ਹੁਕਮ ਦੀ ਕਾਨੂੰਨੀ ਜਾਂਚ ਕੀਤੀ ਅਤੇ ਉਸ ਨੂੰ ਰੱਦ ਕਰ ਦਿੱਤਾ। ਆਈ.ਏ.ਐੱਸ. ਅਧਿਕਾਰੀ ਮੇਘਾ ਰੂਪਨ ਦੇ ਅਧਿਕਾਰੀ ਬਣਨ ‘ਤੇ ਵੀ ਸੁਆਲ ਚੁੱਕੇ ਜਾ ਰਹੇ ਹਨ। ਮੁੱਖ ਕਾਰਨ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਹੈ। ਉਨ੍ਹਾਂ ਦੇ ਪਿਤਾ ਗਿਆਨੇਸ਼ ਕੁਮਾਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਹਨ। ਇਸ ਕਰਕੇ ਉਨ੍ਹਾਂ ਦੀ ਨਿਯੁਕਤੀ ਅਤੇ ਤੇਜ਼ ਪ੍ਰਸ਼ਾਸਨਿਕ ਤਰੱਕੀ ਬਾਰੇ ਨੈਪੋਟਿਜ਼ਮ ਜਾਂ ਪ੍ਰਭਾਵ ਦੀਆਂ ਧਾਰਨਾਵਾਂ ਸੋਸ਼ਲ ਮੀਡੀਆ ਅਤੇ ਸਿਆਸੀ ਬਹਿਸ ਵਿਚ ਉੱਠੀਆਂ ਹਨ। ਨੋਇਡਾ ਪੁਲਿਸ ਕਮਿਸ਼ਨਰ ਲਕਸ਼ਮੀ ਸਿੰਘ ਦਾ ਨਾਮ ਵੀ ਇਸ ਪੂਰੇ ਪ੍ਰਸ਼ਾਸਨਿਕ ਢਾਂਚੇ ਦੇ ਸੰਦਰਭ ਵਿਚ ਆਉਂਦਾ ਹੈ। ਅਪ੍ਰੈਲ 2026 ਨੂੰ ਨੋਇਡਾ ਦੀ ਮਜ਼ਦੂਰ ਹੜਤਾਲ ਦੇ ਦੌਰਾਨ ਇਕੱਲੀ ਆਕ੍ਰਿਤੀ ਚੌਧਰੀ ਤੇ ਹੀ ਐਨ.ਐੱਸ.ਏ. ਨਹੀਂ ਸੀ ਲਗਾਇਆ ਗਿਆ ਸਗੋਂ ਸਤਿਅਮ ਵਰਮਾ ਨਾਂ ਦਾ ਇੱਕ ਹੋਰ ਐਕਟੀਵਿਸਟ ਵੀ ਇਸੇ ਢੰਗ ਨਾਲ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਕਈ ਹੋਰ ਨੌਜਵਾਨ ਵੀ ਜੇਲ੍ਹਾਂ ਵਿਚ ਦਸ-ਦਸ ਬਾਰਾਂ-ਬਾਰਾਂ ਐੱਫ਼.ਆਈ.ਆਰ. ਕਰਕੇ ਬੰਦ ਕੀਤੇ ਹੋਏ ਹਨ। ਮਕਸਦ ਇਹ ਕਿ ਕਿ ਇਨ੍ਹਾਂ ਲੋਕਾਂ ਨੂੰ ਲੰਮਾ ਸਮਾਂ ਹਿਰਾਸਤ ਵਿਚ ਰੱਖਿਆ ਜਾਵੇ। ਜਦ ਉਹ ਇੱਕ ਕੇਸ ਵਿਚੋਂ ਜ਼ਮਾਨਤ ਕਰਾਉਂਦੇ ਹਨ ਤਾਂ ਪਹਿਲਾਂ ਹੀ ਦੂਸਰੇ ਕੇਸ ਵਿਚ ਬੁੱਕ ਕੀਤੇ ਹੋਣ ਕਰਕੇ ਉਹ ਜੇਲ੍ਹ ਵਿਚੋਂ ਬਾਹਰ ਨਹੀਂ ਨਿਕਲ ਸਕਦੇ ਅਤੇ ਉਨ੍ਹਾਂ ਦੀ ਖੱਜਲ-ਖ਼ੁਆਰੀ ਅਤੇ ਪੜਤਾੜਨਾ ਓਨਾ ਚਿਰ ਚਲਦੀ ਹੀ ਰਹਿੰਦੀ ਹੈ, ਜਿਨ੍ਹਾਂ ਚਿਰ ਉਨ੍ਹਾਂ ਦੀ ਰਾਜਨੀਤਕ ਚੇਤਨਾ ਵਾਲੀ ਸਰਗਰਮੀ ਮਰ ਨਹੀਂ ਜਾਂਦੀ।
ਅਫ਼ਸਰ ਕਿਸ ਕਦਰ ਸੱਤਾ ਦੇ ਸਾਹਮਣੇ ਗੋਡੇ ਟੇਕਦੇ ਹੋਏ ਨਾਗਰਿਕਾਂ ਵਿਰੁੱਧ ਭੁਗਤਦੇ ਹਨ। ਇਸ ਦੀ ਇੱਕ ਹੋਰ ਤਾਜ਼ੀ ਮਿਸਾਲ ਸਾਹਮਣੇ ਆਈ ਹੈ। ਇਕ ਜ਼ੋਨਲ ਮਜਿਸਟਰੇਟ ਜੋ ਕਿ ਅਸਿਸਟੈਂਸ ਕਮਿਸ਼ਨਰ ਉੱਤਰ ਪ੍ਰਦੇਸ਼ ਪੁਲੀਸ ਹੈ। ਰਵੀ ਸ਼ੰਕਰ ਨਾ ਦੇ ਇਸ ਅਧਿਕਾਰੀ ਵੱਲੋਂ ਸੁਪਰੀਮ ਕੋਰਟ ਦੇ ਪਹਿਲੀ ਸਤੰਬਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਦਿੱਲੀ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਦੂਸਰੇ ਸਾਲ ਦੇ ਵਿਦਿਆਰਥੀ ਅਕਸ਼ਤ ਤ੍ਰਿਪਾਠੀ ਨੂੰ 4 ਸਤੰਬਰ ਵਾਲੇ ਦਿਨ ਇੱਕ ਐਗਜ਼ੀਕਿਊਟਿਵ ਆਰਡਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀਆਂ ਧਾਰਾਵਾਂ 126 ਅਤੇ 135 ਤਹਿਤ ਦਿੱਤਾ ਗਿਆ। ਅਕਸ਼ਤ ਤ੍ਰਿਪਾਠੀ, ਜੋ ਗੌਤਮ ਬੁੱਧ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉਹ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਨਾਲ ਜੁੜਿਆ ਹੋਇਆ ਹੈ। ਉਸ ਤੋਂ 5 ਲੱਖ ਦਾ ਪਰਸਨਲ ਬਾਂਡ ਅਤੇ ਦੋ 5-5 ਲੱਖ ਦੀਆਂ ਦੋ ਹੋਰ ਜ਼ਮਾਨਤਾਂ ਮੰਗੀਆਂ ਗਈਆਂ। ਦੋਸ਼ ਇਹ ਸੀ ਕਿ ਉਹ ਵਿਦਿਆਰਥੀਆਂ ਨੂੰ ਕਾਕਰੋਚ ਜਨਤਾ ਪਾਰਟੀ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਉਕਸਾ ਰਿਹਾ ਸੀ। ਤ੍ਰਿਪਾਠੀ ਜੋ ਲਾਅ ਦਾ ਵਿਦਿਆਰਥੀ ਹੋਣ ਨਾਤੇ ਕਾਨੂੰਨ ਦੀ ਸਮਝ ਰੱਖਦਾ ਹੈ, ਨੇ ਇਸ ਨੂੰ ਆਰਟੀਕਲ 19 ਦੇ ਆਪਣੇ ਬੋਲਣ ਅਤੇ ਸ਼ਾਂਤਮਈ ਇਕੱਠ ਦੇ ਅਧਿਕਾਰ ਅਤੇ ਆਰਟੀਕਲ 21 ਦੀ ਨਿੱਜੀ ਆਜ਼ਾਦੀ ਦੇ ਵਿਰੁੱਧ ਦੱਸਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਨੇ 1ਸਤੰਬਰ 2026 ਨੂੰ ਜੰਤਰ ਮੰਤਰ ਵਿਦਿਆਰਥੀ ਪ੍ਰਦਰਸ਼ਨਾਂ ਨਾਲ ਸਬੰਧਿਤ ਸਾਰੀਆਂ ਐੱਫ਼.ਆਈ.ਆਰ. ਰੱਦ ਕਰਕੇ ਵਿਦਿਆਰਥੀਆਂ ਵਿਰੁੱਧ ਕਾਰਵਾਈ ਤੋਂ ਰੋਕਿਆ ਸੀ। ਇਸ ਤੋਂ ਬਾਅਦ 9 ਸਤੰਬਰ ਨੂੰ ਸੁਪਰੀਮ ਕੋਰਟ ਨੇ ਗ੍ਰੇਟਰ ਨੋਇਡਾ ਦੇ ਮੈਜਿਸਟ੍ਰੇਟ ਦੀ ਕਾਰਵਾਈ ਉੱਤੇ ਸਖ਼ਤ ਸਵਾਲ ਉਠਾਏ ਅਤੇ ਇੱਥੋਂ ਤਕ ਕਿਹਾ ਕਿ ਤੁਹਾਡੀ ਹਿੰਮਤ ਕਿਵੇਂ ਹੋਈ। ਜਦੋਂ ਅਦਾਲਤ ਦਾ ਹੁਕਮ ਸਪਸ਼ਟ ਸੀ ਤਾਂ ਅਜਿਹਾ ਨੋਟਿਸ ਕਿਵੇਂ ਜਾਰੀ ਕੀਤਾ ਗਿਆ? 10 ਸਤੰਬਰ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਇਹ ਆਰਡਰ ਕਰਨ ਵਾਲੇ ਕਾਰਜਕਾਰੀ ਮੈਜਿਸਟਰੇਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਾਰਾ ਮੀਡੀਆ ਇਸ ਗੱਲ ਨੂੰ ਲੈ ਕੇ ਅਦਾਲਤ ਵਿਚ ਦਿੱਤੀ ਤੁਸ਼ਾਰ ਮਹਿਤਾ ਦੀ ਜਾਣਕਾਰੀ ਤੋਂ ਗੱਦ-ਗੱਦ ਹੋ ਰਿਹਾ ਸੀ। ਲਗਪਗ 24 ਘੰਟੇ ਇਹ ਭੰਬਲਭੂਸਾ ਬਣਿਆ ਰਿਹਾ ਜਦ ਤਕ ਇਹ ਸਪਸ਼ਟ ਨਾ ਹੋਇਆ ਕਿ ਇਹ ਐਗਜ਼ੀਕਿਊਟਿਵ ਆਰਡਰ ਕੱਢਣ ਵਾਲਾ ਪ੍ਰਸ਼ਾਸਨਿਕ ਅਧਿਕਾਰੀ ਰਵੀ ਸ਼ੰਕਰ ਨਹੀਂ ਸਗੋਂ ਸ਼ਿਵਾ ਪਾਂਡੇ ਨਾਂ ਵਾਲਾ ਉੱਤਰ ਪ੍ਰਦੇਸ਼ ਪੁਲਿਸ ਦਾ ਸਬ-ਇੰਸਪੈਕਟਰ ਹੈ। ਸ਼ਿਵਾ ਪਾਂਡੇ ਨੇ ਵਿਦਿਆਰਥੀ ਅਕਸ਼ਤ ਤ੍ਰਿਪਾਠੀ ਬਾਰੇ ਇੱਕ ਪੁਲਿਸ ਰਿਪੋਰਟ ਤਿਆਰ ਕੀਤੀ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਉਹ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰ ਰਿਹਾ ਸੀ ਅਤੇ ਸਰਕਾਰ ਵਿਰੋਧੀ ਗੁਮਰਾਹਕੁਨ ਗੱਲਾਂ ਫੈਲਾ ਰਿਹਾ ਸੀ। ਇਸ ਰਿਪੋਰਟ ਦੇ ਆਧਾਰ ’ਤੇ ਗ੍ਰੇਟਰ ਨੋਇਡਾ ਕਾਰਜਕਾਰੀ ਮੈਜਿਸਟਰੇਟ ਵੱਲੋਂ 4 ਸਤੰਬਰ ਨੂੰ ਅਕਸ਼ਤ ਨੂੰ 5 ਲੱਖ ਦੇ ਜਾਤੀ ਮੁਚੱਲਕਾ ਭਰਨ ਸਮੇਤ ਛੇ ਮਹੀਨੇ ਸ਼ਾਂਤੀ ਬਣਾਈ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ ਅਤੇ ਬਾਅਦ ਵਿਚ ਇਹ ਨੋਟਿਸ ਵਾਪਸ ਲੈ ਲਿਆ ਗਿਆ। ਤੁਸ਼ਾਰ ਮਹਿਤਾ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਨਹੀਂ, ਕਿਸੇ ਹੋਰ ਅਧਿਕਾਰੀ ਨੇ ਇਹ ਕਾਰਵਾਈ ਕੀਤੀ ਸੀ ਅਤੇ ਉਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਅਦ ਵਿਚ ਯੂ ਪੀ ਡੀ.ਜੀ.ਪੀ. ਹੈੱਡਕੁਆਰਟਰ ਨੇ ਪੁਸ਼ਟੀ ਕੀਤੀ ਕਿ ਮੁਅੱਤਲ ਕੀਤਾ ਗਿਆ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਸ਼ਿਵਾ ਪਾਂਡੇ ਹੈ। ਇਹ ਹੁੰਦੀ ਹੈ ਚਹੇਤੇ ਅਧਿਕਾਰੀਆਂ ਨੂੰ ਬਚਾਉਣ ਦੀ ਕਵਾਇਦ, ਜਦ ਕਿਸੇ ਹੇਠਲੇ ਕਰਮਚਾਰੀ ਦੀ ਬਲੀ ਦੇ ਦਿੱਤੀ ਜਾਂਦੀ ਹੈ। ਪਰ ਬਾਅਦ ਵਿਚ ਇਹ ਮੁਅੱਤਲੀ ਵੀ ਖ਼ਤਮ ਕਰ ਕੇ ਉਸ ਨੂੰ ਮੁਅੱਤਲੀ ਦੇ ਸਮੇਂ ਦੀ ਤਨਖ਼ਾਹ ਸਮੇਤ ਸਾਰੇ ਭੱਤੇ ਦੇ ਕੇ ਬਹਾਲ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਹੀ ਅਧਿਕਾਰੀ ਅਜਿਹੀ ਦੀਦਾ-ਦਲੇਰੀ ਕਰਦੇ ਹਨ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਸਿਰ ਉੱਪਰ ਸੱਤਾ ਵਿਚ ਬੈਠੇ ਰਾਜਨੀਤਕ ਆਗੂਆਂ ਦਾ ਹੱਥ ਹੈ। ਅਦਾਲਤਾਂ ਦੇ ਇਨ੍ਹਾਂ ਸਖ਼ਤ ਫ਼ੈਸਲਿਆਂ ਨੂੰ ਪਲਟਾਉਣ ਲਈ ਸਰਕਾਰਾਂ ਕਈ ਹੱਥਕੰਡੇ ਅਪਣਾਉਂਦੀਆਂ ਹਨ। ਅਸੀਂ ਜਲਦ ਭਵਿੱਖ ਵਿਚ ਵੇਖਾਂਗੇ ਕਿ ਮੇਘਾਂ ਰੂਪਨ ਦਾ ਮਾਮਲਾ ਵੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਜਾਵੇਗਾ। ਇਸ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਸੁਪਰੀਮ ਕੋਰਟ ਵਿਚ ਵੀ ਕਈ ਵਿਚਾਰਧਾਰਾਵਾਂ ਦੇ ਜੱਜ ਸਾਹਿਬਾਨ ਬਿਠਾਏ ਹੋਏ ਹਨ ਜੋ ਸਰਕਾਰ ਦੀ ਮਦਦ ਲਈ ਕੰਮ ਕਰਦੇ ਰਹਿੰਦੇ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਕਾਨੂੰਨ-ਵਿਵਸਥਾ ਦੇ ਨਾਮ ’ਤੇ ਤਾਨਾਸ਼ਾਹੀ ਲਈ ਬਦਨਾਮ ਮੁੱਖ ਮੰਤਰੀ ਹਨ। ਉੱਤਰ ਪ੍ਰਦੇਸ਼ ਵਿਚੋਂ ਗੁੰਡਾ ਰਾਜ ਖ਼ਤਮ ਕਰਨ ਦੇ ਨਾਂ ਹੇਠ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਪੁਲਿਸ ਮੁਕਾਬਲਿਆਂ ਦੀ ਝੜੀ ਲਾ ਰੱਖੀ ਹੈ। ਪੁਲਿਸ ਮੁਕਾਬਲਿਆਂ ਵਿਚ ਮਰਨ ਵਾਲੇ ਵਧੀਕ ਲੋਕ ਮੁਸਲਮਾਨ ਸਨ। 2017 ਤੋਂ 7 ਅਕਤੂਬਰ 2024 ਤੱਕ ਉੱਤਰ ਪ੍ਰਦੇਸ਼ ਵਿਚ ਪੁਲਿਸ ਮੁਕਾਬਲਿਆਂ ਵਿਚ 207 ਵਿਅਕਤੀ ਮਾਰੇ ਗਏ। ਉਪਲਬਧ ਧਰਮ ਅਧਾਰਿਤ ਅੰਕੜਿਆਂ ਮੁਤਾਬਕ 67 ਮੁਸਲਮਾਨ ਸਨ ਜੋ ਲਗਭਗ 32.4% ਬਣਦੇ ਹਨ। ਇਸੇ ਸਮੇਂ ਯੂ.ਪੀ. ਦੀ ਮੁਸਲਿਮ ਆਬਾਦੀ ਲਗਭਗ ਸਿਰਫ਼ 19% ਹੈ। 2020 ਵਿਚ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਰਿਪੋਰਟ ਹੋਇਆ ਸੀ ਕਿ 125 ਮੌਤਾਂ ਪੁਲਿਸ ਮੁਕਾਬਲੇ ਵਿਚ ਹੋਈਆਂ ਜਿਨ੍ਹਾਂ ਵਿਚੋਂ 47 ਮੁਸਲਮਾਨ ਸਨ ਜੋ ਲਗਭਗ 37.6% ਬਣਦੇ ਹਨ। 2026 ਤੱਕ ਕੁੱਲ ਗਿਣਤੀ ਹੋਰ ਵਧੀ ਹੈ। ਯੂ.ਪੀ. ਸਰਕਾਰ ਦੇ ਅੰਕੜਿਆਂ ਮੁਤਾਬਕ ਮਾਰਚ 2017 ਤੋਂ ਮਈ 2026 ਤੱਕ 17,043 ਪੁਲਿਸ ਮੁਕਾਬਲਿਆਂ ਵਿਚ 289 ਲੋਕ ਮਾਰੇ ਗਏ ਸਨ। ਪਰ ਇਨ੍ਹਾਂ ਤਾਜ਼ਾ ਕੁੱਲ ਅੰਕੜਿਆਂ ਨਾਲ ਧਰਮ ਅਨੁਸਾਰ ਪੂਰਾ ਬ੍ਰੇਕ ਡਾਊਨ ਵੇਰਵਾ ਸਰਕਾਰ ਨੇ ਜਨਤਕ ਨਹੀਂ ਕੀਤਾ। ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਦੀ 18 ਮਈ 2026 ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਉੱਤਰ ਪ੍ਰਦੇਸ਼ ਪੁਲਿਸ ਨੇ ਸਾਲ 2026 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਮੁਕਾਬਲਿਆਂ ਵਿਚ 23 ਕਥਿਤ ਅਪਰਾਧੀਆਂ ਨੂੰ ਮਾਰ ਦਿੱਤਾ ਹੈ, ਇਸ ਨਾਲ ਸੂਬੇ ਵਿਚ 2017 ਵਿਚ ਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਅਤੇ ਆਪਣੀ ‘ਜ਼ੀਰੋ ਟੋਲਰੈਂਸ’ (ਸਖ਼ਤ ਕਾਰਵਾਈ) ਵਾਲੀ ਕਾਨੂੰਨ-ਵਿਵਸਥਾ ਨੀਤੀ ਲਾਗੂ ਕਰਨ ਤੋਂ ਬਾਅਦ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ 289 ਹੋ ਗਈ ਹੈ। ਮੁੱਖ ਮੰਤਰੀ ਦੇ ਮੀਡੀਆ ਸੈੱਲ ਵੱਲੋਂ ਜਾਰੀ ਇੱਕ ਪ੍ਰੈੱਸ ਨੋਟ ਵਿਚ ਉੱਚ ਅਧਿਕਾਰੀਆਂ ਨੇ ਦੱਸਿਆ ਕਿ 23 ਮਾਰਚ 2017 ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿਚ ਪੁਲਿਸ ਮੁਕਾਬਲਿਆਂ ਦੌਰਾਨ 34,253 ਕਥਿਤ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਯੂ.ਪੀ. ਪੁਲਿਸ ਨੇ ਮਾਰਚ 2017 ਅਤੇ 2026 ਦੇ ਵਿਚਕਾਰ 17,043 ਮੁਕਾਬਲੇ (ਐਨਕਾਊਂਟਰ) ਕੀਤੇ। ਇਨ੍ਹਾਂ ਕਾਰਵਾਈਆਂ ਦੌਰਾਨ 11,834 ਮੁਲਜ਼ਮ ਜ਼ਖ਼ਮੀ ਹੋਏ, ਜਦਕਿ ਅਪਰਾਧ-ਵਿਰੋਧੀ ਕਾਰਵਾਈ ਦੌਰਾਨ 18 ਪੁਲਿਸ ਮੁਲਾਜ਼ਮ ਮਾਰੇ ਗਏ ਅਤੇ 1,852 ਪੁਲਿਸ ਕਰਮਚਾਰੀ ਜ਼ਖ਼ਮੀ ਹੋਏ। ਇਸ ਗੱਲ ਨੂੰ ਬਹੁਤ ਪ੍ਰਚਾਰਿਆ ਗਿਆ ਹੈ ਕਿ ਯੋਗੀ ਅਦਿੱਤਿਆ ਨਾਥ ਦੇ ਮੁੱਖ ਮੰਤਰੀ ਬਣਨ ਬਾਅਦ ਪ੍ਰਦੇਸ਼ ਦੀ ਲਾਅ ਅਤੇ ਆਰਡਰ ਦੀ ਹਾਲਤ ਵਿਚ ਬਹੁਤ ਸੁਧਾਰ ਹੋਇਆ ਹੈ।
ਯੋਗੀ ਬਾਬਾ ਵੱਲੋਂ ਲੋਕਤੰਤਰਿਕ ਦੇਸ਼ ਵਿਚ ਬੁਲਡੋਜ਼ਰ ਨਾਲ ਨਿਆਂ ਕਰਨ ਦਾ ਇੱਕ ਨਵਾਂ ਤਰੀਕਾ ਈਜਾਦ ਕੀਤਾ ਗਿਆ ਹੈ। ਹੁਣ ਤਾਂ ਉਹ ਬੁਲਡੋਜ਼ਰ ਬਾਬਾ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਹਨ। ਲੋਕਤੰਤਰ ਵਿਚ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਦੇਣ ਦਾ ਅਧਿਕਾਰ ਅਦਾਲਤਾਂ ਕੋਲ ਹੁੰਦਾ ਹੈ। ਪਰ ਉੱਤਰ ਪ੍ਰਦੇਸ਼ ਸਮੇਤ ਭਾਰਤ ਦੇ ਕੁਝ ਹਿੱਸਿਆਂ ਵਿਚ ਮਕਾਨ ਜਾਂ ਦੁਕਾਨ ਢਾਹੁਣ ਵਾਲੇ ਬੁਲਡੋਜ਼ਰ ਨੂੰ ਕਈ ਵਾਰ ਅਪਰਾਧ ਦੇ ਦੋਸ਼ ਦਾ ਤੁਰੰਤ ਜਵਾਬ ਦੇਣ ਵਾਲੇ ਹਥਿਆਰ ਵਜੋਂ ਵਰਤੇ ਜਾਣ ਕਾਰਨ ‘ਬੁਲਡੋਜ਼ਰ ਜਸਟਿਸ’ ਸ਼ਬਦ ਪ੍ਰਚੱਲਿਤ ਹੋਇਆ। ਬੁਲਡੋਜ਼ਰ ਜਸਟਿਸ ਦੇ ਅੰਕੜਿਆਂ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਰਕਾਰ ਨੇ ਇਸ ਦੇ ਪੂਰਨ ਤੌਰ ‘ਤੇ ਕੋਈ, ਧਰਮ ਅਧਾਰਿਤ, ਦੋਸ਼ ਅਧਾਰਿਤ ਜਾਂ ਫਿਰ ਕਾਰਨ ਅਨੁਸਾਰ ਡਾਟਾਬੇਸ ਜਾਰੀ ਨਹੀਂ ਕੀਤਾ। ਪਰ ਦਸਤਾਵੇਜ਼ੀ ਮਾਮਲਿਆਂ ਵਿਚ ਮੁਸਲਮਾਨਾਂ ਦੀ ਵੱਡੀ ਮੌਜੂਦਗੀ ਸਪਸ਼ਟ ਹੈ। ਉਦਾਹਰਨ ਲਈ 2024 ਦੀ ਬਹਿਰਾਇਚ ਹਿੰਸਾ ਤੋਂ ਬਾਅਦ ਮਕਾਨ ਢਾਹੁਣ ਦੀ ਕਾਰਵਾਈ ਲਈ 23 ਲੋਕਾਂ ਨੂੰ ਨੋਟਿਸ ਦਿੱਤੇ ਗਏ ਜਿਨ੍ਹਾਂ ਵਿਚ 19 ਮੁਸਲਮਾਨ ਅਤੇ 4 ਹਿੰਦੂ ਸਨ। ਐੱਮਨੈਸਟੀ ਇੰਟਰਨੈਸ਼ਨਲ ਨੇ 2022 ਵਿਚ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿਚ 128 ਢਾਂਚੇ ਢਾਹੇ ਜਾਣ ਦੀ ਦਸਤਾਵੇਜ਼ੀ ਤੌਰ ‘ਤੇ ਜਾਂਚ ਕੀਤੀ। ਉਸ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈ ਕਾਰਵਾਈਆਂ ਮੁਸਲਮਾਨਾਂ ਵਿਰੁੱਧ ਪ੍ਰਦਰਸ਼ਨਾਂ ਜਾਂ ਫ਼ਿਰਕੂ ਹਿੰਸਾ ਤੋਂ ਬਾਅਦ ਸਜ਼ਾ ਵਜੋਂ ਕੀਤੀਆਂ ਗਈਆਂ ਅਤੇ ਘੱਟੋ-ਘੱਟ 617 ਲੋਕ ਬੇਘਰ ਜਾਂ ਆਪਣਾ ਰੁਜ਼ਗਾਰ ਗੁਆਉਣ ਲਈ ਮਜਬੂਰ ਹੋਏ। 2022 ਦੀ ਇੰਡੀਅਨ ਐਕਸਪ੍ਰੈੱਸ ਦੀ ਜਾਂਚ ਨੇ ਮਾਰਚ 2017 ਤੋਂ ਦਸੰਬਰ 2021 ਤੱਕ ਯੂ.ਪੀ. ਵਿਚ ਗੈਂਗਸਟਰ ਐਕਟ ਨਾਲ ਜੁੜੀਆਂ ਕਾਰਵਾਈਆਂ ਦੇ ਸਰਕਾਰੀ ਅੰਕੜੇ ਦਿੱਤੇ ਸਨ। ਯੋਗੀ ਸਰਕਾਰ ਦੇ ਪਹਿਲੇ ਲਗਭਗ ਪੰਜ ਸਾਲਾਂ ਵਿਚ ਗੈਂਗਸਟਰ ਐਕਟ ਨਾਲ ਜੁੜੀਆਂ ਕਾਰਵਾਈਆਂ ਤਹਿਤ 14,982 ਕੇਸ ਦਰਜ ਕੀਤੇ ਅਤੇ 47,214 ਗ੍ਰਿਫ਼ਤਾਰੀਆਂ ਹੋਈਆਂ ਸਨ। ਅਖ਼ਬਾਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ 1,931 ਕਰੋੜ ਦੀ ਜਾਇਦਾਦ ਜ਼ਬਤ ਜਾਂ ਢਾਹੇ ਜਾਣ ਦੀ ਗਿਣਤੀ ਸਰਕਾਰੀ ਅੰਕੜਿਆਂ ਵਿਚ ਦਰਜ ਕੀਤੀ ਹੋਈ ਹੈ। ਇਸ ਦੇ ਨਾਲ ਹੀ 2019 ਦੇ ਮਹਾਰਾਜ ਗੰਜ ਮਾਮਲੇ ਵਿਚ 123 ਘਰ ਸੜਕ ਚੌੜੀ ਕਰਨ ਦੇ ਨਾਂ ’ਤੇ ਢਾਹੇ ਗਏ, ਜਿਸ ਨੂੰ ਬਾਅਦ ਵਿਚ ਸੁਪਰੀਮ ਕੋਰਟ ਨੇ ਕਾਨੂੰਨੀ ਪ੍ਰਕਿਰਿਆ ਦੇ ਉਲੰਘਣ ਨਾਲ ਜੋੜਦਿਆਂ ਮੁਆਵਜ਼ੇ ਦਾ ਹੁਕਮ ਦਿੱਤਾ। 2025 ਵਿਚ ਪ੍ਰਯਾਗਰਾਜ ਦੇ ਜ਼ੁਲਫ਼ਕਾਰ ਹੈਦਰ ਮਾਮਲੇ ਦੇ ਵਿਵਾਦ ਨੇ ਕਈ ਰਿਹਾਇਸ਼ੀ ਢਾਂਚਿਆਂ ਨੂੰ ਢਾਹੁਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਮਨਮਾਨੇ ਅਤੇ ਹਰ ਕੇਸ ਵਿਚ ਅੰਦਾਜ਼ਨ 10 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ। ਅਦਾਲਤ ਨੇ ਇਸ ਨੂੰ ਸਪਸ਼ਟ ਤੌਰ ’ਤੇ ‘ਬੁਲਡੋਜ਼ਰ ਇਨਸਾਫ਼ ਦਾ ਇੱਕ ਹੋਰ ਮਾਮਲਾ’ ਕਿਹਾ ਸੀ। ਵਿਰੋਧੀ ਪਾਰਟੀਆਂ ਨਾਲ ਜੁੜੇ ਲੋਕਾਂ ਦੀ ਜਾਇਦਾਦ ਢਾਹੇ ਜਾਣ ਦਾ ਵੀ ਕੋਈ ਸਰਕਾਰੀ ਅੰਕੜਾ ਨਹੀਂ ਹੈ। ਉਸ ਜਾਂਚ ਵਿਚ ਇਹ ਵੀ ਦਰਜ ਸੀ ਕਿ ਢਾਹੀਆਂ ਗਈਆਂ ਕਈ ਜਾਇਦਾਦਾਂ ਸਮਾਜਵਾਦੀ ਪਾਰਟੀ ਦੇ ਆਗੂਆਂ ਜਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਰਹੇ ਅਤੇ ਬਾਅਦ ਵਿਚ ਹੋਰ ਪਾਰਟੀਆਂ ਵਿਚ ਗਏ ਲੋਕਾਂ ਨਾਲ ਸੰਬੰਧਿਤ ਸਨ। ਕੁਝ ਪ੍ਰਭਾਵਿਤ ਲੋਕਾਂ ਨੇ ਦਾਅਵਾ ਕੀਤਾ ਕਿ ਕਾਰਵਾਈ ਅਦਾਲਤੀ ਮਾਮਲਾ ਚੱਲਦਿਆਂ ਹੀ ਕਰ ਦਿੱਤੀ ਗਈ। ਚੋਣਾਂ ਦੌਰਾਨ, ਸਮਾਜਵਾਦੀ ਪਾਰਟੀ ਨੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹੇ ਜਾਣ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਨ ਲਈ ਅਦਿੱਤਿਆ ਨਾਥ ਵਾਸਤੇ ‘ਬੁਲਡੋਜ਼ਰ ਬਾਬਾ’ ਦਾ ਨਾਅਰਾ ਘੜਿਆ ਸੀ।
ਸਵਾਲ ਸਿਰਫ਼ ਇਹ ਨਹੀਂ ਕਿ ਕੋਈ ਇਮਾਰਤ ਗ਼ੈਰ-ਕਾਨੂੰਨੀ ਸੀ ਜਾਂ ਨਹੀਂ। ਅਸਲ ਸਵਾਲ ਇਹ ਹੈ ਕਿ ਕੀ ਸਰਕਾਰ ਨੂੰ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਹੀ ਕਿਸੇ ਵਿਅਕਤੀ ਨੂੰ ਸਜ਼ਾ ਦੇਣ ਦਾ ਅਧਿਕਾਰ ਮਿਲ ਸਕਦਾ ਹੈ? ਜੇ ਬੁਲਡੋਜ਼ਰ ਕਾਨੂੰਨ ਦੀ ਉਲੰਘਣਾ ਕਰਕੇ ਬਣੀ ਇਮਾਰਤ ਹਟਾਉਣ ਲਈ ਵਰਤਿਆ ਜਾਂਦਾ ਹੈ ਅਤੇ ਪੂਰੀ ਕਾਨੂੰਨੀ ਪ੍ਰਕਿਰਿਆ ਨੋਟਿਸ, ਸੁਣਵਾਈ, ਅਪੀਲ ਦਾ ਮੌਕਾ ਅਤੇ ਕਾਰਨ-ਸਹਿਤ ਹੁਕਮ ਦੀ ਪਾਲਣਾ ਹੁੰਦੀ ਹੈ, ਤਾਂ ਉਹ ਪ੍ਰਸ਼ਾਸਨਿਕ ਕਾਰਵਾਈ ਹੋ ਸਕਦੀ ਹੈ। ਪਰ ਜੇ ਉਹੀ ਬੁਲਡੋਜ਼ਰ ਕਿਸੇ ਵਿਅਕਤੀ ਦੇ ਅਪਰਾਧ ਦੇ ਦੋਸ਼ ਦੇ ਤੁਰੰਤ ਬਾਅਦ ਉਸ ਦੇ ਘਰ ਨੂੰ ਸਜ਼ਾ ਵਜੋਂ ਢਾਹੁਣ ਲਈ ਵਰਤਿਆ ਜਾਵੇ, ਤਾਂ ਇਹ ਕਾਨੂੰਨ ਦੇ ਰਾਜ ਦੀ ਥਾਂ ਸੱਤਾ ਦੇ ਰਾਜ ਦਾ ਖ਼ਤਰਾ ਪੈਦਾ ਕਰਦਾ ਹੈ। ਇਸੇ ਕਾਰਨ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਮਨਮਾਨੀ ਜਾਂ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰ ਸਕਦੇ ਅਤੇ ਗੈਰ-ਕਾਨੂੰਨੀ ਢਾਹੁਣ ਲਈ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਨਿੱਜੀ ਜਵਾਬਦੇਹੀ ਵੀ ਤੈਅ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਨਵੰਬਰ 2024 ਵਿਚ ਬਿਲਕੁਲ ਸਪਸ਼ਟ ਕੀਤਾ ਕਿ ਕਿਸੇ ਵਿਅਕਤੀ ਦੇ ਅਪਰਾਧ ਵਿਚ ਸ਼ਾਮਲ ਹੋਣ ਦੇ ਦੋਸ਼ ਮਾਤਰ ਕਰਕੇ ਉਸ ਦੀ ਜਾਇਦਾਦ ਨਹੀਂ ਢਾਹੀ ਜਾ ਸਕਦੀ। ਕਾਰਜਪਾਲਿਕਾ ਖ਼ੁਦ ਜੱਜ ਬਣ ਕੇ ਕਿਸੇ ਵਿਅਕਤੀ ਨੂੰ ਦੋਸ਼ੀ ਐਲਾਨ ਕੇ ਉਸ ਨੂੰ ਸਜ਼ਾ ਨਹੀਂ ਦੇ ਸਕਦੀ।
ਇਸ ਤੋਂ ਇਲਾਵਾ ਯੋਗੀ ਸਰਕਾਰ ‘ਤੇ ਵਿਰੋਧ ਪ੍ਰਦਰਸ਼ਨਾਂ ਅਤੇ ਅਸਹਿਮਤੀ ਨਾਲ ਸਖ਼ਤੀ ਨਾਲ ਨਜਿੱਠਣ, ਐਨਐਸਏ ਵਰਗੇ ਕਠੋਰ ਕਾਨੂੰਨਾਂ ਦੀ ਵਰਤੋਂ, ਪੱਤਰਕਾਰਾਂ ਅਤੇ ਆਲੋਚਕਾਂ ਉੱਤੇ ਕਾਰਵਾਈ ਦੇ ਕਈ ਦੋਸ਼, ਧਾਰਮਿਕ ਘੱਟ-ਗਿਣਤੀਆਂ ਨਾਲ ਸਰਕਾਰੀ ਵਿਵਹਾਰ ਬਾਰੇ ਵਿਤਕਰਾ ਕਰਨ ਅਤੇ ਪ੍ਰਸ਼ਾਸਨ ਅਤੇ ਪੁਲਿਸ ਦੇ ਸਿਆਸੀ ਦਬਾਅ ਹੇਠ ਕੰਮ ਕਰਨ ਬਾਰੇ ਚਿੰਤਾਵਾਂ ਹਨ। ਕੁਝ ਲੋਕ ਯੋਗੀ ਨੂੰ ਮੋਦੀ ਲਈ ਪ੍ਰਧਾਨ ਮੰਤਰੀ ਪਦ ਲਈ ਚੁਣੌਤੀ ਵਜੋਂ ਵੇਖਦੇ ਹਨ। ਯੋਗੀ ਅਦਿੱਤਿਆ ਨਾਥ ਅੱਜ ਮੋਦੀ ਦੇ ਐਲਾਨੇ ਹੋਏ ਉੱਤਰਾਧਿਕਾਰੀ ਨਹੀਂ ਹਨ, ਪਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਮੋਦੀ ਤੋਂ ਬਾਅਦ ਦੀ ਰਾਜਨੀਤੀ ਦੀ ਚਰਚਾ ਵਿਚ ਉਨ੍ਹਾਂ ਦਾ ਨਾਮ ਲਗਾਤਾਰ ਉੱਭਰ ਰਿਹਾ ਹੈ। 2024 ਦੇ ‘ਇੰਡੀਆ ਟੂਡੇ ਮੂਡ ਆਫ਼ ਦ ਨੇਸ਼ਨ’ ਸਰਵੇ ਵਿਚ ਯੋਗੀ ਲਗਭਗ 19% ਸਮਰਥਨ ਨਾਲ ਮੋਦੀ ਦੇ ਉੱਤਰਅਧਿਕਾਰੀ ਲਈ ਦੂਜੇ ਸਥਾਨ ’ਤੇ ਸਨ, ਅਮਿਤ ਸ਼ਾਹ ਲਗਭਗ 25% ਨਾਲ ਪਹਿਲੇ ਸਥਾਨ ‘ਤੇ ਸਨ। ‘ਫਾਇਨਾਂਸ਼ੀਅਲ ਟਾਈਮਜ਼’ ਨੇ ਹਾਲ ਹੀ ਵਿਚ ਯੋਗੀ ਨੂੰ ਮੋਦੀ ਦੇ ਸੰਭਾਵੀ ਉੱਤਰਅਧਿਕਾਰੀਆਂ ਵਿਚ ਇੱਕ ਮੋਹਰੀ ਦਾਅਵੇਦਾਰ ਵਜੋਂ ਦਰਸਾਇਆ ਹੈ, ਖ਼ਾਸ ਕਰਕੇ ਜੇ ਉਹ 2027 ਦੀ ਯੂ.ਪੀ. ਚੋਣ ਵਿਚ ਤੀਜੀ ਵਾਰ ਸਰਕਾਰ ਬਣਾਉਣ ਵਿਚ ਸਫਲ ਰਹਿੰਦੇ ਹਨ।
ਅਮਿਤ ਸ਼ਾਹ ਅਤੇ ਯੋਗੀ ਦੋਵੇਂ ਹੀ ਕੱਟੜ ਹਿੰਦੂਤਵ ਦੀ ਰਾਜਨੀਤੀ ਦੇ ਲਖਾਇਕ ਹਨ। ਇਨ੍ਹਾਂ ਦਾ ਅਗਲੇ ਪ੍ਰਧਾਨ ਮੰਤਰੀ ਵਜੋਂ ਆਉਣਾ ਲੋਕਤੰਤਰ ਵਾਸਤੇ ਖ਼ਤਰੇ ਦਾ ਸੰਕੇਤ ਹੈ। ਅਮਿਤ ਸ਼ਾਹ ਅਤੇ ਯੋਗੀ ਅਦਿੱਤਿਆ ਨਾਥ ਦੋਵੇਂ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ-ਕੇਂਦਰਿਤ ਰਾਜਨੀਤੀ ਦੇ ਪ੍ਰਮੁੱਖ ਚਿਹਰੇ ਹਨ। ਜੇ ਮੋਦੀ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਦੌੜ ਵਿਚ ਇਨ੍ਹਾਂ ਵਿਚੋਂ ਕੋਈ ਇੱਕ ਅੱਗੇ ਆਉਂਦਾ ਹੈ, ਤਾਂ ਸਵਾਲ ਸਿਰਫ਼ ਨੇਤ੍ਰਤਵ ਬਦਲਣ ਦਾ ਨਹੀਂ ਹੋਵੇਗਾ ਸਵਾਲ ਇਹ ਹੋਵੇਗਾ ਕਿ ਭਾਰਤ ਦਾ ਲੋਕਤੰਤਰ, ਧਰਮ-ਨਿਰਪੱਖਤਾ, ਘੱਟ-ਗਿਣਤੀਆਂ ਦੇ ਅਧਿਕਾਰ ਅਤੇ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ ਕਿਸ ਦਿਸ਼ਾ ਵੱਲ ਜਾਣਗੇ। ਜੇਕਰ ਅੱਜ ਯੋਗੀ ਰਾਜ ਦੀ ਪਛਾਣ ਬੁਲਡੋਜ਼ਰ ਕਾਰਵਾਈ, ਪੁਲੀਸ ਐਨਕਾਊਂਟਰ ਰਾਜ ਅਤੇ ਅਸਹਿਮਤੀ ਨਾਲ ਸਖ਼ਤੀ ਵਰਗੇ ਵਿਵਾਦਾਂ ਨਾਲ ਬਣ ਰਹੀ ਹੈ, ਤਾਂ ਕੀ ਇਹੀ ਮਾਡਲ ਕੱਲ੍ਹ ਦੇਸ਼ ਦੀ ਰਾਜਨੀਤੀ ਦਾ ਮਾਡਲ ਬਣ ਸਕਦਾ ਹੈ? ਅਮਿਤ ਸ਼ਾਹ ਕੇਂਦਰੀ ਸੰਗਠਨ, ਗ੍ਰਹਿ ਮੰਤਰਾਲੇ ਅਤੇ ਚੋਣ ਰਣਨੀਤੀ ਨਾਲ ਜੁੜਿਆ ਚਿਹਰਾ ਹਨ। ਉਹ ਇਸ ਵੇਲੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਵੀ ਹਨ। ਅਮਿਤ ਸ਼ਾਹ ਕੇਵਲ ਕੇਂਦਰੀ ਗ੍ਰਹਿ ਮੰਤਰੀ ਨਹੀਂ ਹਨ; ਉਹ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ, ਚੋਣ ਰਣਨੀਤੀ ਤਿਆਰ ਕਰਨ ਅਤੇ ਪਾਰਟੀ ਨੂੰ ਸੱਤਾ ਤੱਕ ਪਹੁੰਚਾਉਣ ਵਾਲੇ ਪ੍ਰਮੁੱਖ ਰਣਨੀਤੀਕਾਰਾਂ ਵਿਚੋਂ ਇੱਕ ਰਹੇ ਹਨ। ਪਰ 20 ਜੁਲਾਈ ਜੰਤਰ-ਮੰਤਰ ਦੀਆ ਘਟਨਾਵਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਇਕ ਅਧਿਕਾਰ ਵਾਲੀ ਸੋਚ ਨੂੰ ਡੱਕਾ ਲੱਗਾ ਹੈ। ਦਿੱਲੀ ਪੁਲਿਸ ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਹੋਣ ਕਰਕੇ ਉਸ ਅਧੀਨ ਹੈ ਅਤੇ ਉਹ ਅੱਜ-ਕੱਲ੍ਹ ਨੌਜਵਾਨਾਂ ਦੇ ਨਿਸ਼ਾਨੇ ‘ਤੇ ਹਨ। ਬਦਲੇ ਮਾਹੌਲ ਵਿਚ ਸੰਵਿਧਾਨਕ ਸੰਸਥਾਵਾਂ, ਨਿਆਂਪਾਲਿਕਾ ਅਤੇ ਮੀਡੀਆ ਵੀ ਦਬਾਅ ਹੇਠ ਹੈ। ਨੌਜਵਾਨਾਂ ਦੀ ਸਕੂਲ ਠੀਕ ਕਰੋ ਮੁਹਿੰਮ ਅਤੇ ਜਨਰੇਸ਼ਨ ਜ਼ੀ ਤੋਂ ਬਾਅਦ ਜਨਰੇਸ਼ਨ ਅਲਫਾ ਦਾ ਉੱਠ ਖੜ੍ਹੇ ਹੋਣਾ ਭਾਰਤ ਦੀ ਭਵਿੱਖ ਦੀ ਰਾਜਨੀਤੀ ਲਈ ਫ਼ਿਲਹਾਲ ਸ਼ੁਭ ਸੰਕੇਤ ਮੰਨੇ ਜਾ ਰਹੇ ਹਨ। ਪਰ ਇਹ ਵਰਤਾਰਾ ਕਿੰਨਾ ਸਮਾਂ ਚਲਦਾ ਹੈ ਵੇਖਣਾ ਹੋਵੇਗਾ। ਸ਼ਾਇਦ ਉਸ ਸਮੇਂ ਤਕ ਜਦ ਤਕ ਸਿਆਸੀ ਮੁਹਾਰਤ ਰੱਖਣ ਵਾਲੇ ਲੋਕ ਇਸ ਦਾ ਤੋੜ ਨਹੀਂ ਲੱਭ ਲੈਂਦੇ।
