ਸਿੱਖੀ ਦੀ ਸੌਗੰਧ: ਮਹਾਰਾਜਾ ਸੁਖਜੀਤ ਸਿੰਘ

ਡਾ: ਆਸਾ ਸਿੰਘ ਘੁੰਮਣ, ਨਡਾਲਾ (ਕਪੂਰਥਲਾ)
ਫੋਨ: 97798-53245
ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਸਥਾਪਿਤ ਰਿਆਸਤ ਕਪੂਰਥਲਾ ਦੇ 7ਵੇਂ ਵਾਰਸ, ਮਹਾਰਾਜਾ ਜਗਤਜੀਤ ਸਿੰਘ, ਅਤਿ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ, ਫਰੈਂਕੋ-ਫਿਲੀ ਅਖ਼ਵਾਉਣ ਵਾਲੇ, ਵੱਡੇ ਸ਼ਹਿਨਸ਼ਾਹ, ਕੇਸਾਧਾਰੀ-ਪਗੜੀਧਾਰੀ, 1897 ਵਿਚ ਯੂਰਪ ਦੇ ਇਕ ਟੂਰ ‘ਤੇ ਸਨ ਤਾਂ ਪਤਾ ਨਹੀਂ ਮਨ

ਵਿਚ ਕੀ ਆਇਆ ਕਿ ਦਾਹੜੀ-ਕੇਸ-ਪਗੜੀ ਨੂੰ ‘ਨਿਰਾ ਪੁਆੜਾ ਅਤੇ ਯੱਬਖ਼ਾਨਾ’ ਸਮਝਣ ਲੱਗੇ ਅਤੇ ਇਸ ਸੋਚ ਅਧੀਨ ਉਹ ਕਦੀਮੀ ਤੇ ਪਿਤਾ-ਪੁਰਖੀ ਧਾਰਮਿਕ ਪਹਿਚਾਣ ਨੂੰ ਅਲਵਿਦਾ ਕਹਿ ਕਲੀਨ-ਸ਼ੇਵਨ ਬਣ ਬੈਠੇ। ਜਦੋਂ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਨੇ ਵਾਲ ਕਟਾਏ ਸਨ ਤਾਂ ਉਸ ਸਮੇਂ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਇਸ ਕਿਸਮ ਦਾ ਵਿਅੱਕਤੀਗਤ ਫੈਸਲਾ ਲੈਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਇਨਸਾਨ ਅਪਣੀ ਬਰਾਦਰੀ ਅਤੇ ਧਾਰਮਿਕ ਭਾਈਚਾਰੇ ਤੋਂ ਟੁੱਟ ਬੈਠਦਾ ਹੈ। ਮਹਾਰਾਜਾ ਜਗਤਜੀਤ ਸਿੰਘ ਨਾਲ ਵੀ ਇਹੀ ਕੁਝ ਹੋਇਆ। ਉਸਦੀ ਸਿੱਖ ਰਈਅਤ ਨੇ ਉਸਦੇ ਇਸ ਨਵੇਂ ਅਪਨਾਏ ਅੰਦਾਜ਼ ਨੂੰ ਬਹੁਤਾ ਚੰਗਾ ਨਾ ਸਮਝਿਆ ਅਤੇ ਸਿੱਖਾਂ ਨਾਲ ਸੰਬੰਧਿਤ ਫੈਸਲਿਆਂ ‘ਤੋਂ ਉਸਨੂੰ ਅਲੱਗ ਰੱਖਿਆ ਜਾਣ ਲੱਗਾ।
ਓਧਰੋਂ ਰੱਬ ਦੀ ਰਜ਼ਾ ਕਹਿ ਲਵੋ ਕਿ ਕਪੂਰਥਲਾ ਰਿਆਸਤ ਨੂੰ ਵਾਰਸ ਨਹੀਂ ਸੀ ਨਸੀਬ ਹੋ ਰਿਹਾ। ਇਕ ਤੋਂ ਬਾਅਦ ਇਕ ਤਿੰਨ ਬੇਟੀਆਂ ਜਨਮ ਲੈ ਚੁੱਕੀਆਂ ਸਨ। ਬ੍ਰਿਟਿਸ਼ ਰਾਜ ਸਮੇਂ ਲਾਗੂ ਰਿਆਸਤੀ-ਹਿੰਦੂ-ਕਾਨੂੰਨ ਮੁਤਾਬਕ ਕੋਈ ਵੀ ਰਾਜਕੁਮਾਰੀ ਰਿਆਸਤ-ਮੁੱਖੀ ਨਹੀਂ ਸੀ ਬਣ ਸਕਦੀ। ਮਹਾਰਾਜਾ ਜਗਤਜੀਤ ਸਿੰਘ ਦੇ ਸ਼ਹਿਜ਼ਾਦੇ ਯੁਵਰਾਜ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਬੇਟਾ ਹੋਣਾ ਲਾਜ਼ਮੀ ਸੀ। ਦਿਵਾਨ ਜਰਮਨੀ ਦਾਸ ਅਨੁਸਾਰ ਮਹਾਰਾਜਾ ਪਰਮਜੀਤ ਸਿੰਘ ਦੀਆਂ ਤਿੰਨ ਬੇਟੀਆਂ ਹੋਣ ਉਪਰੰਤ ਰਾਜ-ਜੋਤਸ਼ੀ,ਪੰਡਤ ਸ਼੍ਰੀ ਰਾਮ ਨੇ ਭਵਿੱਖਵਾਣੀ ਕਰ ਦਿਤੀ ਕਿ ਹੁਣ ਚੌਥੀ ਵਾਰ ਰਾਜ-ਮਹੱਲ ਦੇ ਭਾਗ ਖੁੱਲਣ ਵਾਲੇ ਸਨ। ਜਿਉਂ-ਜਿਉਂ ਦਿਨ ਨੇੜੇ ਆ ਰਹੇ ਸਨ ਸ਼ਾਹੀ-ਜਲੌ ਦੀਆਂ ਤਿਆਰੀਆਂ ਜ਼ੋਰ ਫੜ ਰਹੀਆਂ ਸਨ। ਰਾਜ-ਜੋਤਸ਼ੀ ਦੀ ਭਵਿੱਖਵਾਣੀ ‘ਤੇ ਪੂਰਨ ਵਿਸ਼ਵਾਸ਼ ਕਰਦਿਆਂ ਵੱਡੇ ਪੈਮਾਨੇ ‘ਤੇ ਸ਼ਾਹੀ-ਜਸ਼ਨਾਂ ਦੀ ਤਿਆਰੀ ਸੀ। ਰਿਆਸਤੀ ਫੌਜ ਦੇ ਕਮਾਂਡਰ ਇਨ ਚੀਫ਼, ਬਕਸ਼ੀ ਪੂਰਨ ਸਿੰਘ ਬਹਾਦਰ ਨੂੰ ਵੀ ਹੁਕਮ ਦੇ ਦਿੱਤੇ ਗਏ ਸਨ ਕਿ ਪੋਤਰੇ ਦੀ ਆਮਦ ਵਾਲੀ ਪਹਿਲੀ ਸਵੇਰ ਸ਼ਾਹੀ ਸਲਾਮੀ ਦੀ ਤਿਆਰੀ ਰੱਖੀ ਜਾਵੇ। ਜਸ਼ਨਾਂ ਲਈ ਸ਼ਾਹੀ ਖ਼ਜ਼ਾਨੇ ਵਿਚੋਂ ਵੀਹ ਲੱਖ ਰੁਪਏ ਦੀ ਰਕਮ ਵੀ ਸੈਂਕਸ਼ਨ ਕਰ ਦਿਤੀ ਗਈ ਸੀ।
ਪਰ ਘੋਰ ਬਦਕਿਸਮਤੀ ਕਿ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ! ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ: ਰਾਜ-ਮਹੱਲ ਵਿਚ ਰਾਜ-ਜੋਤਸ਼ੀ ਦੀ ਭਵਿੱਖਵਾਣੀ ਦੇ ਉਲਟ ਪਰਮਾਤਮਾ ਨੇ ਇਸ ਵਾਰ ਵੀ ਬੇਟੀ ਹੀ ਭੇਜ ਦਿੱਤੀ ਸੀ। ਮਹਾਰਾਜੇ ਨੂੰ ਇਹ ਖ਼ਬਰ ਸੁਣ ਕੇ ਕਹਿਰ ਚੜ੍ਹ ਗਿਆ ਤੇ ਉਸਨੇ ਰਾਜ-ਜੋਤਸ਼ੀ ਨੂੰ ਹੱਥਕੜੀਆਂ ਲਗਾ ਕੇ ਬਿਨ-ਮੁਕੱਦਮੇ ਨੌਂ ਸਾਲ ਲਈ ਜੇਲ੍ਹ ਵਿਚ ਸੁੱਟ ਦਿਤਾ। ਮਹਾਰਾਣੀ ਇਹ ਸੁਣ ਕੇ ਬਹੁਤ ਦੁਖੀ ਹੋਈ: ‘ਪਹਿਲਾਂ ਹੀ ਮਹਾਰਾਜ ਅਤੇ ਯੁਵਰਾਜ ਦੇ ਪਤਿਤ ਹੋਣ ਦੇ ਪਾਪ ਕਾਰਨ ਸਾੜ੍ਹ-ਸਤੀ ਆਈ ਹੋਈ ਸੀ, ਹੁਣ ਉੱਚ-ਜਾਤੀ ਦੇ ਬ੍ਰਾਹਮਣ ‘ਤੇ ਕਹਿਰ ਢਾਹੁਣ ਨਾਲ ਪਤਾ ਨਹੀਂ ਕੀ ਭਾਣਾ ਵਰਤੇਗਾ…?’ ਮਹਾਰਾਣੀ ਅਤੇ ਹੋਰ ਪ੍ਰਭਾਵਸ਼ਾਲੀ ਵਿਅੱਕਤੀਆਂ ਦੀ ਬੇਨਤੀ ‘ਤੇ ਰਾਜ-ਜੋਤਸ਼ੀ ਨੂੰ ਰਿਹਾ ਤਾਂ ਕਰ ਦਿੱਤਾ ਗਿਆ, ਪਰ ਨਾਲ ਹੀ ਦੇਸ਼-ਨਿਕਾਲਾ ਦੇ ਦਿੱਤਾ ਗਿਆ ਅਤੇ ਉਸਦੇ ਪਰਿਵਾਰਕ ਜੀਆਂ ਨੂੰ ਰਿਆਸਤੀ ਨੌਕਰੀਆਂ ਤੋਂ ਕੱਢ ਦਿੱਤਾ ਗਿਆ।
ਜਦੋਂ ਬੰਦਾ ਨਿਰਾਸ਼ਾ ਦੇ ਆਲਮ ਵਿਚ ਹੁੰਦਾ ਹੈ ਤਾਂ ਉਸਦਾ ਧਿਆਨ ਆਪਣੀਆਂ ਕੁਤਾਹੀਆਂ ਵੱਲ ਜਾਣ ਲੱਗਦਾ ਹੈ। ਪੁੱਤਾਂ-ਪੋਤਰਿਆਂ ਲਈ ਤਾਂ ਬੰਦਾ ਕਈ ਗੁਰੂ-ਪੀਰ ਧਿਆਉਂਦਾ ਹੈ, ਜੋਗੀਆਂ ਦੇ ਅਲਖ ਜਗਾਉਂਦਾ ਹੈ। ਮਹਾਰਾਜੇ ਨੇ ਵੀ ਕਈ ਮਹਾਂ-ਪੁਰਖਾਂ ‘ਤੋਂ ਵਰਦਾਨ ਪ੍ਰਾਪਤ ਕਰਨ ਲਈ ਵਾਸਤੇ ਘੱਤੇ। ਉਨ੍ਹਾਂ ਵਿਚੋਂ ਕਈਆਂ ਨੇ ਨੇਕ-ਮਸ਼ਵਰਾ ਦਿੱਤਾ ਕਿ ਉਹ ਆਪਣੇ ਪਰਿਵਾਰ ਸਮੇਤ ਸਿੱਖੀ ਵੱਲ ਮੁੜਨ।
ਇਨ੍ਹਾਂ ਹੀ ਹਾਲਾਤਾਂ ਵਿਚ ਇਕ ਅਜੀਬੋ-ਗਰੀਬ ਵਾਕਿਆ ਵਾਪਰਿਆ। ਮਹਾਰਾਜੇ ਦੇ ਇਕ ਖ਼ਾਸ ਅਹਿਲਕਾਰ, ਸਰਦਾਰ ਪ੍ਰਤਾਪ ਸਿੰਘ ਨੂੰ ਸੁਫਨਾ ਆਇਆ ਕਿ ਜੇ ਮਹਾਰਾਜਾ ਜਗਤਜੀਤ ਸਿੰਘ ਆਪਣੇ ਪੋਤਰੇ ਨੂੰ ਸਿੰਘ ਸਜਾਉਣਗੇ ਤਾਂ ਉਨ੍ਹਾਂ ਨੂੰ ਪਰਮਾਤਮਾ ਪੋਤਰੇ ਦੀ ਦਾਤ ਬਖ਼ਸ਼ੇਗਾ। ਇਹ ਸੁਪਨਾ ਵਿਸਥਾਰ ਸਹਿਤ ਸੁਨਾਉਣ ਲਈ ਪ੍ਰਤਾਪ ਸਿੰਘ ਸਵੇਰੇ ਉੱਠਦਿਆਂ ਹੀ ਨੰਗੇ ਪੈਰੀਂ ਰਾਜ-ਮਹੱਲ ਨੂੰ ਵਾਹੋ-ਦਾਹੀ ਦੌੜ ਪਿਆ। ਉਸਨੇ ਰਾਜ-ਮਹੱਲ ਵਿਚ ਪਹੁੰਚ ਕੇ ਬੜੇ ਸਤਿਕਾਰ ਸਹਿਤ ਮਹਾਰਾਜੇ ਨੂੰ ਦੱਸਿਆ ਕਿ ਉਸਨੂੰ ਕਲਗੀਧਰ ਗੁਰੂ ਗੋਬਿੰਦ ਸਿੰਘ ਚਿੱਟੇ ਘੋੜੇ ‘ਤੇ ਸਵਾਰ ਸੁਪਨੇ ਵਿਚ ਮਿਲੇ ਹਨ ਅਤੇ ਉਨ੍ਹਾਂ ਫ਼ੁਰਮਾਨ ਕੀਤਾ ਹੈ, ਕਿ ਜੇ ਜਗਤਜੀਤ ਸਿੰਘ ਆਪਣੇ ਪੋਤਰੇ ਨੂੰ ਸਿੰਘ ਸਜਾਉਣ ਦੀ ਸੌਗੰਧ ਖਾਵੇ ਤਾਂ ਉਨ੍ਹਾਂ ਨੂੰ ਪੋਤਰੇ ਦੀ ਦਾਤ ਅਵੱਸ਼ ਪ੍ਰਾਪਤ ਹੋਵੇਗੀ। ਮਹਾਰਾਜਾ ਜਗਤਜੀਤ ਸਿੰਘ ਨੇ ਸੁਪਨਾ ਸੁਣਦਿਆਂ ਹੀ ਤਥਾ-ਅਸਤੂ ਕਹਿ ਦਿਤਾ। ਪ੍ਰਾਈਮ ਮਨਿਸਟਰ ਨੂੰ ਹੁਕਮ ਦਿਤਾ ਗਿਆ ਕਿ ਕੈਬਨਿਟ ਦੀ ਮੀਟਿੰਗ ਬੁਲਾਈ ਜਾਵੇ। ਮੀਟਿੰਗ ਵਿਚ ਮਹਾਰਾਜੇ ਨੇ ਸਹੁੰ ਖਾਧੀ ਕਿ ਜੇ ਵਾਹਿਗੁਰੂ ਉਨ੍ਹਾਂ ਨੂੰ ਪੋਤਰੇ ਦੀ ਦਾਤ ਬਖਸ਼ੇ ਤਾਂ ਉਹ ਉਸਨੂੰ ਸਿੰਘ ਸਜਾਉਣਗੇ। ਮਹਾਰਾਜੇ ਵੱਲੋਂ ਇਹ ਆਦੇਸ਼ ਵੀ ਦੇ ਦਿੱਤਾ ਗਿਆ ਕਿ ਅਗਲੇ ਦਿਨ ਉਹ ਸਟੇਟ ਗੁਰਦੁਆਰਾ ਵਿਖੇ ਅਰਦਾਸ ਲਈ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹਾਜ਼ਰ ਹੋਣਗੇ।
ਅਗਲੀ ਸਵੇਰ ਮਹਾਰਾਜਾ ਜਗਤਜੀਤ ਸਿੰਘ, ਯੁਵਰਾਜ ਪਰਮਜੀਤ ਸਿੰਘ ਅਤੇ ਹੋਰ ਅਹਿਮ ਅਮਲੇ ਅਤੇ ਮੰਤਰੀਆਂ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ। ਸ਼ਹਿਰ ਦੀ ਸੰਗਤ ਵੀ ਹਾਜ਼ਰ ਸੀ ਜਿਸ ਵਿਚ ਹਿੰਦੂ, ਸਿੱਖ, ਈਸਾਈ, ਮੁਸਲਿਮ ਸਭ ਹਾਜ਼ਰ ਸਨ। ਮਹਾਰਾਜੇ ਨੇ ਗਿਆਰਾਂ ਹਜ਼ਾਰ ਰੁਪਏ ਅਤੇ ਇਕ ਸੌ ਇਕ ਥਾਲੀਆਂ ਪ੍ਰਸ਼ਾਦ ਭੇਟ ਕਰਕੇ ਨਤਮਸਤਕ ਹੁੰਦਿਆਂ ਹੈੱਡ ਗ੍ਰੰਥੀ ਭਾਈ ਹਰਨਾਮ ਸਿੰਘ ਨੂੰ ਆਪਣੇ ਵੱਲੋਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਰਦਾਸ ਕਰਨ ਲਈ ਬੇਨਤੀ ਕੀਤੀ। ਗ੍ਰੰਥੀ ਸਿੰਘ ਨੇ ਉੱਚੀ ਅਵਾਜ਼ ਵਿਚ ਅਰਦਾਸ ਕੀਤੀ: ‘ਹੇ ਸੱਚੇ ਪਾਤਸ਼ਾਹ ਜੀਓ! ਜਗਤਜੀਤ ਸਿੰਘ ਅਤੇ ਉਸਦੇ ਪੁੱਤਰ ਪਰਮਜੀਤ ਸਿੰਘ ਵੱਲੋਂ ਨਿਮਰਤਾ ਸਹਿਤ ਅਰਦਾਸ ਹੈ ਕਿ ਉਨ੍ਹਾਂ ਦੇ ਪਿਛਲੇ ਪਾਪ ਬਖ਼ਸ਼ੇ ਜਾਣ। ਮਹਾਰਾਜਾ ਜਗਤਜੀਤ ਸਿੰਘ ਸੌਗੰਧ ਖਾ ਕੇ ਅਰਜੋਈ ਕਰਦੇ ਹਨ ਕਿ ਉਨ੍ਹਾਂ ਨੂੰ ਪੋਤਰੇ ਦੀ ਦਾਤ ਬਖ਼ਸ਼ੀ ਜਾਵੇ ਤਾਂ ਉਹ ਆਪਣੇ ਪੋਤਰੇ ਨੂੰ ਗੁਰੂ ਦਾ ਸਿੰਘ ਸਜਾਉਣਗੇ।’ ਉਪਰੰਤ ਸਭ ਸੰਗਤ ਨੇ ਜੈਕਾਰੇ ਛੱਡੇ।
ਅਰਦਾਸਾਂ ਅਤੇ ਕੋਸ਼ਿਸ਼ਾਂ ਨਾਲੋ-ਨਾਲ ਚੱਲਦੀਆਂ ਰਹੀਆਂ। ਆਖਰਕਾਰ, 15 ਅਕਤੂਬਰ 1934 ਨੂੰ ਯੁਵਰਾਨੀ ਲੀਲਾਵੰਤੀ ਦੇਵੀ ਨੇ ਕਪੂਰਥਲਾ ਰਿਆਸਤ ਲਈ ਅਤਿ ਲੋੜੀਂਦੇ ਵਾਰਸ ਨੂੰ ਜਨਮ ਦੇ ਹੀ ਦਿੱਤਾ, ਜਿਸ ਬਾਰੇ ਵਾਇਸਰਾਏ ਨੂੰ ਵੀ ਸੂਚਨਾ ਭੇਜ ਦਿਤੀ ਗਈ। ਸ਼ਹਿਜ਼ਾਦੇ ਦੀ ਆਮਦ ਦੇ ਸ਼ੁੱਭ-ਸ਼ਗਨ ਵਜੋਂ ਉਸਨੂੰ ਇਕ ਸੌ ਤੋਪਾਂ ਦੀ ਸਲਾਮੀ ਦਿੱਤੀ ਗਈ। ਰਿਆਸਤ ਵਿਚ ਪੂਰੇ ਜਸ਼ਨਾਂ ਦਾ ਮਹੌਲ ਚੱਲਣ ਲੱਗਾ। ਕੁਝ ਦਿਨਾਂ ਬਾਦ ਦਸ ਹਜ਼ਾਰ ਮਹਿਮਾਨ ਗੁਰਦੁਆਰਾ ਸਾਹਿਬ ਵਿਖੇ ਬੁਲਾਏ ਗਏ ਅਤੇ ਮਹਾਰਾਜਾ ਜਗਤਜੀਤ ਸਿੰਘ ਇਕ ਵਾਰੀ ਫੇਰ ਯੁਵਰਾਜ ਪਰਮਜੀਤ ਸਿੰਘ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਪੋਤਰੇ ਨੂੰ ਗੋਦ ਵਿਚ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਬੈਠ ਕੇ ਮਹਾਰਾਜੇ ਨੇ ਨਿਮਰਤਾ ਸਹਿਤ ਫਿਰ ਦੁਹਰਾਇਆ: ‘ਹੇ ਸੱਚੇ ਪਾਤਸ਼ਾਹ, ਤੂੰ ਇਸ ਸ਼ਹਿਜ਼ਾਦੇ ਦੀ ਆਯੂ ਲੰਬੀ ਕਰੀਂ, ਮੈਂ ਇਸ ਨੂੰ ਗੁਰੂ ਗੋਬਿੰਦ ਸਿੰਘ ਦਾ ਕੇਸਾਧਾਰੀ, ਦਸਤਾਰਧਾਰੀ, ਅੰਮ੍ਰਿਤਧਾਰੀ ਸਿੰਘ ਸਜਾਉਣ ਦੀ ਸੌਗੰਧ ਦੁਹਰਾਉਂਦਾ ਹਾਂ।’
ਬ੍ਰਗੇਡੀਅਰ ਮਹਾਰਾਜਾ ਸੁਖਜੀਤ ਸਿੰਘ ਬਹੁਤ ਦੇਰ ਬਾਅਦ ਇਕ ਥਾਂਂ ਲਿਖਦੇ ਹਨ ਕਿ ਭਾਵੇਂ ਮਂੈ ਦਾਦਾ ਜੀ ਦੇ ਇਸ ਫੈਸਲੇ ਨੂੰ ਕਦੀ ਚੈਲਿੰਜ ਨਹੀਂ ਸੀ ਕੀਤਾ ਪਰ ਇਕ ਵਾਰ ਮੈਂ ਉਨ੍ਹਾਂ ਕੋਲ ਗਿਲਾ ਜ਼ਰੂਰ ਕੀਤਾ ਸੀ ਕਿ ਇਹ ਫਰਜ਼ ਨਿਭਾਉਣ ਦਾ ਕਾਰਜ ਆਖਰਕਾਰ ਮੇਰੇ ‘ਤੇ ਹੀ ਕਿਉਂ ਥੋਪਿਆ ਗਿਆ ਸੀ। ਮਹਾਰਾਜੇ ਨੇ ਸੁਖਜੀਤ ਦੇ ਮੋਢੇ ‘ਤੇ ਪਿਆਰ ਨਾਲ ਹੱਥ ਰੱਖ ਕੇ ਕਿਹਾ ਸੀ, ‘ਪੁੱਤਰ! ਕਈ ਵਾਰ ਇੰਝ ਹੋ ਜਾਂਦਾ ਹੈ ਕਿ ਦਾਦੇ ਦੀ ਕੀਤੀ ਗਲਤੀ ਦੀ ਦਰੁਸਤੀ ਕਰਨ ਦੀ ਡਿਊਟੀ ਪੋਤਰੇ ਹਿੱਸੇ ਆ ਜਾਂਦੀ ਹੈ…।’
ਜੂਨ 1949 ਵਿਚ ਮਹਾਰਾਜਾ ਜਗਤਜੀਤ ਸਿੰਘ ਦੇ ਅਕਾਲ ਚਲਾਣੇ ‘ਤੋਂ ਬਾਅਦ ਜਦੋਂ ਜੂਨ 1954 ਵਿਚ ਨੌਜੁਆਨ ਸੁਖਜੀਤ ਸਿੰਘ ਨੇ ਭਾਰਤੀ ਫੌਜ ਵਿਚ ਕਮਿਸ਼ਨ ਲੈ ਲਿਆ ਤਾਂ ਉਸਦੇ ਪਿਤਾ ਮਹਾਰਾਜਾ ਪਰਮਜੀਤ ਸਿੰਘ ਨੇ ਉਸਨੂੰ ਕੋਲ ਬਿਠਾ ਕੇ ਕਿਹਾ, ‘ਦੇਖ ਬਈ ਪੁੱਤਰ ਸੁਖਜੀਤ! ਜਿਨ੍ਹਾਂ ਤੈਨੂੰ ਕੇਸਾਧਾਰੀ ਬਨਾਉਣ ਦਾ ਪ੍ਰਣ ਲਿਆ ਸੀ, ਸੌਗੰਧ ਖਾਧੀ ਸੀ, ਉਨ੍ਹਾਂ ਆਪਣੇ ਜਿਉਂਦੇ ਜੀ ਨਿਭਾਅ ਦਿਤੀ। ਹੁਣ ਉਹ ਨਹੀਂ ਰਹੇ। ਜੇ ਤੂੰ ਚਾਹੇਂ ਤਾਂ…।’
ਦੋ ਦਿਨ ਗਹਿਰਾ ਚਿੰਤਨ ਕਰਨ ਉਪਰੰਤ 20-ਸਾਲਾ ਨੌਜੁਆਨ ਸੁਖਜੀਤ ਸਿੰਘ ਨੇ ਸੋਚ-ਸਮਝ ਕੇ ਪਿਤਾ ਜੀ ਨੂੰ ਜੋ ਫੈਸਲਾ ਸੁਣਾਇਆ, ਉਹ ਸੁਣ ਕੇ ਪਿਤਾ ਮਹਾਰਾਜਾ ਪਰਮਜੀਤ ਸਿੰਘ ਨੂੰ ਸਦੀਵੀ ਮਾਨਸਿਕ ਸ਼ਾਂਤੀ ਮਿਲੀ। ਭਾਰਤੀ ਫੌਜ ਵਿਚ ਅਫਸਰ ਬਣ ਚੁੱਕੇ ਸੁਖਜੀਤ ਸਿੰਘ ਨੇ ਦ੍ਰਿੜਤਾ ਨਾਲ ਸਿੱਖੀ ਨਿਭਾਉਣ ਦੀ ਗੱਲ ਦੁਹਰਾਈ ਅਤੇ ਕਿਹਾ, ‘ਪਿਤਾ ਜੀ, ਹੁਣ ਪਿਛਾਂਹ ਮੁੜਣ ਦਾ ਕੋਈ ਮਤਲਬ ਹੀ ਨਹੀਂ। ਦਾਦਾ ਜੀ ਦੀ ਸੌਗੰਧ ਆਖਰੀ ਸੁਆਸਾਂ ਤੱਕ ਨਿਭੇਗੀ। ਪਹਿਲਾ ਫੈਸਲਾ ਦਾਦਾ ਜੀ ਦਾ ਸੀ ਪਰ ਹੁਣ ਇਹ ਫੈਸਲਾ ਮੇਰਾ ਹੈ। ਮੈਂ ਸਗੋਂ ਫੌਜ ਵਿਚ ਸਿੱਖ ਰੈਜਮੈਂਟਾਂ ਦੇ ਜੁਆਨਾਂ ਲਈ ਰੋਲ-ਮਾਡਲ ਬਣਾਂਗਾ।’
ਪਰਮਵੀਰ ਚੱਕਰ-ਵਿਜੇਤਾ ਬ੍ਰਗੇਡੀਅਰ (ਰਿਟਾ:) ਮਹਾਰਾਜਾ ਸੁਖਜੀਤ ਸਿੰਘ ਅੱਜ ਵੀ ਸਟੇਟ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਆਪਣੇ ਦਾਦੇ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕੀਤੀ ਹੋਈ ਸੌਗੰਧ ਨੂੰ ਬਾ-ਖੂਬੀ ਨਿਭਾ ਰਹੇ ਹਨ।